ਕੀ ਬਾਈਡਨ-ਟਰੂਡੋ ਦੀ "ਰਣਨੀਤਕ ਗਲਵਕੜੀ" ਲੈ ਕੇ ਆਈ ਹੈ ਰਾਹੁਲ ਨੂੰ ਦਰਬਾਰ ਸਾਹਿਬ ਵਿੱਚ?

ਕੀ ਬਾਈਡਨ-ਟਰੂਡੋ ਦੀ

 ਇਹ ਸਿਆਸਤ ਹੈ ਜਾਂ ਪਸ਼ਚਾਤਾਪ?

ਜਾਂ ਸਿਆਸਤ ਅਤੇ ਪਸ਼ਚਾਤਾਪ ਦੋਵੇਂ ਹੀ ਹਨ?

ਜਾਂ ਪਸ਼ਚਾਤਾਪ ਸਾਧਨ ਹੈ ਤੇ ਸਿਆਸਤ ਅਸਲ ਵਿੱਚ ਮੰਜ਼ਿਲ?

ਜਾਂ ਜ਼ਮੀਰ ਦਾ ਬੋਝ ਹੀ ਦਰਬਾਰ ਸਾਹਿਬ ਲੈ ਕੇ ਆਇਆ ਹੈ ਰਾਹੁਲ ਗਾਂਧੀ ਨੂੰ? 

ਜਾਂ ਅੰਤਰਰਾਸ਼ਟਰੀ ਡਿਪਲੋਮੇਸੀ ਖਿੱਚ ਕੇ ਲਿਆਈ ਹੈ ਰਾਹੁਲ ਨੂੰ?

ਧਿਰਾਂ ਵਿੱਚ ਰੰਗੇ,ਧਿਰਾਂ ਨਾਲ ਬੱਝੇ ਅਤੇ ਧਿਰਾਂ ਦੇ ਵਫਾਦਾਰ ਤਾਂ ਇਹੋ ਕਹਿੰਦੇ ਹਨ ਕਿ ਰਾਹੁਲ ਦਾ ਦਰਬਾਰ ਸਾਹਿਬ ਆਉਣਾ ਇੱਕ ਤਰ੍ਹਾਂ ਦੀ ਸਿਆਸਤ ਹੀ ਹੈ।ਹੋਰ ਵੀ ਹਨ ਜਿਹੜੇ ਇਹ ਕਹਿੰਦੇ ਨੇ ਕਿ ਇਹ ਸਿਆਸਤ ਤਾਂ ਹੈ ਹੀ ਪਰ ਇਹ "ਅਣਕਿਹਾ ਪਛਤਾਵਾ" ਵੀ ਹੋ ਸਕਦਾ ਹੈ।

ਬਹੁ ਗਿਣਤੀ ਵਾਲੇ ਲੋਕ ਤਾਂ ਅੱਡੀਆਂ ਚੁੱਕ ਚੁੱਕ ਕੇ ਰਾਹੁਲ ਦੇ ਮਗਰ ਪਏ ਹੋਏ ਹਨ ਕਿਉਂਕਿ ਉਨਾਂ ਨੂੰ ਲੱਗਦਾ ਹੈ ਜਿਵੇਂ ਆ ਰਹੀਆਂ ਚੋਣਾਂ ਦੇ ਨਤੀਜਿਆਂ ਨੂੰ ਰਾਹੁਲ ਹੁਣੇ ਹੀ ਆਪਣੇ ਹੱਕ ਵਿੱਚ ਭੁਗਤਾ ਗਿਆ ਹੈ। ਕੁਝ ਲੋਕ ਤਾਂ ਇਥੋਂ ਤੱਕ ਵੀ ਕਹਿ ਰਹੇ ਹਨ ਕਿ ਦਰਬਾਰ ਸਾਹਿਬ ਜਾਣ ਦਾ ਮਤਲਬ ਇਹੋ ਹੀ ਹੈ ਕਿ ਸਿਆਸਤ ਦੀ ਇਸ ਖੇਡ ਵਿੱਚ ਰਾਹੁਲ ਗੋਲ ਕਰ ਚੁੱਕਾ ਹੈ। ਮੋਦੀ ਹਾਲ ਦੀ ਘੜੀ ਪਿੱਛੇ ਚੱਲ ਰਿਹਾ ਹੈ। ਇਹ ਲੋਕ ਰਾਹੁਲ ਗਾਂਧੀ ਨੂੰ ਸੋਸ਼ਲ ਮੀਡੀਆ ਉੱਤੇ ਰੱਜ ਕੇ ਬਹੁਤ ਬੁਰਾ ਭਲਾ ਆਖ ਰਹੇ ਹਨ।

