ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ

ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ

ਸਿੱਖ ਕੌਮ ਦੀ ਤਵਾਰੀਖ ਦਾ ਹਰ ਪੰਨਾ ਸ਼ਹੀਦਾਂ ਦੇ ਖੂਨ ਨਾਲ ਰੰਗਿਆ ਹੋਇਆ ਹੈ।

ਸਿੰਘਾਂ ਸ਼ਹੀਦਾਂ ਦੀ ਯਾਦ ਨੂੰ ਆਮ ਲੋਕਾਈ ਦੇ ਚੇਤਿਆਂ ਦਾ ਭਾਗ ਬਣਾਉਂਦੀ ਦਰਬਾਰ ਸਾਹਿਬ ਇੱਕ ਅਜਿਹੀ ਥਾਂ ਹੈ ਜਿਸ ਦੀ ਹਰ ਸਿੱਲ ਆਪਣੇ ਪਿੱਛੇ ਇੱਕ ਵੱਖਰਾ ਇਤਿਹਾਸ ਸਮੋਈ ਬੈਠੀ ਹੈ। ਅਸੀਂ ਕਾਹਲੀ ਕਾਹਲੀ ਵਿੱਚ ਬਹੁਤ ਕੁਝ ਅਣਡਿੱਠ ਕਰ ਅੱਗੇ ਲੰਘ ਜਾਂਦੇ ਹਾਂ। ਮੂੰਹੋਂ ਬੋਲ ਕੇ ਇਤਿਹਾਸ ਦੱਸ ਰਹੀ ਇੱਕ ਅਜਿਹੀ ਹੀ ਸਿੱਲ ਦੇ ਅੱਜ ਦੀਦਾਰ ਕਰਾਂਗੇ, ਨਾਲ ਹੀ ਉਸ ਪਿੱਛੇ ਲਹੂ ਭਿੱਜੇ ਇਤਿਹਾਸ ਨੂੰ ਜਾਣ ਖੂਨ ਦੇ ਅੱਥਰੂ ਵੀ ਰੋਵਾਂਗੇ।

ਦਰਬਾਰ ਸਾਹਿਬ ਦੇ ਮੌਜੂਦਾ ਮੁੱਖ ਦੁਆਰ (ਅੰਗਰੇਜ਼ਾਂ ਦੇ ਦੌਰ ਤੋਂ ਪਹਿਲਾਂ ਮੁੱਖ ਦੁਆਰ ਅਕਾਲ ਤਖ਼ਤ ਸਾਹਿਬ ਨੇੜਲਾ ਦਰਵਾਜ਼ਾ ਹੁੰਦਾ ਸੀ) ਤੋਂ ਜਦੋਂ ਅਸੀਂ ਪਉੜੀਆਂ ਉੱਤਰ ਪ੍ਰਕਰਮਾ ਵਿੱਚ ਦਾਖਲ ਹੁੰਦੇ ਹਾਂ ਤਾਂ ਬਾਕੀ ਸੰਗਤ ਵਾਂਗ ਖੱਬੇ ਪਾਸੇ ਵੱਲ ਮੁੜ ਜਾਂਦੇ ਹਾਂ। ਜੇ ਅਸੀਂ ਉਹਨਾਂ ਪੌੜੀਆਂ ਦੇ ਹੇਠਾਂ ਦੀ ਹੁੰਦੇ ਹੋਏ ਬੇਰ ਬਾਬਾ ਬੁੱਢਾ ਵੱਲ ਨੂੰ ਜਾਈਏ ਤਾਂ ਪੌੜੀਆਂ ਦੇ ਥੱਲੇ ਸਾਨੂੰ ਹੇਠਾਂ ਤਸਵੀਰ ਵਿੱਚ ਦਿੱਤੀ ਸੰਗਮਰਮਰ ਦੀ ਸਿੱਲ ਦੇ ਦਰਸ਼ਨ ਹੋਣਗੇ।

ਇਹ ਸਿੱਲ ਪਿੰਡ ਭੁਲੇਰ (ਚੱਕ 119RB), ਜ਼ਿਲ੍ਹਾ ਸ਼ੇਖੂਪੁਰਾ (ਹੁਣ ਜ਼ਿਲ੍ਹਾ ਨਨਕਾਣਾ ਸਾਹਿਬ) ਵਿੱਚ 1 ਸਤੰਬਰ, 1947 ਨੂੰ ਹੋਏ ਸਾਕੇ ਨੂੰ ਦਰਸਾਉਂਦੀ ਹੈ। ਇਹ ਕਸਬਾ ਨੁਮਾ ਪਿੰਡ ਇੰਨਾ ਖੁਸ਼ਹਾਲ ਸੀ ਕਿ ਮੌਜੂਦਾ ਪੰਜਾਬ ਵਿੱਚ ਅਜੇ ਵੀ ਕਈ ਪਿੰਡਾਂ ਵਿੱਚ ਉਸ ਵਰਗੀਆਂ ਸਹੂਲਤਾਂ ਨਹੀਂ ਪਹੁੰਚੀਆਂ ਹੋਣਗੀਆਂ। 

