ਭਗਵੇਂ ਫੈਲਾਉਣ ਲਗੇ ਯੂਪੀ ਵਿਚ ਸਿਖਾਂ ਵਿਰੁਧ ਨਫਰਤ
*ਕਿਸਾਨੀ ਅੰਦੋਲਨ ਨੂੰ ਖਤਰਨਾਕ ਪਾਸੇ ਵੱਲ ਮੋੜਨ ਦੇ ਭਾਜਪਾ ਦੀਆਂ ਸਾਜਿਸ਼ਾਂ ਨੂੰ ਸਮਝਣ ਦੀ ਲੋੜ *ਕਸ਼ਮੀਰ ਵਿਚ ਸਿਖ ਨਿਸ਼ਾਨੇ ਉਪਰ
ਵਿਸ਼ੇਸ਼ ਰਿਪੋਟ
ਬਘੇਲ ਸਿੰਘ ਧਾਲੀਵਾਲ ਪੱਤਰਕਾਰ
ਪਿਛਲੇ ਕਈ ਦਿਨਾਂ ਤੋਂਂ ਕੁਝ ਲੋਕਾਂ ਨੇ ਰੌਲਾ ਪਾਇਆ ਕਿ ਸਿੱਖ ਕਿਸਾਨਾਂ ਤੇ ਹਮਲਾ ਨਹੀਂ ਹੋਇਆ, ਇਕੱਲੇ ਕਿਸਾਨਾਂ ਤੇ ਹਮਲਾ ਹੋਇਆ। ਕਹਿੰਦੇ ਕਿਸਾਨ ਦਾ ਕੋਈ ਧਰਮ ਨਹੀਂ ਹੁੰਦਾ।ਪਰ ਹੁਣ ਅੰੰਗਰਜ਼ੀ ਦੀ ਵਡੀ ਵੈਬਸਾਈਟ ਨਿਊਜ ਲਾਂਡਰੀ ਨੇ ਰਿਪੋਰਟ ਕੀਤੀ ਹੈ ਜਿਹੜੀ ਟੇਨੀ ਮਿਸ਼ਰਾ ਦੇ ਪਿੰਡ ਬਨਵੀਰਪੁਰ ਦੇ ਲੋਕਾਂ ਦੀ ਸਿੱਖਾਂ ਪ੍ਰਤੀ ਨਫ਼ਰਤ ਨੂੰ ਉਜਾਗਰ ਕਰਦੀ ਹੈ।ਇੱਕ ਮੁਸਲਮਾਨ ਕਹਿੰਦਾ ਹੈ ਕਿ ਸਿੱਖ ਖਾਲਿਸਤਾਨ ਚਾਹੁੰਦੇ ਹਨ ਕਿਉਂਕਿ ਉਹਨਾਂ ਕੋਲ ਜ਼ਮੀਨਾਂ ਬਹੁਤ ਹਨ।ਇਹ ਸਾਰੀ ਨਫ਼ਰਤ ਸਿੱਖਾਂ ਦੀ ਕਾਮਯਾਬੀ ਦੇ ਖ਼ਿਲਾਫ਼ ਨਿਕਲੀ ਹੈ।8600 ਵੋਟ ਵਾਲੇ ਹਿੰਦੂ ਅਤੇ ਮੁਸਲਮਾਨ ਇੱਕ ਪਾਸੇ ਹਨ, ਜਦੋਕਿ 300 ਵੋਟ ਵਾਲੇ ਸਿੱਖ ਇੱਕ ਪਾਸੇ ਹਨ.ਹਿੰਦੂ ਅਤੇ ਮੁਸਲਮਾਨ ਟੇਨੀ ਮਿਸ਼ਰਾ ਦੇ ਦਰਬਾਰ ਵਿੱਚ ਜਾ ਕੇ ਮਸਲੇ ਸੁਲਝਾਉਂਦੇ ਹਨ, ਜਦੋਂ ਕਿ ਸਿੱਖ ਆਪਣੇ ਮਸਲੇ ਆਪ ਹੱਲ ਕਰਦੇ ਹਨ।ਸਿੱਖਾਂ ਦੀ ਆਜ਼ਾਦੀ ਅਤੇ ਕਿਸੇ ਅੱਗੇ ਨਾ ਝੁਕਣ ਵਾਲਾ ਰਵੱਈਆ ਇਹਨਾਂ ਭਗਵਿਆਂਂ ਨੂੰ ਚੁੱਭਦਾ ਹੈ।