ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਲਿਆ ਗਿਆ ਸਖ਼ਤ ਨੋਟਿਸ

 ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਲਿਆ ਗਿਆ ਸਖ਼ਤ ਨੋਟਿਸ

ਮਾਮਲਾ ਬਿਨਾਂ ਆਗਿਆ ਅਮਰੀਕਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਣ ਦਾ

ਸਿੱਖ ਵਿਦਵਾਨਾਂ ਦੀ ਇਕ ਕਮੇਟੀ ਬਣਾਈ 

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ: ਅਮਰੀਕਾ ਦੀ ਇੱਕ ਸੰਸਥਾ ਸਿੱਖ ਬੁੱਕ ਕਲੱਬਵੱਲੋਂ ਬਿਨਾਂ ਆਗਿਆ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਛਾਪਣ ਤੇ ਗੁਰਬਾਣੀ ਨਾਲ ਛੇੜ-ਛਾੜ ਕਰਨ ਅਤੇ ਉਸ ਦੀ ਪੀਡੀਐੱਫ ਬਣਾ ਕੇ ਵੈੱਬਸਾਈਟ ਤੇ ਪਾਉਣ ਦਾ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਇਸ ਮਾਮਲੇ ਵਿਚ ਸਿੱਖ ਵਿਦਵਾਨਾਂ ਦੀ ਇਕ ਕਮੇਟੀ ਬਣਾਈ ਹੈ, ਜੋ ਪੜਤਾਲ ਕਰ ਕੇ ਇੱਕ ਹਫ਼ਤੇ ਅੰਦਰ ਰਿਪੋਰਟ ਪੇਸ਼ ਕਰੇਗੀ। ਜਥੇਦਾਰ ਨੇ ਕਿਹਾ ਕਿ ਇਸ ਸਬੰਧ ਵਿੱਚ ਅਕਾਲ ਤਖ਼ਤ ਤੇ ਸ਼ਿਕਾਇਤਾਂ ਪੁੱਜੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਬੁੱਕ ਕਲੱਬ ਦੇ ਪ੍ਰਕਾਸ਼ਕ ਥਮਿੰਦਰ ਸਿੰਘ ਅਨੰਦ ਵੱਲੋਂ ਅਮਰੀਕਾ ਵਿੱਚ ਬਿਨਾਂ ਪ੍ਰਵਾਨਗੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਕਿਸੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਕੰਮ ਹੈ। ਥਮਿੰਦਰ ਨੇ ਕੁਝ ਸਾਲ ਪਹਿਲਾਂ ਵੀ ਚੀਨ ਵਿੱਚ ਸਰੂਪ ਛਪਵਾ ਕੇ ਅਮਰੀਕਾ ਭੇਜਣ ਦਾ ਯਤਨ ਕੀਤਾ ਸੀ। ਉਸ ਵੇਲੇ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਥਾਣਾ ਈ-ਡਿਵੀਜ਼ਨ ਵਿੱਚ ਕੇਸ ਦਰਜ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਸਿੱਖ ਵਿਦਵਾਨਾਂ ਦੀ ਇੱਕ ਕਮੇਟੀ ਬਣਾਈ ਗਈ ਹੈ, ਜੋ ਇੱਕ ਹਫ਼ਤੇ ਵਿੱਚ ਰਿਪੋਰਟ ਤਿਆਰ ਕਰ ਕੇ ਭੇਜੇਗੀ। ਉਨ੍ਹਾਂ ਸਮੂਹ ਗੁਰਦੁਆਰਾ ਕਮੇਟੀਆਂ, ਸਿੱਖ ਸੰਪਰਦਾਵਾਂ, ਜਥੇਬੰਦੀਆਂ ਤੇ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਪ੍ਰਕਾਸ਼ਕ ਖ਼ਿਲਾਫ਼ ਵੱਡੀ ਪੱਧਰ ਤੇ ਮੁਹਿੰਮ ਆਰੰਭੀ ਜਾਵੇ। ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਹੀ ਓਅੰਕਾਰ ਸਿੰਘ ਨਾਂ ਦੇ ਵਿਅਕਤੀ ਵੱਲੋਂ ਵੀ ਲਿਪੀ ਅੰਤਰਨ ਅਧੀਨ ਗੁਰਬਾਣੀ ਨਾਲ ਛੇੜਛਾੜ ਕੀਤੇ ਜਾਣ ਦੀ ਸ਼ਿਕਾਇਤ ਅਕਾਲ ਤਖ਼ਤ ਕੋਲ ਪਹੁੰਚੀ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਤੇ ਵੀ ਰੋਕ ਲਾਈ ਗਈ ਸੀ, ਪਰ ਪਤਾ ਲੱਗਾ ਹੈ ਕਿ ਇਸ ਵਿਅਕਤੀ ਨੇ ਹਾਲੇ ਤੱਕ ਇਹ ਕੰਮ ਬੰਦ ਨਹੀਂ ਕੀਤਾ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਕਾਰਵਾਈ ਦੀ ਅਪੀਲ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਗੁਰਬਾਣੀ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਥਮਿੰਦਰ ਸਿੰਘ ਅਨੰਦ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਕਤ ਵੱਲੋਂ ਤਿਆਰ ਕੀਤੀ ਗਈ ਪੀਡੀਐੱਫ ਵਿੱਚ ਵਾਧੂ ਲਗਾਂ-ਮਾਤਰਾਵਾਂ ਅਤੇ ਬਿੰਦੀਆਂ ਲਾਈਆਂ ਗਈਆਂ ਹਨ।