ਵੰਡ ਦੇ ਐਲਾਨ ਦੌਰਾਨ ਹੀ, ਨਨਕਾਣਾ ਸਾਹਿਬ ਤੋਂ 65 ਕਿਃਮੀਃ ਦੀ ਦੂਰੀ ਤੇ ਸਥਿਤ ਇਸ ਨਗਰ ਵਿੱਚ ਵੀ, ਉਸ ਇਲਾਕੇ ਦੇ ਹੋਰ ਪਿੰਡਾਂ ਵਾਂਗ, ਚੋਟੀ ਦੇ ਅਕਾਲੀ ਲੀਡਰ ਪਹੁੰਚੇ। ਉਹ ਪਿੰਡ ਵਾਸੀਆਂ ਨੂੰ ਕੁਝ ਅਸਲਾ ਤੇ ਨਕਦੀ ਦੇ ਕੇ ਪਿੰਡ ਵਿੱਚ ਡਟੇ ਰਹਿਣ ਲਈ ਦ੍ਰਿੜ ਕਰਾ ਆਏ ਕਿ ਜੇ ਤੁਸੀਂ ਚਲੇ ਗਏ ਤਾਂ ਨਨਕਾਣਾ ਸਾਹਿਬ ਖਤਮ ਹੋ ਜਾਵੇਗਾ। ਜਿਉਂ ਜਿਉਂ ਕਤਲੋ-ਗਾਰਤ ਵੱਧਦੀ ਗਈ ਤਾਂ ਇਲਾਕੇ ਦਾ ਵੱਡਾ ਪਿੰਡ ਹੋਣ ਕਰਕੇ ਪੰਜ ਹੋਰ ਪਿੰਡਾਂ ਦੇ ਸਿੱਖ ਵੀ ਇਸ ਪਿੰਡ ਵਿੱਚ ਇਕੱਤਰ ਹੋ ਗਏ। ਇੱਥੇ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਇਸ ਪਿੰਡ ਵਿੱਚ ਬਹੁਤ ਵੱਡਾ ਖੂਹ ਸੀ, ਆਮ ਖੂਹਾਂ ਵਿੱਚ ਇੱਕੋ ਚਰਖੜੀ ਲੱਗੀ ਹੁੰਦੀ ਹੈ ਤੇ ਇੱਕੋ ਸਮੇਂ ਇੱਕੋ ਡੋਲ ਪਾਣੀ ਦਾ ਕੱਢਿਆ ਜਾ ਸਕਦਾ ਹੈ ਪਰ ਭੁਲੇਰ ਪਿੰਡ ਦਾ ਖੂਹ ਇੰਨਾ ਵੱਡਾ ਸੀ ਇੱਕੋ ਟਾਈਮ ਤੇ ਛੇ ਡੋਲ ਪਾਣੀ ਦੇ ਕੱਢੇ ਜਾ ਸਕਦੇ ਸਨ।

ਬਹੁਤ ਦਿਨਾਂ ਤੱਕ ਸਿੱਖ ਪਹਿਰੇ ਲਾ ਲਾ ਹਮਲਾਵਰਾਂ ਨੂੰ ਰੋਕਦੇ ਰਹੇ, ਫੜ-ਫੜ ਫਾਹੇ ਵੀ ਲਾਉਂਦੇ ਰਹੇ। ਹਮਲਾਵਰ ਅਗਲੇ ਹਮਲੇ ਵਿੱਚ ਪਹਿਲਾਂ ਨਾਲੋਂ ਵਧੇਰੇ ਗਿਣਤੀ ਵਿੱਚ ਆਉਂਦੇ ਪਰ ਹਰ ਵਾਰੀ ਉਹਨਾਂ ਨੂੰ ਜਾਨੀ ਨੁਕਸਾਨ ਕਰਵਾ ਭੱਜਣਾ ਪੈਂਦਾ। ਉਹਨਾਂ ਵਿੱਚ ਗੁੱਸਾ ਵੱਧਦਾ ਜਾਂਦਾ, ਅਖੀਰ ਇੱਕ ਥਾਣੇਦਾਰ ਨੇ ਚਾਰ ਥਾਣਿਆਂ ਰਾਹੀਂ ਹਮਲਾਵਰ ਇਕੱਠੇ ਕਰ ਲਿਆਂਦੇ ਅਤੇ 1 ਸਤੰਬਰ, 1947 ਨੂੰ ਅਜਿਹਾ ਕਹਿਰ ਵਾਪਰਿਆ ਕਿ ਇਨਸਾਨੀਅਤ ਖੁਦਕਸ਼ੀ ਕਰ ਗਈ।

