ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਚੋਣ ਤੇ ਦਿਸ਼ਾ ਨਿਰਦੇਸ਼ ਲਈ ਸਮੂਹ ਸਿਖ ਪੰਥ ਦੀ ਕਮੇਟੀ ਬਣੇ

ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਚੋਣ ਤੇ ਦਿਸ਼ਾ ਨਿਰਦੇਸ਼ ਲਈ ਸਮੂਹ ਸਿਖ ਪੰਥ ਦੀ ਕਮੇਟੀ ਬਣੇ

ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦੀ ਬਹਾਲੀ ਓਨੀ ਦੇਰ ਸੰਭਵ ਨਹੀ,ਜਿੰਨੀ ਦੇਰ ਸਰੋਮਣੀ ਕਮੇਟੀ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਸਬੰਧੀ ਕੋਈ ਸਾਂਝੀ ਰਾਇ ਅਖਤਿਆਰ ਨਹੀ ਕਰਦੀ।

ਜਦੋਂ ਵੀ ਕਿਸੇ ਜਥੇਦਾਰ ਨੇ ਅਕਾਲੀ ਦਲ ਤੇ ਕਾਬਜ ਪਰਿਵਾਰ ਨਾਲ ਵਫਾਦਾਰੀ ਨਿਭਾਈ ਹੈ ਤਾਂ ਉਹ ਇਸ ਰੁਤਬੇ ਤੇ ਨਹੀ ਰਹਿ ਸਕਿਆ।ਬੀਤੇ ਦਿਨੀਂ ਮੌਜੂਦਾ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨਾਲ ਵੀ ਵਾਪਰਨ ਦੀਆਂ ਚਰਚਾਵਾਂ ਜੋਰ ਫੜੀਆਂ ਸਨ ।ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੰਗਣੀ ਵਿੱਚ ਜਾਣ ਸੰਬੰਧੀ ਉਠੇ ਵਿਵਾਦ ਸੰਬੰਧੀ ਸ੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਇੱਹ ਗੱਲ ਜ਼ਰੂਰ ਕਹੀ ਸੀ ਕਿ ਇੱਕ ਕਮੇਟੀ ਜ਼ਰੂਰ ਬਣਾਈ ਜਾਵੇਗੀ,ਜੋ ਕਿ ਇਹ ਨਿਰਧਾਰਤ ਕਰੇਗੀ ਕਿ ਸਮਾਜ ਵਿੱਚ ਵਿਚਰਦੇ ਹੋਏ ਸਿੰਘ ਸਾਹਿਬ ਦੀ ਕੀ ਮਰਿਆਦਾ ਹੋਣੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਨਿਯੁਕਤੀ ਤੇ ਸੇਵਾ ਮੁਕਤੀ ਸੰਬੰਧੀ ਵੀ ਪ੍ਰੌਫੋਰਮਾ ਤਿਆਰ ਕਰੇਗੀ,ਜਿਸ ਤੇ ਐਕਟ ਦੇ ਅਨੁਸਾਰ ਅਮਲ ਕੀਤਾ ਜਾਵੇਗਾ। 