ਪਰ ਜਿਹੜੀ ਗੱਲ ਦਾ "ਕਿਸੇ ਕੋਲ" ਜਵਾਬ ਨਹੀਂ ਕਿ ਜਿਵੇਂ ਰਾਹੁਲ ਸੇਵਾ ਕਰ ਰਿਹਾ ਹੈ,ਜਿਵੇਂ ਪਾਲਕੀ ਸਾਹਿਬ ਨੂੰ ਮੋਢਾ ਦਿੰਦਾ ਹੈ,ਜਿਵੇਂ ਉਹ ਜੋੜਿਆਂ ਦੀ ਸੇਵਾ ਵਿੱਚ ਮਗਨ ਹੈ,ਜਿਵੇਂ ਉਹ ਲੰਗਰ ਵਰਤਾ ਰਿਹਾ ਹੈ, ਜਿਵੇਂ ਸਬਜ਼ੀਆਂ ਕੱਟ ਰਿਹਾ ਹੈ,ਜਿਵੇਂ ਬਰਤਨਾਂ ਦੀ ਸੇਵਾ ਕਰ ਰਿਹਾ ਹੈ,ਇਹ ਸਾਰਾ ਕੁਝ ਕੀ ਸਿਰਫ ਸਿਆਸਤ ਹੀ ਹੈ? ਪਰ ਜੇ ਇਹ ਸਿਆਸਤ ਨਹੀਂ ਵੀ ਤਾਂ ਫਿਰ ਹੋਰ ਕੀ ਹੈ?ਇਹ "ਹੋਰ ਕੀ" ਪੂਰੀ ਤਰ੍ਹਾਂ ਕਿਸੇ ਕੋਲੋਂ ਵੀ ਬਿਆਨ ਨਹੀਂ ਹੋ ਰਿਹਾ? ਕੁਝ ਲੋਕ ਤਾਂ ਇਹ ਕਹਿੰਦੇ ਹੋਏ ਹੈਰਾਨ ਹੁੰਦੇ ਹਨ ਕਿ ਹੁਣ ਤੱਕ ਕਿਸੇ ਸਿੱਖ ਸਿਆਸਤਦਾਨ ਨੇ ਵੀ ਸ਼ਾਇਦ ਹੀ ਇਹੋ ਜਿਹੀ ਸੇਵਾ ਕਦੇ ਕੀਤੀ ਹੋਵੇ। 

