ਅਮਰੀਕੀ ਕਾਰੋਬਾਰੀ ਜਾਰਜ ਸੋਰੋਸ ਨੇ ਮੋਦੀ ਦੀ ਆਲੋਚਨਾ ਕਰਕੇ ਭਾਜਪਾ ਵਿਚ ਹਲਚਲ ਮਚਾਈ
*ਜਾਰਜ ਸੋਰੋਸ ਨੇ ਜਰਮਨੀ ਦੇ ਮਿਊਨਿਖ ਰੱਖਿਆ ਸੰਮੇਲਨ ਵਿੱਚ ਕਿਹਾ ਕਿ ਭਾਰਤ ਇੱਕ ਲੋਕਤੰਤਰਿਕ ਦੇਸ਼ ਹੈ, ਪਰ ਪ੍ਰਧਾਨ ਮੰਤਰੀ ਮੋਦੀ ਲੋਕਤੰਤਰਿਕ ਨਹੀਂ
* ਵਿਵਾਦਤ ਬਿਆਨ ਦੇਕੇ ਕਿਹਾ ਕਿ ਮੋਦੀ ਦੇ ਵੱਡਾ ਆਗੂ ਬਣਨ ਦਾ ਕਾਰਨ ਭਾਰਤੀ ਮੁਸਲਮਾਨਾਂ ਖ਼ਿਲਾਫ਼ ਹੋਈ ਹਿੰਸਾ
*ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਇਹ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼
ਜਾਰਜ ਸੋਰੋਸ ਖ਼ਿਲਾਫ਼ ਅਮਰੀਕਾ, ਅਰਮਾਨੀਆ, ਆਸਟ੍ਰੇਲੀਆ, ਰੂਸ, ਫਿਲੀਪਾਈਨਜ਼ ਵਿੱਚ ਵੀ ਮੁਹਿੰਮਾਂ ਚਲਾਈਆਂ ਜਾਂਦੀਆਂ ਰਹੀਆਂ ਹਨ।ਬੀਤੇ ਦਿਨੀਂ ਭਾਰਤੀ ਜਨਤਾ ਪਾਰਟੀ ਨੇ ਅਮਰੀਕੀ ਕਾਰੋਬਾਰੀ ਜਾਰਜ ਸੋਰੋਸ 'ਤੇ ਤਿੱਖਾ ਹਮਲਾ ਕੀਤਾ ਸੀ , ਕਿਉਂਕਿ ਜਾਰਜ ਸੋਰੋਸ ਨੇ ਜਰਮਨੀ ਦੇ ਮਿਊਨਿਖ ਰੱਖਿਆ ਸੰਮੇਲਨ ਵਿੱਚ ਕਿਹਾ ਸੀ, ''ਭਾਰਤ ਇੱਕ ਲੋਕਤੰਤਰਿਕ ਦੇਸ਼ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਤੰਤਰਿਕ ਨਹੀਂ ਹਨ। ਮੋਦੀ ਦੇ ਵੱਡਾ ਆਗੂ ਬਣਨ ਦਾ ਕਾਰਨ ਭਾਰਤੀ ਮੁਸਲਮਾਨਾਂ ਖ਼ਿਲਾਫ਼ ਹੋਈ ਹਿੰਸਾ ਹੈ।ਉਨ੍ਹਾਂ ਵਿਵਾਦਾਂ ਵਿੱਚ ਘਿਰੇ ਹੋਏ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਬਾਰੇ ਵੀ ਆਪਣੇ ਪੱਖ ਰਖਦਿਆਂ ਕਿਹਾ ਸੀ ਕਿ ਮੋਦੀ ਹਾਲ ਦੀ ਘੜੀ ਗੌਤਮ ਅਡਾਨੀ ਮਾਮਲੇ ਵਿਚ ਚੁੱਪ ਹਨ ਪਰ ਉਨ੍ਹਾਂ ਨੂੰ ਵਿਦੇਸ਼ੀ ਨਿਵੇਸ਼ਕਾਂ ਦੇ ਸਵਾਲਾਂ ਦਾ ਜਵਾਬ ਸੰਸਦ ਵਿਚ ਦੇਣਾ ਹੋਵੇਗਾ। ਇਸ ਨਾਲ ਸਰਕਾਰ 'ਤੇ ਉਨ੍ਹਾਂ ਦੀ ਪਕੜ ਕਮਜ਼ੋਰ ਹੋਵੇਗੀ।