ਸੁਪਰੀਮ ਕੋਰਟ ਦੇ ਬਦਲੇ ਰੁਖ ਤੇ ਵਿਰੋਧੀਆਂ ਦੇ ਗਠਜੋੜ ਇੰਡੀਆ ਕਾਰਣ ਭਾਜਪਾ ਘਬਰਾਹਟ ਵਿਚ

ਸੁਪਰੀਮ ਕੋਰਟ ਦੇ ਬਦਲੇ ਰੁਖ ਤੇ ਵਿਰੋਧੀਆਂ ਦੇ ਗਠਜੋੜ ਇੰਡੀਆ ਕਾਰਣ ਭਾਜਪਾ  ਘਬਰਾਹਟ ਵਿਚ

ਅੱਜਕੱਲ ਰਾਜਗੱਦੀ ਦਾ ਸੁਖ ਭੋਗ ਰਹੀ ਭਾਜਪਾ ਜਿੰਨੀ ਘਬਰਾਹਟ ਵਿੱਚ ਹੈ, ਇੰਨੀ ਘਬਰਾਹਟ ਵਿੱਚ ਉਹ ਪਹਿਲਾਂ ਨਹੀਂ ਦਿਸੀ।

ਇਹ ਘਬਰਾਹਟ ਉਸ ਵਿੱਚ ਜਿਉਂ ਦੀ ਤਿਉਂ ਵੀ ਕਾਇਮ ਹੈ ਬਾਵਜੂਦ ਵਿਰੋਧੀ ਪਾਰਟੀਆਂ ਨੂੰ ਤੋੜਨ ਦੇ। ਜਿਵੇਂ ਉਸ ਨੇ ਪਹਿਲਾਂ ਠਾਕਰੇ ਸਾਹਿਬ ਦੀ ਸ਼ਿਵ ਸੈਨਾ ਤੋੜੀ ਅਤੇ ਸ਼ਿਵ ਸੈਨਿਕ ਸ਼ਿੰਦੇ ਨੂੰ ਅੱਗੇ ਲਾਇਆ ਅਤੇ ਹਮਾਇਤ ਦੇ ਕੇ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਠਾਇਆ। ਫਿਰ ਸ਼ਰਦ ਪਵਾਰ ਦੇ ਘਰ ਡਾਕਾ ਮਾਰ ਕੇ ਅਜੀਤ ਪਵਾਰ ਪ੍ਰਾਪਤ ਕੀਤਾ। ਅਜੀਤ ਨੂੰ ਆਉਂਦਿਆਂ ਹੀ ਉਪ ਮੁੱਖ ਮੰਤਰੀ ਅਤੇ ਉਸ ਦੇ ਬਾਕੀ ਸਾਥੀਆਂ ਨੂੰ ਛੋਟੀਆਂ-ਵੱਡੀਆਂ ਵਜ਼ੀਰੀਆਂ ਦੇ ਕੇ ਸਨਮਾਨਿਤ ਕੀਤਾ, ਜਦੋਂ ਕਿ ਇਨ੍ਹਾਂ ਤੋਂ ਪਹਿਲਾਂ ਬੈਠੇ ਸ਼ਿਵ ਸੈਨਿਕ ਉਡੀਕਵਾਨ ਅੱਜ ਤਕ ਉਡੀਕ ਹੀ ਰਹੇ ਹਨ। ਹੁਣ ਲਗਦਾ ਹੈ ਕਿ ਉਨ੍ਹਾਂ ਦੇ ਸਬਰ ਦਾ ਪਿਆਲਾ ਭਰ ਗਿਆ ਹੈ, ਕਿਸੇ ਪਲ ਵੀ ਉੱਛਲ ਸਕਦਾ ਹੈ। ਸ਼ਰਦ ਪਵਾਰ ਨੂੰ ਛੱਡਣ ਵਾਲੇ ਕੁਝ ਮੈਂਬਰ ਘਰ ਵਾਪਸੀ ਕਰ ਰਹੇ ਹਨ। ਹੁਣ ਜਾਪਦਾ ਹੈ ਕਿ ਭਾਜਪਾ ਨੂੰ ਇਹ ਖੇਡ ਰਾਸ ਨਹੀਂ ਆਵੇਗੀ। ਸ਼ਰਦ ਪਵਾਰ ਵੀ ਪੁਰਾਣੇ ਤਜਰਬੇਕਾਰ ਹੋਣ ਕਰਕੇ ਉਹਨਾਂ ਨੂੰ ਛੱਡ ਗਏ ਮੈਂਬਰਾਂ ਦਾ ਕਾਫ਼ੀਆ ਕਾਫੀ ਤੰਗ ਕਰ ਦਿੱਤਾ ਹੈ ਅਤੇ ਉਨ੍ਹਾਂ ’ਤੇ ਦਲਬਦਲੀ ਦੀ ਤਲਵਾਰ ਲਟਕਾ ਦਿੱਤੀ ਹੈ।