ਕਿਸਾਨ ਯੂਨੀਅਨਾਂ ਕਹਿੰਦੀਆਂ ਹਨ ਕਿ ਅਸੀਂ ਸਿੱਖ ਸ਼ਬਦ ਦੀ ਵਰਤੋ ਨਾ ਕਰੀਏ ਨਹੀਂ ਤਾਂ ਮਸਲਾ ਫਿਰਕੂ ਹੋ ਜਾਵੇਗਾ।ਪਰ ਸਮਝਣ ਦੀ ਗੱਲ ਹੈ ਕਿ ਜਦੋਂ ਸਿੱਖ ਕਿਸਾਨਾਂ ਉੱਤੇ ਗੱਡੀ ਚੜ੍ਹੀ ਸੀ ਤਾਂ ਮਸਲਾ ਉਸੇ ਵਕਤ ਫਿਰਕੂ ਸੀ।ਮਾਹੌਲ ਤਾਂ ਉਦੋਂ ਹੀ ਖ਼ਰਾਬ ਹੈ ਜਦੋਂਂ ਤੁਹਾਨੂੰ ਲੱਗਿਆ ਸੀ ਕਿ ਅਗਰ ਆਪਣੀ ਪਹਿਚਾਣ ਕਰਕੇ ਸਿੱਖ ਹਮਲੇ ਦੀ ਸ਼ਿਕਾਇਤ ਕਰਨਗੇ ਤਾਂ ਬਹੁਸੰਖਿਅਕ ਕੌਮ ਇੱਕ ਪਾਸੇ ਹੋ ਜਾਵੇਗੀ।ਅਗਰ ਇਸ ਤਰਾਂ ਹੁੰਦਾ ਹੈ ਤਾਂ ਫਿਰ ਇਹ ਮਜੋਰਿਟੀ ਕਮਿਊਨਿਟੀ ਦੀ ਸਮੱਸਿਆ ਹੈ ਜਿਹੜੀ ਘੱਟਗਿਣਤੀਆਂ ਦੀਆਂ ਸਮੱਸਿਆਵਾਂ ਸਮਝਣ ਦੀ ਜਗਾ ਉਹਨਾਂ ਦੇ ਖ਼ਿਲਾਫ਼ ਖੜਾ ਹੋਣ ਦਾ ਮੌਕਾ ਭਾਲਦੀ ਹੈ।ਹੁਣ ਭਾਜਪਾ ਸਿਖਾਂ ਨੂੰ ਹਦਾਇਤ ਦੇ ਰਹੀ ਹੈ ਕਿ ਸਿੱਖ ਕਿਸਾਨਾਂ ਨੂੰ ਦੂਰ ਰਹਿਣਾ ਚਾਹੀਦਾ ਮਸਲਾ ਹਿੰਦੂ ਸਿੱਖ ਦਾ ਹੋ ਜਾਵੇਗਾ।ਹੁਣ ਸਿਖ ਕਿਸਾਨ ਕੀ ਕਰਨ ਜਦੋਂ ਬਹੁਸੰਖਿਅਕ ਭਾਈਚਾਰੇ ਵਿੱਚੋਂ ਬਹੁਤੇ (ਜਾਟਾਂ ਨੂੰ ਛੱਡ ਕੇ) ਸੰਪਰਦਾਇਕਤਾ ਦੇ ਨਸ਼ੇ ਵਿੱਚ ਚੂਰ ਹਨ ਅਤੇ ਉਹ ਆਪਣੀ ਜਾਇਜ਼ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਨਹੀ ਕਰਦੇ ਅਤੇ ਉਹਨਾਂ ਨੂੰ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਦੇਸ਼ ਦੇ ਖਿਲਾਫ ਪ੍ਰਦਰਸ਼ਨ ਲੱਗਦਾ ਹੈ.
