ਮਨੁੱਖੀ ਤਸਕਰੀ ਦੇ ਮਾਮਲੇ ਵਿਚ ਦੋ ਔਰਤਾਂ ਸਣੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ

ਮਨੁੱਖੀ ਤਸਕਰੀ ਦੇ ਮਾਮਲੇ ਵਿਚ ਦੋ ਔਰਤਾਂ ਸਣੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ

*ਸਿੰਗਾਪੁਰ, ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ, ਪੂਰਬੀ ਯੂਰੋਪ ਦੇ ਦੇਸ਼ਾਂ ਅਤੇ ਮੈਕਸਿਕੋ ਰਾਹੀਂ ਗ਼ੈਰ-ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਯੂਰੋਪ, ਅਮਰੀਕਾ, ਕੈਨੇਡਾ, ਇੰਗਲੈਂਡ ਆਦਿ ਪਹੁੰਚਾਉਣ ਦਾ ਗੈਰ ਕਨੂੰਨੀ ਕਾਰੋਬਾਰ  ਜਾਰੀ

ਬੀਤੇ ਦਿਨੀਂ ਪੰਜਾਬ ਪੁਲੀਸ ਨੇ ਮਨੁੱਖੀ ਤਸਕਰੀ ਦੇ ਮਾਮਲੇ ਵਿਚ ਦੋ ਔਰਤਾਂ ਸਣੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 2 ਕਰੋੜ 13 ਲੱਖ ਰੁਪਏ ਦੀ ਨਗਦੀ ਅਤੇ ਕਰੀਬ 64 ਤੋਲੇ ਸੋਨਾ ਅਤੇ ਚਾਰ ਲਗਜ਼ਰੀ ਗੱਡੀਆਂ (ਸਵਿਫ਼ਟ, ਫੀਗੋ, ਤਾਈਗੁਨ ਅਤੇ ਥਾਰ) ਵੀ ਬਰਾਮਦ ਕੀਤੀਆਂ ਹਨ।ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਅਨੁਸਾਰ ਕਾਬੂ ਕੀਤੇ ਮੁਲਜ਼ਮਾਂ ਬਲਦੀਸ਼ ਕੌਰ ਵਾਸੀ ਪਿੰਡ ਰਾਊਵਾਲੀ (ਜਲੰਧਰ), ਗੁਰਜੀਤ ਸਿੰਘ ਉਰਫ਼ ਮੰਗਾ ਵਾਸੀ ਪਿੰਡ ਮੱਲੀਆਂ (ਜਲੰਧਰ), ਸਾਹਿਲ ਭੱਟੀ, ਸੋਮ ਰਾਜ ਅਤੇ ਵੀਨਾ ਸਾਰੇ ਵਾਸੀ ਪਿੰਡ ਸਲੈਰੀਆ ਖ਼ੁਰਦ (ਹੁਸ਼ਿਆਰਪੁਰ) ਦੀ ਚੱਲ ਅਤੇ ਅਚੱਲ ਜਾਇਦਾਦ, ਬੈਂਕ ਲਾਕਰਾਂ ਅਤੇ ਬੈਂਕ ਖਾਤਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ।

ਐੱਸਐੱਸਪੀ ਮੁਤਾਬਕ ਉਕਤ ਮੁਲਜ਼ਮਾਂ ਨੂੰ ਬਲੌਂਗੀ ਅਤੇ ਖਰੜ ਸਦਰ ਥਾਣੇ ਵਿੱਚ ਦਰਜ ਦੋ ਵੱਖ-ਵੱਖ ਮਾਮਲਿਆਂ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਨੁੱਖੀ ਤਸਕਰਾਂ ਅਤੇ ਅਗਵਾਕਾਰਾਂ ਤੋਂ ਇੰਡੋਨੇਸ਼ੀਆ ਅਤੇ ਸਿੰਗਾਪੁਰ ਵਿੱਚ ਅਗਵਾ ਕੀਤੇ ਗਏ ਦੋ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਬਚਾਇਆਲਿਆ ਗਿਆ ਹੈ ।ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਪੰਜਾਬ ਵਿੱਚ ਆਪਣੇ ਹੋਰ ਸਾਥੀਆਂ ਦੀ ਮਦਦ ਨਾਲ ਇੰਡੋਨੇਸ਼ੀਆ ਅਤੇ ਸਿੰਗਾਪੁਰ ਵਿੱਚ ਬੈਠੇ ਕਥਿਤ ਮਨੁੱਖੀ ਤਸਕਰ ਅਤੇ ਅਗਵਾਕਾਰਾਂ ਦੇ ਸਰਗਣੇ ਸਨੀ ਕੁਮਾਰ ਵਾਸੀ ਪਿੰਡ ਸਲੈਰੀਆ ਖ਼ੁਰਦ (ਹੁਸ਼ਿਆਰਪੁਰ), ਜੋ ਇਸ ਸਮੇਂ ਇੰਡੋਨੇਸ਼ੀਆ ਵਿਚ ਰਹਿੰਦਾ ਹੈ ਤੇ ਜਸਵੀਰ ਸਿੰਘ ਸੰਜੇ ਹਾਲ ਵਾਸੀ ਸਿੰਗਾਪੁਰ ਦੀ ਸਹਾਇਤਾ ਨਾਲ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਭੋਲੇ-ਭਾਲੇ ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਇੰਡੋਨੇਸ਼ੀਆ ਅਤੇ ਸਿੰਗਾਪੁਰ ਦੀ ਟਿਕਟ ਕਟਵਾ ਕੇ ਭੇਜ ਦਿੰਦੇ ਸਨ। ਉੱਥੇ ਸੰਨੀ ਕੁਮਾਰ (ਇੰਡੋਨੇਸ਼ੀਆ) ਅਤੇ ਜਸਵੀਰ ਸਿੰਘ ਉਰਫ਼ ਸੰਜੇ (ਸਿੰਗਾਪੁਰ) ਪੀੜਤ ਵਿਅਕਤੀਆਂ ‘ਤੇ ਤਸ਼ੱਦਦ ਢਾਹੁਣ ਮਗਰੋਂ ਉਨ੍ਹਾਂ ਤੋਂ ਫੋਨ ‘ਤੇ ਮੈਕਸੀਕੋ ਪਹੁੰਚਣ ਦੀ ਗੱਲ ਅਖਵਾਉਂਦਿਆਂ ਘਰਦਿਆਂ ਨੂੰ 40 ਲੱਖ ਰੁਪਏ ਏਜੰਟਾਂ ਨੂੰ ਦੇਣ ਲਈ ਕਹਿੰਦੇ ਸਨ। ਜਿਸ ਮਗਰੋਂ ਉਨ੍ਹਾਂ ਦੇ ਵਾਰਿਸ ਪੰਜਾਬ ਵਿੱਚ ਮਨੁੱਖੀ ਤਸਕਰੀ ਦਾ ਕੰਮ ਕਰਨ ਵਾਲੇ ਏਜੰਟ ਬਲਦੀਸ਼ ਕੌਰ, ਵੀਨਾ, ਸਾਹਿਲ ਭੱਟੀ, ਸੋਮਰਾਜ ਅਤੇ ਗੁਰਜੀਤ ਸਿੰਘ ਉਰਫ਼ ਮੰਗਾ, ਸੋਨੀਆ, ਅਭਿਸ਼ੇਕ, ਮਲਕੀਤ, ਟੋਨੀ, ਭੁਪਿੰਦਰ ਸਿੰਘ ਉਰਫ਼ ਭਿੰਦਾ, ਸੰਦੀਪ ਆੜ੍ਹਤੀਆ ਅਤੇ ਸੁਮਨ ਨਾਲ ਤਾਲਮੇਲ ਕਰਕੇ ਏਜੰਟਾਂ ਵੱਲੋਂ ਦੱਸੀ ਥਾਂ ‘ਤੇ ਪੈਸੇ ਲੈ ਕੇ ਪਹੁੰਚ ਜਾਂਦੇ ਸਨ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਅਜਿਹੇ ਸੈਂਕੜੇ ਨੌਜਵਾਨਾਂ ਨੂੰ ਅਗਵਾ ਕਰਕੇ ਕਰੋੜਾਂ ਰੁਪਏ ਵਸੂਲ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਈ ਮਨੁੱਖੀ ਤਸਕਰ ਏਜੰਟ ਹਾਲੇ ਫਰਾਰ ਹਨ ਜਿਨ੍ਹਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ।