ਅਜਿਹਾ ਵਰਤਾਰਾ ਇਸ ਕਰਕੇ ਵਾਪਰ ਰਿਹਾ ਹੈ,ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਸਾਰੇ ਹੀ ਪਵਿੱਤਰ ਤਖਤ ਸਹਿਬਾਨਾਂ ਦੇ ਜਥੇਦਾਰਾਂ ਦੀ ਨਿਯੁਕਤੀ ਦਾ ਵਿਧੀ ਵਿਧਾਨ ਪੁਰਾਤਨ ਸਿੱਖ ਰਹੁ ਰੀਤਾਂ ਦੇ ਅਨੁਸਾਰੀ ਨਹੀਂ ਹੈ।ਜਥੇਦਾਰ ਦੀ ਨਿਯੁਕਤੀ ਤੋ ਇਲਾਵਾ ਇਹਦੇ ਕਾਰਜਕਾਲ ਦੀ ਵੀ ਕੋਈ ਸਮਾਂ ਸੀਮਾ ਤਹਿ ਨਹੀਂ ਕੀਤੀ ਗਈ, ਬਲਕਿ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਧੜਾ ਆਪਣੇ ਅਕਾਵਾਂ ਦੇ ਇਸਾਰਿਆਂ ਤੇ ਕਿਸੇ ਅਜਿਹੇ ਕਮਜੋਰ ਵਿਅਕਤੀ ਨੂੰ ਇਸ ਪਵਿੱਤਰ ਅਤੇ ਸਰਬ ਉੱਚ ਅਹੁਦੇ ਤੇ ਨਿਯੁਕਤ ਕਰ ਦਿੰਦਾ ਹੈ,ਜਿਹੜਾ ਆਪਣੇ ਰੁਤਬੇ ਨੂੰ ਪਛਾਨਣ ਦੇ ਵੀ ਯੋਗ ਨਹੀਂ ਹੁੰਦਾ।ਮੌਜੂਦਾ ਹਾਲਾਤਾਂ ਵਿਚ ਇਹ ਉੱਚ ਅਹੁਦੇ ਤੇ ਉਹ ਵਿਅਕਤੀ ਹੀ ਟਿਕਿਆ ਰਹਿ ਸਕਦਾ ਹੈ,ਜਿਹੜਾ ਕੇਂਦਰੀ ਤਾਕਤਾਂ ਦੀ ਨਜ਼ਰ ਵਿੱਚ ਸਹੀ ਬੈਠਦਾ ਹੋਵੇ। ਇਸ ਸੰਦਰਭ ਵਿੱਚ ਜੇਕਰ ਇਤਿਹਾਸ ਦੇ ਪੰਨਿਆਂ ਤੇ ਝਾਤ ਮਾਰੀ ਜਾਵੇ,ਤਾਂ ਵਾਸਤਵ ਵਿੱਚ ਸਰੋਮਣੀ ਅਕਾਲੀ ਦਲ ਅਤੇ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਦਾ ਮੁੱਖ ਕਾਰਨ ਅੰਗਰੇਜ਼ ਹਕੂਮਤ ਹੀ ਸੀ,ਕਿਉਂਕਿ ਅੰਗਰੇਜ਼ੀ ਹਕੂਮਤ ਦੇ ਸਹਿ ਪ੍ਰਾਪਤ ਮਹੰਤਾਂ ਵੱਲੋਂ ਗੁਰਦੁਆਰਾ ਪਰਬੰਧ ਤੇ ਮੁਕੰਮਲ ਕਬਜਾ ਕਰਕੇ ਜਿਸਤਰ੍ਹਾਂ ਸਿੱਖ ਰਹੁ ਰੀਤਾਂ ਅਤੇ ਸਿੱਖ ਸਿਧਾਂਤਾਂ ਦਾ ਘਾਣ ਕੀਤਾ ਗਿਆ ਅਤੇ ਸਿੱਖ ਮਰਿਆਦਾ ਤਹਿਸ ਨਹਿਸ ਕਰਕੇ ਗੁਰਦੁਆਰਿਆਂ ਦੀ ਪਵਿੱਤਰਤਾ ਨੂੰ ਖੰਡਿਤ ਕੀਤਾ ਗਿਆ, ਉਹ ਵਰਤਾਰਾ ਸਿੱਖਾਂ ਲਈ ਬਰਦਾਸ਼ਤ ਤੋ ਬਾਹਰ ਹੋ ਗਿਆ।