ਉਨ੍ਹਾਂ ਨੇ ਇੱਥੋਂ ਤੱਕ ਦਾਅਵਾ ਕੀਤਾ ਕਿ ਇਸ ਨਾਲ ਭਾਰਤ ਵਿੱਚ ਲੋਕਤੰਤਰਿਕ ਪ੍ਰਕਿਰਿਆ ਦਾ 'ਪੁਨਰ-ਉਥਾਨ' ਹੋਵੇਗਾ।ਇਸ ਤੋਂ ਪਹਿਲਾਂ ਜਨਵਰੀ 2020 ਵਿਚ ਦਾਵੋਸ ਵਿਚ ਹੋਈ ਵਿਸ਼ਵ ਆਰਥਿਕ ਫੋਰਮ ਦੀ ਬੈਠਕ ਦੇ ਇਕ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਸੋਰੋਸ ਨੇ ਕਿਹਾ ਸੀ, ''ਭਾਰਤ ਨੂੰ ਹਿੰਦੂ ਰਾਸ਼ਟਰਵਾਦੀ ਦੇਸ਼ ਬਣਾਇਆ ਜਾ ਰਿਹਾ ਹੈ। ਭਾਰਤ ਲਈ ਇਹ ਸਭ ਤੋਂ ਵੱਡਾ ਅਤੇ ਭਿਆਨਕ ਝਟਕਾ ਹੈ, ਜਿੱਥੇ ਲੋਕਤੰਤਰਿਕ ਢੰਗ ਨਾਲ ਚੁਣੇ ਗਏ ਮੋਦੀ ਭਾਰਤ ਨੂੰ ਹਿੰਦੂ ਰਾਸ਼ਟਰਵਾਦੀ ਦੇਸ਼ ਬਣਾ ਰਹੇ ਹਨ।ਉਨ੍ਹਾਂ ਇਹ ਵੀ ਕਿਹਾ ਸੀ ਕਿ ਮੋਦੀ ਕਸ਼ਮੀਰ ਦੇ ਲੋਕਾਂ ਨੂੰ ਪਾਬੰਦੀਆਂ ਲਗਾ ਕੇ ਸਜ਼ਾ ਦੇ ਰਹੇ ਹਨ ਅਤੇ ਨਾਗਰਿਕਤਾ ਕਾਨੂੰਨ (ਸੀਏਏ) ਰਾਹੀਂ ਲੱਖਾਂ ਮੁਸਲਮਾਨਾਂ ਤੋਂ ਨਾਗਰਿਕਤਾ ਖੋਹਣ ਦੀ ਧਮਕੀ ਦੇ ਰਹੇ ਹਨ।
ਬੀਤੇ ਦਿਨੀਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਜਾਰਜ ਸੋਰੋਸ ਦੇ ਬਿਆਨ ਖ਼ਿਲਾਫ਼ ਪ੍ਰੈੱਸ ਕਾਨਫਰੰਸ ਕੀਤੀ ਤੇ ਕਿਹਾ ਸੀ ਕਿ ਇਹ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਹੈ।ਸਮ੍ਰਿਤੀ ਇਰਾਨੀ ਨੇ ਕਿਹਾ ਕਿ ਵਿਦੇਸ਼ੀ ਧਰਤੀ 'ਤੇ ਬੈਠੇ ਕੇ ਭਾਰਤ ਦੇ ਲੋਕਤੰਤਰਿਕ ਢਾਂਚੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ, ''ਮਿਸਟਰ ਸੋਰੋਸ ਨਿਊਯਾਰਕ ਵਿੱਚ ਬੈਠੇ ਇੱਕ ਬਜ਼ੁਰਗ, ਅਮੀਰ ਤੇ ਵਿਸ਼ੇਸ਼ ਵਿਚਾਰਧਾਰਾ ਵਾਲੇ ਵਿਅਕਤੀ ਹਨ ਜੋ ਅਜੇ ਵੀ ਸੋਚਦੇ ਹਨ ਕਿ ਪੂਰੀ ਦੁਨੀਆਂ ਉਨ੍ਹਾਂ ਦੇ ਵਿਚਾਰਾਂ ਅਨੁਸਾਰ ਕੰਮ ਕਰੇ।''
ਸ਼ਿਵ ਸੈਨਾ ਦੀ ਰਾਜ ਸਭਾ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਇਸ ਬਾਰੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ।ਉਨ੍ਹਾਂ ਕਿਹਾ ਸੀ ਕਿ , ''ਜਾਰਜ ਸੋਰੋਸ ਕੌਣ ਹੈ ਅਤੇ ਭਾਜਪਾ ਦਾ ਟ੍ਰੋਲ ਮੰਤਰਾਲਾ ਉਸ 'ਤੇ ਪ੍ਰੈੱਸ ਕਾਨਫਰੰਸ ਕਿਉਂ ਕਰ ਰਿਹਾ ਹੈ?"
ਉਨ੍ਹਾਂ ਲਿਖਿਆ,"ਵੈਸੇ, ਮੰਤਰੀ ਜੀ, ਤੁਸੀਂ ਭਾਰਤ ਦੀ ਚੋਣ ਪ੍ਰਕਿਰਿਆ 'ਚ ਇਜ਼ਰਾਈਲੀ ਏਜੰਸੀ ਦੀ ਦਖਲਅੰਦਾਜ਼ੀ 'ਤੇ ਕੁਝ ਕਹਿਣਾ ਚਾਹੋਗੇ, ਜੋ ਭਾਰਤ ਦੇ ਲੋਕਤੰਤਰ ਲਈ ਵੱਡਾ ਖ਼ਤਰਾ ਹੈ।"ਤ੍ਰਿਣਮੂਲ ਕਾਂਗਰਸ ਦੀ ਲੋਕ ਸਭਾ ਮੈਂਬਰ ਮਹੂਆ ਮੋਇਤਰਾ ਨੇ ਸਮ੍ਰਿਤੀ ਇਰਾਨੀ 'ਤੇ ਵਿਅੰਗ ਕਰਦਿਆਂ ਕਿਹਾ, "ਸਤਿਕਾਰਯੋਗ ਕੈਬਨਿਟ ਮੰਤਰੀ ਨੇ ਹਰ ਭਾਰਤੀ ਨੂੰ ਜਾਰਜ ਸੋਰੋਸ ਨੂੰ ਮੂੰਹ-ਤੋੜ ਜਵਾਬ ਦੇਣ ਲਈ ਕਿਹਾ ਹੈ। ਕਿਰਪਾ ਕਰਕੇ ਅੱਜ ਸ਼ਾਮ 6 ਵਜੇ ਥਾਲੀਆਂ ਵਜਾਓ।"
ਯਾਦ ਰਹੇ ਕਿ ਜਾਰਜ ਸੋਰੋਸ ਇੱਕ ਅਮਰੀਕੀ ਅਰਬਪਤੀ ਉਦਯੋਗਪਤੀ ਹਨ ਅਤੇ ਉਨ੍ਹਾਂ ਦਾ ਜਨਮ ਹੰਗਰੀ ਵਿੱਚ ਇੱਕ ਯਹੂਦੀ ਪਰਿਵਾਰ ਵਿਚ ਹੋਇਆ ਸੀ।ਜਦੋਂ ਹਿਟਲਰ ਦੇ ਨਾਜ਼ੀ ਜਰਮਨੀ ਵਿੱਚ ਯਹੂਦੀਆਂ ਨੂੰ ਮਾਰਿਆ ਜਾ ਰਿਹਾ ਸੀ ਤਾਂ ਉਹ ਕਿਸੇ ਤਰ੍ਹਾਂ ਬਚ ਗਏ ਸਨ।