76 ਸਾਲਾ ਹਬੀਬ ਦੀ ਤਾਂਘ, ‘ਮੈਂ ਫਿਰ ਤੋਂ ਭਰਾ ਨੂੰ ਜੱਫੀ ਪਾਵਾਂ

76 ਸਾਲਾ ਹਬੀਬ ਦੀ ਤਾਂਘ, ‘ਮੈਂ ਫਿਰ ਤੋਂ ਭਰਾ ਨੂੰ ਜੱਫੀ ਪਾਵਾਂ

    47 ਦੀ ਦੇਸ਼ ਵੰਡ ਸਮੇਂ ਵਿਛੜੇ ਦੋ ਭਰਾ ਹਬੀਬ ਤੇ ਸਦੀਕ

               ਹੁਣ ਕਰਤਾਰਪੁਰ ਸਾਹਿਬ ਵਿਖੇ ਮਿਲੇ   

                 ਵਿਸ਼ੇਸ਼ ਰਿਪੋਰਟ

ਅੰਮ੍ਰਿਤਸਰ ਟਾਈਮਜ਼

 ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ 74 ਸਾਲ ਬਾਅਦ ਆਪਸ ਵਿੱਚ ਵਿੱਛੜੇ ਭਰਾਵਾਂ ਦਾ ਮੇਲ ਪਿਛਲੇ ਦਿਨੀਂ ਕਰਤਾਰਪੁਰ ਸਾਹਿਬ ਵਿਖੇ ਹੋਇਆ ਹੈ। ਦੋਵੇਂ ਭਰਾ ਇੱਕ ਦੂਜੇ ਦੇ ਗਲ਼ ਲੱਗ ਕੇ ਆਪਣੇ ਅੱਥਰੂ ਰੋਕ ਨਾ ਸਕੇ ਤੇ ਫੁੱਟ-ਫੁੱਟ ਕੇ ਰੋਏ।ਦੋਵਾਂ ਭਰਾਵਾਂ ਦਾ ਜੱਦੀ ਪਿੰਡ ਮੋਗਾ ਜ਼ਿਲ੍ਹੇ ਵਿੱਚ ਸੀ ਅਤੇ ਵੰਡ ਤੋਂ ਪਹਿਲਾਂ ਸਿੱਕਾ ਖ਼ਾਨ (ਹਬੀਬ) ਆਪਣੀ ਮਾਂ ਦੇ ਨਾਲ ਬਠਿੰਡਾ ਜ਼ਿਲ੍ਹੇ ਦੇ ਪਿੰਡ ਫੁੱਲਵਾਲਾ ਨਾਨਕੇ ਪਿੰਡ ਆਇਆ ਹੋਇਆ ਸੀ।ਜਨਵਰੀ 2022 ਦੇ ਦੂਜੇ ਹਫ਼ਤੇ ਇਨ੍ਹਾਂ ਦੋਵਾਂ ਭਰਾਵਾਂ ਦਾ ਕਰਤਾਰਪੁਰ ਸਾਹਿਬ ਮੇਲ ਹੋਇਆ ਸੀ ।ਵੰਡ ਦੌਰਾਨ ਹੋਈ ਕਤਲੋਗਾਰਤ ਵਿੱਚ ਇਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਅੱਧਾ ਪਰਿਵਾਰ (ਭਰਾ ਅਤੇ ਭੈਣ) ਪਾਕਿਸਤਾਨ ਚਲੇ ਗਏ ਤੇ ਸਿੱਕਾ ਖ਼ਾਨ ਅਤੇ ਉਸ ਦੀ ਮਾਤਾ ਫੁੱਲਾਂਵਾਲ ਪਿੰਡ ਵਿੱਚ ਹੀ ਰਹਿ ਗਏ।ਬਾਅਦ ਵਿੱਚ ਸਿੱਕਾ ਖ਼ਾਨ ਦੀ ਮਾਂ ਵੰਡ ਕਾਰਨ ਵਿੱਛੜੇ ਪਰਿਵਾਰ ਦੇ ਕਾਰਨ ਮਾਨਸਿਕ ਸੰਤੁਲਨ ਗੁਆ ਬੈਠੀ ਤੇ ਖ਼ੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਸਿੱਕਾ ਖ਼ਾਨ ਦਾ ਪਾਲਨ ਪੋਸ਼ਣ ਉਨ੍ਹਾਂ ਦੇ ਮਾਮੇ ਅਤੇ ਪਿੰਡ ਫੁੱਲਾਂਵਾਲ ਦੇ ਲੋਕਾਂ ਨੇ ਕੀਤਾ।ਪਿੰਡ ਵਾਲੇ ਸਿੱਕਾ ਖ਼ਾਨ ਨੂੰ "ਸਿੱਕੇ" ਕਹਿ ਕੇ ਬੁਲਾਉਂਦੇ ਹਨ। ਜਗਸੀਰ ਸਿੰਘ ਉਹ ਵਿਅਕਤੀ ਹੈ ਜਿਸ ਨੇ ਸਿੱਕਾ ਖ਼ਾਨ ਦਾ ਮੇਲ ਉਨ੍ਹਾਂ ਦੇ ਪਾਕਿਸਤਾਨ ਰਹਿੰਦੇ ਪਰਿਵਾਰ ਨਾਲ ਕਰਵਾਇਆ ਹੈ। ਸਿੱਕਾ ਖ਼ਾਨ ਕੋਲ ਫ਼ੋਨ ਨਾ ਹੋਣ ਕਰਕੇ ਪਿੰਡ ਦੇ ਲੋਕਾਂ ਦੇ ਫ਼ੋਨ ਉੱਤੇ ਹੀ ਉਹ ਆਪਣੇ ਭਰਾ ਨਾਲ ਗੱਲਬਾਤ ਕਰਦੇ ਹਨ।

