ਹਮਾਸ ਨੇ ਗਾਜ਼ਾ ਪੱਟੀ 'ਤੇ ਕੰਟਰੋਲ ਗੁਆਇਆ ,ਇਜ਼ਰਾਇਲੀ ਫੌਜ ਦਾ ਗਾਜ਼ਾ ਵਿਚ ਹਮਾਸ ਦੀ ਸੰਸਦ 'ਤੇ ਕਬਜ਼ਾ

ਹਮਾਸ ਨੇ ਗਾਜ਼ਾ ਪੱਟੀ 'ਤੇ ਕੰਟਰੋਲ ਗੁਆਇਆ ,ਇਜ਼ਰਾਇਲੀ ਫੌਜ ਦਾ ਗਾਜ਼ਾ ਵਿਚ ਹਮਾਸ ਦੀ ਸੰਸਦ 'ਤੇ ਕਬਜ਼ਾ

ਗਾਜ਼ਾ ਵਿੱਚ ਹੁਣ ਤੱਕ ਸੰਯੁਕਤ ਰਾਸ਼ਟਰ ਦੇ 102 ਕਰਮਚਾਰੀਆਂ ਦੀ ਮੌਤ ਹੋਈ 

*ਇਜ਼ਰਾਈਲ ਤੇ ਹਮਾਸ ਵਿਚਾਲੇ ਬੰਧਕਾਂ ਦੀ ਰਿਹਾਈ ਬਾਰੇ ਗੱਲਬਾਤ ਜਾਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਗਾਜਾ: ਹਮਾਸ ਨਾਲ ਚੱਲ ਰਹੀ ਜੰਗ ਦਰਮਿਆਨ ਇਜ਼ਰਾਇਲੀ ਫੌਜ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦਰਅਸਲ, ਇਜ਼ਰਾਇਲੀ ਡਿਫੈਂਸ ਫੋਰਸ ਦੇ ਜਵਾਨਾਂ ਨੇ ਗਾਜ਼ਾ ਵਿਚ ਹਮਾਸ ਦੀ ਸੰਸਦ 'ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ। ਇਜ਼ਰਾਈਲ ਨੇ ਆਪਣੇ ਤਾਜ਼ਾ ਦਾਅਵੇ ਵਿਚ ਕਿਹਾ ਹੈ ਕਿ ਹਮਾਸ ਨੇ ਗਾਜ਼ਾ ਪੱਟੀ 'ਤੇ ਕੰਟਰੋਲ ਗੁਆ ਦਿੱਤਾ ਹੈ। ਇਸ ਤੋਂ ਪਹਿਲਾਂ ਇਜ਼ਰਾਇਲੀ ਫੌਜ ਨੇ ਇਕ ਫੋਟੋ ਸ਼ੇਅਰ ਕੀਤੀ ਸੀ, ਜਿਸ ਵਿਚ ਹਮਾਸ ਦੀ ਸੰਸਦ ਵਿਚ ਇਜ਼ਰਾਇਲੀ ਫੌਜੀ ਆਪਣਾ ਝੰਡਾ ਲਹਿਰਾਉਂਦੇ ਨਜ਼ਰ ਆ ਰਹੇ ਹਨ।ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਇਜ਼ਰਾਈਲ ਦੇ ਰਾਸ਼ਟਰੀ ਟੀਵੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗਾਜ਼ਾ ਪੱਟੀ ਪੂਰੀ ਤਰ੍ਹਾਂ ਸਾਡੇ ਕੰਟਰੋਲ ਵਿਚ ਹੈ।

ਦਿ ਟਾਈਮਜ਼ ਆਫ ਇਜ਼ਰਾਈਲ ਦੀ ਰਿਪੋਰਟ ਮੁਤਾਬਕ, ਫਲਸਤੀਨੀ ਵਿਧਾਨ ਪ੍ਰੀਸ਼ਦ ਦੀ ਇਮਾਰਤ 2007 ਤੋਂ ਹਮਾਸ ਦੇ ਕੰਟਰੋਲ ਹੇਠ ਸੀ, ਜਿਸ ਨੂੰ ਹੁਣ ਇਜ਼ਰਾਈਲੀ ਬਲਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਸ ਤੋਂ ਪਹਿਲਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸਪੱਸ਼ਟ ਕਰ ਚੁੱਕੇ ਹਨ ਕਿ ਹਮਾਸ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਤੋਂ ਬਾਅਦ ਹੀ ਇਹ ਜੰਗ ਰੁਕਣ ਵਾਲੀ ਹੈ, ਅਜਿਹੇ ਵਿਚ ਇਜ਼ਰਾਇਲੀ ਫੌਜ ਤੇਜ਼ੀ ਨਾਲ ਹਮਾਸ ਦੇ ਟਿਕਾਣਿਆਂ ਨੂੰ ਤਬਾਹ ਕਰ ਰਹੀ ਹੈ।ਹੁਣ ਹਮਾਸ ਦੇ ਲੜਾਕੇ ਦੱਖਣ ਵੱਲ ਭੱਜ ਰਹੇ ਹਨ।