ਸਿੱਖਾਂ ਨੇ ਮਹੰਤਾਂ ਤੋ ਗੁਰਦੁਆਰਿਆਂ ਦਾ ਪਰਬੰਧ ਵਾਪਸ ਲੈਣ ਲਈ ਲਹੂ ਡੋਲਵੇਂ ਮੋਰਚੇ ਲਾਏ ਤੇ ਹਜ਼ਾਰਾਂ ਕੁਰਬਾਨੀਆਂ ਤੋ ਬਾਅਦ ਸਿੱਖਾਂ ਨੇ ਗੁਰਦੁਆਰੇ ਅਜ਼ਾਦ ਕਰਵਾਏ। ਮਹੰਤ ਪ੍ਰਥਾ ਨੂੰ ਖਦੇੜਨ ਤੋਂ ਉਪਰੰਤ ਸਿੱਖ ਕੌਮ ਨੇ ਗੁਰਦੁਆਰਾ ਪਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇੱਕ ਅਜਿਹੀ ਸਿੱਖ ਸੰਸਥਾ ਦੀ ਲੋੜ ਮਹਿਸੂਸ ਕੀਤੀ,ਜਿਸਦੇ ਕਾਰਜ ਨਿਰੋਲ ਧਾਰਮਿਕ ਹੋਣ ਅਤੇ ਉਹ ਗੁਰਦੁਆਰਾ ਪਰਬੰਧ,ਸਿੱਖੀ ਸਿਧਾਂਤਾਂ ਦੀ ਰਾਖੀ,ਸਿੱਖੀ ਦਾ ਪ੍ਰਚਾਰ,ਪਾਸਾਰ ਕਰਨ ਅਤੇ ਸਿੱਖ ਮਰਿਆਦਾ ਨੂੰ ਕਾਇਮ ਰੱਖਣ ਲਈ ਦ੍ਰਿੜ ਸੰਕਲਪ ਹੋਵੇ।,ਪਰ ਅਫਸੋਸ ! ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ ਦੋਵਾਂ ਦੇ ਹੀ ਕਾਰਜ ਪੰਥ ਹਿਤੈਸੀ ਨਾ ਹੋ ਕੇ ਨਿੱਜਵਾਦੀ ਹੋ ਗਏ।ਇਹ ਵੀ ਸੱਚ ਹੈ ਕਿ ਪੰਥ ਵਿੱਚ ਧੜੇਬੰਦੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇ ਤੋਂ ਹੀ ਖੁੱਲ੍ਹ ਕੇ ਸਾਹਮਣੇ ਆ ਗਈ ਸੀ,ਜਦੋ ਆਪਣਿਆਂ ਦੀ ਬਦੌਲਤ ਖਾਲਸਾ ਰਾਜ ਦਾ ਪਤਨ ਹੋਇਆ ਅਤੇ ਪਹਿਲੇ ਖਾਲਸਾ ਰਾਜ ਦੇ ਬਾਨੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਦੇ ਚਾਰ ਸਾਲ ਦੇ ਪੁੱਤਰ ਸਮੇਤ ਸੱਤ ਸੌ ਚਾਲੀ ਸਾਥੀਆਂ ਨਾਲ ਸ਼ਹਾਦਤ ਦਾ ਅੰਮ੍ਰਿਤ ਪੀਣਾ ਪਿਆ।