ਸਿੱਕਾ ਖ਼ਾਨ ਮੰਜੇ ਉੱਤੇ ਬੈਠ ਕੇ ਫ਼ੋਨ ਸੁਣਨ ਲੱਗਦੇ ਹਨ। ਦੋਵੇਂ ਰਸਮੀ ਹਾਲ ਚਾਲ ਪੁੱਛਦੇ ਹਨ, ਇਸ ਤੋਂ ਬਾਅਦ ਪਾਕਿਸਤਾਨ ਰਹਿੰਦੇ ਸਦੀਕ ਖ਼ਾਨ (ਵੱਡੇ ਭਰਾ) ਨੇ ਪੁੱਛਿਆ ਅੰਮੀ ਨੂੰ ਕੀ ਹੋਇਆ ਸੀ, ਤਾਂ ਸਿੱਕਾ ਖ਼ਾਨ ਆਖਦੇ ਹਨ ਕਿ ਉਸ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ।ਇਸ ਤੋਂ ਬਾਅਦ ਸਦੀਕ ਕਹਿੰਦੇ ਹਨ ਹਨ ਕਿ “ਲਾਸ਼ ਮਿਲ ਗਈ ਸੀ?”, ਤਾਂ ਸਿੱਕਾ ਖ਼ਾਨ ਦੱਸਦੇ ਹਨ ਕਿ “ਨਹੀਂ”। ਦੋਵੇਂ ਕੁਝ ਸਮੇਂ ਲਈ ਚੁੱਪ ਹੋ ਜਾਂਦੇ ਹਨ ਤੇ ਫਿਰ ਸਿੱਕਾ ਖ਼ਾਨ ਆਪਣੇ ਪਿਤਾ ਅਤੇ ਭੈਣ ਬਾਰੇ ਪੁੱਛਦੇ ਹਨ, ਸਦੀਕ ਖ਼ਾਨ ਦੱਸਦੇ ਹਨ ਕਿ ਪਿਤਾ ਪਿੰਡ ਛੱਡਣ ਸਮੇਂ ਹੋਏ ਫ਼ਸਾਦ ਵਿੱਚ ਮਾਰੇ ਗਏ ਸੀ ਅਤੇ ਭੈਣ ਦੀ ਮੌਤ ਪਾਕਿਸਤਾਨ ਵਿੱਚ ਬਿਮਾਰੀ ਕਾਰਨ ਹੋ ਗਈ ਸੀ।