ਅਸਲੀਅਤ ਹੈ ਕਿ ਤਿੰਨ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਫੇਲ ਕਰਨ ਲਈ ਭਾਜਪਾ ਦੀ ਨੀਤੀ ਬੜੇ ਖਤਰਨਾਕ ਮੋੜ ਵੱਲ ਵਧ ਰਹੀ ਹੈ।ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜਿਲ੍ਹੇ ਚ ਬੀਤੇ ਦਿਨੀ ਭਾਜਪਾ ਦੇ ਕੇਂਦਰੀ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਭਾਜਪਾ ਦੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਮੁੰਡੇ ਅਸ਼ੀਸ਼ ਮਿਸ਼ਰਾ ਵੱਲੋਂ ਅੰਨੇ ਵਾਹ ਗੱਡੀਆਂ ਚੜ੍ਹਾ ਕੇ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਨੂੰ ਮਾਰ ਦੇਣ ਅਤੇ ਕੁੱਝ ਕਿਸਾਨਾਂ ਨੂੰ ਗੰਭੀਰ ਜਖਮੀ ਕਰਨ ਵਾਲੀ ਘਟਨਾ ਤੋਂਂ ਬਾਅਦ,ਇੱਕ ਹੋਰ ਅਜਿਹੀ ਘਟਨਾ ਸਾਹਮਣੇ ਆਉਣ ਦੇ ਸਮਾਚਾਰ ਮਿਲ ਰਹੇ ਹਨ। ਸ਼ੋਸ਼ਲ ਮੀਡੀਏ ਤੇ ਜਨਤਕ ਹੋ ਰਹੀਆਂ ਵੀਡੀਓ ਅਨੁਸਾਰ ਹਰਿਆਣਾ ਦੇ ਅੰਬਾਲਾ ਜਿਲੇ ਦੇ ਨਾਲ ਲੱਗਦੇ ਨਰੈਣਗੜ ਵਿੱਚ ਜਿੱਥੇ ਕਿਸਾਨਾਂ ਵੱਲੋਂ ਭਾਜਪਾ ਸਾਂਸਦ ਨਾਇਬ ਸ਼ੈਣੀ ਦਾ ਵਿਰੋਧ ਕੀਤਾ ਜਾ ਰਿਹਾ ਸੀ,ਉੱਥੇ ਵੀ ਭਾਜਪਾਈਆਂ ਵੱਲੋਂ ਕਿਸਾਨਾਂ ਤੇ ਇਨੋਵਾ ਗੱਡੀ ਚਾੜ ਦੇਣ ਦੇ ਯਤਨ ਹੋਏ ਹਨ,ਜਿੱਥੇ ਇੱਕ ਕਿਸਾਨ ਦੇ ਕੁਚਲੇ ਜਾਣ ਦੀਆਂ ਖਬਰਾਂ ਮਿਲ ਰਹੀਆਂ ਹਨ। ਇਹ ਭਾਜਪਾ ਦਾ ਆਖਰੀ ਦਾਅ ਅਤੇ ਕਾਰਗਰ ਹਥਿਆਰ ਹੈ,ਜਿਸ ਨੂੰ ਵਰਤ ਕੇ ਭਾਜਪਾ ਦੇਸ਼ ਅੰਦਰ ਇੱਕ ਵਾਰ ਫਿਰ ਫਿਰਕੂ ਨਫਰਤ ਦੇ ਭਾਂਬੜ ਬਾਲ਼ ਕੇ ਸੱਤਾ ਦੀ ਲਗਾਤਾਰਤਾ ਨੂੰ ਆਪਣੇ ਨਾਮ ਰੱਖਣਾ ਚਾਹੁੰਦੀ ਹੈ।