32 ਸਾਲਾਂ ਬਾਅਦ ਦੋ ਖਾਲਿਸਤਾਨੀ ਨੇਤਾਵਾਂ ਸਿਮਰਨਜੀਤ ਸਿੰਘ ਮਾਨ ਅਤੇ ਰਾਜਦੇਵ ਸਿੰਘ ਖਾਲਸਾ ਵਿਚ ਹੋਈ ਮੁਕੰਮਲ ਏਕਤਾ

32 ਸਾਲਾਂ ਬਾਅਦ ਦੋ ਖਾਲਿਸਤਾਨੀ ਨੇਤਾਵਾਂ  ਸਿਮਰਨਜੀਤ ਸਿੰਘ ਮਾਨ ਅਤੇ ਰਾਜਦੇਵ ਸਿੰਘ ਖਾਲਸਾ ਵਿਚ ਹੋਈ ਮੁਕੰਮਲ ਏਕਤਾ

 ਮਾਨ ਨੇ  ਖਾਲਸਾ ਨੂੰ ਵਿਧਾਨ ਸਭਾ ਲਈ ਬਣਾਇਆ ਪਾਰਟੀ ਉਮੀਦਵਾਰ
     ਮੈਂ ਮਾਨ ਨੂੰ ਕੇਂਦਰੀ ਵਜਾਰਤ ਵਿਚ ਮੰਤਰੀ ਅਤੇ ਪੰਜਾਬ ਦਾ ਮੁੱਖ ਮੰਤਰੀ ਦੇਖਣ ਦਾ                                         ਇੱਛਕ ਹਾਂ -ਖਾਲਸਾ       
                         

ਲੋਕ ਸਭਾ ਹਲਕਾ ਸੰਗਰੂਰ ਦੀ ਜਿਮਨੀ ਚੋਣ ਨੇ 32 ਸਾਲਾਂ ਤੋ ਵੱਖ ਹੋਏ ਖਾਲਸਾ ਪੰਥ ਅਤੇ ਖਾਲਿਸਤਾਨ ਦੇ ਹਾਮੀ ਦੋ ਵੱਡੇ ਆਗੂਆਂ ਨੂੰ ਮੁੜ ਤੋਂ ਇੱਕ ਕਰ ਦਿੱਤਾ ਹੈ।ਸੰਗਰੂਰ ਤੋਂ ਉਮੀਦਵਾਰ ਅਤੇ ਸ੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ  ਸਿਮਰਨਜੀਤ ਸਿੰਘ ਮਾਨ ਨੂੰ ਉਸ ਮੌਕੇ ਵੱਡਾ ਹੁਲਾਰਾ ਮਿਲਿਆ ਜਦੋਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਫੌਜਦਾਰੀ ਕੇਸਾਂ ਦੇ  ਵਕੀਲ ਰਾਜਦੇਵ ਸਿੰਘ ਖਾਲਸਾ ਨੇ ਮਾਨ ਦੀ ਹਮਾਇਤ ਦਾ ਐਲਾਨ ਕਰ ਦਿੱਤਾ।ਬੀਤੇ ਦਿਨੀਂ ਰਾਜਦੇਵ ਸਿੰਘ ਖਾਲਸਾ ਦੇ ਘਰ ਪਹੁੰਚੇ ਸਿਮਰਨਜੀਤ ਸਿੰਘ ਮਾਨ ਨੇ ਰਾਜਦੇਵ ਸਿੰਘ ਖਾਲਸਾ ਦੇ ਨਾਲ ਇਕੱਠਿਆਂ ਬੈਠ ਕੇ ਸਾਂਝੇ ਤੌਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਇਤਿਹਾਸਕ ਏਕਤਾ ਦਾ ਇੰਕਸਾਫ ਕੀਤਾ। ਖਾਲਸਾ ਨੇ ਕਿਹਾ ਕਿ  ਮਾਨ ਦੀ ਸੋਚ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਅਤੇ ਕੌਮੀ ਘਰ ਖਾਲਿਸਤਾਨ ਲਈ ਮਾਨ ਵੀ ਲੜਾਈ ਲੜ ਰਹੇ ਹਨ ਅਤੇ ਮੈ ਵੀ ਕੌਮੀ ਘਰ ਲਈ ਦ੍ਰਿੜ ਸੰਕਲਪ ਹਾਂ।ਉਹਨਾਂ ਕਿਹਾ ਕਿ ਭਾਵੇਂ ਅਸੀ 32 ਸਾਲਾਂ ਦੇ ਲੰਮੇ ਵਕਫੇ ਬਾਅਦ ਇਕੱਠੇ ਹੋਏ ਹਾਂ,ਪਰੰਤੂ ਮਾਨ ਉਦੋਂ ਵੀ ਸਾਡਾ ਆਗੂ ਸੀ ਤੇ ਅੱਜ ਵੀ ਆਗੂ ਹੈ।

