ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਨਾਲ ਛੇੜਛਾੜ

ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਨਾਲ ਛੇੜਛਾੜ
ਮਹਿਲਾ (DCW) ਮੁਖੀ ਸਵਾਤੀ ਮਾਲੀਵਾਲ

ਭਾਰਤ  ਔਰਤਾਂ ਲਈ  ਅਸੁਰੱਖਿਅਤ ਦੇਸ ਬਣਿਆ

ਦਿੱਲੀ ਵਿਚ ਔਰਤਾਂ ਦੇ ਹੱਕਾਂ ਦੀ ਸੁਰੱਖਿਆ ਲਈ ਕਾਇਮ ਕੀਤੇ ਗਏ ਸਰਕਾਰੀ ਅਦਾਰੇ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨਾਲ ਬੀਤੇ ਦਿਨੀਂ ਉਦੋਂ ਛੇੜਛਾੜ ਦੀ ਘਟਨਾ ਵਾਪਰੀ ਜਦੋਂ ਉਹ ਦਿੱਲੀ ਵਿਚ ਇਕ ਸੜਕ ਕੰਢੇ ਖੜ੍ਹੀ ਸੀ।  ਇਹ ਘਟਨਾ  ਜਨਤਕ ਥਾਵਾਂ ਉਤੇ ਔਰਤਾਂ ਲਈ ਖ਼ਤਰਨਾਕ ਹੱਦ ਤੱਕ ਅਸੁਰੱਖਿਆ ਵਾਲੀ ਸਥਿਤੀ ਵੱਲ ਇਸ਼ਾਰਾ ਕਰਦੀ ਹੈ।  ਮਾਲੀਵਾਲ ਵਾਲੀ ਘਟਨਾ ਵਿਚ ਭਾਵੇਂ ਪੁਲੀਸ ਨੇ ਫ਼ੌਰੀ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਕੌਮੀ ਮਹਿਲਾ ਕਮਿਸ਼ਨ ਨੇ ਵੀ ਮਾਮਲੇ ਵਿਚ ਦਖ਼ਲ ਦਿੱਤਾ ਹੈ ਪਰ ਹਰ ਪੀੜਤ ਸਬੰਧੀ ਇੰਨੀ ਸੰਵੇਦਨਸ਼ੀਲਤਾ ਨਹੀਂ ਦਿਖਾਈ ਜਾਂਦੀ।ਪੁਲੀਸ ਤਾਂ ਅਜਿਹੀਆਂ ਘਟਨਾਵਾਂ ਦੀ ਰਿਪੋਰਟ ਤੱਕ ਦਰਜ ਨਹੀਂ ਕਰਦੀ। 

ਇੰਜ ਜਾਪਦਾ ਹੈ ਕਿ ਭਾਰਤ ਲਗਾਤਾਰ ਔਰਤਾਂ ਲਈ ਸਭ ਤੋਂ ਵੱਧ ਅਸੁਰੱਖਿਅਤ ਦੇਸ ਬਣਦਾ ਜਾ ਰਿਹਾ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਦੇ ਅੰਕੜਿਆਂ ਮੁਤਾਬਕ 2021 ਦੌਰਾਨ ਦਿੱਲੀ ਵਿਚ ਔਰਤਾਂ ਉੱਤੇ ਪੱਤ ਲੁੱਟਣ ਦੇ ਮਨਸ਼ੇ ਨਾਲ ਕੀਤੇ ਹਮਲਿਆਂ ਦੀਆਂ 2022 ਘਟਨਾਵਾਂ ਦਰਜ ਹੋਈਆਂ। ਜੋ ਕੁਝ ਸਵਾਤੀ ਮਾਲੀਵਾਲ ਨਾਲ ਵਾਪਰਿਆ ਉਹ ਕਿਸੇ ਵੀ ਔਰਤ ਨਾਲ ਹੋ ਸਕਦਾ ਹੈ।