ਜਾਤ-ਪਾਤ ਦੇ ਖ਼ਾਤਮੇ ਲਈ ਸ਼੍ਰੋਮਣੀ ਕਮੇਟੀ ਦੀ ਇਤਿਹਾਸਕ ਭੂਮਿਕਾ

ਜਾਤ-ਪਾਤ ਦੇ ਖ਼ਾਤਮੇ ਲਈ ਸ਼੍ਰੋਮਣੀ ਕਮੇਟੀ ਦੀ ਇਤਿਹਾਸਕ ਭੂਮਿਕਾ

ਮੁਖ ਮੁਦਾ

ਤਲਵਿੰਦਰ ਸਿੰਘ ਬੁਟਰ

 ਵੀਹਵੀਂ ਸਦੀ ਦੀ ਸ਼ੁਰੂਆਤ ਦੌਰਾਨ ਸਿੰਘ ਸਭਾ ਲਹਿਰ, ਅਕਾਲੀ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ। ਇਸੇ ਦੌਰਾਨ 10 ਤੋਂ 12 ਅਕਤੂਬਰ 1920 ਨੂੰ 'ਖ਼ਾਲਸਾ ਬਿਰਾਦਰੀ' ਜਥੇਬੰਦੀ ਵਲੋਂ ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲਾ ਬਾਗ਼ 'ਚ ਕਥਿਤ ਪੱਛੜੀਆਂ ਜਾਤਾਂ ਦੇ ਸਿੱਖਾਂ ਦਾ ਇਕ ਵੱਡਾ ਇਕੱਠ ਬੁਲਾਇਆ ਗਿਆ। 'ਖ਼ਾਲਸਾ ਬਿਰਾਦਰੀ' ਜਥੇਬੰਦੀ ਦੇ ਮੁਖੀ ਭਾਈ ਮਹਿਤਾਬ ਸਿੰਘ ਬੀਰ ਸਨ, ਜਿਨ੍ਹਾਂ ਦੇ ਪਿਤਾ ਭਾਈ ਲਖਬੀਰ ਸਿੰਘ ਗੁਰਮਤਿ ਤੋਂ ਪ੍ਰਭਾਵਿਤ ਹੋ ਕੇ ਮੌਲਵੀ ਕਰੀਮ ਬਖ਼ਸ਼ ਤੋਂ ਸਿੰਘ ਸਜੇ ਸਨ। ਭਾਈ ਮਹਿਤਾਬ ਸਿੰਘ ਦਾ ਪਹਿਲਾ ਨਾਂਅ ਵੀ ਰੁਕਨਦੀਨ ਸੀ। ਉਨ੍ਹਾਂ ਵਲੋਂ ਕਥਿਤ ਪੱਛੜੀਆਂ ਜਾਤਾਂ ਦੇ ਬੁਲਾਏ ਇਕੱਠ ਦੇ ਪਹਿਲੇ ਦਿਨ ਕੋਈ ਵੀ ਸਿੱਖ ਆਗੂ ਸ਼ਾਮਿਲ ਨਾ ਹੋਇਆ। ਸਗੋਂ ਉਨ੍ਹਾਂ ਨੂੰ ਲੰਗਰ ਵਾਸਤੇ ਭਾਂਡੇ ਵੀ ਨਾ ਦਿੱਤੇ ਗਏ। ਦੂਜੇ ਦਿਨ ਸੁੰਦਰ ਸਿੰਘ ਮਜੀਠੀਆ, ਜਥੇਦਾਰ ਕਰਤਾਰ ਸਿੰਘ ਝੱਬਰ, ਜਥੇਦਾਰ ਤੇਜਾ ਸਿੰਘ ਭੁੱਚਰ, ਮੰਗਲ ਸਿੰਘ ਮਾਨ ਅਤੇ ਬਹਾਦਰ ਸਿੰਘ ਹਕੀਮ ਆਦਿ ਦੀਵਾਨ ਵਿਚ ਹਾਜ਼ਰ ਹੋਏ।