ਸਾਹਮਣੇ ਹਾਰ ਪ੍ਰਤੱਖ ਵੇਖਦੇ ਹੋਏ ਹਮਲਾਵਰਾਂ ਦੀ ਹਵਸ ਤੋਂ ਬਚਾਉਣ ਲਈ, ਪਿਉਆਂ ਨੇ ਆਪਣੀਆਂ ਧੀਆਂ ਹੱਥੀਂ ਕਤਲ ਕਰ ਦਿੱਤੀਆਂ, ਵੀਰਾਂ ਨੇ ਭੈਣਾਂ ਦੇ ਗੋਲੀਆਂ ਮਾਰ ਦਿੱਤੀਆਂ, ਪੁੱਤਰਾਂ ਨੇ ਜਨਮ ਦੇਣ ਵਾਲੀਆਂ ਮਾਵਾਂ ਮਾਰ ਸੁੱਟੀਆਂ। ਪੰਜ ਪਿੰਡਾਂ ਦੀਆਂ ਧੀਆਂ, ਭੈਣਾਂ, ਮਾਵਾਂ ਦੀਆਂ ਲਾਸ਼ਾਂ ਨਾਲ ਛੇ ਚਰਖੜ੍ਹੀਆਂ ਵਾਲਾ ਖੂਹ ਵੀ ਭਰ ਗਿਆ।

ਹਮਲੇ ਵਿੱਚੋ ਬਚੇ ਉਸ ਪਿੰਡ ਦੇ ਕੁਝ ਕੁ ਬੰਦੇ ਚੜ੍ਹਦੇ ਪੰਜਾਬ ਵਿੱਚ ਪਹੁੰਚੇ, ਲੰਬੇ ਸਮੇਂ ਮਗਰੋਂ ਉਹਨਾਂ ਆਪਣੇ ਹੱਥੋਂ ਕਤਲ ਹੋਈਆਂ ਆਪਣੀਆਂ ਹੀ ਮਾਵਾਂ, ਭੈਣਾਂ, ਧੀਆਂ ਦੇ ਨਾਮ ਪ੍ਰਕਰਮਾ ਵਿੱਚ ਲਿਖਾ ਮਾਨੋ ਆਪਣੇ ਪਾਪਾਂ ਦਾ ਪਸ਼ਚਾਤਾਪ ਨਹੀਂ ਕੀਤਾ ਸਗੋਂ ਪੰਥ ਨੂੰ ਬਲਦੀ ਭੱਠੀ ਵਿੱਚ ਸੁੱਟਣ ਵਾਲੇ ਆਗੂਆਂ ਦੇ ਮੂੰਹ ਤੇ ਕਰਾਰੀ ਚਪੇੜ ਮਾਰ, ਪੰਥ ਨੂੰ ਹਲੂਣਨ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਵੇਲਾ ਰਹਿੰਦੇ ਇਤਿਹਾਸ ਤੋਂ ਸਿੱਖ ਜਾਵੋ ਨਹੀਂ ਇਤਿਹਾਸ ਨੇ ਤੁਹਾਨੂੰ ਸਿੱਖਿਆ ਦੇਣ ਲਈ ਮੁੜ ਭਵਿੱਖ ਬਣ ਤੁਹਾਡੇ ਸਾਹਮਣੇ ਆਉਣ ਨੂੰ ਦੇਰ ਨਹੀਂ ਲਾਉਣੀ।