ਬਿਨਾਂ ਸ਼ਕ ਸਿੱਖ ਵਿਦਵਾਨਾਂ ਦੇ ਇੱਕ ਹਿੱਸੇ ਦੀ ਠੀਕ ਜਾਂ ਗਲਤ ਇਹ ਸਮਝ ਬਣੀ ਹੋਈ ਹੈ ਕਿ ਰਾਹੁਲ ਗਾਂਧੀ ਸ਼ਰਧਾ ਰੱਖ ਕੇ ਸੇਵਾ ਕਰ ਰਿਹਾ ਹੈ ਅਤੇ ਕਿਸੇ ਗੈਰ ਸਿੱਖ ਵੱਲੋਂ ਇਸ ਤਰ੍ਹਾਂ ਨੀਵਾਂ ਹੋ ਕੇ ਅਤੇ ਨਿਰਮਾਣ ਹੋ ਕੇ ਸੇਵਾ ਕਰਨ ਦੀ ਕੋਈ ਮਿਸਾਲ ਅੱਜ ਤੱਕ ਵੀ ਨਹੀਂ ਮਿਲਦੀ। ਇਸ ਲਈ ਅਤੀਤ ਵਿੱਚ ਉਹਨਾਂ ਦੀ ਦਾਦੀ ਵੱਲੋਂ ਕੀਤੇ ਵੱਡੇ ਗੁਨਾਹ ਨੂੰ ਮਾਫ ਕੀਤਾ ਜਾ ਸਕਦਾ ਹੈ,ਖਾਸ ਕਰਕੇ ਇਸ ਲਈ ਵੀ ਮੁਆਫ ਕੀਤਾ ਜਾਣਾ ਚਾਹੀਦਾ ਹੈ,ਕਿਉਂਕਿ ਉਹ ਉਸ ਸਮੇਂ ਬੱਚਾ ਹੀ ਸੀ ਅਤੇ ਇਸ ਭਿਆਨਕ ਗੁਨਾਹ ਵਿੱਚ ਉਹ ਕਿਸੇ ਵੀ ਤਰਾਂ ਸ਼ਾਮਿਲ ਨਹੀਂ ਸੀ।

ਗੁਰਚਰਨ ਸਿੰਘ ਗਰੇਵਾਲ ਦੇ ਬਿਆਨ ਦਾ ਸੋਮਾ ਅਤੇ ਇਰਾਦੇ ਤਾਂ ਅਕਾਲੀ ਸਿਆਸਤ ਨੂੰ ਅੱਗੇ ਵਧਾਉਣ ਲਈ ਹੀ ਹਨ, ਹਾਲਾਂਕਿ ਜੇ ਇਹੋ ਦਲੀਲ ਦੇਣੀ ਸੀ ਤਾਂ ਇਹ ਕਿਸੇ ਉੱਚੀ ਵਿਦਵਤਾ ਦੇ ਰੰਗ ਵਿੱਚ ਹੀ ਦਿੱਤੀ ਜਾਣੀ ਚਾਹੀਦੀ ਸੀ।ਗਰੇਵਾਲ ਸਾਹਿਬ ਦਾ ਬਿਆਨ ਹਲਕਾ ਹੈ,ਉਸ ਦੇ ਅਹੁਦੇ ਦੇ ਕੱਦ ਦਾ ਹਾਣ ਦਾ ਨਹੀਂ ਕਿਉਂਕਿ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਪਿੱਛੇ ਭਾਜਪਾ ਦਾ ਵੀ ਹੱਥ ਹੈ ਜਿਵੇਂ ਕਿ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ ਵਿੱਚ ਮੰਨਿਆ ਹੈ।ਪਰ ਗਰੇਵਾਲ ਸਾਹਿਬ ਨੇ ਇਹ ਤਥ ਲਕੋ ਕੇ ਰੱਖਣਾ ਸੀ ਕਿਉਂਕਿ ਅਕਾਲੀ ਭਾਜਪਾ ਦੀ ਮੁੜ ਪੀਂਘ ਪੈਣ ਦੀਆਂ ਸੰਭਾਵਨਾਵਾਂ ਹਵਾਵਾਂ ਵਿੱਚ ਉੱਡ ਰਹੀਆਂ ਹਨ।