ਅਚਾਨਕ ਸਿੱਕਾ ਖ਼ਾਨ ਸਦੀਕ ਨੂੰ ਕਹਿੰਦੇ ਹਨ, “ਹੌਸਲਾ ਰੱਖ ਕੋਈ ਨਾ ਛੇਤੀ ਮਿਲਦੇ ਹਾਂ”। ਸਦੀਕ ਨੂੰ ਪਾਕਿਸਤਾਨ ਆਉਣ ਲਈ ਆਖਦੇ ਹਨ ਤਾਂ ਸਿੱਕਾ ਖ਼ਾਨ ਜਵਾਬ ਦਿੰਦੇ ਹਨ, “ਦਿਲ ਤਾਂ ਬਹੁਤ ਕਰਦਾ ਹੈ ਪਰ ਵੀਜ਼ਾ ਮਿਲਣ ਤੋਂ ਬਾਅਦ ਹੀ ਗੇੜਾ ਲੱਗੇਗਾ।ਆਖਰ ਉਹ ਕਹਿੰਦੇ ਹਨ, "ਬਹੁਤ ਗੱਲਾਂ ਨੇ ਕਰਨ ਵਾਲੀਆਂ ਜਦੋਂ ਮਿਲਾਂਗੇ ਤਾਂ ਕਰਾਂਗੇ।"ਇਸ ਤੋਂ ਬਾਅਦ ਫ਼ੋਨ ਕੱਟ ਦਿੱਤਾ ਜਾਂਦਾ ਹੈ। ਗੱਲਬਾਤ ਤੋਂ ਬਾਅਦ ਉਹ ਦੱਸਦੇ ਹਨ ਹੈ ਕਿ ਸਰਕਾਰ ਮੇਰੇ ਵਰਗੇ ਵਿੱਛੜੇ ਪਰਿਵਾਰਾਂ ਨੂੰ ਮਿਲਣ ਲਈ ਵੀਜ਼ਾ ਦੇਵੇ। ਉਹ ਕਹਿੰਦੇ ਹਨ, "ਮੇਰੀ ਇੱਛਾ ਇਹ ਹੈ ਕਿ ਮੈਂ ਫਿਰ ਤੋਂ ਭਰਾ ਨੂੰ ਜੱਫੀ ਪਾਵਾਂ।"

76 ਸਾਲਾ ਸਿੱਕਾ ਖ਼ਾਨ ਨੇ ਦੱਸਿਆ ਕਿ ਫੁੱਲਾਂਵਾਲ ਪਿੰਡ ਦੇ ਲੋਕਾਂ ਨੇ ਉਸ ਨੂੰ ਪਾਲਿਆ ਹੈ। ਸਾਰੀ ਉਮਰ ਮਿਹਨਤ ਮਜ਼ਦੂਰੀ ਕੀਤੀ ਹੈ ਪਰ ਹੁਣ ਬਜ਼ੁਰਗ ਹੋਣ ਕਰ ਕੇ ਕੰਮ ਨਹੀਂ ਹੁੰਦਾ।ਉਹ ਦੱਸਦੇ ਹਨ ਕਿ ਦੇਸ਼ ਦੀ ਵੰਡ ਨੇ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਬਦਲੀ ਉਹ ਸੁਣਨ ਵਾਲੇ ਨੂੰ ਭਾਵੁਕ ਕਰ ਦਿੰਦੀ ਹੈ। ਇੰਨਾ ਕੁਝ ਹੋਣ ਦੇ ਬਾਵਜੂਦ ਸਿੱਕਾ ਖਾਨ ਹੌਸਲੇ ਵਿੱਚ ਹਨ ਅਤੇ ਕਦੇ ਵੀ ਉਦਾਸ ਹੋਣ ਵਾਲੀ ਗੱਲ ਨਹੀਂ ਕਰਦੇ ਅਤੇ ਨਾ ਕੋਈ ਸ਼ਿਕਵਾ।