ਪਾਰਟੀਆਂ ਨੂੰ ਤੋੜ ਕੇ ਆਪਣੇ ਖੇਮੇ ਵਿੱਚ ਲਿਆਉਣ ਤੋਂ ਬਾਅਦ ਵੀ ਭਾਜਪਾ ਦੀ ਘਬਰਾਹਟ ਜਿਉਂ ਦੀ ਤਿਉਂ ਹੈ, ਇਹ ਰਹਿਣੀ ਵੀ ਹੈ, ਕਾਰਨ, ਸਿਖਰਲੀ ਅਦਾਲਤ ਨੇ ਕਾਨੂੰਨ ਦੀ ਬਿਨਾਂ ਕਿਸੇ ਭੈਅ ਦੇ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸਦਾ ਅਸਰ ਥੱਲੇ ਤਕ ਆਉਣਾ ਲਾਜ਼ਮੀ ਹੈ। ਪਾਠਕ ਜ਼ਰਾ ਧਿਆਨ ਦੇਣ ਅਤੇ ਸਮਝਣ ਦੀ ਕੋਸ਼ਿਸ਼ ਕਰਨ, ਹਾਲੇ ਹਫ਼ਤਾ ਕੁ ਪਹਿਲਾਂ ਦੀ ਗੱਲ ਹੈ ਕਿ ਕਿਵੇਂ ਚੀਫ ਜਸਟਿਸ ਨੇ ਇੱਕ ਪਟੀਸ਼ਨ ’ਤੇ ਸੁਣਾਈ ਕਰਦਿਆਂ ਈ ਡੀ ਦੇ ਮੁਖੀ ਦੀ ਤੀਜੀ ਵਾਰ ਵਧਾਈ ਮਿਆਦ ਨੂੰ ਇੱਕਦਮ ਖ਼ਾਰਜ ਕਰ ਦਿੱਤਾ ਅਤੇ ਕਿਹਾ ਅਜਿਹਾ ਕਦੀ ਹੋ ਹੀ ਨਹੀਂ ਸਕਦਾ। ਉਨ੍ਹਾਂ ਆਪਣੇ ਹੁਕਮ ਵਿੱਚ ਕਿਹਾ ਹੈ ਕਿ ਮੌਜੂਦਾ ਈ ਡੀ ਮੁਖੀ ਇਸ ਮਹੀਨੇ ਦੇ ਅੰਤ ਤਕ ਹੀ ਆਪਣੇ ਅਹੁਦੇ ’ਤੇ ਰਹੇਗਾ, ਬਾਅਦ ਵਿੱਚ ਨਹੀਂ। ਭਾਵ ਜਿਸ ਗੱਲ ਦੀ ਸੰਵਿਧਾਨ ਆਗਿਆ ਨਹੀਂ ਦਿੰਦਾ, ਉਹ ਬਿਲਕੁਲ ਨਹੀਂ ਹੋ ਸਕਦਾ। ਨਾਲ ਹੀ ਕੇਂਦਰੀ ਸਰਕਾਰ ਨੂੰ ਕਿਹਾ ਗਿਆ ਹੈ ਕਿ ਇਸ ਮਹੀਨੇ ਦੇ ਅੰਤ ਤਕ ਨਵੇਂ ਈ ਡੀ ਮੁਖੀ ਦੀ ਜ਼ਰੂਰੀ ਭਾਲ ਕੀਤੀ ਜਾਵੇ।

