ਜ਼ਿਮਨੀ ਚੋਣਾਂ ਦੇ ਨਤੀਜੇ ਭਾਜਪਾ ਦੇ ਸਿਆਸੀ ਭਵਿੱਖ ਲਈ ਖਤਰੇ ਦੀ ਘੰਟੀ
ਭਾਜਪਾ ਦੇ ਤਿੰਨ ਉਮੀਦਵਾਰ ਜਿੱਤੇ ਤੇ ਇੰਡੀਆ ਗਠਜੋੜ ਦੇ ਉਮੀਦਵਾਰਾਂ ਨੂੰ ਚਾਰ ਹਲਕਿਆਂ ਵਿਚ ਮਿਲੀ ਸਫਲਤਾ
ਵੱਖ ਵੱਖ ਸੂਬਿਆਂ ਵਿਚ 5 ਸਤੰਬਰ ਨੂੰ ਸੱਤ ਵਿਧਾਨ ਸਭਾ ਹਲਕਿਆਂ ਲਈ ਹੋਈਆਂ ਜ਼ਿਮਨੀ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਤਿੰਨ ਉਮੀਦਵਾਰ ਜਿੱਤੇ ਹਨ ਅਤੇ ਗ਼ੈਰ-ਭਾਜਪਾ ਪਾਰਟੀਆਂ ਦੇ ਉਮੀਦਵਾਰਾਂ ਨੂੰ ਚਾਰ ਹਲਕਿਆਂ ਵਿਚ ਸਫਲਤਾ ਮਿਲੀ ਹੈ। ਭਾਜਪਾ ਨੇ ਤ੍ਰਿਪੁਰਾ ਦੇ ਦੋ ਵਿਧਾਨ ਸਭਾ ਹਲਕਿਆਂ ਅਤੇ ਉੱਤਰਾਖੰਡ ਦੇ ਇਕ ਵਿਧਾਨ ਸਭਾ ਹਲਕੇ ਬਾਗੇਸ਼ਵਰ ਤੋਂ ਜਿੱਤ ਪ੍ਰਾਪਤ ਕੀਤੀ ਹੈ। ਤ੍ਰਿਪੁਰਾ ਵਿਚ ਉਸ ਨੇ ਦੋਵੇਂ ਹਲਕਿਆਂ ਵਿਚ ਸੀਪੀਐੱਮ ਦੇ ਉਮੀਦਵਾਰਾਂ ਨੂੰ ਵੱਡੇ ਫ਼ਰਕ ਨਾਲ ਹਰਾਇਆ। ਸੂਬੇ ਵਿਚ ਬਾਕਸਾਨਗਰ ਹਲਕੇ ਦੀ ਸੀਟ ਪਹਿਲਾਂ ਸੀਪੀਐੱਮ ਕੋਲ ਸੀ।
ਕੇਰਲ ਦੇ ਪੁਥੁਪਲੀ ਹਲਕੇ ਵਿਚ ਟੱਕਰ ‘ਇੰਡੀਆ’ ਗੱਠਜੋੜ ਦੀਆਂ ਸਹਿਯੋਗੀ ਪਾਰਟੀਆਂ ਕਾਂਗਰਸ ਅਤੇ ਸੀਪੀਐੱਮ ਵਿਚਕਾਰ ਸੀ ਜਿੱਥੇ ਕਾਂਗਰਸ ਨੇ ਸੀਪੀਐੱਮ ਦੇ ਉਮੀਦਵਾਰ ਨੂੰ 36,000 ਤੋਂ ਵੱਧ ਵੋਟਾਂ ਦੇ ਅੰਤਰ ਨਾਲ ਹਰਾਇਆ। ਸੂਬੇ ਵਿਚ ਕਈ ਵਿਵਾਦਾਂ ਕਾਰਨ ਸੀਪੀਐੱਮ ਸਰਕਾਰ ਦਬਾਅ ਹੇਠ ਹੈ ਅਤੇ ਸਿਆਸੀ ਸਮੀਕਰਨ ਸੰਕੇਤ ਦੇ ਰਹੇ ਹਨ ਕਿ ਇਸ ਸੂਬੇ ਵਿਚ ਕਾਂਗਰਸ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਾਂਗ ਵੱਡੀ ਸਫਲਤਾ ਮਿਲੇਗੀ; ਇਹ ਸੀਟ ਪਹਿਲਾਂ ਵੀ ਕਾਂਗਰਸ ਕੋਲ ਸੀ। ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਨੇ ਧੁੱਪਗੁੜੀ ਹਲਕੇ ਵਿਚ ਭਾਜਪਾ ਉਮੀਦਵਾਰ ਨੂੰ ਹਰਾ ਕੇ ਇਹ ਤੱਥ ਦਰਜ ਕਰਾਇਆ ਕਿ ਉਹ ਪੱਛਮੀ ਬੰਗਾਲ ਦੀ ਸਭ ਤੋਂ ਮਜ਼ਬੂਤ ਸਿਆਸੀ ਪਾਰਟੀ ਹੈ; 2021 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਇਸ ਹਲਕੇ ਤੋਂ ਭਾਜਪਾ ਜਿੱਤੀ ਸੀ। ਝਾਰਖੰਡ ਵਿਚ ਡੁਮਰੀ ਹਲਕੇ ਵਿਚ ਝਾਰਖੰਡ ਮੁਕਤੀ ਮੋਰਚੇ ਦੇ ਉਮੀਦਵਾਰ ਨੇ ਆਲ ਝਾਰਖੰਡ ਸਟੂਡੈਂਟਸ ਯੂਨੀਅਨ ਦੇ ਉਮੀਦਵਾਰ ਜਿਸ ਨੂੰ ਭਾਜਪਾ ਦੀ ਹਮਾਇਤ ਹਾਸਲ ਸੀ, ਨੂੰ ਹਰਾਇਆ। ਉੱਤਰ ਪ੍ਰਦੇਸ਼ ਵਿਚ ਘੋਸੀ ਹਲਕੇ ਵਿਚ ਸਮਾਜਵਾਦੀ ਪਾਰਟੀ ਨੇ ਭਾਜਪਾ ਉਮੀਦਵਾਰ ਨੂੰ ਹਰਾਇਆ ਹੈ। ਇੱਥੇ ‘ਇੰਡੀਆ’ ਗੱਠਜੋੜ ਨੇ ਸਮਾਜਵਾਦੀ ਪਾਰਟੀ ਦੀ ਹਮਾਇਤ ਕੀਤੀ ਸੀ।
ਗੱਠਬੰਧਨਾਂ ਦੀ ਪੱਧਰ ’ਤੇ ਦੇਖਿਆ ਜਾਵੇ ਤਾਂ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਨੇ ਤਿੰਨ ਹਲਕਿਆਂ ਵਿਚ ਜਿੱਤ ਪ੍ਰਾਪਤ ਕੀਤੀ ਹੈ। ‘ਇੰਡੀਆ’ ਗੱਠਬੰਧਨ ਨੇ ਗੱਠਜੋੜ ਵਜੋਂ ਲੜਦੇ ਹੋਏ ਉੱਤਰ ਪ੍ਰਦੇਸ਼ ਵਿਚ ਘੋਸੀ ਅਤੇ ਝਾਰਖੰਡ ਵਿਚ ਡੁਮਰੀ ਤੋਂ ਜਿੱਤ ਹਾਸਲ ਕੀਤੀ। ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਨੇ ਸੀਟ ਭਾਜਪਾ ਤੋਂ ਖੋਹੀ ਹੈ ਪਰ ਇੱਥੇ ਕਾਂਗਰਸ ਦੀ ਹਮਾਇਤ ਨਾਲ ਸੀਪੀਐੱਮ ਦਾ ਉਮੀਦਵਾਰ ਵੀ ਮੈਦਾਨ ਵਿਚ ਸੀ। ਕੇਰਲ ਵਿਚ ਮੁਕਾਬਲਾ ‘ਇੰਡੀਆ’ ਗੱਠਬੰਧਨ ਦੀਆਂ ਸਹਿਯੋਗੀ ਪਾਰਟੀਆਂ ਕਾਂਗਰਸ ਤੇ ਸੀਪੀਐੱਮ ਵਿਚਕਾਰ ਸੀ। ਇਨ੍ਹਾਂ ਮੁਕਾਬਲਿਆਂ ਵਿਚੋਂ ਸਭ ਤੋਂ ਅਹਿਮ ਮੁਕਾਬਲਾ ਉੱਤਰ ਪ੍ਰਦੇਸ਼ ਦੇ ਘੋਸੀ ਹਲਕੇ ਵਿਚ ਸੀ। ਇਹ ਸੀਟ 2012 ਵਿਚ ਸਮਾਜਵਾਦੀ ਪਾਰਟੀ ਨੇ ਜਿੱਤੀ ਸੀ ਅਤੇ 2017 ਤੇ 2019 (ਜ਼ਿਮਨੀ ਚੋਣਾਂ) ਵਿਚ ਭਾਜਪਾ ਨੇ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਹ ਸੀਟ ਸਮਾਜਵਾਦੀ ਪਾਰਟੀ ਦੇ ਦਾਰਾ ਸਿੰਘ ਨੇ ਜਿੱਤੀ ਪਰ ਜੁਲਾਈ 2023 ਵਿਚ ਉਹ ਸਮਾਜਵਾਦੀ ਪਾਰਟੀ ਤੋਂ ਅਸਤੀਫ਼ਾ ਦੇ ਭਾਜਪਾ ਵਿਚ ਸ਼ਾਮਲ ਹੋ ਗਿਆ। ਉਹ ਪਹਿਲਾਂ ਵੀ ਪਾਰਟੀਆਂ ਬਦਲਦਾ ਰਿਹਾ ਹੈ। ਇਨ੍ਹਾਂ ਚੋਣਾਂ ਵਿਚ ਸਮਾਜਵਾਦੀ ਪਾਰਟੀ ਦੇ ਸੁਧਾਕਰ ਸਿੰਘ ਨੇ ਦਾਰਾ ਸਿੰਘ ਜੋ ਭਾਜਪਾ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਸੀ, ਨੂੰ ਵੱਡੇ ਅੰਤਰ ਨਾਲ ਹਰਾਇਆ। ਦਾਰਾ ਸਿੰਘ 2017 ਤੋਂ 2022 ਤਕ ਭਾਜਪਾ ਵਿਧਾਇਕ ਵਜੋਂ ਆਦਿੱਤਿਆਨਾਥ ਯੋਗੀ ਦੇ ਮੰਤਰੀ ਮੰਡਲ ਵਿਚ ਵੀ ਸ਼ਾਮਲ ਸੀ। ਇਸ ਜਿੱਤ ਨੂੰ ‘ਇੰਡੀਆ’ ਗੱਠਜੋੜ ਦੀ ਫੈਸਲਾਕੁਨ ਜਿੱਤ ਕਿਹਾ ਜਾ ਰਿਹਾ ਹੈ। ਇਹ ਚੋਣ ਨਤੀਜੇ ਸੰਕੇਤ ਦਿੰਦੇ ਹਨ ਕਿ ਜੇ ਵਿਰੋਧੀ ਪਾਰਟੀਆਂ ਗੱਠਬੰਧਨ ਵਜੋਂ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੇ ਉਮੀਦਵਾਰਾਂ ਵਿਰੁੱਧ ਮੈਦਾਨ ਵਿਚ ਨਿੱਤਰਦੀਆਂ ਹਨ ਤਾਂ ਉਨ੍ਹਾਂ ਵਿਚ ਐੱਨਡੀਏ ਦਾ ਮੁਕਾਬਲਾ ਕਰਨ ਦੀ ਸਮਰੱਥਾ ਹੈ। ਵਿਧਾਨ ਸਭਾ ਦੀਆਂ ਚੋਣਾਂ ਆਮ ਕਰ ਕੇ ਵੱਖਰੇ ਧਰਾਤਲ ’ਤੇ ਹੁੰਦੀਆਂ ਹਨ ਅਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਵਿਧਾਨ ਸਭਾ ਚੋਣਾਂ ਵਿਚੋਂ ਮਿਲਦੇ ਵੋਟਾਂ ਦੇ ਰੁਝਾਨ ਦੇ ਸੰਕੇਤ ਅਤੇ ਮਾਪਦੰਡ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਤੇ ਵੀ ਲਾਗੂ ਹੋਣਗੇ। ਇਹ ਨਤੀਜੇ ‘ਇੰਡੀਆ’ ਗੱਠਜੋੜ ਦੀਆਂ ਪਾਰਟੀਆਂ ਨੂੰ ਉਤਸ਼ਾਹਿਤ ਕਰਨ ਵਾਲੇ ਹਨ।
ਭਾਜਪਾ ਨੂੰ ਹਾਲੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਦੇ ਕਰੜੇ ਇਮਤਿਹਾਨ ’ਚੋਂ ਗੁਜ਼ਰਨਾ ਪੈਣਾ ਹੈ। ਇਹ ਜ਼ਿਮਨੀ ਚੋਣਾਂ ‘ਇੰਡੀਆ’ ਗੱਠਜੋੜ ਦੀਆਂ ਪਾਰਟੀਆਂ ਲਈ ਖੁਸ਼-ਖ਼ਬਰ ਹਨ ਕਿ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਉਹ ਉੱਤਰ ਪ੍ਰਦੇਸ਼ ਜਿਹੇ ਸੂਬਿਆਂ ਵਿਚ ਗੱਠਜੋੜ ਵਜੋਂ ਚੋਣਾਂ ਲੜ ਸਕਦੀਆਂ ਹਨ ਅਤੇ ਕੇਰਲ ਜਿਹੇ ਸੂਬਿਆਂ ਵਿਚ ਆਪਸ ਵਿਚ ਮੁਕਾਬਲਾ ਕਰਦੀਆਂ ਹੋਈਆਂ ਲੋਕ ਸਭਾ ਚੋਣਾਂ ਲਈ ਕੌਮੀ ਪੱਧਰ ’ਤੇ ਆਪਣਾ ਗੱਠਜੋੜ ਵੀ ਕਾਇਮ ਰੱਖ ਸਕਦੀਆਂ ਹਨ।
Comments (0)