ਵੈਸੇ ਇੱਕ ਗੱਲ ਹੋਰ ਵੀ ਸੋਚਣ ਵਾਲੀ ਹੈ,ਉਸ ਨੂੰ ਵੀ ਧਿਆਨ ਵਿੱਚ ਰਖਣਾ। ਟਰੂਡੋ ਦੇ ਬਿਆਨ ਪਿੱਛੋਂ ਸਿੱਖ ਸਿਆਸਤਦਾਨ ਜੀਓ ਪੋਲੀਟਿਕਸ ਨੂੰ ਵੀ ਮੂੰਹ ਮਾਰਨ ਲੱਗ ਪਏ ਹਨ, ਹਾਲਾਂਕਿ ਜੀਉ ਪੋਲੀਟਿਕਸ ਦੀਆਂ ਬਰੀਕੀਆਂ ਅਤੇ ਗੁੰਝਲਾਂ ਉਹਨਾਂ ਦੀ ਇੱਕ ਲਕੀਰੀ ਸੋਚ ਤੋਂ ਅੱਗੇ ਨਹੀਂ ਜਾ ਰਹੀਆਂ। 

ਵਿਦਵਾਨ ਇਹ ਤਰਕ ਦੇ ਰਹੇ ਹਨ ਅਤੇ ਇਹ ਤਰਕ ਵੈਸੇ ਹੈ ਵੀ ਦਿਲਚਸਪ ਕਿ ਬਾਈਡਨ-ਟਰੂਡੋ ਦੀ ਰਣਨੀਤਕ ਗਲਵਕੜੀ ਪੈ ਚੁੱਕੀ ਹੈ ਅਤੇ ਇਸ ਗਲਵੱਕੜੀ ਨੇ ਮੋਦੀ ਨੂੰ ਫਿਕਰਾਂ ਵਿੱਚ ਪਾ ਸੁੱਟਿਆ ਹੈ। ਤੁਸੀਂ ਪੜ੍ਹ ਹੀ ਲਿਆ ਹੋਵੇਗਾ ਕਿ ਜਿਵੇਂ ਭਾਰਤ ਨੇ ਕਨੇਡਾ ਨੂੰ ਕਿਹਾ ਹੈ ਕਿ ਉਹ ਆਪਣੇ 40 ਡਿਪਲੋਮੇਟ ਦਿੱਲੀ ਤੋਂ ਬੁਲਾ ਲਏ, ਇਸ ਨਾਲ ਟਰੂਡੋ ਤੇ ਭਾਰਤ ਦੇ ਆਪਸੀ ਰਿਸ਼ਤੇ ਹੋਰ ਵੀ ਤਨਾਅਪੂਰਨ ਹੁੰਦੇ ਜਾ ਰਹੇ ਹਨ,ਪਰ ਦੂਜੇ ਪਾਸੇ ਬਾਈਡਨ-ਟਰੂਡੋ ਦੀ ਸਾਂਝ ਹੋਰ ਪੱਕੀ ਹੁੰਦੀ ਜਾ ਰਹੀ ਹੈ। ਕੀ ਇਸੇ ਹੀ ਸਾਂਝ ਵਿੱਚੋਂ ਰਾਹੁਲ ਗਾਂਧੀ ਦਾ ਦਰਬਾਰ ਸਾਹਿਬ ਜਾਣ ਦਾ ਪ੍ਰੋਗਰਾਮ ਬਣਿਆ ਜਾਂ "ਅਗਲਿਆਂ ਵਲੋਂ" ਬਣਾਇਆ ਗਿਆ? ਰਾਜਨੀਤਿਕ ਵਿਦਵਾਨ ਸਮਝਦੇ ਹਨ ਕਿ ਇਸ ਦਲੀਲ ਵਿੱਚ ਚੋਖਾ ਵਜ਼ਨ ਹੈ? ਇਸ ਵਿੱਚ ਰਾਹੁਲ ਇੱਕ ਪਾਸੇ ਕੂਟਨੀਤਕ ਸਿਆਣਪ ਵਰਤ ਰਿਹਾ ਹੈ ਪਰ ਨਾਲ ਹੀ ਦੂਜੇ ਪਾਸੇ ਨਿਝਰ ਦੇ ਕਤਲ ਨਾਲ ਸਿੱਖ ਕੌਮ ਦੀ ਉਦਾਸੀ ਤੇ ਗਮ ਨੂੰ ਵੰਡਾਉਣ ਦੇ ਇਰਾਦੇ ਵੀ ਲੁਕੇ ਹੋਏ ਹਨ?