 ਜ਼ਿਕਰਯੋਗ ਹੈ ਕਿ ਇਜ਼ਰਾਈਲ-ਹਮਾਸ ਜੰਗ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਹਾਲਾਂਕਿ ਇਹ ਸੰਘਰਸ਼ ਖ਼ਤਮ ਨਹੀਂ ਹੋ ਰਿਹਾ ਹੈ। ਜੰਗ ਕਾਰਨ ਗਾਜ਼ਾ ਵਿੱਚ ਹੁਣ ਤੱਕ 23 ਲੱਖ ਲੋਕਾਂ ਨੂੰ ਆਪਣਾ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣਾ ਪਿਆ ਹੈ। 15000 ਦੇ ਕਰੀਬ ਲੋਕ ਮਾਰੇ ਜਾ ਚੁਕੇ ਹਨ।ਗਾਜ਼ਾ ਵਿੱਚ ਹੁਣ ਤੱਕ ਸੰਯੁਕਤ ਰਾਸ਼ਟਰ ਦੇ 102 ਕਰਮਚਾਰੀਆਂ ਦੀ ਮੌਤ ਹੋ ਚੁੱਕੀ ਹੈ, ਯੂਐਨਆਰਡਬਲਯੂਏ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਅੰਕੜਾ ਹੈ। 

ਬੰਧਕਾਂ ਦੀ ਰਿਹਾਈ ਬਾਰੇ ਇਜਰਾਈਲ ਤੇ ਹਮਾਸ ਦੀ ਗੱਲਬਾਤ

ਯੁੱਧ ਦੇ ਵਿਚਕਾਰ, ਇਜ਼ਰਾਈਲ ਅਤੇ ਹਮਾਸ ਬੰਧਕਾਂ ਦੀ ਰਿਹਾਈ 'ਤੇ ਇਕ ਸਮਝੌਤੇ ਦੇ ਨੇੜੇ ਹਨ। ਦਰਅਸਲ, ਇਜ਼ਰਾਈਲ ਅਤੇ ਹਮਾਸ ਬੰਧਕਾਂ ਲਈ ਫਲਸਤੀਨੀ ਕੈਦੀਆਂ ਦੀ ਅਦਲਾ-ਬਦਲੀ ਲਈ ਇਕ ਸਮਝੌਤੇ 'ਤੇ ਪਹੁੰਚਣ ਦੇ ਨੇੜੇ ਹਨ। ਵਾਸ਼ਿੰਗਟਨ ਪੋਸਟ ਦੇ ਕਾਲਮਨਵੀਸ ਡੇਵਿਡ ਇਗਨੇਟਿਅਸ ਨੇ ਇਜ਼ਰਾਈਲੀ ਅਧਿਕਾਰੀ ਦੇ ਹਵਾਲੇ ਨਾਲ ਇਸ ਦੀ ਪੁਸ਼ਟੀ ਕੀਤੀ।

