ਅਕਾਲੀ ਦਲ ਦੀਆਂ ਵੱਡੀਆਂ ਗਲਤੀਆਂ

ਅਕਾਲੀ ਦਲ ਦੀਆਂ  ਵੱਡੀਆਂ ਗਲਤੀਆਂ

ਪੰਜਾਬ ਵਿੱਚ 1997, 2007, 2012 ਵਿਚ ਅਕਾਲੀ ਦਲ ਦੀਆਂ ਸਰਕਾਰਾਂ ਬਣੀਆਂ ਅਤੇ ਭਾਜਪਾ ਵੀ ਇਕ ਛੋਟੀ ਧਿਰ ਵਜੋਂ ਇਨ੍ਹਾਂ ਸਰਕਾਰਾਂ ਵਿਚ ਸ਼ਾਮਿਲ ਸੀ..

..ਉਸ ਸਮੇਂ ਪਹਿਲਾਂ ਕੇਂਦਰ ਵਿਚ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ ਤੇ ਬਾਅਦ ਵਿਚ ਡਾ. ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਇਨ੍ਹਾਂ ਦੋਵਾਂ ਪ੍ਰਧਾਨ ਮੰਤਰੀਆਂ ਨਾਲ ਰਾਜ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚੰਗੇ ਸੰਬੰਧ ਸਨ। ਇਨ੍ਹਾਂ ਤੋਂ ਬਹੁਤ ਸਾਰੇ ਵਿਕਾਸ ਦੇ ਪ੍ਰਾਜੈਕਟ ਵੀ ਉਨ੍ਹਾਂ ਰਾਜ ਲਈ ਹਾਸਿਲ ਕੀਤੇ। ਪਰ ਪੰਜਾਬ ਦੇ ਬੁਨਿਆਦੀ ਮੁੱਦੇ ਚੰਡੀਗੜ੍ਹ ਨੂੰ ਰਾਜਧਾਨੀ ਵਜੋਂ ਪੰਜਾਬ ਵਿਚ ਸ਼ਾਮਿਲ ਕਰਵਾਉਣਾ, ਦਰਿਆਈ ਪਾਣੀਆਂ ਸੰਬੰਧੀ ਇਨਸਾਫ਼ ਹਾਸਿਲ ਕਰਨਾ ਅਤੇ ਪੰਜਾਬ ਦੇ ਨੌਜਵਾਨਾਂ ਲਈ ਰਾਜ ਵਿਚ ਖੇਤੀ ਆਧਾਰਿਤ ਸਨਅਤਾਂ ਲਗਵਾ ਕੇ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਆਦਿ ਦੀ ਪੂਰਤੀ ਕਰਵਾਉਣ ਵਿਚ ਉਹ ਬੁਰੀ ਤਰ੍ਹਾਂ ਅਸਫ਼ਲ ਰਹੇ। ਇਹ ਮੁੱਦੇ ਉਨ੍ਹਾਂ ਗੰਭੀਰਤਾ ਨਾਲ ਸਮੇਂ ਦੀਆਂ ਕੇਂਦਰੀ ਸਰਕਾਰਾਂ ਕੋਲ ਉਠਾਏ ਹੀ ਨਹੀਂ, ਇਹ ਮਸਲੇ ਹੱਲ ਕਰਵਾਉਣ ਦਾ ਉਸ ਸਮੇਂ ਢੁੱਕਵਾਂ ਸਮਾਂ ਸੀ। ਅੱਜ ਜਿਥੇ ਪੰਜਾਬ ਦੇ ਹੱਥੋਂ ਦਰਿਆਈ ਪਾਣੀ ਫਿਸਲਦੇ ਜਾ ਰਹੇ ਹਨ, ਉਥੇ ਚੰਡੀਗੜ੍ਹ ਵੀ ਸਥਾਈ ਤੌਰ 'ਤੇ ਪੰਜਾਬ ਦੇ ਹੱਥੋਂ ਨਿਕਲਦਾ ਜਾ ਰਿਹਾ ਹੈ। ਇਸ ਲਈ ਰਾਜ ਦੇ ਲੋਕ ਅਕਾਲੀ ਦਲ ਦੀਆਂ ਸਰਕਾਰਾਂ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਮੇਵਾਰ ਸਮਝਦੇ ਹਨ।