ਕਰਤਾਰਪੁਰ ਵਿੱਚ ਦੋਵਾਂ ਭਰਾਵਾਂ ਦੀ ਮੁਲਾਕਾਤ ਦੇ ਗਵਾਹ ਫੁੱਲਾਂਵਾਲ ਪਿੰਡ ਦੇ ਜਗਸੀਰ ਸਿੰਘ ਨੇ ਦੱਸਿਆ ਕਿ ਫ਼ੋਨ ਉੱਤੇ ਤਾਂ ਦੋਵੇਂ ਭਰਾ ਦੋ ਸਾਲਾਂ ਤੋਂ ਗੱਲ ਕਰ ਰਹੇ ਸਨ ਪਰ ਵਿਅਕਤੀਗਤ ਮੁਲਾਕਾਤ 10 ਜਨਵਰੀ ਨੂੰ ਹੋਈ।ਉਨ੍ਹਾਂ ਦੱਸਿਆ ਕਿ ਸਿੱਕਾ ਖ਼ਾਨ ਸਮੇਤ ਪਿੰਡ ਦੇ 13 ਵਿਅਕਤੀ ਕਰਤਾਰਪੁਰ ਸਾਹਿਬ ਵਿਖੇ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਭਰਾਵਾਂ ਨੇ ਇੱਕ ਦੂਜੇ ਨੂੰ ਜੱਫੀ ਪਾਈ ਤਾਂ ਉਹ ਪਲ ਬੇਹੱਦ ਭਾਵੁਕ ਕਰਨ ਵਾਲਾ ਸੀ। ਨਾ ਸਿਰਫ਼ ਦੋਵੇਂ ਭਰਾਵਾਂ ਦੀਆਂ ਅੱਖਾਂ ਵਿਚ ਅੱਥਰੂ ਸਨ ਬਲਕਿ ਉੱਥੇ ਮੌਜੂਦ ਹਰ ਵਿਅਕਤੀ ਦੀ ਅੱਖ ਨਮ ਸੀ।ਇਹ ਅੱਥਰੂ ਖ਼ੁਸ਼ੀ ਦੇ ਸਨ ਅਤੇ ਗ਼ਮ ਦੇ ਵੀ। ਮੁਲਾਕਾਤ ਦੌਰਾਨ ਸਭ ਤੋਂ ਪਹਿਲਾਂ ਦੋਵੇਂ ਭਰਾ ਆਪਸ ਵਿੱਚ ਮਿਲੇ, ਉਸ ਤੋਂ ਬਾਅਦ ਸਿੱਕਾ ਖ਼ਾਨ ਦੇ ਭਤੀਜੇ ਅਤੇ ਹੋਰ ਰਿਸ਼ਤੇਦਾਰ। ਕੁਝ ਘੰਟਿਆਂ ਬਾਅਦ ਮਨ ਫਿਰ ਉਦੋਂ ਉਦਾਸ ਹੋ ਗਿਆ ਜਦੋਂ ਵਿਛੜਣ ਦਾ ਵਕਤ ਆਇਆ। ਦੋਵੇਂ ਭਰਾ ਇੱਕ ਦੂਜੇ ਤੋਂ ਦੂਰ ਨਹੀਂ ਸੀ ਹੋਣਾ ਚਾਹੁੰਦੇ ਪਰ ਵੱਖ ਹੋਣ ਦੀ ਮਜਬੂਰੀ ਸੀ। ਸਿੱਕਾ ਖ਼ਾਨ ਖ਼ੁਸ਼ੀ ਵਿੱਚ ਦੱਸਦੇ ਹਨ ਕਿ ਉਨ੍ਹਾਂ ਦੇ ਵੱਡੇ ਭਰਾ ਨੇ ਉਨ੍ਹਾਂ ਨੂੰ ਬਹੁਤ ਤੋਹਫ਼ੇ ਦਿੱਤੇ ਹਨ ਜਿਸ ਵਿੱਚ ਜੁੱਤੀਆਂ ਤੇ ਕੱਪੜੇ ਸ਼ਾਮਲ ਹਨ, “ਮੈਂ ਵੀ ਉਸ ਦੇ ਪਰਿਵਾਰ ਨੂੰ ਕੱਪੜੇ ਅਤੇ ਬੱਚਿਆਂ ਨੂੰ ਪੈਸੇ ਦੇ ਕੇ ਆਇਆ ਹਾਂ।”