ਬਾਬਾ ਬੰਦਾ ਸਿੰਘ ਬਹਾਦਰ ਨੇ ਚਰਿੱਤਰਹੀਣਤਾ ਸਮੇਤ ਗੁਰੂ ਦੇ ਹੁਕਮ ਮੰਨਣ ਤੋ ਇਨਕਾਰੀ ਹੋਣ ਵਰਗੇ ਬੇਬੁਨਿਆਦ ਦੋਸ਼ਾਂ ਨੂੰ ਝੂਠ ਸਾਬਤ ਕਰਨ ਲਈ ਗੁਰੂ ਸਾਹਿਬ ਦੇ ਦਿੱਤੇ ਥਾਪੜੇ ਦੀ ਰੁਹਾਨੀ ਤਾਕਤ ਨਾਲ ਸਿੱਖੀ ਸਿਧਾਂਤ,ਸਿੱਖੀ ਸਰੂਪ ਅਤੇ ਸਿੱਖੀ ਧਰਮ ਦੇ ਅਸੂਲਾਂ ਤੇ ਦ੍ਰਿੜਤਾ ਨਾਲ ਪਹਿਰਾ ਦਿੰਦਿਆਂ, ਆਪਣੇ ਚਾਰ ਸਾਲ ਦੇ ਪੁੱਤਰ ਦਾ ਕਲੇਜਾ ਮੂੰਹ ਵਿੱਚ ਪਵਾ ਕੇ ਅਤੇ ਜੰਬੂਰਾਂ ਨਾਲ ਮਾਸ ਨੁਚਵਾ ਕੇ ਸ਼ਹਾਦਤ ਦੇਣ ਵਿੱਚ ਗੁਰੂ ਦੀ ਖੁਸ਼ੀ , ਮਹਿਸੂਸ ਕੀਤੀ।ਸੋ ਉਸ ਤੋ ਬਾਅਦ ਵੀ ਸਿੱਖਾਂ ਵਿੱਚ ਇਹ ਧੜੇਬੰਦੀ ਘਟਣ ਦੀ ਬਜਾਏ ਵੱਧਦੀ ਗਈ, ਨਤੀਜਾ 12 ਮਿਸਲਾਂ ਦੇ ਰੂਪ ਵਿਚ ਸਾਹਮਣੇ ਆਇਆ,ਪਰ ਉਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਮੁੱਖ ਸੇਵਾਦਾਰ ਕੌਮ ਤੇ ਭੀੜ ਪਈ ਤੋ ਆਪਣੀ ਜਾਨ ਦੀ ਪਰਵਾਹ ਨਹੀ ਸੀ ਕਰਦਾ,ਬਲਕਿ ਕੌਮ ਦੇ ਵਡੇਰੇ ਹਿਤਾਂ ਖਾਤਰ ਸ਼ਹਾਦਤ ਦੇਣ ਨੂੰ ਵਡਭਾਗਾ ਸਮਝਦਾ ਸੀ,ਇਸ ਕਰਕੇ ਧੜੇਬੰਦੀਆਂ ਦੇ ਬਾਵਜੂਦ ਖਾਲਸਾ ਪੰਥ ਕੌਮ ਤੇ ਭੀੜ ਸਮੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਇਕੱਠਾ ਹੋਕੇ ਦੁਸ਼ਮਣ ਨੂੰ ਸਬਕ ਸਿਖਾਉਂਦਾ ਰਿਹਾ ਹੈ। ਲਿਹਾਜਾ ਲਾਲ ਕਿਲੇ ਨੂੰ ਫਤਿਹ ਕਰਨਾ ਖਾਲਸੇ ਲਈ ਬਿੱਲੀ ਮਾਰਨ ਦੇ ਬਰਾਬਰ ਮੰਨਿਆ ਜਾਂਦਾ ਰਿਹਾ ਹੈ। ਅਠਾਰਵੀ ਸਦੀ ਦੇ ਅੰਤਲੇ ਦਿਨਾਂ ਵਿਚ ਮੁੜ ਖਾਲਸਾ ਰਾਜ ਦੀ ਸਥਾਪਤੀ, ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਕਾਬਲੀਅਤ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਬਾ ਸਾਹਿਬ ਸਿੰਘ ਬੇਦੀ ਤੇ ਉਸ ਤੋਂ ਬਾਅਦ ਅਕਾਲੀ ਫੂਲਾ ਸਿੰਘ ਦੀ ਯੋਗ ਭੂਮਿਕਾ ਨਾਲ ਸੰਭਵ ਹੋ ਸਕੀ। ਸਿੱਖ ਪੰਥ ਹਮੇਸਾਂ ਬੇਹੱਦ ਔਖੇ ਅਤੇ ਬੇਹੱਦ ਸੌਖੇ ਸਮਿਆਂ ਵਿੱਚ ਆਪਸੀ ਰੰਜਸ਼ਾਂ ਨੂੰ ਨਜਰਅੰਦਾਜ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹੈ।

