74 ਸਾਲਾਂ ਬਾਅਦ ਭਰਾ ਨੂੰ ਮਿਲਣ ਪਾਕਿਸਤਾਨ ਪੁੱਜਿਆ ਸਿੱਕਾ ਖ਼ਾਨ

74 ਸਾਲਾਂ ਬਾਅਦ ਭਰਾ ਨੂੰ ਮਿਲਣ ਪਾਕਿਸਤਾਨ ਪੁੱਜਿਆ ਸਿੱਕਾ ਖ਼ਾਨ

ਕਰਤਾਰਪੁਰ ਸਾਹਿਬ ਵਿਖੇ ਹੋਈ ਮੁਲਾਕਾਤ

 

1947 ਦੀ ਵੰਡ ਮਗਰੋਂ ਆਪਣੇ ਪਰਿਵਾਰ ਨਾਲੋਂ ਵਿਛੜ ਕੇ ਭਾਰਤ ਵਿੱਚ ਰਹਿ ਰਿਹਾ ਸਿੱਕਾ ਖਾਨ (ਹਬੀਬ) ਲਗਪਗ 74 ਸਾਲਾਂ ਬਾਅਦ ਆਪਣੇ ਵਿੱਛੜੇ ਭਰਾ ਮੁਹੰਮਦ ਸਦੀਕ ਨੂੰ ਮਿਲਣ ਲਈ ਪਾਕਿਸਤਾਨ ਪੁੱਜ ਗਿਆ ਹੈ।  ਉਹ ਕਰਤਾਰਪੁਰ ਲਾਂਘਾ ਖੁੱਲ੍ਹਣ ਤੇ 10 ਜਨਵਰੀ ਨੂੰ ਪਿੰਡ ਦੇ ਕੁਝ ਲੋਕਾਂ ਨਾਲ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਗਿਆ ਜਿਥੇ 74 ਸਾਲਾਂ ਬਾਅਦ ਉਹ ਆਪਣੇ ਭਰਾ ਮੁਹੰਮਦ ਸਦੀਕ ਨੂੰ ਮਿਲਿਆ।ਸਿੱਕਾ ਖ਼ਾਨ ਨੇ ਦੱਸਿਆ ਕਿ ਇਸ ਮੁਲਾਕਾਤ ਤੋਂ ਬਾਅਦ ਪਾਕਿਸਤਾਨ ਵੱਲੋਂ ਉਸ ਨੂੰ ਵੀਜ਼ਾ ਦੇ ਦਿੱਤਾ ਗਿਆ। ਉਸ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਮੋਗਾ ਜ਼ਿਲ੍ਹੇ ਵਿੱਚ ਸੀ ਤੇ ਵੰਡ ਵੇਲੇ ਉਹ ਆਪਣੀ ਮਾਂ ਨਾਲ ਬਠਿੰਡਾ ਜ਼ਿਲ੍ਹੇ ਦੇ ਪਿੰਡ ਫੁੱਲਵਾਲਾ ਵਿੱਚ ਆਪਣੇ ਨਾਨਕੇ ਪਿੰਡ ਆਇਆ ਹੋਇਆ ਸੀ। ਵੰਡ ਦੌਰਾਨ ਹੋਈ ਕਤਲੋ-ਗਾਰਦ ਵਿੱਚ ਉਸ ਦੇ ਪਿਤਾ ਦੀ ਮੌਤ ਹੋ ਗਈ। ਉਸ ਦੀ ਮਾਂ ਪਰਿਵਾਰ ਦੇ ਵਿਛੋੜੇ ਦਾ ਦਰਦ ਨਾ ਸਹਾਰਦੀ ਹੋਈ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੀ ਸੀ ਅਤੇ ਉਸ ਨੇ ਖੁਦਕੁਸ਼ੀ ਕਰ ਲਈ ਸੀ। ਉਸ ਦਾ ਪਾਲਣ-ਪੋਸ਼ਣ ਉਸ ਦੇ ਮਾਮੇ ਤੇ ਪਿੰਡ ਵਾਸੀਆਂ ਨੇ ਕੀਤਾ। ਸਿੱਕਾ ਖ਼ਾਨ ਨੇ ਦੱਸਿਆ ਉਹ ਭਰਾ ਲਈ ਸੌਗਾਤਾਂ ਲੈ ਕੇ ਆਇਆ ਹੈ। 