ਸ਼ਾਇਦ ਪਾਠਕਾਂ ਦੇ ਧਿਆਨ ਵਿੱਚ ਹੋਵੇ ਕਿ ਮੌਜੂਦਾ ਈ ਡੀ ਮੁਖੀ ਸ੍ਰੀ ਸੰਜੇ ਮਿਸ਼ਰਾ ਉਹ ਮੁਖੀ ਸੀ, ਜਿਹੜਾ ਸਰਕਾਰ ਦੇ ਇਸ਼ਾਰੇ ’ਤੇ ਸਭ ਵਿਰੋਧੀ ਪਾਰਟੀਆਂ ਨੂੰ ਅਤੇ ਖਾਸ ਕਰ ਸ੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਆਮ ਆਦਮੀ ਪਾਰਟੀ ਦੇ ਮਨੀਸ਼ ਸਿਸੋਦੀਆਂ ਅਤੇ ਉਨ੍ਹਾਂ ਦੇ ਹੀ ਸਿਹਤ ਮੰਤਰੀ ਸ੍ਰੀ ਸਤਿੰਦਰ ਜੈਨ ਨੂੰ ਕਾਫ਼ੀ ਤੰਗ ਕਰਦਾ ਆਇਆ ਹੈ। ਕਾਰਨ, ਈ ਡੀ ਦੀਆਂ ਨਜ਼ਰਾਂ ਵਿੱਚ ਸਭ ਇੱਕੋ ਜਿਹੇ ਨਹੀਂ ਹਨ। ਰਾਜ ਕਰਦੀ ਪਾਰਟੀ ਦੇ ਵਿਅਕਤੀਆਂ ਨਾਲ ਵੱਖਰਾ ਅਤੇ ਵਿਰੋਧੀ ਪਾਰਟੀਆਂ ਦੇ ਕਾਰਕੁੰਨਾਂ ਨਾਲ ਵੱਖਰੀ ਤਰ੍ਹਾਂ ਪੇਸ਼ ਆਉਂਦੇ ਹਨ। ਭਾਵੇਂ ਨਵਾਂ ਈ ਡੀ ਮੁਖੀ ਵੀ ਸਰਕਾਰ ਮੁਖੀ ਹੀ ਨਿਕਲੇਗਾ, ਪਰ ਚੀਫ ਜਸਟਿਸ ਦਾ ਮੂਡ ਸਭ ਨੇ ਭਾਂਪ ਲਿਆ ਹੈ। ਹੋਰ ਵੰਨਗੀ ਦੇਖੋ। ਸਟੂਡੈਂਟ ਲੀਡਰ ਖਾਲਿਦ ਦੀ ਜ਼ਮਾਨਤ ਦੀ ਅਰਜ਼ੀ ਦੌਰਾਨ ਜਦੋਂ ਵਕੀਲ ਨੇ ਕਿਹਾ ਕਿ ਤਾਰੀਖ ਹੋਰ ਲੰਮੇਰੀ ਕਰ ਦਿਓ, ਕਾਰਨ ਅਦਾਲਤ ਕੋਲ ਕੰਮ ਕਾਫ਼ੀ ਹੈ। ਇਸ ’ਤੇ ਜੱਜ ਸਾਹਿਬ ਨੇ ਉੱਤਰ ਵਿੱਚ ਕਿਹਾ, ਉਸ ਮਿਥੀ ਤਾਰੀਖ ’ਤੇ ਤੁਸੀਂ ਪੂਰੀ ਤਿਆਰੀ ਵਿੱਚ ਆਓ, ਅਦਾਲਤ ਦੇ ਜ਼ਿਆਦਾ ਕੰਮ ਦਾ ਤੁਸੀਂ ਫਿਕਰ ਨਾ ਕਰੋ। ਇੱਕ ਨਾਗਰਿਕ ਦੀ ਆਜ਼ਾਦੀ ਦੇ ਹੱਕਾਂ ਦਾ ਸਵਾਲ ਹੈ।

