ਭਾਜਪਾ ਦੀ ਰੈਲੀ ਦੌਰਾਨ ਸੰਦੀਪ ਦਿਆਮਾ ਨੇ ਗੁਰਦੁਆਰਿਆਂ ਨੂੰ ਇੱਕ ਨਾਸੂਰ ਦੱਸਿਆ

ਭਾਜਪਾ ਦੀ ਰੈਲੀ ਦੌਰਾਨ  ਸੰਦੀਪ ਦਿਆਮਾ ਨੇ ਗੁਰਦੁਆਰਿਆਂ ਨੂੰ ਇੱਕ ਨਾਸੂਰ ਦੱਸਿਆ

ਕਿਹਾ ਕਿ ਗੁਰਦੁਆਰੇ ਢਾਹ ਦਿਉ,

ਸੰਗਤ ਵਲੋਂ ਵਿਰੋਧ ਹੋਇਆ ਤਾਂ ਮੰਗਣੀ ਪਈ ਮਾਫੀ..
 

ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਬੀਤੇ ਦਿਨੀਂ ਭਾਜਪਾ ਦੀ ਰੈਲੀ ਦੌਰਾਨ ਸਟੇਜ ਤੋਂ ਸੰਦੀਪ ਦਿਆਮਾ ਨੇ ਗੁਰਦੁਆਰਿਆਂ ਨੂੰ ਇੱਕ ਨਾਸੂਰ ਦੱਸਿਆ। ਇੰਨਾ ਹੀ ਨਹੀਂ ਉਸ ਨੇ ਗੁਰਦੁਆਰਿਆਂ ਨੂੰ ਢਾਹ ਦੇਣ ਦੀ ਗੱਲ ਵੀ ਕਹੀ। ਇਸ ਮੈਗਾ ਰੈਲੀ ਵਿਚ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਸਨ ਅਤੇ ਉਹ ਵੀ ਇਸ ਬਿਆਨ ‘ਤੇ ਤਾੜੀਆਂ ਵਜਾਉਂਦੇ ਨਜ਼ਰ ਆਏ। ਜਿਸ ਤੋਂ ਬਾਅਦ ਸਿੱਖ ਭਾਈਚਾਰੇ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸੰਦੀਪ ਦਿਆਮਾ ਦੇ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਰਾਜਸਥਾਨ ਵਿਚ ਭਾਜਪਾ ਦੀ ਰੈਲੀ ਦੌਰਾਨ ਗੁਰਧਾਮਾਂ ਦੀ ਬੇਅਦਬੀ ਕਰਨ ਦਾ ਬਿਆਨ ਨਿੰਦਣਯੋਗ ਹੈ, ਇਤਿਹਾਸ ਗਵਾਹ ਹੈ ਕਿ ਕਾਂਗਰਸ ਨੇ ਵੀ ਇਸੇ ਸੋਚ ਨਾਲ ਸਿੱਖ ਧਾਰਮਿਕ ਅਸਥਾਨਾਂ 'ਤੇ ਹਮਲੇ ਕੀਤੇ ਸਨ ਅਤੇ ਅੱਜ ਭਾਜਪਾ ਵੀ ਕਾਂਗਰਸ ਦੇ ਰਾਹ 'ਤੇ ਚੱਲਦੀ ਨਜ਼ਰ ਆ ਰਹੀ ਹੈ।ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ   ਕਮੇਟੀ ਨੂੰ ਮਾਮਲੇ ਸਬੰਧੀ ਕੇਂਦਰ ਸਰਕਾਰ ਨੂੰ ਪੱਤਰ ਲਿਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਗੁਰਦੁਆਰੇ ਨਾ ਹੁੰਦੇ ਤਾਂ ਪੂਰਾ ਉੱਤਰ ਭਾਰਤ ਮੁਸਲਮਾਨਾਂ ਦਾ ਹੁੰਦਾ। ਉਨ੍ਹਾਂ ਸਿੱਖਾਂ ਨੂੰ ਮਜਬੂਤ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਇਹ ਮੰਗ ਕੇ ਇਨਸਾਫ਼ ਨਹੀਂ ਮਿਲਿਆ। ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੋਈ ਸਮਾਂ ਸੀ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੋਲਦਾ ਸੀ ਤਾਂ ਦਿੱਲੀ ਬੈਠੇ ਪ੍ਰਧਾਨ ਮੰਤਰੀ ਨੂੰ ਵੀ ਜਵਾਬ ਦੇਣਾ ਪੈਂਦਾ ਸੀ ਅਤੇ ਹੁਣ ਅਜਿਹਾ ਸਮਾਂ ਆ ਗਿਆ ਹੈ ਕਿ ਚਿੱਠੀ ਲਿਖ ਕੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।