ਬਾਅਦ ਵਿੱਚ ਉਹ ਕਮਿਊਨਿਸਟ ਦੇਸ਼ ਛੱਡ ਕੇ ਪੱਛਮੀ ਦੇਸ਼ ਆ ਗਏ। ਉਹ ਸਟਾਕ ਮਾਰਕੀਟ ਵਿੱਚ ਪੈਸਾ ਲਗਾਉਂਦੇ ਸਨ ਤੇ ਇਸ ਤੋਂ ਉਨ੍ਹਾਂ ਨੇ ਕਰੀਬ 44 ਬਿਲੀਅਨ ਡਾਲਰ ਕਮਾਏ ਸਨ।1979 ਵਿੱਚ, ਉਨ੍ਹਾਂ ਨੇ ਓਪਨ ਸੋਸਾਇਟੀ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਸੀ, ਜੋ ਹੁਣ ਕਰੀਬ 120 ਦੇਸ਼ਾਂ ਵਿੱਚ ਕੰਮ ਕਰਦੀ ਹੈ।ਬਰਤਾਨੀਆਂ ਵਿੱਚ, ਉਨ੍ਹਾਂ ਨੂੰ 1992 ਵਿੱਚ ਬੈਂਕ ਆਫ਼ ਇੰਗਲੈਂਡ ਨੂੰ ਬਰਬਾਦ ਕਰਨ ਵਾਲੇ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ।
ਜਾਰਜ ਸੋਰੋਨ ਜੋ ਕਿ ਲੋਕਤੰਤਰ ਦੇ ਹੱਕ ਵਿੱਚ ਕੰਮ ਕਰਨ ਵਾਲੀਆਂ ਸੰਸਥਾਵਾਂ ਨਾਲ ਜੁੜੇ ਹੋਏ ਹਨ।ਆਪਣੇ ਕੰਮ ਕਾਰਨ ਉਹ ਹਮੇਸ਼ਾ ਸੱਜੇ ਪੱਖੀ ਧਿਰਾਂ ਦੇ ਨਿਸ਼ਾਨੇ 'ਤੇ ਰਹਿੰਦੇ ਹਨ।ਉਨ੍ਹਾਂ ਨੇ 2003 ਦੀ ਇਰਾਕ ਜੰਗ ਦੀ ਆਲੋਚਨਾ ਕੀਤੀ ਅਤੇ ਅਮਰੀਕਾ ਦੀ ਡੈਮੋਕ੍ਰੇਟਿਕ ਪਾਰਟੀ ਨੂੰ ਲੱਖਾਂ ਡਾਲਰ ਦਾਨ ਦਿੱਤੇ ਸਨ।ਇਸ ਤੋਂ ਬਾਅਦ ਅਮਰੀਕੀ ਸੱਜੇ ਪੱਖੀਆਂ ਦੇ ਉਨ੍ਹਾਂ 'ਤੇ ਹਮਲੇ ਹੋਰ ਤੇਜ਼ ਹੋ ਗਏ ਸਨ।ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ, ਸੋਰੋਸ 'ਤੇ ਹਮਲਿਆਂ ਨੇ ਨਵਾਂ ਰੂਪ ਲੈਣਾ ਸ਼ੁਰੂ ਕਰ ਦਿੱਤਾ ਸੀ।ਇੱਥੋਂ ਤੱਕ ਕਿ ਡੌਨਲਡ ਟਰੰਪ ਨੇ ਰਾਸ਼ਟਰਪਤੀ ਦੇ ਅਹੁਦੇ 'ਤੇ ਹੁੰਦਿਆਂ ਉਨ੍ਹਾਂ ਬਾਰੇ ਕਈ ਵਾਰ ਟਿੱਪਣੀਆਂ ਕੀਤੀਆਂ ਸਨ।
Comments (0)