ਜਗਸੀਰ ਸਿੰਘ ਨੇ ਦੱਸਿਆ ਕਿ ਦੋਵਾਂ ਭਰਾਵਾਂ ਦਾ ਮੇਲ ਦੋ ਸਾਲ ਪਹਿਲਾਂ ਸੋਸ਼ਲ ਮੀਡੀਆ ਉੱਤੇ ਆਈ ਇੱਕ ਵੀਡੀਓ ਨਾਲ ਹੋਇਆ ਸੀ। ਪਾਕਿਸਤਾਨ ਤੋਂ ਚੱਲਣ ਵਾਲੇ ਇੱਕ ਚੈਨਲ ਉੱਤੇ ਸਦੀਕ ਖ਼ਾਨ ਨੇ ਆਪਣੇ ਨਾਨਕੇ ਪਿੰਡ ਅਤੇ ਭਰਾ ਦਾ ਜ਼ਿਕਰ ਕੀਤਾ ਸੀ ਇਹ ਵੀਡੀਓ ਜਗਸੀਰ ਦੇ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਭੇਜੀ ਤਾਂ ਦੋਵਾਂ ਦੀ ਫ਼ੋਨ ਉੱਤੇ ਗੱਲਬਾਤ ਕਰਵਾਈ ਗਈ।ਰਿਸ਼ਤੇਦਾਰਾਂ, ਨਾਨਕੇ ਪਿੰਡ ਦਾ ਵੇਰਵਾ ਮਿਲਣ ਤੋਂ ਬਾਅਦ ਇਹ ਗੱਲ ਸਾਬਤ ਹੋ ਗਈ, ਦੋਵੇਂ ਭਰਾ ਹਨ ਅਤੇ 1947 ਵਿੱਚ ਵਿੱਛੜ ਗਏ ਸਨ।

ਜਗਸੀਰ ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਸਮਾਂ ਉਹ ਪਿੰਡ ਦੇ ਜ਼ਿੰਮੀਦਾਰ ਦੇ ਘਰ ਹੀ ਰਹਿੰਦੇ ਹਨ ਕਿਉਂਕਿ ਉਸ ਘਰ ਵਿਚ ਇਨ੍ਹਾਂ ਨੇ ਆਪਣੀ ਸਾਰੀ ਉਮਰ ਬਤੀਤ ਕੀਤੀ।ਇਸ ਤੋਂ ਬਾਅਦ ਕਰਤਾਰਪੁਰ ਕੋਰੀਡੋਰ ਰਾਹੀਂ ਮਿਲਣ ਦਾ ਪ੍ਰੋਗਰਾਮ ਤੈਅ ਹੋਇਆ ਪਰ ਲੌਕਡਾਊਨ ਲੱਗਣ ਕਾਰਨ ਇਸ ਦਾ ਸਬੱਬ ਨਹੀਂ ਬਣ ਸਕਿਆ। ਹੁਣ ਕੋਰੀਡੋਰ ਖੁੱਲਣ ਤੋਂ ਬਾਅਦ ਦੋਵੇਂ ਆਪਸ ਵਿੱਚ ਮਿਲ ਸਕੇ ਹਨ।ਸਿੱਕਾ ਖ਼ਾਨ ਨੇ ਵਿਆਹ ਨਹੀਂ ਕਰਵਾਇਆ, ਇਸ ਦਾ ਕਾਰਨ ਵੀ ਉਹ ਦੱਸਦੇ ਹਨ ਕਿ ਉਹ ਆਪਣੇ ਨਾਨਕੇ ਪਿੰਡ ਰਹਿੰਦੇ ਹਨ। ਇਸ ਕਰ ਕੇ ਸਾਰਾ ਪਿੰਡ ਉਸ ਦੇ ਪਰਿਵਾਰ ਵਰਗਾ ਹੈ ਇਸ ਕਰ ਕੇ ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ। ਹਾਲਾਂਕਿ ਉਨ੍ਹਾਂ ਨੇ ਕਿਹਾ,"ਜੇ ਉਹ ਇੱਧਰ ਹੁੰਦਾ ਤਾਂ ਮੈਂ ਵਿਆਹ ਵੀ ਕਰਵਾਉਂਦਾ।"ਸਿੱਕਾ ਖ਼ਾਨ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਪਾਕਿਸਤਾਨ ਜਾਣਾ ਚਾਹੁੰਦੇ ਹੈ ਪਰ ਉੱਥੇ ਰਹਿਣਾ ਨਹੀਂ ਚਾਹੁੰਦਾ, ਕਿਉਂਕਿ ਫੁੱਲਾਂਵਾਲ ਪਿੰਡ ਨੂੰ ਛੱਡਣਾ ਉਨ੍ਹਾਂ ਦੇ ਲਈ ਬਹੁਤ ਔਖਾ ਹੈ।

ਫੁੱਲਾਂਵਾਲ ਪਿੰਡ ਵਿੱਚ ਮੁਸਲਿਮ ਭਾਈਚਾਰੇ ਦੇ ਕਰੀਬ 20 ਕੁ ਘਰ ਹਨ। ਜਗਸੀਰ ਸਿੰਘ ਮੁਤਾਬਕ ਉਨ੍ਹਾਂ ਦੇ ਬਜ਼ੁਰਗ ਦੱਸਦੇ ਸਨ ਕਿ 1947 ਵਿੱਚ ਤਿੰਨ ਹੀ ਘਰ ਸਨ।ਭਾਈਚਾਰਕ ਸਾਂਝ ਹੋਣ ਕਾਰਨ ਇਹਨਾਂ ਘਰਾਂ ਦੇ ਲੋਕਾਂ ਨੂੰ ਵੰਡ ਸਮੇਂ ਹੋਏ ਫ਼ਸਾਦ ਦੌਰਾਨ ਸਿੱਖਾਂ ਨੇ ਆਪਣੇ ਘਰਾਂ ਵਿੱਚ ਲੁਕਾ ਕੇ ਇਹਨਾਂ ਦੀ ਰੱਖਿਆ ਕੀਤੀ ਅਤੇ ਕਿਸੇ ਨੂੰ ਵੀ ਪਾਕਿਸਤਾਨ ਨਹੀਂ ਜਾਣ ਦਿੱਤਾ।ਉਨ੍ਹਾਂ ਨੇ ਦੱਸਿਆ ਕਿ ਇਹ ਸਾਂਝ ਹੁਣ ਵੀ ਕਾਇਮ ਹੈ। ਸਿੱਕਾ ਖ਼ਾਨ ਆਪਣੇ ਭਰਾ ਨੂੰ ਮਿਲਿਆ ਜਿਸਦੀ ਪੂਰੇ ਪਿੰਡ ਨੂੰ ਖ਼ੁਸ਼ੀ ਹੈ। ਉਨ੍ਹਾਂ ਨੇ ਦੱਸਿਆ ਕਿ ਜਿਸ ਦਿਨ ਸਿੱਕਾ ਖ਼ਾਨ ਨੇ ਭਰਾ ਨੂੰ ਮਿਲਣ ਲਈ ਜਾਣਾ ਸੀ ਤਾਂ ਪਿੰਡ ਵੱਲੋਂ ਸਦੀਕ ਖ਼ਾਨ ਦੇ ਪਰਿਵਾਰ ਲਈ ਕੱਪੜੇ ਅਤੇ ਹੋਰ ਤੋਹਫ਼ੇ ਭੇਜੇ ਗਏ।ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਜਿਸ ਦਿਨ ਦੀ ਉਸ ਦੀ ਮੁਲਾਕਾਤ ਆਪਣੇ ਭਰਾ ਨਾਲ ਹੋਈ ਹੈ ਉਸ ਦਿਨ ਦਾ ਉਹ ਬਹੁਤ ਖ਼ੁਸ਼ ਹੈ

