ਅਮਰੀਕਾ ਦੇ ਇਕ ਹਸਪਤਾਲ ਵਿਚ ਪਤਨੀ ਨੇ ਬਿਮਾਰ ਪਤੀ ਨੂੰ ਮਾਰੀ ਗੋਲੀ, ਹੋਈ ਗ੍ਰਿਫਤਾਰ

ਅਮਰੀਕਾ ਦੇ ਇਕ ਹਸਪਤਾਲ ਵਿਚ ਪਤਨੀ ਨੇ ਬਿਮਾਰ ਪਤੀ ਨੂੰ ਮਾਰੀ ਗੋਲੀ, ਹੋਈ ਗ੍ਰਿਫਤਾਰ

* ਗੋਲੀ ਚੱਲਣ ਉਪਰੰਤ ਹਸਪਤਾਲ ਵਿਚ ਬਣਿਆ ਅਫਰਾ ਤਫਰੀ ਦਾ ਮਾਹੌਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਪੁਲਿਸ ਨੇ ਇਕ 76 ਸਾਲਾ ਐਲਨ ਗਿਲਾਂਡ ਨਾਮੀ ਔਰਤ ਨੂੰ ਆਪਣੇ ਬਿਮਾਰ ਪਤੀ 77 ਸਾਲਾ ਜੈਰੀ ਗਿਲਾਂਡ ਨੂੰ ਗੋਲੀ ਮਾਰ ਕੇ ਮਾਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਪੁੁਲਿਸ ਨੇ ਕਿਹਾ ਹੈ ਕਿ ਇਹ ਘਟਨਾ ਡੇਅਟੋਨਾ ਬੀਚ ਫਲੋਰਿਡਾ ਦੇ ਇਕ ਹਸਪਤਾਲ ਵਿਚ ਵਾਪਰੀ ਹੈ ਜਿਥੇ ਉਸ ਦਾ ਬਿਮਾਰ ਪਤੀ ਦਾਖਲ ਸੀ। ਪੁਲਿਸ ਅਨੁਸਾਰ ਔਰਤ ਆਪਣੇ ਪਤੀ ਨੂੰ ਮਾਰਨ ਉਪਰੰਤ ਖੁਦ ਵੀ ਮਰਨਾ ਚਹੁੰਦੀ ਸੀ ਪਰੰਤੂ ਉਹ ਬਿਮਾਰ ਪਤੀ ਨੂੰ ਮਾਰਨ ਉਪਰੰਤ ਆਪਣੇ ਆਪ ਨੂੰ ਗੋਲੀ ਨਾ ਮਾਰ ਸਕੀ। ਡੋਅਟੋਨਾ ਬੀਚ ਪੁਲਿਸ ਮੁੱਖੀ ਜਕਾਰੀ ਈ ਯੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਕਿ ਐਡਵੈਂਟ ਹੈਲਥ ਹਸਪਤਾਲ ਵਿਚ ਦਾਖਲ 77 ਸਾਲਾ ਵਿਅਕਤੀ ਨੇ ਆਪਣੀ ਪਤਨੀ ਨਾਲ ਯੋਜਨਾ ਬਣਾਈ ਸੀ ਕਿ ਉਹ ਉਸ  ਨੂੰ ਖਤਮ ਕਰ ਦੇਵੇ ਕਿਉਂਕਿ ਉਹ ਆਪਣੀ ਬਿਮਾਰੀ ਤੋਂ ਅੱਕ ਚੁੱਕਾ ਹੈ। ਵਿਅਕਤੀ ਖੁੱਦ ਆਪਣੇ ਆਪ ਨੂੰ ਗੋਲੀ ਮਾਰਨਾ ਚਹੁੰਦਾ ਸੀ ਪਰੰਤੂ ਉਹ ਸਰੀਰਕ ਤੌਰ 'ਤੇ ਏਨਾ ਕਮਜੋਰ ਸੀ ਕਿ ਉਹ ਅਜਿਹਾ ਕਰਨ ਵਿੱਚ ਅਸਮਰਥ ਸੀ। ਔਰਤ ਨੇ ਪਤੀ ਦੇ ਸਿਰ ਵਿਚ ਗੋਲੀ ਮਾਰਨ ਉਪਰੰਤ ਖੁਦ ਨੂੰ ਹਸਪਤਾਲ ਦੇ ਇਕ ਕਮਰੇ ਵਿਚ ਬੰਦ ਕਰ ਲਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਔਰਤ ਨੂੰ ਕਮਰੇ ਵਿਚੋਂ ਕੱਢ ਕੇ ਹਿਰਾਸਤ ਵਿਚ ਲੈ ਲਿਆ। ਯੰਗ ਅਨੁਸਾਰ ਪੁਲਿਸ ਸਵੇਰੇ 11.30 ਵਜੇ ਹਸਪਤਾਲ ਪੁੱਜੀ ਤੇ ਸ਼ਾਮ ਦੇ 3 ਵਜੇ ਉਹ ਔਰਤ ਨੂੰ ਕਮਰੇ ਵਿਚੋਂ ਬਾਹਰ ਕੱਢਣ ਵਿਚ ਸਫਲ ਹੋ ਗਈ। ਗੋਲੀ ਚੱਲਣ ਉਪਰੰਤ ਹਸਪਤਾਲ ਵਿਚ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਤੇ ਮਰੀਜ਼ਾਂ ਨੂੰ ਇਕ ਤਰਾਂ ਬੰਧਕ ਬਣਾ ਲੈਣ ਵਰਗੇ ਹਾਲਾਤ ਬਣ ਗਏ। ਬਹੁਤ ਸਾਰੇ ਮਰੀਜ਼ ਵੈਂਟੀਲੇਟਰ ਉਤੇ ਸਨ ਜਿਨਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਸੌਖਾ ਕੰਮ ਨਹੀਂ ਸੀ।  ਡਾ ਜੋਸ਼ੂਆ ਹੌਰਨਸਟੀਨ ਜੋ ਹਸਪਤਾਲ ਵਿਚ ਦਿੱਲ ਦੇ ਰੋਗਾਂ ਦੇ ਮਾਹਿਰ ਵਜੋਂ ਕੰਮ ਕਰਦੇ ਹਨ, ਨੇ ਦਸਿਆ ਕਿ ਜਦੋਂ ਉਸ ਨੂੰ ਗੋਲੀ ਚੱਲਣ ਬਾਰੇ ਪਤਾ ਲੱਗਾ ਤਾਂ ਉਹ ਐਮਰਜੰਸੀ ਵਿਭਾਗ ਵਿਚ ਕੰਮ ਕਰ ਰਿਹਾ ਸੀ। ਉਨਾਂ ਕਿਹਾ ਕਿ ਕੋਈ ਵਿਅਕਤੀ ਚੀਕਦਾ ਹੋਇਆ ਆਇਆ ਤੇ ਉਸ ਨੇ ਗੋਲੀ ਚੱਲਣ ਬਾਰੇ ਦਸਿਆ ।  ਡਾਕਟਰ ਅਨੁਸਾਰ ਉਹ ਬਹੁਤ ਡਰ ਗਿਆ ਸੀ ਤੇ ਉਹ ਡੇਢ ਘੰਟੇ ਤੱਕ ਇਕ ਨਰਸ ਨਾਲ ਸਪਲਾਈ ਕਮਰੇ ਵਿਚ ਲੁੱਕਿਆ ਰਿਹਾ। ਯੰਗ ਨੇ ਕਿਹਾ ਕਿ ਔਰਤ ਵਿਰੁੱਧ ਫਸਟ ਡਿਗਰੀ ਹੱਤਿਆ ਦੇ ਦੋਸ਼ ਆਇਦ ਕੀਤੇ ਜਾਣਗੇ। ਉਨਾਂ ਕਿਹਾ ਕਿ ਔਰਤ ਨੂੰ ਆਪਣੇ ਕਾਰੇ ਉਪਰ ਬਹੁਤ ਅਫਸੋਸ ਹੈ ਤੇ ਉਸ ਲਈ ਹਾਲਾਤ ਬਹੁਤ ਪ੍ਰਤੀਕੂਲ ਹਨ। ਅਜੇ ਇਹ ਨਹੀਂ ਪਤਾ ਲੱਗ ਸਕਿਆ ਕਿ ਔਰਤ ਗੰਨ ਕਿਥੋਂ ਲੈ ਕੇ ਆਈ ਸੀ ਕਿਉਂਕਿ ਹਸਪਤਾਲ ਵਿਚ ਮੈਟਲ ਡਿਟੈਕਸ਼ਨ ਸਕਿਉਰਿਟੀ ਸਿਸਟਮ ਹੈ।