ਸਭ ਜਾਣਦੇ ਹਨ ਕਿ ਜਿਵੇਂ ਜੰਮੂ-ਕਸ਼ਮੀਰ ਵਿੱਚ 370 ਦੀ ਧਾਰਾ ਥੱਲੇ ਕਾਰਵਾਈ ਕਰਕੇ ਮਿੰਟਾਂ ਵਿੱਚ ਹੀ ਇੱਕ ਵਸਦੇ-ਰਸਦੇ ਲੋਕਾਂ ਦੇ ਮਾਲਕ ਸੂਬੇ ਨੂੰ ਅਧਿਕਾਰਾਂ ਤੋਂ ਮਹਿਰੂਮ ਕਰਕੇ ਜੰਮੂ ਕਸ਼ਮੀਰ ਨੂੰ ਕੇਂਦਰ ਦੀ ਰਖੇਲ ਬਣਾ ਦਿੱਤਾ। ਉਸ ਬਾਰੇ ਜਿੰਨੀਆਂ ਵੀ ਪਟੀਸ਼ਨਾਂ ਸਨ, ਉਨ੍ਹਾਂ ਨੂੰ ਇਕਠਾ ਕਰਕੇ ਦੋ ਅਗਸਤ ਨੂੰ ਸੁਣਾਈ ਲਈ ਸਮਾਂ ਵੱਧ ਕਰ ਦਿੱਤਾ ਹੈ ਅਤੇ ਜੁਲਾਈ ਵਿੱਚ ਮਿਥੀ ਤਾਰੀਖ ਤਕ ਸਭ ਨੂੰ ਜਵਾਬ ਫਾਈਲ ਕਰਨ ਨੂੰ ਕਹਿ ਦਿੱਤਾ ਹੈ। ਇਹ ਸੁਣਾਈ ਚੀਫ ਜਸਟਿਸ ਸ੍ਰੀ ਚੰਦਰਚੂੜ ਤੋਂ ਇਲਾਵਾ ਚਾਰ ਹੋਰ ਜੱਜਾਂ ਦੀ ਬੈਂਚ ਲਗਾਤਾਰ ਕਰੇਗੀ, ਕੇਂਦਰੀ ਸਰਕਾਰ ਦੀ ਧੜਕਣ ਇਸ ਕਰਕੇ ਵੀ ਤੇਜ਼ ਹੋ ਗਈ ਹੈ। ਇਹ ਵੀ ਸਭ ਜਾਣਦੇ ਹਨ ਕਿ ਕਿਵੇਂ ਸੁਪਰੀਮ ਕੋਰਟ ਦੀ ਹਦਾਇਤ ’ਤੇ ਪਹਿਲਵਾਨਾਂ ਦੀ ਜਥੇਬੰਦੀ ਦੇ ਮੁਖੀ ਖ਼ਿਲਾਫ਼ ਨਾਬਾਲਗ ਤੇ ਬਾਲਗ ਪਹਿਲਵਾਨ ਬੇਟੀਆਂ ਦੀ ਸ਼ਿਕਾਇਤ ਆਖਰ ਐੱਫ ਆਈ ਆਰ ਵਿੱਚ ਤਬਦੀਲ ਹੋਈ। ਚਲਾਣ ਦੇ ਦਿੱਤਾ ਗਿਆ। ਇੱਕ ਸੌ ਚੌਹਟ ਸੀ ਆਰ ਪੀ ਸੀ ਹੇਠ ਜੱਜ ਸਾਹਮਣੇ ਬਿਆਨ ਦਰਜ ਹੋ ਚੁੱਕੇ ਹਨ। ਕਿਸੇ ਸਟੇਜ ’ਤੇ ਜੋ ਨਾਬਾਲਗ ਨੇ ਆਪਣੇ ਬਿਆਨ ਵਾਪਸ ਲੈਣ ਦੀ ਗੱਲ ਕੀਤੀ ਸੀ, ਉਸ ਦਾ ਵੀ ਹੁਣ ਫ਼ੈਸਲਾ ਅਦਾਲਤ ਕਰੇਗੀ। ਜਿਹੜਾ ਦੋਸ਼ੀ ਕਸੂਰਵਾਰ ਸਾਬਤ ਹੋਣ ’ਤੇ ਆਪ ਫਾਂਸੀ ਲਾਉਣ ਦੀ ਗੱਲ ਕਰਦਾ ਸੀ, ਉਹ ਸ਼ਿਕੰਜੇ ਵਿੱਚ ਫਸਦਾ ਦਿਖਾਈ ਦੇ ਰਿਹਾ ਹੈ।