2. ਸਾਲ 2015 ਵਿਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ, ਇਕ ਮਹੀਨਾ ਬਾਅਦ ਬਰਗਾੜੀ ਵਿਚ ਉਸ ਦੇ ਅੰਗ ਖਿਲਾਰ ਦਿੱਤੇ ਗਏ। ਇਸ ਨਾਲ ਸਿੱਖ ਪੰਥ ਵਿਚ ਵੱਡਾ ਰੋਹ ਤੇ ਰੋਸ ਪੈਦਾ ਹੋਇਆ। ਇਸ ਸਾਰੇ ਘਟਨਾਕ੍ਰਮ ਨਾਲ ਠੀਕ ਢੰਗ ਨਾਲ ਨਿਪਟਣ ਵਿਚ ਉਸ ਸਮੇਂ ਦੀ ਅਕਾਲੀ ਸਰਕਾਰ ਅਸਫ਼ਲ ਰਹੀ। ਡੇਰਾ  ਸੌਦਾ  ਮੁਖੀ ਗੁਰਮੀਤ ਰਾਮ ਰਹੀਮ ਨੂੰ ਸਿੰਘ ਸਾਹਿਬਾਨ 'ਤੇ ਆਪਣਾ ਪ੍ਰਭਾਵ ਵਰਤ ਕੇ ਮੁਆਫ਼ੀ ਦੁਆਉਣ ਅਤੇ ਉਸ ਤੋਂ ਸਲਾਬਤਪੁਰਾ ਦੇ ਘਟਨਾਕ੍ਰਮ ਨਾਲ ਸੰਬੰਧਿਤ ਕੇਸ ਵਾਪਿਸ ਲੈਣ ਨਾਲ ਵੀ ਸਿੱਖ ਪੰਥ ਵਿਚ ਅਕਾਲੀ ਦਲ ਦੇ ਅਕਸ ਨੂੰ ਭਾਰੀ ਢਾਹ ਲੱਗੀ।

3. ਇਸ ਤਰ੍ਹਾਂ ਦੀਆਂ ਸਥਿਤੀਆਂ ਵਿਚ ਹੀ ਪੁਲਿਸ ਅਧਿਕਾਰੀ ਸੁਮੇਧ ਸੈਣੀ ਜੋ ਕਿ ਰਾਜ ਵਿਚ ਝੂਠੇ ਪੁਲਿਸ ਮੁਕਾਬਲੇ ਬਣਾਉਣ ਲਈ ਬਦਨਾਮ ਸੀ, ਨੂੰ ਰਾਜ ਦਾ ਪੁਲਿਸ ਮੁਖੀ ਬਣਾਉਣਾ ਅਕਾਲੀ ਦਲ ਦੀ ਇਕ ਹੋਰ ਵੱਡੀ ਗ਼ਲਤੀ ਸੀ।

4. ਸਾਲ 2020 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੇ ਖੇਤੀ ਸੰਬੰਧੀ ਤਿੰਨ ਕਾਨੂੰਨ ਸੰਸਦ ਵਿਚੋਂ ਪਾਸ ਕਰਵਾਏ। ਇਨ੍ਹਾਂ ਨੂੰ ਪਹਿਲਾਂ ਤਿੰਨ ਆਰਡੀਨੈਂਸਾਂ ਦੇ ਰੂਪ ਵਿਚ ਲਾਗੂ ਕਰਵਾਉਣ ਦਾ ਯਤਨ ਕੀਤਾ ਗਿਆ ਸੀ। ਇਨ੍ਹਾਂ ਕਾਨੂੰਨਾਂ ਸੰਬੰਧੀ ਵੀ ਅਕਾਲੀ ਦਲ ਸਮੇਂ ਸਿਰ ਕੋਈ ਫ਼ੈਸਲਾ ਨਾ ਲੈ ਸਕਿਆ। ਇਕ ਤਰ੍ਹਾਂ ਨਾਲ ਤਿੰਨ ਮਹੀਨਿਆਂ ਤੱਕ ਵਿੰਗੇ-ਟੇਢੇ ਢੰਗਾਂ ਨਾਲ ਇਨ੍ਹਾਂ ਦਾ ਸਮਰਥਨ ਕਰਦਾ ਰਿਹਾ, ਜਦੋਂ ਕਿ ਰਾਜ ਦੇ ਕਿਸਾਨਾਂ ਦਾ ਇਕ ਵੱਡਾ ਹਿੱਸਾ ਇਨ੍ਹਾਂ ਕਾਨੂੰਨਾਂ ਨੂੰ ਕਿਸਾਨੀ ਅਤੇ ਖੇਤੀ ਲਈ ਘਾਤਕ ਮੰਨਦਾ ਸੀ। ਇਸ ਕਾਰਨ ਵੀ ਅਕਾਲੀ ਦਲ ਦੀ ਕਿਸਾਨਾਂ ਵਿਚ ਸਾਖ਼ ਜਾਂਦੀ ਰਹੀ।

5. ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਭ੍ਰਿਸ਼ਟਾਚਾਰ ਵੀ ਇਕ ਵੱਡਾ ਮੁੱਦਾ ਰਿਹਾ। ਬਹੁਤ ਸਾਰੇ ਸਰਕਾਰੀ ਵਿਭਾਗਾਂ ਵਿਚ ਵੱਡੇ ਘਪਲੇ ਹੋਏ, ਜਿਨ੍ਹਾਂ ਦੀ ਚਰਚਾ ਅੱਜ ਤੱਕ ਹੋ ਰਹੀ ਹੈ। ਇਨ੍ਹਾਂ ਸਰਕਾਰਾਂ ਸਮੇਂ ਰਾਜ ਵਿਚ ਰਸਾਇਣਕ ਨਸ਼ਿਆਂ ਦਾ ਕਾਰੋਬਾਰ ਵਧਿਆ, ਰੇਤ ਬਜਰੀ ਦੀ ਨਜਾਇਜ਼ ਖ਼ੁਦਾਈ ਹੁੰਦੀ ਰਹੀ, ਗੈਂਗਸਟਰਵਾਦ ਉੱਭਰਿਆ ਅਤੇ ਕਈ ਤਰ੍ਹਾਂ ਦੇ ਹੋਰ ਮਾਫ਼ੀਏ ਵਧੇ ਫੁੱਲੇ। ਇਸ ਸਭ ਕੁਝ ਨਾਲ ਵੀ ਅਕਾਲੀ ਦਲ ਤੇ ਇਸ ਦੇ ਆਗੂਆਂ ਦੀ ਸਾਖ਼ ਨੂੰ ਵੱਡਾ ਧੱਕਾ ਲੱਗਾ।

ਇਨ੍ਹਾਂ ਸਾਰੇ ਕਾਰਨਾਂ ਕਰਕੇ ਅਕਾਲੀ ਦਲ ਭਾਵੇਂ 2017 ਤੋਂ ਸੱਤਾ ਤੋਂ ਬਾਹਰ ਹੋ ਗਿਆ ਸੀ। ਪਰ ਉਸ ਸੰਬੰਧੀ ਸੱਤਾ ਵਿਰੋਧੀ ਰੁਝਾਨ ਅੱਜ ਤੱਕ ਬਣਿਆ ਹੋਇਆ ਹੈ। ਸਿੱਖ ਭਾਈਚਾਰੇ ਵਿਚ, ਕਿਸਾਨੀ ਵਿਚ ਅਤੇ ਦਿਹਾਤੀ ਖੇਤਰਾਂ ਵਿਚ ਅਕਾਲੀ ਦਲ ਦੀ ਪਹਿਲਾਂ ਵਾਲੀ ਪੈਠ ਨਹੀਂ ਰਹੀ। ਇਹ ਸਿੱਖ ਭਾਈਚਾਰੇ ਅਤੇ ਪੰਜਾਬ ਦੇ ਲੋਕਾਂ ਦਾ ਅਜੇ ਤੱਕ ਵੀ ਮੁੜ ਵਿਸ਼ਵਾਸ ਨਹੀਂ ਜਿੱਤ ਸਕਿਆ। 

ਬੀਬੀ ਕਿਰਨਜੋਤ ਕੌਰ ਮੈਂਬਰ ਸ੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਜਦੋਂ ਤੱਕ ਅਕਾਲੀ ਦਲ ਦੀ ਲੀਡਰਸ਼ਿਪ ਜਨਤਕ ਤੌਰ 'ਤੇ ਆਪਣੇ ਵਲੋਂ ਕੀਤੀਆਂ ਗਈਆਂ ਗ਼ਲਤੀਆਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਲਈ ਜਨਤਕ ਤੌਰ 'ਤੇ ਪਸਚਾਤਾਪ ਨਹੀਂ ਕਰਦੀ ਅਤੇ ਅੱਗੇ ਲਈ ਪਾਰਟੀ ਅੰਦਰ ਜਮਹੂਰੀ ਅਤੇ ਪਾਰਦਰਸ਼ੀ ਢੰਗ ਨਾਲ ਫ਼ੈਸਲੇ ਨਹੀਂ ਲਏ ਜਾਂਦੇ ਅਤੇ ਅਕਾਲੀ ਦਲ ਆਪਣੇ-ਆਪ ਨੂੰ ਮੁੜ ਤੋਂ ਸਿੱਖ ਸਿਧਾਂਤਾਂ ਪ੍ਰਤੀ ਸਮਰਪਿਤ ਨਹੀਂ ਕਰਦਾ, ਉਦੋਂ ਤੱਕ ਅਕਾਲੀ ਦਲ ਦਾ ਮੁੜ ਉੱਭਰਨਾ ਮੁਸ਼ਕਲ ਜਾਪਦਾ ਹੈ।