ਭਾਜਪਾ ਦੇਸ਼ ਦੀ ਇੱਕੋ ਇੱਕ ਅਜਿਹੀ ਕੱਟੜਵਾਦੀ ਸਿਆਸੀ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਹੈ,ਜਿਹੜੀ ਦੇਸ਼ ਦੀਆਂ ਘੱਟ ਗਿਣਤੀਆਂ ਖਿਲਾਫ ਨਫਰਤ ਫੈਲਾ ਕੇ ਦੇਸ਼ ਅੰਦਰ ਅਰਾਜਕਤਾ ਵਾਲਾ ਮਹੌਲ ਸਿਰਜਣ ਲਈ ਇਸ ਕਰਕੇ ਯਤਨਸ਼ੀਲ ਹੈ,ਕਿਉਂਕਿ ਭਾਜਪਾ ਦੀ ਰਾਜਨੀਤੀ ਟਿਕੀ ਹੀ ਨਸਲੀ ਭੇਦ ਭਾਵ ਦੇ ਸਿਰ ਤੇ ਹੈ। ਪ੍ਰੰਤੂ ਕਿਸਾਨੀ ਅੰਦੋਲਨ ਦੀ ਸਿੱਧੀ ਲੜਾਈ ਕੇਂਦਰ ਦੀ ਮੋਦੀ ਸਰਕਾਰ ਨਾਲ ਚੱਲ ਰਹੀ ਹੈ,ਜਿਸ ਕਰਕੇ ਭਾਜਪਾ ਦੀਆਂ ਸਰਕਾਰਾਂ ਵਾਲੇ ਸੂਬਿਆਂ ਵਿੱਚ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।ਇਸ ਦੇ ਚੱਲਦਿਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਦੇਸ਼ ਭਰ ਦੇ ਕਿਸਾਨਾਂ ਮਜਦੂਰਾਂ ਨੂੰ ਭਾਜਪਾ ਦੇ ਵਿਰੋਧ ਦਾ ਸੱਦਾ ਦਿੱਤਾ ਹੋਇਆ ਹੈ,ਜਿਸ ਕਰਕੇ ਕਿਸਾਨਾਂ ਅਤੇ ਭਾਜਪਾ ਦਰਮਿਆਨ ਵਧ ਰਿਹਾ ਤਣਾਅ ਟਕਰਾਅ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਭਾਜਪਾ ਕਿਸੇ ਵੀ ਕੀਮਤ ਤੇ ਕਿਸਾਨਾਂ ਦੀਆਂ ਜਾਇਜ ਮੰਗਾਂ ਮੰਨਣਾ ਨਹੀ ਚਾਹੁੰਦੀ ਅਤੇ ਇਹ ਵੀ ਨਹੀ ਚਾਹੁੰਦੀ,ਕਿ ਕਿਸਾਨਾਂ ਦਾ ਦਬਾਅ ਦਿਨੋਂਂ ਦਿਨ ਭਾਜਪਾ ਉਪਰ ਵਧਦਾ ਜਾਵੇ,ਜਿਸ ਕਰਕੇ ਭਾਜਪਾ ਨੂੰ ਲੋਕਾਂ ਵਿੱਚ ਜਾਣ ਤੇ ਮੁਸ਼ਕਲਾਂ ਖੜੀਆਂ ਹੋਣ।