ਸ਼੍ਰੋਮਣੀ ਕਮੇਟੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਰੋਸ ਪ੍ਰਗਟ ਕੀਤਾ ਅਤੇ ਸਨਾਤਨ ਧਰਮ ਲਈ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਯਾਦ ਵੀ ਕਰਵਾਇਆ। ਸ੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਇਸ ਬਿਆਨ ਦਾ ਵਿਰੋਧ ਕੀਤਾ। ਵਧਦੇ ਵਿਵਾਦ ਨੂੰ ਦੇਖਦਿਆਂ ਭਾਜਪਾ ਸਿੱਖ ਆਗੂਆਂ ਨੇ ਵੀ ਸੰਦੀਪ ਦਾਇਮਾ ਨੂੰ ਇਸ ਲਈ ਮੁਆਫ਼ੀ ਮੰਗਣ ਲਈ ਕਿਹਾ ਹੈ।

ਦਾਇਮਾ ਵੱਲੋਂ ਐਸਜੀਪੀਸੀ ਨੂੰ ਭੇਜੀ ਮਾਫ਼ੀਨਾਮੇ ਦੀ ਵੀਡੀਓ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਗੁਰਦੁਆਰਿਆਂ ਪ੍ਰਤੀ ਇਹ ਸ਼ਬਦ ਉਨ੍ਹਾਂ ਦੇ ਮੂੰਹੋਂ ਕਿਵੇਂ ਨਿਕਲੇ। ਉਹ ਮਸਜਿਦਾਂ ਅਤੇ ਮਦਰਸਿਆਂ ਦੀ ਗੱਲ ਕਰ ਰਿਹਾ ਸੀ। ਉਹ ਇਸ ਲਈ ਮੁਆਫ਼ੀ ਮੰਗਦਾ ਹੈ। ਸਨਾਤਨ ਧਰਮ ਲਈ ਹਮੇਸ਼ਾ ਕੁਰਬਾਨੀਆਂ ਕਰਨ ਵਾਲੇ ਸਿੱਖ ਉਨ੍ਹਾਂ ਬਾਰੇ ਅਜਿਹਾ ਸੋਚ ਵੀ ਨਹੀਂ ਸਕਦੇ।ਉਨ੍ਹਾਂ ਕਿਹਾ ਕਿ ਉਹ ਇਸ ਗ਼ਲਤੀ ਲਈ ਗੁਰਦੁਆਰੇ ਜਾ ਕੇ ਪਸ਼ਚਾਤਾਪ ਕਰਨਗੇ। ਇਸ ਲਈ ਉਹ ਸਮੁੱਚੀ ਸਿੱਖ ਕੌਮ ਤੋਂ ਮੁਆਫ਼ੀ ਮੰਗਦਾ ਹੈ।