ਰਾਜ ਕਰਦੀ ਪਾਰਟੀ ਵਿਰੋਧੀ ਗਠਜੋੜ ਇੰਡੀਆ ਤੋਂ ਵੀ ਫਿਕਰਮੰਦ ਹੈ । ਸੰਸਾਰ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਭਾਜਪਾ, ਜਿਸ ਨੂੰ ਸਿਰਫ਼ ਇੱਕ ਜੋੜੀ ਹੀ ਚਲਾ ਰਹੀ ਹੈ, ਉਹ ਉਸ ਚੀਫ ਜਸਟਿਸ ਆਫ ਸੁਪਰੀਮ ਕੋਰਟ ਦੇ ਸ੍ਰੀ ਚੰਦਰਚੂੜ ਤੋਂ ਭੈਅ-ਭੀਤ ਲਗਦੀ ਹੈ, ਜੋ ਆਪਣੇ ਅਤੇ ਆਪਣੇ ਪਿਤਾ ਜੀ ਦੇ ਫੈਸਲੇ ਵੀ ਉਲਟਾਉਂਦਾ ਆ ਰਿਹਾ ਹੈ। ਜਿਹੜਾ 2024 ਦੀਆਂ ਚੋਣਾਂ ਤੋਂ ਬਾਅਦ ਨਵੰਬਰ ਵਿੱਚ ਰਿਟਾਇਡ ਹੋਵੇਗਾ, ਦਿਨੋ-ਦਿਨ ਜਿਵੇਂ ਹਾਲਾਤ ਸਾਜ਼ਗਾਰ ਹੋ ਰਹੇ ਹਨ, ਉਸ ਮੁਤਾਬਕ ਇਹ ਵਿਰੋਧੀਆਂ ਦਾ ਇਕੱਠ ਹੋਰ ਵੱਡਾ ਹੁੰਦਾ ਜਾਵੇਗਾ। ਸਾਨੂੰ ਤਦ ਤਕ ਸਬਰ ਨਾਲ ਉਡੀਕ ਅਤੇ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ ਹਨ। ਲੋਕ ਪੱਖੀ ਮੁੱਦਿਆਂ ’ਤੇ ਤਿੱਖੇ ਸੰਘਰਸ਼ ਵਿੱਢਣੇ ਚਾਹੀਦੇ ਹਨ।

 

ਐਡਵੋਕੇਟ ਗੁਰਮੀਤ ਸ਼ੁਗਲੀ