,ਇੱਕ ਹੋਰ ਮਹੱਤਵਪੂਰਨ ਪਹਿਲੂ ਨੂੰ ਵੀ ਧਿਆਨ ਵਿੱਚ ਰੱਖਣ ਲਈ ਰਤਾ ਡੂੰਘਾ ਉੱਤਰਨਾ ਪੈਣਾ ਹੈ। ਕੂਟਨੀਤਕ ਦੁਨੀਆ ਦੇ ਮਾਹਰ ਖਾਸ ਕਰਕੇ ਇਹ ਜਾਣਦੇ ਹਨ ਕਿ "ਸਟੇਟ" ਤੇ "ਸਰਕਾਰ" ਵਿੱਚ ਬੜਾ ਫਰਕ ਹੁੰਦਾ ਹੈ। ਕਦੇ ਇਹ ਦੋਵੇਂ ਚੁੱਪ ਚਪੀਤੇ ਮੋਢੇ ਨਾਲ ਮੋਢਾ ਜੋੜ ਕੇ ਚਲਦੇ ਹਨ ਅਤੇ ਕਦੇ ਦੂਰ ਰਹਿ ਕੇ ਨੇੜੇ ਹੁੰਦੇ ਹਨ। ਅੱਜ ਕੱਲ "ਸਟੇਟ" ਅਤੇ "ਮੋਦੀ ਸਰਕਾਰ" ਵਿੱਚ ਦੂਰੀਆਂ ਪੈ ਚੁੱਕੀਆਂ ਹਨ।ਤੁਸੀਂ ਪੁੱਛੋਗੇ ਕਿ ਇਸ ਦਾ ਅਸਲ ਤੇ ਡੂੰਘਾ ਕਾਰਨ ਕੀ ਹੈ? ਕਾਰਨ ਇਹ ਹੈ ਕਿ ਮੋਦੀ ਸਰਕਾਰ ਨੇ ਜਿਵੇਂ ਪਿਛਲੇ 10 ਸਾਲਾਂ ਅੰਦਰ ਘੱਟ ਗਿਣਤੀ ਅਤੇ ਖਾਸ ਕਰਕੇ ਮੁਸਲਮਾਨਾ ਨੂੰ ਦਬਾਉਣ ਅਤੇ ਉਹਨਾਂ ਉੱਤੇ ਤਰਾਂ ਤਰਾਂ ਦੇ ਜ਼ੁਲਮ ਕਰਨ ਦੀ ਨੀਤੀ ਵਿੱਚ ਕਦੇ ਸਰਗਰਮ ਅਤੇ ਕਦੇ ਖਾਮੋਸ਼ ਹਿੱਸਾ ਪਾਇਆ ਹੈ ਅਤੇ ਜਿਵੇਂ ਮਨੀਪੁਰ ਦੀ ਹਿੰਸਾ ਦੀਆਂ ਗੱਲਾਂ ਯੂਐਨਓ ਤੱਕ ਪਹੁੰਚ ਗਈਆਂ ਹਨ,ਉਸ ਨਾਲ ਭਾਰਤ ਦੀ ਅੰਦਰੂਨੀ ਹਾਲਤ ਭਿਆਨਕ ਸ਼ਕਲ ਅਖਤਿਆਰ ਕਰਦੀ ਜਾ ਰਹੀ ਹੈ। ਹੋ ਸਕਦਾ ਕਿ ਇੰਡੀਅਨ ਸਟੇਟ ਨੂੰ ਲੱਗਦਾ ਹੋਵੇ ਕਿ ਭਾਰਤ ਸੱਚ ਮੁੱਚ ਟੁੱਟਣ ਦੇ ਕਿਨਾਰੇ 'ਤੇ ਪਹੁੰਚ ਰਿਹਾ ਹੈ। ਇਸ ਲਈ ਉਸ ਨੂੰ ਕਿਸੇ "ਪਾਏਦਾਰ ਬਦਲ" ਦੀ ਤਲਾਸ਼ ਹੈ।