ਭਾਜਪਾ ਸਰਕਾਰ ਇਹ ਵੀ ਚੰਗੀ ਤਰਾਂ ਸਮਝਦੀ ਹੈ ਕਿ ਕਿਸਾਨੀ ਅੰਦੋਲਨ ਦੀ ਤਾਕਤ ਪੰਜਾਬ, ਹਰਿਆਣਾ,ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਸਿੱਖ ਕਿਸਾਨ ਹਨ,ਜਿੰਨਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਅੰਦੋਲਨ ਨੂੰ ਫੈਸਲਾਕੁਨ ਮੋੜ ਤੇ ਲੈ ਕੇ ਆ ਗਈ ਹੈ,ਇਸ ਲਈ ਕੇਂਦਰ ਅਤੇ ਭਾਜਪਾਈ ਸੂਬਾ ਸਰਕਾਰਾਂ ਸਿੱਖ ਕਿਸਾਨਾਂ ਨੂੰ ਨਿਸ਼ਾਨੇ ਉਤੇ ਲੈਣ ਦੇ ਰਾਹ ਚੱਲ ਪਈਆਂ ਹਨ।ਭਾਜਪਾ ਇੱਕ ਤੀਰ ਨਾਲ ਦੋ ਨਿਸਾਨੇ ਫੁੰਡਣ ਦੀ ਤਾਕ ਵਿੱਚ ਹੈ।ਉਹ ਚਾਹੁੰਦੀ ਹੈ ਕਿ ਸਿੱਖ ਕਿਸਾਨਾਂ ਦੇ ਖਿਲਾਫ ਮਹੌਲ ਸਿਰਜਣ ਨਾਲ ਜਿੱਥੇ ਅੰਦੋਲਨ ਕਮਜੋਰ ਹੋਵੇਗਾ,ਓਥੇ ਹਿੰਦੂ ਸਿੱਖ ਵਿਵਾਦ ਭਾਰਤੀ ਜਨਤਾ ਪਾਰਟੀ ਲਈ ਲਾਭਕਾਰੀ ਵੀ ਹੋਣਗੇ। ਕਿਸਾਨ ਮੋਰਚੇ ਦੇ ਵੱਡੇ ਆਗੂ ਰਿਕੇਸ਼ ਟਿਕੈਤ ਨੇ ਦੋਸ਼ੀਆਂ ਦੀ ਗਿਰਫਤਾਰੀ ਅਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੀ ਬਰਖਾਸਤਗੀ ਲਈ ਸਰਕਾਰ ਨੂੰ ਮਿਰਤਕ ਕਿਸਾਨਾਂ ਦੇ ਭੋਗ ਤੱਕ ਦਾ ਸਮਾ ਦਿੱਤਾ ਹੋਇਆ ਹੈ,ਅਤੇ ਭਾਜਪਾ ਵੱਲੋਂ ਉੱਤਰ ਪਰਦੇਸ਼ ਦੇ ਕਿਸਾਨਾਂ ਨੂੰ ਖਾਲਿਸਤਾਨੀ ਕਹਿਣ ਅਤੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੀ ਟੀ ਸ਼ਰਟ ਤੇ ਸਵਾਲ ਚੁੱਕਣ ਵਾਲਿਆਂ ਨੂੰ ਵੀ ਟਿਕੈਤ ਨੇ ਲੰਮੇ ਹੱਥੀ ਲਿਆ ਸੀ,ਜਿਸ ਨਾਲ ਸਿੱਖ ਕਿਸਾਨਾਂ ਪ੍ਰਤੀ ਨਫਰਤ ਪੈਦਾ ਕਰਨ ਦੀ ਸਾਜਿਸ਼ ਨੂੰ ਇੱਕ ਵਾਰ ਵਿਰਾਮ ਲੱਗਿਆ ਹੈ। ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਅਣਪਛਾਤੇ ਕਿਸਾਨਾਂ ਉਪਰ ਪਰਚੇ ਦਰਜ ਕੀਤੇ ਗਏ ਹਨ,ਉਹ ਕਿਤੇ ਨਾ ਕਿਤੇ ਇਨਸਾਫ ਮਿਲਣ ਦੀ ਸੰਭਾਵਨਾ ਨੂੰ ਰੱਦ ਕਰਨ ਵਾਲੇ ਹਨ।
ਕਸ਼ਮੀਰ 'ਚ ਵਸਦੇ ਘੱਟ ਗਿਣਤੀਆਂ 'ਚ ਖੌਫ਼, ਵਾਦੀ ਛੱਡਣ ਲੱਗੇ