ਉਨ੍ਹੀਂ ਦਿਨੀਂ ਸ੍ਰੀ ਦਰਬਾਰ ਸਾਹਿਬ ਦੇ ਪੁਜਾਰੀ ਕਥਿਤ ਪੱਛੜੀਆਂ ਜਾਤਾਂ ਦੇ ਸਿੱਖਾਂ ਦਾ ਕੜਾਹ ਪ੍ਰਸ਼ਾਦਿ ਕਬੂਲ ਨਹੀਂ ਸੀ ਕਰਦੇ। 11 ਅਕਤੂਬਰ ਨੂੰ ਰਾਤ ਵੇਲੇ ਮਤਾ ਪਾਸ ਹੋਇਆ ਕਿ ਅਗਲੀ ਸਵੇਰ ਨੂੰ ਕਥਿਤ ਪੱਛੜੀਆਂ ਜਾਤਾਂ ਦੇ ਸਿੱਖ ਸ੍ਰੀ ਦਰਬਾਰ ਸਾਹਿਬ ਪ੍ਰਸ਼ਾਦਿ ਲੈ ਕੇ ਜਾਣਗੇ। ਉਨ੍ਹਾਂ ਦੇ ਨਾਲ ਕਈ ਸਿੱਖ ਆਗੂ ਜਾਣ ਵਾਸਤੇ ਤਿਆਰ ਹੋ ਗਏ। ਅਗਲੇ ਦਿਨ ਬਹੁਤ ਸਾਰੇ ਪੱਛੜੀਆਂ ਸ਼੍ਰੇਣੀਆਂ ਦੇ ਸਿੱਖਾਂ ਨੇ ਅੰਮ੍ਰਿਤ ਛਕਿਆ ਅਤੇ ਬਾਅਦ ਵਿਚ ਸਾਰੇ ਸਿੰਘ ਇਕੱਠੇ ਹੋ ਕੇ ਸ੍ਰੀ ਦਰਬਾਰ ਸਾਹਿਬ ਗਏ। ਉਨ੍ਹਾਂ ਦਾ ਪ੍ਰਸ਼ਾਦਿ ਪੁਜਾਰੀਆਂ ਨੇ ਕਬੂਲ ਨਾ ਕੀਤਾ। ਪ੍ਰੋ. ਹਰਕਿਸ਼ਨ ਸਿੰਘ ਬਾਵਾ ਨੇ ਗਲ ਵਿਚ ਪੱਲਾ ਪਾ ਕੇ ਤਿੰਨ ਵਾਰੀ ਪੁਜਾਰੀਆਂ ਨੂੰ ਅਰਜ ਕੀਤੀ ਪਰ ਉਨ੍ਹਾਂ ਨੇ ਫਿਰ ਵੀ ਪ੍ਰਸ਼ਾਦਿ ਕਬੂਲ ਨਾ ਕੀਤਾ। ਇਸ ਦੌਰਾਨ ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਅਗਵਾਈ 'ਚ ਸੰਗਤਾਂ ਨੇ ਇਸ ਕੁਰੀਤੀ ਦੇ ਖ਼ਿਲਾਫ਼ ਮੋਰਚਾ ਲਾ ਲਿਆ। ਪੁਜਾਰੀ ਆਪਣੀ ਗੱਲ 'ਤੇ ਅੜੇ ਰਹੇ। ਅਖ਼ੀਰ ਸੰਗਤ ਵਲੋਂ ਫ਼ੈਸਲਾ ਕੀਤਾ ਗਿਆ ਕਿ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਖਵਾਕ ਲਿਆ ਜਾਵੇ। ਹੁਕਮ ਆਇਆ:

ਸੋਰਠਿ ਮ: ੩ ਦੁਤੁਕੀ

ਨਿਗੁਣਿਆ ਨੋ ਆਪੇ ਬਖਸਿ ਲਏ ਭਾਈ,

ਸਤਿਗੁਰ ਕੀ ਸੇਵਾ ਲਾਇ

ਸਤਿਗੁਰ ਕੀ ਸੇਵਾ ਊਤਮ ਹੈ ਭਾਈ,

ਰਾਮ ਨਾਮਿ ਚਿਤੁ ਲਾਇ... (ਅੰਗ: 638)

ਸੰਗਤਾਂ ਇਹ ਇਲਾਹੀ ਹੁਕਮ ਸੁਣ ਕੇ ਵਿਸਮਾਦ 'ਚ ਆ ਗਈਆਂ। ਅਖ਼ੀਰ ਪੁਜਾਰੀਆਂ ਨੂੰ ਕਥਿਤ ਪੱਛੜੀਆਂ ਜਾਤਾਂ ਦੇ ਸਿੱਖਾਂ ਦਾ ਪ੍ਰਸ਼ਾਦਿ ਕਬੂਲ ਕਰਨਾ ਪਿਆ ਅਤੇ ਅਰਦਾਸ ਕਰਕੇ ਪ੍ਰਸ਼ਾਦਿ ਸਾਰੀ ਸੰਗਤ ਵਿਚ ਵਰਤਾਇਆ ਗਿਆ। ਇਸ ਤੋਂ ਬਾਅਦ ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚਲੀਆਂ ਗਈਆਂ। ਸੰਗਤਾਂ ਨੂੰ ਆਉਂਦਿਆਂ ਵੇਖ ਕੇ ਪੁਜਾਰੀ ਤਖ਼ਤ ਸਾਹਿਬ ਨੂੰ ਸੁੰਞਾ ਛੱਡ ਕੇ ਚਲੇ ਗਏ। ਉਨ੍ਹਾਂ ਦੇ ਜਾਣ ਮਗਰੋਂ ਸਿੱਖ ਸੰਗਤ ਨੇ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਲਈ।13 ਅਕਤੂਬਰ ਦੇ ਦਿਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਸਿੱਖ ਆਗੂਆਂ, ਸਰਬਰਾਹ ਅਤੇ ਪੁਜਾਰੀਆਂ ਦੀ ਇਕ ਬੈਠਕ ਬੁਲਾਈ। ਬੈਠਕ 'ਚ ਸਿਰਫ਼ ਸਿੱਖ ਆਗੂ ਹੀ ਪਹੁੰਚੇ। ਇਸ 'ਤੇ ਡਿਪਟੀ ਕਮਿਸ਼ਨਰ ਨੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ-ਸੰਭਾਲ ਵਾਸਤੇ ਵੀ ਇਕ 9 ਮੈਂਬਰੀ ਆਰਜ਼ੀ ਕਮੇਟੀ ਬਣਾ ਦਿੱਤੀ। ਇਸ ਤਰ੍ਹਾਂ ਗੁਰਦੁਆਰਾ ਸੁਧਾਰ ਲਹਿਰ ਵਿਚੋਂ ਇਕ ਨਵੀਂ ਤੇ ਪਵਿੱਤਰ ਭਾਵਨਾ ਪੈਦਾ ਹੋਈ, ਜਿਸ ਨੇ 'ਗੁਰਦੁਆਰਿਆਂ ਅਤੇ ਸਿੱਖ ਸਮਾਜ ਅੰਦਰੋਂ ਜਾਤ-ਪਾਤ ਦੇ ਪੈਦਾ ਹੋਏ ਵਿਤਕਰੇ ਨੂੰ ਦੂਰ ਕਰਨ ਦਾ ਮੁੱਢ ਬੰਨ੍ਹਿਆ।' ਅਖ਼ੀਰ ਮਹੰਤਾਂ ਨੂੰ ਗੁਰਦੁਆਰੇ ਛੱਡਣੇ ਪਏ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ।ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ ਨਾਲ ਹੀ ਸਿੱਖ ਪੰਥ ਨੇ ਜਾਤ-ਪਾਤ ਦੀ ਕੁਰੀਤੀ ਖ਼ਤਮ ਕਰਨ ਲਈ ਕਥਿਤ ਨੀਵੀਆਂ ਜਾਤਾਂ ਸਮਝੇ ਜਾਣ ਵਾਲੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਵਿਚ ਸ਼ਾਮਿਲ ਕਰਨ ਦੀ ਜ਼ੋਰਦਾਰ ਮੁਹਿੰਮ ਆਰੰਭੀ। ਇਨ੍ਹਾਂ ਨਵੇਂ ਸਜੇ ਸਿੰਘਾਂ ਨਾਲ ਵੀ ਕੁਝ ਕੁ ਥਾਵਾਂ 'ਤੇ ਵਿਤਕਰਾ ਕਰਨ ਦੀਆਂ ਪੰਥ ਨੂੰ ਖ਼ਬਰਾਂ ਮਿਲੀਆਂ ਤਾਂ ਸ਼੍ਰੋਮਣੀ ਕਮੇਟੀ ਨੇ 14 ਮਾਰਚ 1927 ਨੂੰ ਸਰਬਸੰਮਤੀ ਨਾਲ ਗੁਰਮਤਾ ਪਾਸ ਕੀਤਾ ਕਿ, 'ਸਿੱਖਾਂ ਵਿਚ ਜਾਤ-ਪਾਤ ਦੇ ਖ਼ਿਆਲ ਨਾਲ ਕਿਸੇ ਵਿਅਕਤੀ ਨੂੰ ਉੱਚਾ ਜਾਂ ਨੀਵਾਂ ਨਹੀਂ ਮੰਨਿਆ ਜਾਂਦਾ। ਇਸ ਲਈ ਹਰ ਇਕ ਜਾਤ ਵਿਚੋਂ ਸਜ ਕੇ ਆਏ ਸਿੱਖ ਨਾਲ ਸੰਗਤ ਪੰਗਤ ਦੁਆਰਾ ਅਭੇਦ ਵਰਤਿਆ ਜਾਵੇ।' ਇਸੇ ਤਰ੍ਹਾਂ ਜਾਤ-ਪਾਤ ਦੇ ਫ਼ਰਕ ਨੂੰ ਮਿਟਾਉਣ ਲਈ ਇਕ ਹੋਰ ਮਤਾ 15 ਮਾਰਚ 1927 ਨੂੰ ਪਾਸ ਕੀਤਾ ਗਿਆ।ਸਿੱਖ ਸੰਸਥਾਵਾਂ, ਸੰਪਰਦਾਵਾਂ ਅਤੇ ਜਥੇਬੰਦੀਆਂ 'ਤੇ ਉੱਨ੍ਹੀਵੀਂ ਸਦੀ 'ਚ ਕਾਬਜ਼ ਰਹੇ 'ਮਹੰਤਾਂ' ਵਲੋਂ ਚਲਾਈਆਂ ਗਈਆਂ ਗੁਰਮਤਿ ਵਿਰੋਧੀ ਕੁਰੀਤੀਆਂ ਅੱਜ ਵੀ, ਕੁਝ ਸਿੱਖ ਜਥੇਬੰਦੀਆਂ ਅਤੇ ਸੰਪਰਦਾਵਾਂ ਵਿਚ 'ਪਰੰਪਰਾ' ਬਣ ਕੇ ਬੇਰੋਕ ਜਾਰੀ ਹਨ ਅਤੇ ਇਨ੍ਹਾਂ ਵਿਚੋਂ ਹੀ ਇਕ ਵੱਡੀ ਕੁਰੀਤੀ ਜਾਤ-ਪਾਤ ਦਾ ਵਰਤਾਰਾ ਹੈ। ਇਸ ਤਹਿਤ ਕਥਿਤ ਦਲਿਤ ਆਖੇ ਜਾਣ ਵਾਲੇ ਲੋਕਾਂ ਨੂੰ ਅੰਮ੍ਰਿਤ ਛਕਾਉਣ ਵੇਲੇ ਵੱਖਰੇ ਬਾਟੇ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਲਈ ਲੰਗਰ ਦੀ ਵੱਖਰੀ ਪੰਗਤ ਲਗਾਈ ਜਾਂਦੀ ਹੈ। ਉਪਰਲੇ ਪੱਧਰ ਦੀ ਧਾਰਮਿਕ ਅਤੇ ਸਿਆਸੀ ਸਿੱਖ ਲੀਡਰਸ਼ਿਪ ਵਿਚ ਇਸ ਤਰ੍ਹਾਂ ਦੀ ਸਿਧਾਂਤਕ ਗਿਰਾਵਟ ਆਉਣ ਸਦਕਾ ਪਿੰਡਾਂ ਵਿਚ ਤੇਜ਼ੀ ਨਾਲ ਜਾਤਾਂ 'ਤੇ ਆਧਾਰਤ ਗੁਰਦੁਆਰੇ ਬਣ ਰਹੇ ਹਨ। ਰੰਘਰੇਟੇ ਸਿੱਖ, ਰਵਿਦਾਸੀਏ ਸਿੱਖ, ਕਬੀਰ ਪੰਥੀ ਸਿੱਖ, ਸ਼ਿਕਲੀਗਰ ਅਤੇ ਵਣਜਾਰੇ ਆਦਿ ਸਿੱਖਾਂ ਨੂੰ ਸਿੱਖ ਪੰਥ ਦਾ ਅਟੁੱਟ ਅੰਗ ਸਮਝ ਕੇ ਬਰਾਬਰ ਸਥਾਨ ਅਤੇ ਸਤਿਕਾਰ ਦਿੱਤਾ ਜਾਵੇ।