 ਦੋਵਾਂ ਭਰਾਵਾਂ  ਨੇ ਕਿਹਾ, ''ਜਿਹੜੀ ਚਾਰ ਦਿਨ ਦੀ ਜ਼ਿੰਦਗੀ ਰਹਿ ਗਈ ਇਕੱਠੇ ਲੰਘਾ ਲਈਏ, ਹਕੂਮਤ ਅੱਗੇ ਕਹਾਂਗੇ। ਚਲੋ ਬਈ, ਇਸ ਨੂੰ ਇਜਾਜ਼ਤ ਦੇ ਦੇਣ। ਇਸਦਾ ਓਧਰ ਕੋਈ ਨਹੀਂ ਸਿਵਾਏ ਸਾਥੋਂ।'' ਸਿੱਕਾ ਖਾਨ ਨੇ ਆਪਣੇ ਭਰਾ ਨੂੰ ਮਿਲਣ ਤੋਂ ਬਾਅਦ ਕਿਹਾ, ''ਬਹੁਤ ਹੀ ਵਧੀਆ ਲਗਦਾ। ਜਿੰਨਾ ਕਹਿ ਲਈਏ ਓਨਾ ਹੀ ਵਧੀਆ ਲਗਦਾ।''ਕਰਤਾਰਪੁਰ ਸਾਹਿਬ ਵਿਖੇ ਹੋਈ ਮੁਲਾਕਾਤ ਬਾਰੇ ਉਹ ਕਹਿੰਦੇ ਹਨ, ''ਓਦਣ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਪਰ ਇਹ ਰੋਣ ਲੱਗ ਪਿਆ। ਮੈਂ ਇਸ ਨੂੰ ਵਰਾਇਆ ਕਿ ਆਪਣਾ ਮਾਂ-ਪਿਓ ਤਾਂ ਮਰ ਹੀ ਗਿਆ ਪਰ ਐਨਾ ਸ਼ੁਕਰ ਕਰ ਕਿ ਆਪਾਂ ਇਕੱਠੇ ਹੋ ਗਏ।''ਸਿੱਕਾ ਖਾਨ ਨੇ ਦੱਸਿਆ ਕਿ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜਿੰਨੀ ਦੇਰ ਦਾ ਤੇਰਾ ਵੀਜ਼ਾ ਲੱਗਿਆ ਹੈ ਓਨੀ ਦੇਰ ਤਾਂ ਤੂੰ ਰਹੀ ਫੇਰ ਆਕੇ ਮਿਲੀਂ ਅਤੇ ਫਿਰ ਭਾਵੇਂ ਚਲਾ ਜਾਵੀਂ, ਮੈਂ ਕਿਹਾ ਚੰਗਾ।ਆਪਣੇ ਭਰਾ ਨਾਲ ਹੋਈ ਪਿਛਲੀ ਮੁਲਾਕਾਤ ਬਾਰੇ ਉਨ੍ਹਾਂ ਨੇ ਦੱਸਿਆ, ''ਪਿਛਲੀ ਮੁਲਾਕਾਤ ਮੌਕੇ ਗੱਲਾਂ ਥੋੜ੍ਹੀਆਂ ਹੋਈਆਂ ਟਾਈਮ ਥੋੜ੍ਹਾ ਸੀ। ਉਹ ਰੋਈ ਗਿਆ। ਰੋਈ ਹੀ ਗਿਆ। ਸਾਰੇ ਹੀ ਰੋਣ ਲੱਗ ਗਏ।'' ਇਹ ਕਹਿੰਦਿਆਂ ਸਿੱਕਾ ਖਾਨ ਦਾ ਗਲ਼ ਭਰ ਆਇਆ ਪਰ ਉਨ੍ਹਾਂ ਨੇ ਅੱਗੇ ਕਿਹਾ, ''ਟਾਈਮ ਥੋੜ੍ਹਾ ਸੀ। ਲੇਟ ਹੋ ਗਏ ਉਹ, ਆਉਣ ਵਿੱਚ, ਅਸੀਂ ਪਹਿਲਾਂ ਪਹੁੰਚ ਗਏ ਸਨ।''