ਇਹ ਘਟਨਾ ਪੰਜਾਬ ਵਿਚ ਲਗਾਤਾਰ ਵਾਪਰ ਰਹੇ ਦੁਖਾਂਤ ਦਾ ਇਕ ਪੱਖ ਪੇਸ਼ ਕਰਦੀ ਹੈ। ਪੰਜਾਬੀ ਨੌਜਵਾਨ ਹਰ ਹੀਲੇ ਪਰਵਾਸ ਕਰ ਕੇ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਦੁਬਈ ਅਤੇ ਹੋਰ ਦੇਸ਼ਾਂ ਵਿਚ ਪਹੁੰਚਣਾ ਚਾਹੁੰਦੇ ਹਨ। ਹਰ ਸਾਲ ਹਜ਼ਾਰਾਂ ਨੌਜਵਾਨ ਵਿਦਿਆਰਥੀ ਵੀਜ਼ਿਆਂ ’ਤੇ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਹੋਰ ਦੇਸ਼ਾਂ ਨੂੰ ਜਾਂਦੇ ਹਨ। ਜਿਹੜੇ ਨੌਜਵਾਨ ਪੜ੍ਹਨ ਨਹੀਂ ਜਾ ਸਕਦੇ, ਉਹ ਗ਼ੈਰ-ਕਾਨੂੰਨੀ ਤਰੀਕਿਆਂ ਰਾਹੀਂ ਪਰਵਾਸ ਕਰਨਾ ਚਾਹੁੰਦੇ ਹਨ। ਇਹ ਨੌਜਵਾਨ ਅਜਿਹੇ ਗਰੋਹਾਂ ਦਾ ਸ਼ਿਕਾਰ ਬਣਦੇ ਹਨ। ਸਿੰਗਾਪੁਰ, ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ, ਪੂਰਬੀ ਯੂਰੋਪ ਦੇ ਦੇਸ਼ਾਂ ਅਤੇ ਮੈਕਸਿਕੋ ਰਾਹੀਂ ਗ਼ੈਰ-ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਯੂਰੋਪ, ਅਮਰੀਕਾ, ਕੈਨੇਡਾ, ਇੰਗਲੈਂਡ ਆਦਿ ਪਹੁੰਚਾਉਣ ਦਾ ਕਾਰੋਬਾਰ ਦਹਾਕਿਆਂ ਤੋਂ ਵਧ ਰਿਹਾ ਹੈ। ਦਸੰਬਰ 1996 ਵਿਚ ਭੂਮੱਧ ਸਾਗਰ ਵਿਚ ਡੁੱਬੇ ਛੋਟੇ ਜਹਾਜ਼ ਵਿਚ ਘੱਟੋ-ਘੱਟ 283 ਨੌਜਵਾਨਾਂ ਦੀ ਮੌਤ ਹੋ ਗਈ ਸੀ; ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਸਨ; ਇਹ ਜਹਾਜ਼ ਉਸ ਸਮੇਂ ਨੌਜਵਾਨਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਮਿਸਰ ਤੋਂ ਇਟਲੀ ਲਿਆ ਰਿਹਾ ਸੀ ਅਤੇ ਇਟਲੀ ਦੇ ਸੂਬੇ ਸਿਸਲੀ ਦੇ ਤੱਟ ਤੋਂ 22 ਮੀਲ ਦੂਰ ਸੀ। ਇਸ ਕੇਸ ਨੂੰ ਮਾਲਟਾ ਦੁਖਾਂਤ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਕੇਸ ਵਿਚ ਇਟਲੀ ਵਿਚ ਕੁਝ ਦੋਸ਼ੀਆਂ ਨੂੰ ਸਜ਼ਾ ਹੋਈ ਸੀ ਪਰ ਭਾਰਤ ਵਿਚ ਇਹ ਕੇਸ ਦਹਾਕਿਆਂ ਬੱਧੀ ਲਮਕਦਾ ਰਿਹਾ ਹੈ। ਪੂਰਬੀ ਯੂਰੋਪ ਦੇ ਦੇਸ਼ਾਂ ਰਾਹੀਂ ਯੂਰੋਪੀਅਨ ਯੂਨੀਅਨ ਦੇ ਦੇਸ਼ਾਂ ਵਿਚ ਅਤੇ ਮੈਕਸਿਕੋ ਰਸਤੇ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕਰਦਿਆਂ ਵੀ ਕਈ ਨੌਜਵਾਨਾਂ ਦੀਆਂ ਜਾਨਾਂ ਗਈਆਂ ਹਨ।

ਇਸ ਗਰੋਹ ਦਾ ਫੜੇ ਜਾਣਾ ਕਈ ਤਰ੍ਹਾਂ ਦੇ ਸਮਾਜਿਕ ਅਤੇ ਕਾਨੂੰਨੀ ਸਵਾਲ ਪੈਦਾ ਕਰਦਾ ਹੈ; ਸੈਂਕੜੇ ਨੌਜਵਾਨਾਂ ਦੀ ਮੌਤ ਹੋਣ ਦੇ ਬਾਅਦ ਵੀ ਪੰਜਾਬ ਦੇ ਨੌਜਵਾਨ ਅਤੇ ਉਨ੍ਹਾਂ ਦੇ ਮਾਪੇ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ਾਂ ਵਿਚ ਜਾਣ ਦੀ ਕੋਸ਼ਿਸ਼ ਕਿਉਂ ਕਰਦੇ ਹਨ? ਕੀ ਸਰਕਾਰ ਤੇ ਪੁਲੀਸ ਅਜਿਹੇ ਗ਼ੈਰ-ਕਾਨੂੰਨੀ ਗਰੋਹਾਂ ’ਤੇ ਕਾਬੂ ਨਹੀਂ ਪਾ ਸਕਦੀਆਂ? ਕੀ ਵਿਦੇਸ਼ਾਂ ਵਿਚ ਜਾਣ ਸਮੇਂ ਅਜਿਹੇ ਵਿਅਕਤੀਆਂ ਬਾਰੇ ਇਹ ਪਤਾ ਨਹੀਂ ਲਗਾਇਆ ਜਾ ਸਕਦਾ ਕਿ ਉਹ ਕਿਉਂ ਤੇ ਕਿਸ ਵਸੀਲੇ ਨਾਲ ਵਿਦੇਸ਼ ਜਾ ਰਹੇ ਹਨ? ਕੀ ਪੰਜਾਬ ਸਰਕਾਰ ਹਰ ਪਿੰਡ, ਕਸਬੇ ਅਤੇ ਸ਼ਹਿਰ ਵਿਚ ਅਜਿਹਾ ਡੇਟਾ ਬੇਸ  ਤਿਆਰ ਨਹੀਂ ਕਰ ਸਕਦੀ ਜੋ ਵਿਦੇਸ਼ ਜਾਣ ਵਾਲੇ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰੇ? ਇਹ ਦਲੀਲ ਦਿੱਤੀ ਜਾਵੇਗੀ ਕਿ ਸੰਸਥਾਵਾਂ ਵਿਚ ਫੈਲਿਆ ਭ੍ਰਿਸ਼ਟਾਚਾਰ ਇਸ ਦਰਜੇ ਦਾ ਹੈ ਕਿ ਅਜਿਹੇ ਗਰੋਹ ਰਿਸ਼ਵਤ ਦੇ ਕੇ ਹਰ ਤਰ੍ਹਾਂ ਦਾ ਪ੍ਰਬੰਧ ਕਰਵਾ ਸਕਦੇ ਹਨ। ਸਰਕਾਰੀ ਪ੍ਰਬੰਧ ਵਿਚ ਸੁਧਾਰ ਕਰਨ ਦੇ ਨਾਲ ਨਾਲ ਇਹ ਵਿਸ਼ਾ ਪੰਜਾਬੀ ਸਮਾਜ ਨੂੰ ਵੀ ਵਿਚਾਰਨਾ ਚਾਹੀਦਾ ਹੈ ਕਿ ਪੰਜਾਬੀਆਂ ਨੂੰ ਆਪਣਾ ਭਵਿੱਖ ਪੰਜਾਬ ਵਿਚ ਦਿਖਾਈ ਕਿਉਂ ਨਹੀਂ ਦਿੰਦਾ।  ਪੰਜਾਬ ਦੀਆਂ ਮੁੱਖ ਸਮੱਸਿਆਵਾਂ ਇਹ ਹਨ: ਗ਼ੈਰ-ਮਿਆਰੀ ਵਿੱਦਿਅਕ ਢਾਂਚਾ, ਬੇਰੁਜ਼ਗਾਰੀ, ਨਸ਼ਿਆਂ ਦਾ ਫੈਲਾਅ ਅਤੇ ਰਿਸ਼ਵਤਖ਼ੋਰੀ। ਜਿੱਥੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ, ਉੱਥੇ ਸਮਾਜਿਕ ਸੰਸਥਾਵਾਂ ਅਤੇ ਜਥੇਬੰਦੀਆਂ ਨੂੰ ਵੀ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ।