ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਗੈਂਗਸਟਰਵਾਦ ਨੇ ਨੁਕਸਾਨ ਪਹੁੰਚਾਇਆ

ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਗੈਂਗਸਟਰਵਾਦ ਨੇ ਨੁਕਸਾਨ ਪਹੁੰਚਾਇਆ

ਪੰਜਾਬੀਆਂ ਦੀ ਮਾਂ ਖੇਡ ਕਬੱਡੀ ਜੋ ਹਰ ਪੰਜਾਬੀ ਦੇ ਖ਼ੂਨ ਵਿਚ ਰਚੀ ਹੋਈ ਹੈ,

ਖੇਡ ਕਬੱਡੀ ਨੂੰ ਉੱਚਾ ਚੁੱਕਣ ਵਿਚ ਵਿਦੇਸ਼ਾਂ ਵਿਚ ਵਸਦੇ ਪ੍ਰਵਾਸੀ ਪੰਜਾਬੀ ਵੀਰਾਂ ਦੇ ਅਹਿਮ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਪੰਜਾਬ ਦੀ ਮਿੱਟੀ ਦਾ ਮੋਹ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਹਰ ਸਾਲ ਪੰਜਾਬ ਵੱਲ ਖਿੱਚ ਲੈ ਆਉਂਦਾ ਅਤੇ ਉਹ ਆਪਣੇ ਪਿੰਡਾਂ ਵਿਚ ਆ ਕੇ ਕਬੱਡੀ ਦੇ ਵੱਡੇ-ਵੱਡੇ ਮੇਲੇ ਕਰਵਾ ਕੇ ਆਪਣੇ ਸ਼ੌਕ ਵੀ ਪੂਰੇ ਕਰਦੇ ਤੇ ਨਾਲ ਦੀ ਨਾਲ ਮਾਂ ਖੇਡ ਕਬੱਡੀ 'ਤੇ ਲੱਖਾਂ-ਕਰੋੜਾਂ ਖ਼ਰਚ ਕਰ ਕੇ ਨੌਜਵਾਨਾਂ ਨੂੰ ਖੇਡਾਂ ਨਾਲ ਵੀ ਜੋੜਦੇ। ਸਮੇਂ ਦੀਆਂ ਸਰਕਾਰਾਂ ਨੇ ਵੀ ਵਿਉਂਤਬੰਦੀ ਕਰ ਕੇ ਵਿਸ਼ਵ ਕੱਬਡੀ ਕੱਪ ਕਰਵਾ ਕੇ ਇਕ ਨਵੀਂ ਪਿਰਤ ਪਾ ਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ।

ਅੱਜ ਪੰਜਾਬ ਦੀ ਧਰਤੀ 'ਤੇ ਨਾ ਕੋਈ ਕਬੱਡੀ ਦਾ ਵੱਡਾ ਖੇਡ ਮੇਲਾ ਲੱਗਦਾ ਹੈ ਅਤੇ ਨਾ ਹੀ ਮੌਜੂਦਾ ਪੰਜਾਬ ਸਰਕਾਰ ਵਲੋਂ ਆਪਣੇ ਪੱਧਰ 'ਤੇ ਕੋਈ ਵਿਸ਼ਵ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਜੇਕਰ ਵੇਖਿਆ ਜਾਵੇ ਤਾਂ ਪੰਜਾਬ ਵਿਚੋਂ ਮਾਂ ਖੇਡ ਕਬੱਡੀ ਦੇ ਕੂਚ ਦਾ ਵੱਡਾ ਮੁੱਖ ਕਾਰਨ ਡਰੱਗ (ਨਸ਼ਾ) ਹੈ ਅਤੇ ਇਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਕਲਾਵੇਂ 'ਚ ਐਸਾ ਜਕੜ ਲਿਆ ਹੈ ਕਿ ਕੋਈ ਇਸ ਤੋਂ ਬਾਹਰ ਨਹੀਂ ਨਿਕਲ ਸਕਿਆ, ਬੇਸ਼ੱਕ ਕਬੱਡੀ ਦੇ ਚੌਧਰੀਆਂ ਨੇ 'ਡੋਪ ਟੈੱਸਟ' ਕਰਵਾਉਣ ਦਾ ਰੌਲਾ ਪਾਇਆ ਪਰ ਸਭ ਬੇਕਾਰ ਗਿਆ। ਇਸ ਤੋਂ ਇਲਾਵਾ ਕਬੱਡੀ ਨੂੰ ਵੱਡੀ ਸੱਟ ਪੰਜਾਬ 'ਚ ਵਧਦੇ ਗੈਂਗਸਟਰਵਾਦ ਨੇ ਮਾਰੀ ਅਤੇ ਉਸ ਨੇ ਸਭ ਤੋਂ ਵੱਧ ਇਸ ਖੇਡ ਦਾ ਨੁਕਸਾਨ ਕੀਤਾ। ਦੁਆਬੇ ਦੇ ਖੇਤਰ 'ਚ ਇਕ ਵੱਡੇ ਖਿਡਾਰੀ ਦਾ ਸ਼ਰ੍ਹੇਆਮ ਚੱਲਦੇ ਕਬੱਡੀ ਕੱਪ ਵਿਚ ਕਤਲ ਹੋਣਾ ਇਸ ਦੀ ਸਭ ਤੋਂ ਵੱਡੀ ਗਵਾਹੀ ਭਰਦਾ ਹੈ। ਇਸ ਤੋਂ ਬਾਅਦ ਜੇਕਰ ਕਿਸੇ ਪਿੰਡ ਦੇ ਇੱਕਾ-ਦੁੱਕਾ ਕਬੱਡੀ ਕਲੱਬ ਨੇ ਕਬੱਡੀ ਟੂਰਨਾਮੈਂਟ ਕਰਵਾਉਣ ਦੀ ਹਿੰਮਤ ਦਿਖਾਈ ਵੀ ਤਾਂ ਗੈਗਸਟਰਾਂ ਦੀਆਂ ਸ਼ਰ੍ਹੇਆਮ ਧਮਕੀਆਂ ਨੇ ਉਨ੍ਹਾਂ ਦੇ ਮੂੰਹ ਵੀ ਬੰਦ ਕਰਵਾ ਦਿੱਤੇ।

ਅਸਲ ਵਿਚ ਹੁਣ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਦੀ ਧਰਤੀ 'ਤੇ ਡਰ ਲੱਗਣ ਲੱਗ ਪਿਆ ਹੈ ਅਤੇ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਏ ਹਨ ਕਿ ਪਤਾ ਨਹੀਂ ਕਦੋਂ, ਕਿਵੇਂ ਉਨ੍ਹਾਂ 'ਤੇ ਕੋਈ ਅਚਾਨਕ ਹਮਲਾ ਨਾ ਹੋ ਜਾਵੇ। ਇਹੋ ਕਾਰਨ ਹੈ ਕਿ ਪ੍ਰਵਾਸੀ ਪੰਜਾਬੀਆਂ ਨੇ ਪੰਜਾਬ ਦੀ ਧਰਤੀ ਤੋਂ ਮਾਂ ਖੇਡ ਕਬੱਡੀ ਤੋਂ ਕਿਨਾਰਾ ਕਰਨਾ ਹੀ ਬਿਹਤਰ ਸਮਝਿਆ ਹੈ। ਉਹ ਹੁਣ ਵਿਦੇਸ਼ਾਂ ਦੀ ਧਰਤੀ 'ਤੇ ਕਬੱਡੀ ਦੇ ਟੂਰਨਾਮੈਂਟ ਕਰਵਾਉਣ ਨੂੰ ਪਹਿਲ ਦੇਣ ਲੱਗ ਪਏ ਹਨ ਅਤੇ 2024 ਵਿਚ ਕੈਨੇਡਾ ਦੀ ਧਰਤੀ 'ਤੇ ਵਿਸ਼ਵ ਕਬੱਡੀ ਕੱਪ ਕਰਵਾਉਣ ਦਾ ਐਲਾਨ ਵੀ ਹੋ ਚੁੱਕਾ ਹੈ। ਇੱਥੋਂ ਤੱਕ ਕਿ ਕੈਨੇਡਾ ਦੀਆਂ ਵੱਖ-ਵੱਖ ਕਬੱਡੀ ਫੈਡਰੇਸ਼ਨਾਂ ਵਲੋਂ ਮਈ ਮਹੀਨੇ ਤੋਂ ਲੈ ਕੇ ਹੁਣ ਤੱਕ 25 ਦੇ ਕਰੀਬ ਕਬੱਡੀ ਦੇ ਵੱਡੇ-ਵੱਡੇ ਟੂਰਨਾਮੈਂਟ ਕਰਵਾਏ ਜਾ ਚੁੱਕੇ ਹਨ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਪ੍ਰਵਾਸੀ ਪੰਜਾਬੀਆਂ ਨੇ ਹੁਣ ਪੂਰੀ ਤਰ੍ਹਾਂ ਨਾਲ ਪੰਜਾਬ ਤੋਂ ਕਬੱਡੀ ਵਿਦੇਸ਼ਾਂ ਨੂੰ ਚਾਲੇ ਪਾ ਦਿੱਤੀ ਹੈ।