ਇਸ ਵਾਰ ਬਾਰੇ ਹਾਲਾਂਕਿ ਉਨ੍ਹਾਂ ਨੇ ਕਿਹਾ, ''ਜਿੰਨੀ ਦੇਰ ਦਾ ਵੀਜ਼ਾ ਹੈ ਓਨੀ ਦੇਰ ਤਾਂ ਮੈਂ ਰਹਾਂਗਾ। ਮਿਲਾ ਗਿਲਾਂਗਾ। ਗੱਲਾਂ-ਬਾਤਾਂ ਕਰਾਂਗੇ। ਫੇਰ ਹੀ ਮੈਨੂੰ ਪਤਾ ਲੱਗੂ, ਆਹ ਤੇਰਾ ਦੋਹਤਾ ਹੈ, ਆਹ ਤੇਰੀ ਭਾਣਜੀ ਹੈ। ਐਂ ਪਤਾ ਲੱਗੇਗਾ। ''''ਉਦੋਂ ਕੋਈ ਪਤਾ ਨਹੀਂ ਲੱਗਿਆ। ਉਦੋਂ ਰੋਣੋ ਨੀ ਹਟੇ, ਮੇਰਾ ਤਾਂ ਆਪ ਰੋਣ ਨਿਕਲੀ ਗਿਆ। ਗੱਲਾਂ ਕੀ ਹੋਣ?''ਕਰਤਾਰਪੁਰ ਵਿੱਚ ਦੋਵਾਂ ਭਰਾਵਾਂ ਦੀ ਮੁਲਾਕਾਤ ਦੇ ਗਵਾਹ ਫੁੱਲਾਂਵਾਲ ਪਿੰਡ ਦੇ ਜਗਸੀਰ ਸਿੰਘ ਨੇ ਜਨਵਰੀ ਦੀ ਮੁਲਾਕਾਤ ਤੋਂ ਬਾਅਦ  ਦੱਸਿਆ ਸੀ ਕਿ ਫ਼ੋਨ ਉੱਤੇ ਤਾਂ ਦੋਵੇਂ ਭਰਾ ਦੋ ਸਾਲਾਂ ਤੋਂ ਗੱਲ ਕਰ ਰਹੇ ਸਨ ਪਰ ਵਿਅਕਤੀਗਤ ਮੁਲਾਕਾਤ 10 ਜਨਵਰੀ ਨੂੰ ਹੋਈ ਸੀ।ਕਰਤਾਰਪੁਰ ਸਾਹਿਬ ਵਿਖੇ ਗਏ ਸਨ। ਜਦੋਂ ਭਰਾਵਾਂ ਨੇ ਇੱਕ ਦੂਜੇ ਨੂੰ ਜੱਫੀ ਪਾਈ ਤਾਂ ਉਹ ਪਲ ਬੇਹੱਦ ਭਾਵੁਕ ਕਰਨ ਵਾਲਾ ਸੀ। ਨਾ ਸਿਰਫ਼ ਦੋਵੇਂ ਭਰਾਵਾਂ ਦੀਆਂ ਅੱਖਾਂ ਵਿਚ ਅੱਥਰੂ ਸਨ ਬਲਕਿ ਉੱਥੇ ਮੌਜੂਦ ਹਰ ਵਿਅਕਤੀ ਦੀ ਅੱਖ ਨਮ ਸੀ।ਦੋਵਾਂ ਭਰਾਵਾਂ ਦਾ ਜੱਦੀ ਪਿੰਡ ਮੋਗਾ ਜ਼ਿਲ੍ਹੇ ਵਿੱਚ ਸੀ ਅਤੇ ਵੰਡ ਤੋਂ ਪਹਿਲਾਂ ਸਿੱਕਾ ਖ਼ਾਨ (ਹਬੀਬ) ਆਪਣੀ ਮਾਂ ਦੇ ਨਾਲ ਬਠਿੰਡਾ ਜ਼ਿਲ੍ਹੇ ਦੇ ਪਿੰਡ ਫੁੱਲਵਾਲਾ ਨਾਨਕੇ ਪਿੰਡ ਆਇਆ ਹੋਇਆ ਸੀ।