ਇਸ ਸਾਕੇ ਵਿੱਚ ਮਾਰੀਆਂ ਸੈਕੜੇਂ ਹੋਰ ਔਰਤਾਂ ਦੇ ਵਾਲੀ-ਵਾਰਸ ਵੀ ਮਾਰੇ ਜਾਣ ਕਾਰਣ ਉਹਨਾਂ ਦੇ ਨਾਮ ਨਿਸ਼ਾਨ ਵੀ ਬੇਅੰਤ ਹੋਰ ਪੰਜਾਬੀਆਂ ਵਾਂਗ “ਆਜ਼ਾਦੀ” ਦੀ “ਅੱਗ“ ਵਿੱਚ ਭਸਮ ਹੋ ਗਏ । ਸਿੰਘ ਸੂਰਮੇ ਅਤੇ ਬੀਬੀਆਂ ਆਪਣੇ ਬੱਚਿਆਂ ਦੇ ਸਮੇਤ ਧਰਮ ਦੀ ਖ਼ਾਤਰ ਸ਼ਹੀਦ ਹੋਏ ਹਨ। ਇਨਾਂ ਸਾਰਿਆਂ ਨੂੰ ਯਾਦ ਰੱਖਣਾ ਤੇ ਆਜ਼ਾਦੀ ਦੇ ਇਹਨਾਂ ਨਾਇਕਾਂ ਨੂੰ ਆਪਣੇ ਮਸਤਕ ਦਾ ਭਾਗ ਬਣਾਉਣਾ ਤਾਂ ਜੋ ਹੁਣ ਵਾਲੀ ਪੀੜ੍ਹੀ ਸੂਰਮਿਆਂ ਤੋਂ ਵਾਕਿਫ ਹੋਵੋ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜੋ ਕੌਮਾਂ ਆਪਣੀ ਵਿਰਾਸਤ ਤੋਂ ਮੁੱਖ ਮੋੜ ਲੈਂਦੀਆਂ ਹਨ ਉਨ੍ਹਾਂ ਦਾ ਵਿਨਾਸ਼ ਉਦੋਂ ਹੀ ਸ਼ੁਰੂ ਹੋ ਜਾਂਦਾ ਹੈ। ਸੋ ਅੱਜ ਜ਼ਰੂਰਤ ਹੈ ਹਰ ਇੱਕ ਸਿੱਖ ਨੂੰ ਇਤਿਹਾਸ ਨਾਲ ਜਾਣੂ ਹੋਣ ਦੀ, ਤਾਂ ਜੋ ਉਹ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਇਨ੍ਹਾਂ ਸਿੰਘ ਸੂਰਮਿਆਂ ਦੀਆਂ ਬਾਤਾਂ ਸੁਣਾ ਸਕੇ।

ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ?

(ਤਸਵੀਰ ਵਿਚਲੀ ਸਿੱਲ ਦਾ ਵੇਰਵਾਃ ਉੱਪਰ ਖੱਬੇ ਪਾਸੇ ਕੁਝ ਕੁ ਔਰਤਾਂ ਅਤੇ ਉਹਨਾਂ ਦਾ “ਕਾਤਲਾਂ” ਦੇ ਨਾਮ ਅਤੇ ਕਤਲ ਹੋਣ ਵਾਲੀਆਂ ਨਾਲ ਉਹਨਾਂ ਦਾ ਰਿਸ਼ਤਾ ਅੰਕਿਤ ਹੈ, ਉਸ ਦੇ ਥੱਲੇ ਕੁਝ ਕੁ ਉਹਨਾਂ ਬੀਬੀਆਂ ਦੇ ਨਾਮ ਦਰਜ ਹਨ ਜਿਨ੍ਹਾਂ ਨੇ ਖੁਦ ਹੀ (ਕੁਝ ਨੇ ਬੱਚਿਆਂ ਸਮੇਤ) ਖੂਹ ਵਿੱਚ ਛਾਲ ਮਾਰ ਜਾਨ ਦੀ ਆਹੂਤੀ ਦੇ ਦਿੱਤੀ। ਉਸ ਤੋਂ ਹੇਠਾਂ ਅਤੇ ਸਿੱਲ ਦੇ ਸੱਜੇ ਪਾਸੇ ਕੁਝ ਕੁ ਉਹਨਾਂ ਪਿੰਡ ਵਾਸੀਆਂ ਦੇ ਨਾਮ ਦਰਜ ਹਨ ਜੋ ਜਨੂੰਨੀਆਂ ਹੱਥੋਂ ਸ਼ਹੀਦ ਹੋ ਗਏ। ਸਾਕੇ ਵਿੱਚ ਮਰਨ ਵਾਲਿਆਂ ਵਿੱਚੋਂ ਇਹ ਨਿਗੂਣੀ ਜਿਹੀ ਗਿਣਤੀ ਅਗਰ ਇਸ ਸਿੱਲ ਤਾਂ ਨਾ ਉੱਕਰੀ ਜਾਂਦੀ ਤਾਂ ਸ਼ਾਇਦ ਇਹ ਸਾਕਾ ਸਾਡੀ ਸੁਰਤੀ ਵਿੱਚੋਂ ਪੂਰੀ ਤਰ੍ਹਾਂ ਗਾਇਬ ਹੋ ਜਾਣਾ ਸੀ, ਭਾਵੇਂ ਬਹੁਤੇ ਅਜੇ ਵੀ ਨਾਵਾਕਫ਼ ਹਨ। 

 

ਭਾਈ ਇਕਬਾਲ ਸਿੰਘ