ਇਹ ਗੱਲ ਸੱਚ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਤਾਨਾਸ਼ਾਹ ਅਤੇ ਹਿੰਸਕ ਨੇਤਾ ਭਾਰੀ ਜਨਤਕ ਸਮਰਥਨ ਨਾਲ ਸੱਤਾ ਵਿੱਚ ਆ ਰਹੇ ਹਨ ਅਤੇ ਲੰਬੇ ਸਮੇਂ ਤੱਕ ਰਾਜ ਕਰ ਰਹੇ ਹਨ। ਜਨਤਾ ਸਿਆਸੀ ਅਤੇ ਸਮਾਜਿਕ ਹਿੰਸਾ ਨੂੰ ਜਾਇਜ਼ ਠਹਿਰਾਉਂਦੀ ਹੈ ਅਤੇ ਇਸ ਦੀ ਸ਼ਲਾਘਾ ਕਰਦੀ ਹੈ। ਇਸ ਤੋਂ ਪ੍ਰਭਾਵਿਤ ਹੋ ਕੇ ਨੇਤਾਵਾਂ ਦਾ ਆਚਰਣ ਤੇ ਭਾਸ਼ਾ ਵੀ ਹਿੰਸਕ ਹੋ ਗਈ ਹੈ-ਇਹ ਸਾਰੀ ਦੁਨੀਆ ਵਿਚ ਹੋ ਰਿਹਾ ਹੈ।ਭਾਰਤ ਵਿਚ ਵੀ ਅਜਿਹਾ ਵਾਪਰ ਰਿਹਾ ਹੈ।ਦਾਇਮਾ ਦੀ ਸਿਖਾਂ ਬਾਰੇ ਫਿਰਕੂ ਤੇ ਦੰਗਈ ਭਾਸ਼ਾ ਇਸ ਗਲ ਦਾ ਸਬੂਤ ਹੈ।ਸਮਾਜ ਵਿੱਚ ਵੱਧ ਰਹੀ ਹਿੰਸਾ ਦਾ ਸਭ ਤੋਂ ਵੱਡਾ ਕਾਰਨ ਸਮਾਜ ਨੂੰ ਵੰਡਣ ਦੀਆਂ ਲਗਾਤਾਰ ਸਾਜ਼ਿਸ਼ਾਂ ਹਨ। ਭਾਰਤ ਵਿਚ ਰਾਜਨੀਤਕ ਸ਼ਕਤੀਆਂ  ਧਰਮ, ਸੰਪਰਦਾ, ਜਾਤੀ ਦੇ ਅਧਾਰ 'ਤੇ ਸਮਾਜ ਨੂੰ ਵੰਡ ਰਹੀਆਂ ਹਨ ਅਤੇ ਬਹੁਗਿਣਤੀ ਦੀਆਂ ਵੋਟਾਂ ਹਥਿਆ ਕੇ ਭਿ੍ਸ਼ਟ ਰਾਜ ਪ੍ਰਬੰਧ ਪੈਦਾ ਕਰ ਰਹੀਆਂ ਹਨ। ਜਦੋਂ ਬਹੁਗਿਣਤੀ ਜਮਾਤੀ ਹਿੰਸਾ ਨੂੰ ਜਾਇਜ਼ ਮੰਨ ਕੇ ਇਸ ਦਾ ਹਿੱਸਾ ਬਣ ਜਾਂਦੀ ਹੈ, ਤਾਂ ਬਹੁਗਿਣਤੀ ਕੁਦਰਤੀ ਤੌਰ 'ਤੇ ਹਿੰਸਕ ਹੋ ਜਾਂਦੀ ਹੈ ਅਤੇ ਇਹ ਹਿੰਸਾ ਫਿਰ ਸਮਾਜਿਕ ਜਮਾਤੀ ਹਿੰਸਾ ਵਿਚ ਬਦਲ ਜਾਂਦੀ ਹੈ। ਇਸ ਫਿਰਕੂ ਵਾਤਾਵਰਣ ਰਾਹੀਂ ਨਸਲਕੁਸ਼ੀਆਂ ਦਾ ਦੌਰ ਸ਼ੁਰੂ ਹੁੰਦਾ ਹੈ।

