ਵਾਈਟ ਸੁਪਰਮੇਸੀ ਗਰੁੱਪ ਪੈਟਰੀਆਟ ਦੇ 31 ਮੈਂਬਰ ਦੰਗੇ ਕਰਵਾਉਣ ਦੀ ਸਾਜਿਸ਼ ਰਚਣ ਦੇ ਦੋਸ਼ਾਂ ਤਹਿਤ ਗਿ੍ਫਤਾਰ

ਵਾਈਟ ਸੁਪਰਮੇਸੀ ਗਰੁੱਪ ਪੈਟਰੀਆਟ ਦੇ 31 ਮੈਂਬਰ ਦੰਗੇ ਕਰਵਾਉਣ ਦੀ ਸਾਜਿਸ਼ ਰਚਣ ਦੇ ਦੋਸ਼ਾਂ ਤਹਿਤ ਗਿ੍ਫਤਾਰ

* ਟਰੱਕ ਵਿਚ ਸਵਾਰ ਹੋ ਕੇ ਅਮਰੀਕਾ ਦੇ ਲਦਾਹੋ ਰਾਜ ਵਿਚ ਹਥਿਆਰਾਂ ਸਮੇਤ ਹੋਏ ਸਨ ਦਾਖਲ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 13 ਜੂਨ (ਹੁਸਨ ਲੜੋਆ ਬੰਗਾ)-ਲਦਾਹੋ ਰਾਜ ਵਿਚ ਪੁਲਿਸ ਨੇ ਯੂ- ਹਾਲ ਟਰੱਕ ਵਿਚ ਸਵਾਰ ਹੋ ਕੇ ਅਮਰੀਕਾ ਦੇ ਵੱਖ ਵੱਖ ਰਾਜਾਂ ਤੋਂ ਆਏ ਵਾਈਟ ਸੁਪਰਮੇਸੀ ਗਰੁੱਪ ‘ਪੈਟਰੀਆਟ’ ਦੇ 31 ਮੈਂਬਰਾਂ ਨੂੰ ਦੰਗੇ ਕਰਵਾਉਣ ਦੀ ਸਾਜਿਸ਼ ਰਚਣ ਦੇ ਦੋਸ਼ਾਂ ਤਹਿਤ ਗਿ੍ਰਫਤਾਰ ਕੀਤਾ ਹੈ।   ਪੁਲਿਸ ਅਨੁਸਾਰ ਇਹ ਵਿਅਕਤੀ ਟਰੱਕ ਦੇ ਪਿਛਲੇ ਹਿੱਸੇ ਵਿਚੋਂ ਗਿ੍ਰਫਤਾਰ ਕੀਤੇ ਗਏ ਹਨ।  ਇਨ੍ਹਾਂ ਨੇ ਖਾਕੀ ਪੈਂਟਾਂ ਤੇ ਗੂੜੇ੍ਹ ਨੀਲੇ ਰੰਗ ਦੀਆਂ ਸ਼ਰਟਾਂ ਤੇ ਖਾਕੀ ਰੰਗ ਦੇ ਹੈਟ ਪਾਏ ਹੋਏ ਸਨ ਤੇ ਆਪਣੇ ਮੂੰਹ  ਢੱਕੇ ਹੋਏ ਸਨ।  ਕੋਉਰਡ ਅਲੇਨ (ਲਦਾਹੋ) ਦੇ ਪੁਲਿਸ ਮੁੱਖੀ ਲੀ ਵਾਈਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਵਿਅਕਤੀ ਲਦਾਹੋ ਦੇ ਅੰਦਰਲੇ ਹਿੱਸਿਆਂ ਵਿਚ ਦੰਗੇ ਭੜਕਾਉਣ ਦੇ ਮਕਸਦ ਨਾਲ ਆਏ ਸਨ। ਪੁਲਿਸ ਮੁੱਖੀ ਅਨੁਸਾਰ ਇਨ੍ਹਾਂ ਨੂੰ ਦੰਗੇ ਕਰਵਾਉਣ ਦੀ ਸਾਜਿਸ਼ ਰਚਣ ਦੇ ਅਪਰਾਧ ਤਹਿਤ ਇਕ ਚਲ ਰਹੇ ਸਮਾਗਮ ਨੇੜਿਉਂ ਗਿ੍ਰਫਤਾਰ ਕੀਤਾ ਗਿਆ ਹੈ। ਇਕੱਠੇ ਕੀਤੇ ਗਏ ਸਬੂਤ ਤੇ ਦਸਤਾਵੇਜਾਂ ਦੇ ਆਧਾਰ ’ਤੇ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਇਸ ਗਰੁੱਪ ਦੀ ਡਾਊਨਟਾਊਨ ਖੇਤਰਾਂ ਵਿਚ ਦੰਗੇ ਕਰਵਾਉਣ ਦੀ ਯੋਜਨਾ ਸੀ।

ਪੁਲਿਸ ਨੇ ਟਰੱਕ ਵਿਚੋਂ ਹਥਿਆਰ, ਇਕ ਸਮੋਕ ਗਰਨੇਡ ਤੇ ਢਾਲਾਂ ਬਰਾਮਦ ਕੀਤੀਆਂ ਹਨ। ਪੁਲਿਸ ਮੁੱਖੀ ਅਨੁੁਸਾਰ ਇਨ੍ਹਾਂ ਦੇ ਟੋਪਾਂ ਉਪਰ ਲਾਏ ਲੋਗੋ ਤੋਂ ਇਨ੍ਹਾਂ ਦੇ ਪੈਟਰੀਆਟ ਗਰੁੱਪ ਦੇ ਮੈਂਬਰ ਹੋਣ ਵਜੋਂ ਪਛਾਣ ਕੀਤੀ ਗਈ ਹੈ। ਪੁਲਿਸ ਨੂੰ ਇਕ ਮੁਖਬਰ ਨੇ ਸ਼ੱਕੀ ਟਰੱਕ ਬਾਰੇ ਜਾਣਕਾਰੀ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਦੀਆਂ ਸ਼ਰਟਾਂ ਦੇ ਪਿਛਲੇ ਪਾਸੇ ‘ਰੀਕਲੇਮ ਅਮੈਰੀਕਾ’ ਲਿਖਿਆ ਹੋਇਆ ਹੈ। ਵਾਈਟ ਨੇ ਦੱਸਿਆ ਕਿ ਇਹ ਵਿਅਕਤੀ ਵਾਸ਼ਿੰਗਟਨ, ਓਰੇਗੋਨ, ਟੈਕਸਾਸ, ਉਟਾਹ, ਕੋਲੋਰਾਡੇ, ਸਾਊਥ ਡਕੋਟਾ, ਵਰਜੀਨੀਆ ਤੇ ਅਰਕਨਸਾਸ ਸਮੇਤ 11 ਰਾਜਾਂ ਤੋਂ ਆਏ ਹਨ। ਇਨ੍ਹਾਂ ਵਿਚ ਸਥਾਨਕ ਲਦਾਹੋ ਤੋਂ ਕੇਵਲ ਇਕ ਵਿਅਕਤੀ ਸ਼ਾਮਿਲ ਸੀ।