ਕਸ਼ਮੀਰ ਵਿਚ ਘੱਟ ਗਿਣਤੀ ਨੂੰ ਮਿੱਥ ਕੇ ਕਤਲ ਕਰਨ ਦੀਆਂ ਘਟਨਾਵਾਂ ਦੇ ਚਲਦੇ ਮੈਡੀਕਲ ਸਟੋਰ ਦੇ ਮਾਲਕ ਤੇ 2 ਅਧਿਆਪਕਾਂ ਦੀ ਹੱਤਿਆ ਦੇ ਬਾਅਦ ਸੈਂਕੜੇ ਪੰਡਿਤ ਪਰਿਵਾਰ ਜਿਹੜੇ ਵਿਸਥਾਪਤ ਕੈਂਪਾਂ 'ਚ ਰਹਿ ਰਹੇ ਸਨ, ਵਾਦੀ ਛੱਡ ਗਏ ਹਨ । ਸਰਕਾਰ ਨੇ 2 ਅਧਿਆਪਕਾਂ ਦੀ ਹੱਤਿਆ ਦੇ ਬਾਅਦ ਘੱਟ ਗਿਣਤੀ ਦੇ ਸਰਕਾਰੀ ਮੁਲਾਜ਼ਮਾਂ ਨੂੰ 10 ਦਿਨਾਂ ਦੀ ਛੁਟੀ ਦਾ ਐਲਾਨ ਕੀਤਾ ਹੈ ।ਇਨ੍ਹਾਂ ਘਟਨਾਵਾਂ ਦੇ ਬਾਅਦ ਪ੍ਰਧਾਨ ਮੰਤਰੀ ਪੈਕੇਜ ਤਹਿਤ 2011-12 ਤੋਂ ਨਿਯੁਕਤ ਕੀਤੇ ਕਰਮਚਾਰੀ ਵਿਸ਼ੇਸ਼ ਕਰ ਕਸ਼ਮੀਰੀ ਪੰਡਿਤ ਵਿਸਥਾਪਤ ਕੈਂਪ ਖਾਲੀ ਕਰ ਕੇ ਖੌਫ਼ ਦੇ ਮਾਰੇ ਜੰਮੂ ਭੱਜ ਗਏ ਹਨ । ਇਨ੍ਹਾਂ ਕੈਂਪਾਂ ਵਿਚ ਪੁਲਿਸ ਨੇ ਸੁਰੱਖਿਆ ਦੇ ਭਾਰੀ ਪ੍ਰਬੰਧ ਕਰਦੇ ਇਨ੍ਹਾਂ ਨੂੰ ਪੁਲਿਸ ਛਾਉਣੀਆਂ ਵਿਚ ਬਦਲ ਦਿੱਤਾ ਹੈ । 500 ਦੇ ਕਰੀਬ ਪੰਡਿਤ, ਸਰਕਾਰੀ ਕਰਮਚਾਰੀ ਜੰਮੂ ਦਾ ਰੁਖ ਕਰ ਚੁੱਕੇ ਹਨ ਅਨੰਤਨਾਗ, ਬਡਗਾਮ, ਬਾਰਾਮੁਲਾ, ਗਾਂਦਰਬਲ ਜ਼ਿਲਿਆਂ ਵਿਚ ਸਥਾਪਤ ਕੀਤੇ ਗਏ ਕੈਂਪਾਂ ਵਿਚੋਂਂ 1000 ਦੇ ਕਰੀਬ ਸਰਕਾਰੀ ਮੁਲਾਜ਼ਮ ਜੰਮੂ ਜਾ ਚੁੱਕੇ ਹਨ । ਪਿਛਲੇ ਇਕ ਮਹੀਨੇ ਤੋਂ ਵਾਦੀ 'ਚ ਕਸ਼ਮੀਰੀ ਪੰਡਿਤਾਂ, ਪੁਲਿਸ ਕਰਮੀਆਂ ਤੇ ਗ਼ੈਰ-ਰਿਆਸਤੀ ਵਿਅਕਤੀਆਂ ਦੇ ਨਾਲ ਸੁਰੱਖਿਆ ਬਲਾਂ 'ਤੇ ਹਮਲਿਆਂ ਵਿਚ ਤੇਜ਼ੀ ਦਰਜ ਕੀਤੀ ਗਈ ਹੈ । ਇਸ ਨੂੰ ਵਾਦੀ ਵਿਚ ਜਿਹਾਦੀਆਂ ਵਲੋਂ ਦਹਿਸ਼ਤ ਫੈਲਾਉਣ ਦੀ ਸਾਜਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ ।ਧਾਰਾ 370 ਦੇ ਹਟਾਉਣ ਦੇ ਬਾਅਦ ਜਿਹਾਦੀ ਦਹਿਸ਼ਤੀ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹਾ ਸ੍ਰੀਨਗਰ ਨੇ ਕਿਹਾ ਕਿ ਘੱਟ ਗਿਣਤੀਆਂ ਦੀ ਸੁਰੱਖਿਆ ਦਾ ਭਰੋਸਾ ਨਾ ਦੇਣ ਤੱਕ ਘੱਟ ਗਿਣਤੀ ਸਰਕਾਰੀ ਮੁਲਾਜ਼ਮ ਡਿਊਟੀ 'ਤੇ ਹਾਜ਼ਰ ਨਹੀਂ ਹੋਣਗੇ । ਸ੍ਰੀਨਗਰ ਦੇ ਗੁਰਦੁਆਰਾ ਸਿੰਘ ਸਭਾ ਅਮੀਰਾ ਕਦਲ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਮੇਟੀ ਦੇ ਪ੍ਰਧਾਨ ਬੁੱਢਾ ਸਿੰਘ ਤੇ ਨਵਤੇਜ ਸਿੰਘ , ਜੋਗਿੰਦਰ ਸਿੰਘ ਸ਼ਾਨ ਤਰਾਲ ਨੇ ਪ੍ਰਸ਼ਾਸਨ 'ਤੇ ਵਾਦੀ ਵਿਚ ਰਹਿ ਰਹੇ ਘੱਟ ਗਿਣਤੀਆਂ ਨੂੰ ਸੁਰੱਖਿਆ ਦੇਣ ਵਿਚ ਪੂਰੀ ਤਰ੍ਹਾਂ ਨਾਕਾਮ ਰਹਿਣ ਦਾ ਦੋਸ਼ ਲਗਾਇਆ ਹੈ । ਉਨ੍ਹਾਂ ਸ੍ਰੀਨਗਰ ਵਿਖੇ 2 ਅਧਿਆਪਕਾਂ ਦੀ ਹੱਤਿਆ ਕਰਨ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਇਨ੍ਹਾਂ ਘਟਨਾਵਾਂ ਨੇ ਵਾਦੀ ਵਿਚ ਘੱਟ ਗਿਣਤੀਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ ਤੇ ਉਹ ਇਸ ਵੇਲੇ ਖੌਫ਼ 'ਚ ਰਹਿ ਰਹੇ ਹਨ ।ਕਮੇਟੀ ਨੇ ਬਹੁ-ਗਿਣਤੀ ਭਾਈਚਾਰੇ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਇਨ੍ਹਾਂ ਕਤਲਾਂ ਦੀ ਜਿਸ ਤਰ੍ਹਾਂ ਨਿਖੇਧੀ ਕਰਨੀ ਸੀ ਉਸ ਤਰ੍ਹਾਂ ਨਿਖੇਧੀ ਲਈ ਸਾਹਮਣੇ ਨਹੀਂ ਆਏ | ਕਮੇਟੀ ਨੇ ਕੇਂਦਰ ਤੋਂ ਇਨ੍ਹਾਂ ਘਟਨਾਵਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਕਿ ਕਿਤੇ ਇਹ ਚਿਟੀ ਸਿੰਘਪੁਰਾ ਵਰਗਾ ਹਮਲਾ ਤਾਂ ਨਹੀਂ ਹੈ।
Comments (0)