ਕੂਟਨੀਤਕ ਦੁਨੀਆ ਦਾ ਇੱਕ ਪਹਿਲੂ ਇਹ ਵੀ ਹੈ ਕਿ ਇਸ ਦਾ ਨਾ ਕੋਈ ਪੱਕਾ ਦੋਸਤ ਹੁੰਦਾ ਹੈ ਅਤੇ ਨਾ ਹੀ ਪੱਕਾ ਦੁਸ਼ਮਣ। ਸਟੇਟ "ਮੋਹ ਮਾਇਆ" ਤੋਂ ਦੂਰ ਹੁੰਦੀ ਹੈ।ਇਹ ਅਫਸਰਸ਼ਾਹੀ ਵਾਂਗ ਕਦੇ ਅੰਨੀ ਵੀ ਹੁੰਦੀ ਹੈ ਅਤੇ ਕਦੇ ਬੋਲੀ ਵੀ। ਇਹ "ਦਿਸਦੀ" ਨਹੀਂ ਅਤੇ "ਦਿਸਦੀ ਵੀ" ਹੈ।ਸਟੇਟ ਬਾਰੇ ਕਦੇ ਤੁਹਾਡੇ ਨਾਲ ਡੂੰਘੀਆਂ ਅਤੇ ਸੁਘੜ ਸਿਆਣੀਆਂ ਸਾਂਝਾ ਜ਼ਰੂਰ ਪਾਵਾਂਗੇ ਅਤੇ ਇਸ ਵਿਸ਼ੇ ਬਾਰੇ ਦੁਨੀਆਂ ਦੇ ਵੱਡੇ ਵਿਦਵਾਨਾਂ ਨੂੰ ਤੁਹਾਡੇ ਵਿਹੜੇ ਵਿੱਚ ਲੈ ਕੇ ਆਵਾਂਗੇ। ਸਿੱਖ ਕੌਮ ਨੂੰ ਅੱਜ ਦੀਆਂ ਹਾਲਤਾਂ ਵਿੱਚ ਇਹੋ ਜਿਹੇ ਵਿਸ਼ਿਆਂ ਬਾਰੇ ਜਾਨਣ-ਸਮਝਣ ਦੀ ਬਹੁਤ ਲੋੜ ਹੈ,ਕਿਉਂਕਿ ਸਰਦਾਰ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਨੇ ਸਿੱਖਾਂ ਨੂੰ ਅਚਾਨਕ "ਕੂਟਨੀਤਕ ਸਮੁੰਦਰ" ਵਿੱਚ ਸੁੱਟ ਦਿੱਤਾ ਹੈ ਅਤੇ ਇਸ ਘਟਨਾ ਨੂੰ "ਵਰ" ਕਿਵੇਂ ਬਣਾਉਣਾ ਹੈ,ਇਹ ਗੱਲ ਸਾਰੀ ਕੌਮ ਨੇ ਰਲ ਕੇ ਸੋਚਣੀ ਹੈ। ਇਤਿਹਾਸ ਵਿੱਚ ਮਿਲੇ ਇਸ ਸੁਨਹਿਰੀ ਮੌਕੇ ਨੂੰ ਸੰਭਾਲਣਾ ਹੈ,ਕੋਈ ਸੇਧ ਵੀ ਦੇਣੀ ਹੈ।