ਹੁਣ ਵੀ ਪਿੰਡ ਵਾਲੇ ਇਸ ਕੋਸ਼ਿਸ਼ ਵਿੱਚ ਹਨ ਕਿ ਸਿੱਕਾ ਖ਼ਾਨ ਨੂੰ ਵੀਜ਼ਾ ਮਿਲੇ ਅਤੇ ਉਹ ਭਰਾ ਅਤੇ ਪਰਿਵਾਰ ਨੂੰ ਮਿਲ ਕੇ ਆਵੇ। ਪਿੰਡ ਦੇ ਹੋਰ ਬਜ਼ੁਰਗਾਂ ਨੇ ਦੱਸਿਆ ਕਿ ਇਹ ਇੰਨਾ ਸਾਊ ਸੁਭਾਅ ਦਾ ਹੈ ਕਿ ਕਿਸੇ ਨਾਲ ਅੱਜ ਤੱਕ ਇਸ ਦੀ ਲੜਾਈ ਨਹੀਂ ਹੋਈ ਅਤੇ ਹਰ ਇੱਕ ਦੇ ਵਿਆਹ ਅਤੇ ਹੋਰ ਕਾਰਜਾਂ ਵਿੱਚ ਇਹ ਸ਼ਾਮਲ ਹੁੰਦਾ ਹੈ।ਉਨ੍ਹਾਂ ਨੇ ਦੱਸਿਆ ਕਿ ਸਿੱਕਾ ਖ਼ਾਨ ਨੇ ਸਾਰੀ ਉਮਰ ਪਿੰਡ ਵਿੱਚ ਜ਼ਿੰਮੀਦਾਰ ਦੇ ਘਰ ਸੀਰੀ (ਮਜ਼ਦੂਰ) ਵਜੋਂ ਬਤੀਤ ਕੀਤੀ ਹੈ। ਉਨ੍ਹਾਂ ਦਾ ਆਪਣਾ ਕੋਈ ਵੀ ਘਰ ਨਹੀਂ ਹੈ। ਮਾਮੇ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਵੀ ਅਲੱਗ-ਅਲੱਗ ਹੋ ਗਏ।ਆਪਣੇ ਇੱਕ ਭਾਣਜੇ ਦੇ ਦੋ ਕਮਰਿਆਂ ਦੇ ਘਰ ਵਿੱਚ ਉਹ ਰਹਿੰਦੇ ਹਨ। ਇਸ ਘਰ ਦੀ ਹਾਲਤ ਵੀ ਬਹੁਤ ਖਸਤਾ ਹੈ।ਜਗਸੀਰ ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਸਮਾਂ ਉਹ ਪਿੰਡ ਦੇ ਜ਼ਿੰਮੀਦਾਰ ਦੇ ਘਰ ਹੀ ਰਹਿੰਦੇ ਹਨ ਕਿਉਂਕਿ ਉਸ ਘਰ ਵਿੱਚ ਇਨ੍ਹਾਂ ਨੇ ਆਪਣੀ ਸਾਰੀ ਉਮਰ ਬਤੀਤ ਕੀਤੀ ਅਤੇ ਉੱਥੇ ਹੀ ਇਸ ਦਾ ਮੋਹ ਹੈ।ਉਨ੍ਹਾਂ ਨੇ ਦੱਸਿਆ ਕਿ ਪਿੰਡ ਦੇ ਕਿਸੇ ਵੀ ਘਰ ਵਿੱਚ ਜਾ ਕੇ ਉਹ ਖਾਣਾ ਖਾ ਸਕਦਾ ਹੈ ਕੋਈ ਵੀ ਉਨ੍ਹਾਂ ਨੂੰ ਨਾਂਹ ਨਹੀਂ ਕਰਦਾ। ਉਨ੍ਹਾਂ ਨੇ ਦੱਸਿਆ ਕਿ ਸਿੱਕਾ ਖ਼ਾਨ ਸਾਡੇ ਪਿੰਡ ਦੀ ਪਛਾਣ ਹੈ ਅਤੇ ਇਨ੍ਹਾਂ ਕਰਕੇ ਹੀ ਇਹ ਪਿੰਡ ਦੇਸ਼-ਵਿਦੇਸ਼ ਵਿੱਚ ਮਸ਼ਹੂਰ ਹੋ ਗਿਆ ਹੈ।