ਫਲਸਤੀਨੀ ਕੱਟੜਪੰਥੀ ਸਮੂਹ ਹਮਾਸ ਨੇ ਕਿਹਾ ਕਿ ਉਹ ਇਜ਼ਰਾਈਲ ਨਾਲ ਪੰਜ ਦਿਨਾਂ ਦੀ ਜੰਗਬੰਦੀ ਦੇ ਬਦਲੇ ਗਾਜ਼ਾ ਵਿੱਚ ਬੰਦ 70 ਔਰਤਾਂ ਅਤੇ ਬੱਚਿਆਂ ਨੂੰ ਰਿਹਾਅ ਕਰਨ ਲਈ ਤਿਆਰ ਹੈ। ਹਥਿਆਰਬੰਦ ਵਿੰਗ ਦੇ ਬੁਲਾਰੇ ਅਬੂ ਓਬੈਦਾ ਨੇ ਕਿਹਾ ਕਿ ਇਜ਼ਰਾਇਲੀ ਬੰਧਕਾਂ ਦੀ ਰਿਹਾਈ ਸਿਰਫ ਇੱਕ ਸ਼ਰਤ 'ਤੇ ਹੋਵੇਗੀ। ਦਰਅਸਲ, ਬੰਧਕਾਂ ਨੂੰ ਰਿਹਾਅ ਕਰਨ ਲਈ ਹਮਾਸ ਨੇ ਇਜ਼ਰਾਈਲ ਨੂੰ ਉਨ੍ਹਾਂ ਫਲਸਤੀਨੀਆਂ ਨੂੰ ਰਿਹਾਅ ਕਰਨ ਲਈ ਕਿਹਾ ਹੈ ਜੋ ਸਾਲਾਂ ਤੋਂ ਇਜ਼ਰਾਈਲ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਹਮਾਸ ਦੇ ਬੁਲਾਰੇ ਨੇ ਕਿਹਾ ਕਿ ਕਤਰ ਦੀ ਵਿਚੋਲਗੀ ਵਿਚ ਇਜ਼ਰਾਈਲ ਨਾਲ ਗੱਲਬਾਤ ਚੱਲ ਰਹੀ ਹੈ। ਹਾਲਾਂਕਿ ਹਮਾਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਜ਼ਰਾਈਲ ਦੀਆਂ ਜੇਲ੍ਹਾਂ ਵਿੱਚ ਕਿੰਨੇ ਫਲਸਤੀਨੀ ਕੈਦ ਹਨ ਅਤੇ ਇਜ਼ਰਾਈਲ ਕਿੰਨੇ ਲੋਕਾਂ ਨੂੰ ਰਿਹਾਅ ਕਰੇਗਾ।ਵਾਸ਼ਿੰਗਟਨ ਪੋਸਟ ਨੇ ਇੱਕ ਇਜ਼ਰਾਈਲੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਸੌਦੇ ਦੀ ਆਮ ਰੂਪਰੇਖਾ ਨੂੰ ਸਮਝ ਲਿਆ ਗਿਆ ਹੈ। ਅਸਥਾਈ ਸਮਝੌਤੇ ਵਿੱਚ ਇਜ਼ਰਾਈਲੀ ਔਰਤਾਂ ਅਤੇ ਬੱਚਿਆਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਦੇ ਬਦਲੇ ਇਜ਼ਰਾਈਲ ਦੀਆਂ ਜੇਲ੍ਹਾਂ ਵਿੱਚ ਬੰਦ ਫਲਸਤੀਨੀ ਔਰਤਾਂ ਅਤੇ ਨੌਜਵਾਨਾਂ ਨੂੰ ਵੀ ਰਿਹਾਅ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਜ਼ਰਾਈਲ ਤੋਂ ਰਿਹਾਅ ਕੀਤੇ ਜਾਣ ਵਾਲੇ ਫਲਸਤੀਨੀ ਔਰਤਾਂ ਅਤੇ ਨੌਜਵਾਨਾਂ ਦੀ ਗਿਣਤੀ ਸਪੱਸ਼ਟ ਨਹੀਂ ਹੈ।

ਹਮਾਸ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਇਹ ਜੰਗਬੰਦੀ ਪੂਰੀ ਹੋਣੀ ਚਾਹੀਦੀ ਹੈ ਤਾਂ ਜੋ ਪ੍ਰਭਾਵਿਤ ਲੋਕਾਂ ਤੱਕ ਮਨੁੱਖੀ ਸਹਾਇਤਾ ਪਹੁੰਚਾਈ ਜਾ ਸਕੇ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਕਤਰ ਦੇ ਅਮੀਰ ਤਮੀਮ ਬਿਨ ਹਮਦ ਅਲ-ਥਾਨੀ ਨਾਲ ਗੱਲ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਵਿਚੋਲਗੀ ਦੀ ਕੋਸ਼ਿਸ਼ ਕਰਨ 'ਤੇ ਵੀ ਉਨ੍ਹਾਂ ਦੀ ਤਾਰੀਫ ਕੀਤੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਕਰੀਬ 16 ਸਾਲਾਂ ਬਾਅਦ ਗਾਜ਼ਾ ਪੱਟੀ 'ਤੇ ਹਮਾਸ ਦਾ ਕੰਟਰੋਲ ਖਤਮ ਹੋ ਗਿਆ ਹੈ।