1849 ਤੋ ਬਾਅਦ ਅੰਗਰੇਜ਼ੀ ਹਕੂਮਤ ਨੇ ਸਿੱਖਾਂ ਦੀ ਤਾਕਤ ਦੇ ਇਸ ਪਵਿੱਤਰ ਸੋਮੇ ਨੂੰ ਤਹਿਸ ਨਹਿਸ ਕਰਨ ਲਈ ਇੱਥੇ ਮਹੰਤਾਂ ਨੂੰ ਕਾਬਜ ਕਰਵਾਇਆ,ਤਾਂ ਕਿ ਸਿੱਖ ਮੁੜ ਕੇ ਕਦੇ ਵੀ ਆਪਣਾ ਰਾਜ ਭਾਗ ਪਰਾਪਤ ਕਰਨ ਦੇ ਯੋਗ ਨਾ ਹੋ ਸਕਣ। ਭਾਂਵੇ ਸਿੱਖਾਂ ਨੇ ਮਹੰਤਾਂ ਤੋ ਗੁਰਦੁਆਰਾ ਪਰਬੰਧ ਤਾਂ ਵਾਪਸ ਲੈ ਲਿਆ,ਪਰ ਬਹੁਤਾ ਸਮਾ ਉਹ ਸਿੱਖੀ ਸਿਧਾਂਤਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਕਾਇਮ ਨਾ ਰੱਖ ਸਕੇ,ਜਿਸ ਦਾ ਨਤੀਜਾ ਇਹ ਨਿਕਲਿਆ ਕਿ ਸਿੱਖ ਸੰਸਥਾਵਾਂ ਕਮਜੋਰ ਹੋ ਗਈਆਂ ਤੇ ਦੁਸ਼ਮਣ ਤਾਕਤਾਂ ਟੇਢੇ ਢੰਗ ਨਾਲ ਸ੍ਰੀ ਅਕਾਲ ਤਖਤ ਸਮੇਤ ਸਮੁੱਚੇ ਸਿੱਖ ਪ੍ਰਬੰਧ ਤੇ ਮੁੜ ਤੋਂ ਕਾਬਜ ਹੋ ਗਈਆਂ। ਸਚਾਈ ਇਹ ਹੈ ਕਿ 1849 ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ,1947 ਤੋਂ ਬਾਅਦ ਸਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਅਤੇ 1966 ਤੋਂ ਬਾਅਦ ਸਰੋਮਣੀ ਅਕਾਲੀ ਦਲ ਦੀ ਕਾਰਗੁਜਾਰੀ ਪੰਥਕ ਰਹੁ ਰੀਤਾਂ ਅਨੁਸਾਰੀ ਨਹੀ ਰਹੀ।ਮੌਜੂਦਾ ਸਮੇ ਅੰਦਰ ਅਕਾਲੀ ਦਲ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਿਹਾ ਹੈ,ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਪਰਵਾਹ ਕੀਤੇ ਬਗੈਰ ਸਰੋਮਣੀ ਅਕਾਲੀ ਦਲ ਤੇ ਕਾਬਜ ਪਰਿਵਾਰ ਨੂੰ ਮੁੜ ਤੋਂ ਸਿਆਸੀ ਤੌਰ ਤੇ ਜਿਉਂਦਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰਦੀ ਹੈ। ਜਿਸ ਦਾ ਨਤੀਜਾ ਇਹ ਹੋਇਆ ਕਿ ਸਰਬ ਉੱਚ ਸਿੱਖ ਸੰਸਥਾਵਾਂ ਦੀ ਭਰੋਸੇਯੋਗਤਾ ਖਤਰੇ ਵਿੱਚ ਪੈ ਗਈ ਹੈ।ਚੰਗਾ ਹੋਵੇ ਜੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀਆਂ ਪੰਥਕ ਧਿਰਾਂ,ਧਾਰਮਿਕ ਸਿੱਖ ਸੰਸਥਾਵਾਂ ਅਤੇ ਸਿੱਖ ਬੁੱਧੀਜੀਵੀਆਂ ਦੀ ਇਕੱਤਰਤਾ ਬੁਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਸਬੰਧੀ ਕੋਈ ਵਿਧੀ ਵਿਧਾਨ ਬਨਾਉਣ ਦੀ ਪਹਿਲ ਕਦਮੀ ਕਰੇ ਨਾ ਕਿ ਇਸ ਬਾਰੇ ਬਾਦਲ ਪਖੀਆਂ ਦੀ ਕਮੇਟੀ ਬਣਾਵੇ,ਤਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਬਹਾਲ ਹੋ ਸਕੇ।ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਬਹਾਲ ਹੋਣ ਨਾਲ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰੋਮਣੀ ਅਕਾਲੀ ਦਲ ਦੀ ਵੀ ਭਰੋਸੇਯੋਗਤ ਖੁਦ ਬ ਖੁਦ ਬਹਾਲ ਹੋ ਜਾਵੇਗੀ।

 

ਬਘੇਲ ਸਿੰਘ ਧਾਲੀਵਾਲ

> 99142-58142