ਬਹੁਗਿਣਤੀ ਦੀਆਂ ਵੋਟਾਂ ਲਈ ਭਗਵੇਂ ਨੇਤਾ ਇੰਨੇ ਹਿੰਸਕ ਹੋ ਗਏ ਹਾਂ ਕਿ ਉਹ ਹਿੰਸਾ ਬਹੁਗਿਣਤੀ ਦੀ ਭਾਸ਼ਾ ਵਿੱਚ ਦਾਖਲ ਹੋ ਗਈ ਹੈ। ਫਿਰਕੂ ਸਿਆਸਤਦਾਨਾਂ ਨੇ ਮਾਈਕ ਅਤੇ ਕੈਮਰੇ ਦੇ ਸਾਹਮਣੇ ਨਿਡਰ ਹੋ ਕੇ ਹਿੰਸਕ ਭਾਸ਼ਾ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਹਮਲਾ, ਬਦਲਾ, , ਦਹਿਸ਼ਤਗਰਦ, ਖਾਲਿਸਤਾਨੀ,  ਬੋਲੀ ਦੇ ਅੰਕੜਿਆਂ ਵਾਂਗ ਵਰਤੇ ਜਾਣ ਲੱਗ ਪਏ ਹਨ।ਧਰਮ ਦੇ ਅਖੌਤੀ ਠੇਕੇਦਾਰ ਤਾਂ ਹੱਥਾਂ ਵਿੱਚ ਹਥਿਆਰ ਲੈ ਕੇ ਸ਼ਰੇਆਮ ਕਤਲ ਕਰਨ ਦੀ ਧਮਕੀ ਵੀ ਦਿੰਦੇ ਹਨ।ਮੋਦੀ ਸਰਕਾਰ ਨੂੰ ਭਾਵੇਂ ਭਾਰਤ ਵਿੱਚ ਵਿਕਾਸ ਹੁੰਦਾ ਨਜ਼ਰ ਆ ਰਿਹਾ ਹੋਵੇ, ਪਰ ਸਮਾਜ ਲਗਾਤਾਰ ਕਬਾਇਲੀ ਯੁੱਗ ਵੱਲ ਵਧ ਰਿਹਾ ਹੈ, ਜਿੱਥੇ ਕਬਾਇਲੀ ਮੁਖੀ ਦੇ ਮੂੰਹੋਂ ਨਿਕਲਦਾ ਹਰ ਸ਼ਬਦ ਕਾਨੂੰਨ ਸੀ ਅਤੇ ਮੁਖੀ ਸਮਰਪਿਤ ਹਿੰਸਾ ਹੀ ਰੱਬ ਦਾ ਇਨਸਾਫ ਸੀ। ਸਿਖ ਨਵੰਬਰ 84 ਵਿਚ ਇਹ ਹਿੰਸਾ ਭੁਗਤ ਚੁਕੇ ਹਾਂ।ਇਸ ਦਾ ਇਨਸਾਫ ਅਜੇ ਤਕ ਨਹੀਂ ਮਿਲਿਆ।ਪਰ ਸ਼ਬਦੀ ਹਿੰਸਾ ਹੁਣ ਤਕ ਸਿਖ ਕੌਮ ਵਿਰੁਧ ਜਾਰੀ ਹੈ।ਹਰ ਘਰ ਤੱਕ ਪਹੁੰਚ ਚੁੱਕੇ ਗੋਦੀ ਟੀਵੀ ਨਿਊਜ਼ ਚੈਨਲ ਸਮਾਜ ਵਿੱਚ ਹਿੰਸਾ ਅਤੇ ਨਫ਼ਰਤ ਫੈਲਾ ਕੇ ਆਪਣਾ ਕਾਰੋਬਾਰ ਵਧਾ ਰਹੇ ਹਨ।  ਸੱਚਾਈ ਇਹ ਹੈ ਕਿ ਸੱਤਾ ਅਤੇ ਸਰਮਾਏਦਾਰਾਂ ਦੇ ਉਕਸਾਹਟ 'ਤੇ ਚੱਲਣ ਵਾਲੇ ਮੁੱਖ ਧਾਰਾ ਦੇ ਇਲੈਕਟ੍ਰਾਨਿਕ ਮੀਡੀਆ ਅਰਥਾਤ ਗੋਦੀ ਮੀਡੀਆ ਤੋਂ ਵੱਧ ਹਿੰਸਕ ਅਤੇ ਸੱਚਮੁੱਚ ਸਮਾਜ-ਵਿਰੋਧੀ ਕੋਈ ਨਹੀਂ ਹੈ।ਦਾਇਮਾ ਦੇ ਬਿਆਨ ਨੂੰ ਇਸ ਸੰਦਰਭ ਵਿਚ ਦੇਖਣ ਦੀ ਲੋੜ ਹੈ।ਨਿਰਪੱਖ ਹਿੰਦੂਆਂ, ਘੱਟ ਗਿਣਤੀਆਂ, ਦਲਿਤਾਂ, ਪਛੜਿਆਂ ਨੂੰ ਇਸ ਫਿਰਕੂਵਾਦ ਵਿਰੁਧ ਅਵਾਜ਼ ਉਠਾਉਣ ਦੀ ਲੋੜ ਹੈ।