ਉਹਨਾਂ  ਮਾਨ ਦੀ ਜਿੱਤ ਲਈ ਜੀਅ ਜਾਨ ਨਾਲ ਮਿਹਨਤ ਕਰਨ ਦੀ ਹਾਮੀ ਭਰਦਿਆਂ ਕਿਹਾ ਕਿ ਮੈਂ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦਾ ਹਾਂ ਅਤੇ ਕੇਂਦਰੀ ਵਜਾਰਤ ਵਿੱਚ ਵੀ ਮੰਤਰੀ ਦੇਖਣਾ ਚਾਹੁੰਦਾ ਹਾਂ,ਤਾਂ ਕਿ ਪੰਜਾਬ ਅਤੇ ਪੰਥ ਦੇ ਹਿਤਾਂ ਦੀ ਗੱਲ ਜੋਰ ਨਾਲ ਉਠਾਈ ਜਾ ਸਕੇ। ਖਾਲਸਾ ਨੇ ਕਿਹਾ ਕਿ  ਮਾਨ ਦੇ ਚੋਣ ਪ੍ਰਚਾਰ ਦੌਰਾਨ ਪੰਥ ਦਾ ਸਭ ਤੋ ਵੱਧ ਨੁਕਸਾਨ ਕਰਨ ਵਾਲੇ ਅਕਾਲੀ ਦਲ ਬਾਦਲ ਸਮੇਤ ਸਿੱਖ ਵਿਰੋਧੀ ਭਾਜਪਾ ਤੇ ਆਪ ਮੇਰੇ ਨਿਸਾਨੇ ਤੇ ਰਹਿਣਗੇ।ਭਾਜਪਾ ਨਾਲੋਂ ਨਾਤਾ ਤੋੜਨ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਖਾਲਸਾ ਨੇ ਕਿਹਾ ਕਿ ਭਾਜਪਾ ਸਭ ਤੋ ਵੱਧ ਸਿੱਖ ਵਿਰੋਧੀ ਪਾਰਟੀ ਹੈ।ਭਾਜਪਾ ਦੇ ਸੰਗਠਨ ਮੰਤਰੀ ਬੀ ਐਲ ਸੰਤੋਸ਼,ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਪੰਜਾਬ ਦੇ ਇੰਚਾਰਜ ਬਸੰਤ ਗੌਤਮ ਤੇ ਸਿੱਖ ਵਿਰੋਧੀ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਹ ਤਿੰਨੇ ਆਗੂ ਸਭ ਤੋਂ ਵੱਡੇ ਸਿੱਖ ਵਿਰੋਧੀ ਹਨ,ਜਿਹੜੇ ਕਹਿੰਦੇ ਹਨ ਕਿ ਸਾਡੀ ਪਾਰਟੀ ਨੂੰ ਗਾਤਰੇ ,ਕਿਰਪਾਨ ਅਤੇ ਦਾਹੜਾ ਪਰਕਾਸ਼ ਕਰਨ ਵਾਲੇ ਸਿੱਖ ਨੇਤਾਵਾਂ ਦੀ ਜਰੂਰਤ ਨਹੀ ਹੈ।ਉਹਨਾਂ ਕਿਹਾ ਕਿ ਮੈਂ ਸੰਤ ਭਿੰਡਰਾਂ ਵਾਲਿਆਂ ਦੀ ਵਿਚਾਰਧਾਰਾ ਤੇ ਪਹਿਰ ਦੇਣ ਲਈ ਵਚਨਵੱਧ ਹਾਂ। ਇਸ ਤੋ ਉਪਰੰਤ  ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਰਾਜਦੇਵ ਪੰਥ ਦੇ ਸਿਰਕੱਢ ਆਗੂ,ਵਕੀਲ ਅਤੇ ਸਾਬਕਾ ਪਾਰਲੀਮੈਂਟ ਮੈਂਬਰ ਹਨ,ਜਿੰਨਾਂ ਦੇ ਸਾਡੀ ਪਾਰਟੀ ਵਿਚ ਸ਼ਾਮਲ ਹੋਣ ਨਾਲ ਮੈਨੂੰ ਵੱਡਾ ਹੁਲਾਰਾ ਤਾਂ ਮਿਲਿਆ ਹੈ,ਨਾਲ ਹੀ ਬਰਨਾਲੇ ਤੋਂ ਆਉਣ ਵਾਲੀ ਵਿਧਾਨ ਸਭਾ ਲਈ ਇੱਕ ਤਜ਼ਰਬੇਕਾਰ ਸਿੱਖ ਆਗੂ ਉਮੀਦਵਾਰ ਦੇ ਰੂਪ ਵਿਚ ਵੀ ਮਿਲਿਆ ਹੈ।ਉਹਨਾਂ ਕਿਹਾ ਖਾਲਸੇ ਵਰਗੇ ਨਿਧੱੜਕ ਪੰਥਕ ਸੋਚ ਵਾਲ ਸਿੱਖਾਂ ਆਗੂਆਂ ਦਾ ਵਿਧਾਨ ਸਭਾ ਵਿਚ ਜਾਣਾ ਵੀ ਬੇਹੱਦ ਜਰੂਰੀ ਹੈ।ਉਹਨਾਂ ਕਿਹਾ ਅਜੇ ਤੱਕ ਕੋਈ ਵੀ ਅਜਿਹਾ ਸਿੱਖ ਆਗੂ ਜਿੱਤ ਕੇ ਵਿਧਾਨ ਸਭਾ ਵਿੱਚ ਨਹੀ ਗਿਆ,ਜਿਹੜਾ ਪੁੱਛ ਸਕੇ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਿਵੇਂ ਸ਼ਹੀਦ ਹੋਏ ਹਨ ਅਤੇ ਉਹਨਾਂ ਦੀਆਂ ਅੰਤਮ ਰਸਮਾਂ ਕਿੱਥੇ ਅਤੇ ਕਦੋਂ ਕੀਤੀਆਂ ਗਈਆਂ ਹਨ। ਮੈਨੂੰ ਪੂਰਨ ਆਸ ਹੈ ਕਿ ਖਾਲਸਾ ਬਰਨਾਲਾ ਤੋ ਜਿੱਤ ਪਰਾਪਤ ਕਰਕੇ ਵਿਧਾਨ ਸਭਾ ਚ ਕੌਮ ਦੀ ਅਵਾਜ਼ ਬਨਣਗੇ। ਜਿਕਰਯੋਗ ਹੈ 1989 ਦੀ ਇਤਿਹਾਸਕ ਜਿੱਤ ਤੋਂ ਬਾਅਦ ਦੋਨੋ ਆਗੂਆਂ ਵਿੱਚ ਮੱਤਭੇਦ ਪੈਦਾ ਹੋ ਗਏ ਸਨ,ਜਿਸ ਦੇ ਚੱਲਦਿਆਂ 32 ਸਾਲਾਂ ਤੱਕ ਦੋਨੋ ਇੱਕ ਦੂਜੇ ਤੋ ਵੱਖ ਚੱਲੇ ਆ ਰਹੇ ਸਨ,ਪਰ ਸੰਗਰੂਰ ਦੀ ਜਿਮਨੀ ਚੋਣ ਦੌਰਾਨ ਸਿੱਖ ਕੌਮ ਦੇ ਸੰਘਰਸ਼ੀ ਨੌਜਵਾਨ ਤੇ ਸੀਨੀਅਰ ਪੱਤਰਕਾਰ ਜੱਸਾ ਸਿੰਘ  ਮਾਣਕੀ ਅਤੇ  ਸਾਬਕਾ ਸਰਪੰਚ ਸੁਰਿੰਦਰ ਸਿੰਘ ਪੱਪੀ ਪੰਡੋਰੀ ਦੇ ਯਤਨਾਂ ਸਦਕਾ ਇਹ ਇਤਿਹਾਸਕ ਏਕਤਾ ਸੰਭਵ ਹੋ ਸਕੀ ਹੈ। ਸਵਾ ਤਿੰਨ ਦਹਾਕਿਆਂ ਤੋ ਬਾਅਦ ਹੋਈ ਇਸ ਏਕਤਾ ਤੋ ਦੋਵੇਂ ਆਗੂ ਖੁਸ਼ ਅਤੇ ਸੰਤੁਸ਼ਟ ਦਿਖਾਈ ਦੇ ਰਹੇ ਸਨ।

 

ਬਘੇਲ ਸਿੰਘ ਧਾਲੀਵਾਲ

       ਬਰਨਾਲਾ