ਹੁਣ ਆਓ ਅਸਲ ਗੱਲ ਵੱਲ। ਇੰਡੀਅਨ ਸਟੇਟ ਨੇ,ਜਿਵੇਂ ਕਿ ਅਸੀਂ ਪਹਿਲਾਂ ਕਿਹਾ ਸੀ ਕਿ ਉਸਨੇ ਮੋਦੀ ਸਰਕਾਰ ਨਾਲੋ ਦੂਰੀਆਂ ਬਣਾ ਲਈਆਂ ਹਨ,ਪਰ ਉਸ ਨੇ ਮੋਦੀ ਦਾ ਕੋਈ ਪੱਕਾ ਬਦਲ ਵੀ ਤਾਂ ਸਥਾਪਿਤ ਕਰਨਾ ਹੈ ਅਤੇ ਉਹ "ਬਦਲ" ਹੈ ਦੋਸਤੋ ,ਰਾਹੁਲ ਗਾਂਧੀ। ਇੰਡੀਅਨ ਸਟੇਟ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਰਾਹੁਲ ਨੂੰ ਅੱਗੇ ਕਰਨਾ ਹੈ ਅਤੇ ਬਾਈਡਨ-ਟਰੂਡੋ ਕੋਲੋਂ ਪ੍ਰਵਾਨਗੀ ਹਾਸਲ ਕਰਨੀ ਹੈ। ਇਹ ਹਕੀਕਤ ਵੈਸੇ ਅਜੇ ਗਲੇ ਤੋਂ ਨਹੀਂ ਲੰਘਣੀ,ਪਰ ਹਾਲਤਾਂ ਉਧਰ ਵੱਲ ਹੀ ਜਾ ਰਹੀਆਂ ਜਾਪਦੀਆਂ ਹਨ।