ਵੰਡ ਦੌਰਾਨ ਹੋਈ ਕਤਲੋਗਾਰਤ ਵਿੱਚ ਇਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਅੱਧਾ ਪਰਿਵਾਰ (ਭਰਾ ਅਤੇ ਭੈਣ) ਪਾਕਿਸਤਾਨ ਚਲੇ ਗਏ ਅਤੇ ਸਿੱਕਾ ਖ਼ਾਨ ਅਤੇ ਉਸ ਦੀ ਮਾਤਾ ਫੁੱਲਾਂਵਾਲ ਪਿੰਡ ਵਿੱਚ ਹੀ ਰਹਿ ਗਏ।ਬਾਅਦ ਵਿੱਚ ਸਿੱਕਾ ਖ਼ਾਨ ਦੀ ਮਾਂ ਵੰਡ ਕਾਰਨ ਵਿੱਛੜੇ ਪਰਿਵਾਰ ਦੇ ਦੁੱਖ ਕਾਰਨ ਮਾਨਸਿਕ ਸੰਤੁਲਨ ਗੁਆ ਬੈਠੀ ਅਤੇ ਖ਼ੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਸਿੱਕਾ ਖ਼ਾਨ ਦਾ ਪਾਲਣ ਪੋਸ਼ਣ ਉਨ੍ਹਾਂ ਦੇ ਮਾਮੇ ਅਤੇ ਪਿੰਡ ਫੁੱਲਾਂਵਾਲ ਦੇ ਲੋਕਾਂ ਨੇ ਕੀਤਾ।ਫੁੱਲਾਂਵਾਲ ਪਿੰਡ ਵਿੱਚ ਮੁਸਲਿਮ ਭਾਈਚਾਰੇ ਦੇ ਕਰੀਬ 20 ਕੁ ਘਰ ਹਨ। ਜਗਸੀਰ ਸਿੰਘ ਮੁਤਾਬਕ ਉਨ੍ਹਾਂ ਦੇ ਬਜ਼ੁਰਗ ਦੱਸਦੇ ਸਨ ਕਿ 1947 ਵਿੱਚ ਤਿੰਨ ਹੀ ਘਰ ਸਨ।ਭਾਈਚਾਰਕ ਸਾਂਝ ਹੋਣ ਕਾਰਨ ਇਹਨਾਂ ਘਰਾਂ ਦੇ ਲੋਕਾਂ ਨੂੰ ਵੰਡ ਸਮੇਂ ਹੋਏ ਫ਼ਸਾਦ ਦੌਰਾਨ ਸਿੱਖਾਂ ਨੇ ਆਪਣੇ ਘਰਾਂ ਵਿੱਚ ਲੁਕਾ ਕੇ ਇਹਨਾਂ ਦੀ ਰੱਖਿਆ ਕੀਤੀ ਅਤੇ ਕਿਸੇ ਨੂੰ ਵੀ ਪਾਕਿਸਤਾਨ ਨਹੀਂ ਜਾਣ ਦਿੱਤਾ।ਉਨ੍ਹਾਂ ਨੇ ਦੱਸਿਆ ਕਿ ਇਹ ਸਾਂਝ ਹੁਣ ਵੀ ਕਾਇਮ ਹੈ। ਸਿੱਕਾ ਖ਼ਾਨ ਆਪਣੇ ਭਰਾ ਨੂੰ ਮਿਲਿਆ ਜਿਸ ਦੀ ਪੂਰੇ ਪਿੰਡ ਨੂੰ ਖ਼ੁਸ਼ੀ ਸੀ। ਜਨਵਰੀ ਦੇ ਦੂਜੇ ਹਫ਼ਤੇ ਜਿਸ ਦਿਨ ਸਿੱਕਾ ਖ਼ਾਨ ਨੇ ਭਰਾ ਨੂੰ ਮਿਲਣ ਲਈ ਜਾਣਾ ਸੀ ਤਾਂ ਪਿੰਡ ਵੱਲੋਂ ਮੁਹੰਮਦ ਸਦੀਕ ਦੇ ਪਰਿਵਾਰ ਲਈ ਕੱਪੜੇ ਅਤੇ ਹੋਰ ਤੋਹਫ਼ੇ ਭੇਜੇ ਗਏ।

 

ਪ੍ਰਗਟ ਸਿੰਘ ਜੰਡਿਆਲਾ ਗੁਰੂ