ਕਿਸੇ ਵੇਲੇ ਪੰਜਾਬ ਵਿਚ ਕਬੱਡੀ ਦੇ ਰੁਸਤਮ ਖਿਡਾਰੀ, ਇਸ ਵੇਲੇ ਕਬੱਡੀ ਵਿਦੇਸ਼ਾਂ ਵਿਚ ਜਾਣ ਕਾਰਨ ਆਪਣੀ ਰੋਜ਼ੀ ਰੋਟੀ ਦੇ ਵੀ ਮੁਥਾਜ਼ ਹੋ ਗਏ ਹਨ। ਉਨ੍ਹਾਂ ਤੋਂ ਇਲਾਵਾ ਕਈ ਤਾਂ ਸੱਟਾਂ-ਫੇਟਾਂ ਕਾਰਨ ਚੱਲਣ-ਫਿਰਨ ਤੋਂ ਵੀ ਅਸਮਰੱਥ ਹੋ ਗਏ ਹਨ ਅਤੇ ਪੰਜਾਬ ਦੇ ਕੁਮੈਂਟੇਟਰ ਜੋ ਹਰ ਸਾਲ ਕਬੱਡੀ ਖੇਡ ਮੇਲਿਆਂ ਦੀ ਉਡੀਕ ਕਰਦੇ ਸਨ, ਉਹ ਵੀ ਅੱਜ ਬੇਰੁਜ਼ਗਾਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਰਿਹਾ। ਸਾਡੀ ਸੂਬੇ ਦੀ ਨਵੀਂ ਸਰਕਾਰ ਨੂੰ ਅਪੀਲ ਹੈ ਕਿ ਪੰਜਾਬ ਵਿਚ ਦੂਜੀਆਂ ਖੇਡਾਂ ਦੇ ਨਾਲ-ਨਾਲ ਵਿਸ਼ਵ ਕਬੱਡੀ ਕੱਪ ਕਰਵਾ ਕੇ ਇਸ ਖੇਡ ਨਾਲ ਜੁੜੇ ਨੌਜਵਾਨਾਂ ਅਤੇ ਪ੍ਰਵਾਸੀ ਭਾਰਤੀਆਂ ਦਾ ਮਨੋਬਲ ਮਜ਼ਬੂਤ ਕਰੇ, ਨਹੀਂ ਤਾਂ ਮਾਂ ਖੇਡ ਕਬੱਡੀ ਪੰਜਾਬ ਦੀ ਧਰਤੀ 'ਤੇ ਸਦਾ ਲਈ ਹੀ ਬੇਗ਼ਾਨੀ ਹੋ ਜਾਵੇਗੀ।

 

ਜਤਿੰਦਰ ਸਾਬੀ