ਪਰ ਦਰਬਾਰ ਸਾਹਿਬ ਹੀ ਸਾਰੀ ਦੁਨੀਆ ਦੇ ਕੂਟਨੀਤਕ ਵਿਦਵਾਨਾਂ ਲਈ ਉਨਾਂ ਦੀ ਰਾਜਨੀਤਕ ਮੰਜ਼ਲ ਕਿਉਂ ਬਣਦਾ ਜਾ ਰਿਹਾ ਹੈ? ਇਸ ਦਿਲਚਸਪ ਸਵਾਲ ਦੇ ਜਵਾਬ ਇੱਕ ਤੋਂ ਵੱਧ ਹੀ ਹਨ ਅਤੇ ਉਹ ਸਿੱਖ ਕੌਮ ਨੇ ਹੀ ਲੱਭਣੇ ਹਨ। ਇੱਕ ਜਵਾਬ ਤਾਂ ਇਹ ਹੈ ਕਿ ਇਹ ਅਜਿਹਾ ਪਵਿੱਤਰ ਸਥਾਨ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਕਾਰਨ ਅਣਗਿਣਤ ਫਿਲਾਸਫੀਆਂ, ਸੱਭਿਆਚਾਰਾਂ ਅਤੇ ਧਰਮਾਂ ਦਾ ਕੇਂਦਰ ਬਿੰਦੂ ਬਣ ਗਿਆ ਹੈ। ਇਹੋ ਹੀ ਇੱਕ ਅਨੋਖੀ ਜਗਾ ਹੈ ਜਿੱਥੇ ਮੀਰੀ ਤੇ ਪੀਰੀ ਦੀ ਪੀਡੀ ਗਲਵੱਕੜੀ ਹੈ। ਇੱਥੇ ਰਾਜਨੀਤੀ ਤੇ ਧਰਮ ਦੀ ਜੋ ਸਾਂਝ ਪਈ ਹੈ ਉਹ "ਵਰਤਮਾਨ ਆਧੁਨਿਕ ਸਾਂਝਾ" ਨਾਲੋਂ ਵੱਖਰੀ ਅਤੇ ਨਿਵੇਕਲੀ ਹੈ ਜੋ ਗੰਭੀਰ ਖੋਜ ਦਾ ਵਿਸ਼ਾ ਹੈ। ਇਹ ਕੀਰਤਨ (ਦਰਬਾਰ ਸਾਹਿਬ) ਅਤੇ ਜੰਗਜੂ ਵਾਰਾਂ (ਅਕਾਲ ਤਖਤ) ਦਾ ਇੱਕ ਅਨੋਖਾ ਸੁਮੇਲ ਹੈ ਅਤੇ ਜਿਸ ਸੁਮੇਲ ਨੇ ਬਾਕਾਇਦਾ ਇਤਿਹਾਸ ਵਿੱਚ ਮਾਰਚ ਕੀਤਾ ਹੈ। ਇੱਥੇ ਦੁਨੀਆ ਦੇ ਵੱਡੇ ਤੇ ਮਹਾਨ ਗਾਇਕ ਗੁਲਾਮ ਅਲੀ ਅਤੇ ਹੋਰ ਭਾਈ ਸਮੁੰਦ ਸਿੰਘ,ਭਾਈ ਦਿਲਬੀਰ ਸਿੰਘ,ਭਾਈ ਨਿਰਮਲ ਸਿੰਘ,ਭਾਈ ਬਲਬੀਰ ਸਿੰਘ ਦੇ ਕੀਰਤਨ ਦਾ ਆਨੰਦ ਮਾਨਣ ਲਈ ਆਉਂਦੇ ਰਹੇ ਹਨ। ਬਹੁਤ ਘੱਟ ਵੀਰਾਂ ਨੂੰ ਪਤਾ ਹੈ ਕਿ ਸੰਤ ਜਰਨੈਲ ਸਿੰਘ "ਤੂ ਕੁਨ ਰੇ" ਵਾਲਾ ਸ਼ਬਦ ਸੁਣਨ ਲਈ ਭਾਈ ਬਲਵੀਰ ਸਿੰਘ ਨੂੰ ਬੇਨਤੀ ਕਰਿਆ ਕਰਦੇ ਸਨ। ਉਹ ਇੱਕੋ ਸ਼ਬਦ ਨੂੰ ਕਈ ਰਾਗਾਂ ਵਿੱਚ ਗਾਉਣ ਦੀ ਸਮਰੱਥਾ ਰੱਖਦੇ ਸਨ।

ਅਸੀਂ ਰਾਹੁਲ ਗਾਂਧੀ ਦੇ ਦਰਬਾਰ ਸਾਹਿਬ ਆਉਣ ਦੇ ਪ੍ਰੋਗਰਾਮ ਪਿਛੇ ਕੰਮ ਕਰਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਇਰਾਦਿਆਂ ਅਤੇ ਕਾਰਨਾਂ ਬਾਰੇ ਸੰਖੇਪ ਜਿਹੀ ਝਾਤ ਪਵਾਈ ਹੈ ਅਤੇ ਇਸ ਮਾਮਲੇ ਨੂੰ ਖੁੱਲਾ ਛੱਡਿਆ ਹੈ। ਹੁਣ ਗੁਰੂ ਰਾਮਦਾਸ ਪਾਤਸ਼ਾਹ ਦੇ ਸਥਾਨ 'ਤੇ ਗੁਰੂ ਪਾਤਸ਼ਾਹ ਨੇ ਰਾਹੁਲ ਦੇ ਸਿਰ ਤੇ ਆਪਣਾ ਹੱਥ ਰੱਖਣਾ ਹੈ ਜਾਂ ਨਹੀਂ ਰੱਖਣਾ,ਇਹ ਗੁਰੂ ਰਾਮਦਾਸ ਜੀ ਹੀ ਜਾਣਦੇ ਹਨ।

 

ਕਰਮਜੀਤ ਸਿੰਘ ਚੰਡੀਗੜ੍ਹ

ਸੀਨੀਅਰ ਪੱਤਰਕਾਰ