ਧਰਮ ਸੰਕਟ 'ਵਿਚ ਫਸੀ ਰਾਜਸਥਾਨ ਕਾਂਗਰਸ

ਧਰਮ ਸੰਕਟ 'ਵਿਚ ਫਸੀ ਰਾਜਸਥਾਨ ਕਾਂਗਰਸ

ਗਹਿਲੋਤ ਸਮਰਥਕ ਵਿਧਾਇਕਾਂ ਨੇ ਸਪੀਕਰ ਨੂੰ ਸੌਂਪੇ ਅਸਤੀਫ਼ੇ 

*ਕਾਂਗਰਸ ਬਨਾਮ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਤੋਂ ਹਾਈਕਮਾਨ  ਖ਼ਫ਼ਾ

* ਗਹਿਲੋਤ ਸਮਰਥਕਾਂ ਨੇ ਰੱਖੀਆਂ  ਸ਼ਰਤਾਂ

*ਸੋਨੀਆ ਨੇ ਰਿਪੋਰਟ ਮੰਗੀ, ਗਹਿਲੋਤ ਨੂੰ ਮਨਾਉਣ ਦੀ ਜ਼ਿੰਮੇਵਾਰੀ ਕਮਲ ਨਾਥ ਨੂੰ ਸੌਂਪੀ 

ਅੰਮ੍ਰਿਤਸਰ ਟਾਈਮਜ਼

ਜੈਪੁਰ-ਰਾਜਸਥਾਨ ਵਿਚ ਕਾਂਗਰਸ ਵਿਚ ਹੋਏ ਵਿਦਰੋਹ ਨੇ ਪਾਰਟੀ ਦੇ ਭਵਿੱਖ ਨੂੰ ਅਨਿਸ਼ਚਿਤਤਾ ਵੱਲ ਧੱਕ ਦਿੱਤਾ ਹੈ। ਲਗਭਗ ਦੋ ਦਹਾਕਿਆਂ ਬਾਅਦ ਕਾਂਗਰਸ ਵਿਚ ਪਾਰਟੀ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਅਤੇ ਅਸ਼ੋਕ ਗਹਿਲੋਤ ਦਾ ਪ੍ਰਧਾਨ ਬਣਨਾ ਨਿਸ਼ਚਿਤ ਮੰਨਿਆ ਜਾ ਰਿਹਾ ਸੀ। ਪਾਰਟੀ ਦਾ ਅੰਦਰੂਨੀ ਜਮਹੂਰੀਅਤ ਬਹਾਲ ਕਰਨ ਵੱਲ ਵਧਣਾ ਵਧੀਆ ਕਦਮ ਹੈ ਪਰ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਇਸ ਵਿਚ ਨਿਹਿਤ ਸੱਤਾ ਦੇ ਸਮੀਕਰਨਾਂ ਬਾਰੇ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ। ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਦੇ ਅਹੁਦੇ ਦੀ ਦੌੜ ਤੋਂ ਲਾਂਭੇ ਹੋ ਕੇ ਇਹ ਸੰਕੇਤ ਦੇਣ ਦਾ ਯਤਨ ਕੀਤਾ ਕਿ ਉਹ ਪਾਰਟੀ ਦੀ ਅਗਵਾਈ ਕਿਸੇ ਸੀਨੀਅਰ ਆਗੂ ਨੂੰ ਸੌਂਪਣ ਲਈ ਤਿਆਰ ਹਨ ਪਰ ਨਾਲ ਹੀ ਕਈ ਕਾਰਵਾਈਆਂ ਦੁਆਰਾ ਇਹ ਪ੍ਰਭਾਵ ਵੀ ਗਿਆ ਕਿ ਸਭ ਕੁਝ ਨਹਿਰੂ-ਗਾਂਧੀ ਪਰਿਵਾਰ ਦੇ ਕਹਿਣ ਅਨੁਸਾਰ ਹੀ ਹੋਵੇਗਾ। ਉਦਾਹਰਨ ਵਜੋਂ ਗਹਿਲੋਤ ਨੂੰ ਪਾਰਟੀ ਪ੍ਰਧਾਨ ਲਈ ਉਮੀਦਵਾਰ ਬਣਨ ’ਤੇ ਰਾਜਸਥਾਨ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਲਈ ਕਿਹਾ ਗਿਆ; ਇਹ ਸੰਕੇਤ ਵੀ ਦਿੱਤੇ ਗਏ ਕਿ ਨਹਿਰੂ-ਗਾਂਧੀ ਪਰਿਵਾਰ ਦੀ ਚੋਣ ਅਨੁਸਾਰ ਸਚਿਨ ਪਾਇਲਟ ਨਵਾਂ ਮੁੱਖ ਮੰਤਰੀ ਹੋਵੇਗਾ; ਗਹਿਲੋਤ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਪਰ ਨਾਲ ਹੀ ਦਿਗਵਿਜੈ ਸਿੰਘ ਤੋਂ ‘ਇਕ ਵਿਅਕਤੀ ਇਕ ਅਹੁਦੇ’ ਦਾ ਬਿਆਨ ਦਿਵਾਇਆ ਗਿਆ। ਰਾਹੁਲ ਗਾਂਧੀ ਨੇ ਵੀ ਅਜਿਹਾ ਬਿਆਨ ਦਿੱਤਾ। ਇਨ੍ਹਾਂ ਕਾਰਵਾਈਆਂ ਕਾਰਨ ਅਸ਼ੋਕ ਗਹਿਲੋਤ ਨੇ ਹੱਤਕ ਮਹਿਸੂਸ ਕੀਤੀ ਅਤੇ ਉਸ ਦੇ 90 ਤੋਂ ਜ਼ਿਆਦਾ ਹਮਾਇਤੀ ਵਿਧਾਇਕਾਂ ਨੇ ਉਸ ਦਾ ਸਾਥ ਦਿੰਦਿਆਂ ਸਪੀਕਰ ਨੂੰ ਅਸਤੀਫ਼ੇ ਸੌਂਪ ਦਿੱਤੇ। ਉਨ੍ਹਾਂ ਨੇ ਕਾਂਗਰਸ ਹਾਈ ਕਮਾਨ ਦੁਆਰਾ ਭੇਜੇ ਗਏ ਵਫ਼ਦ ਨੂੰ ਮਿਲਣ ਤੋਂ ਵੀ ਇਨਕਾਰ ਕਰ ਦਿੱਤਾ। ਅਜਿਹਾ ਕਾਂਗਰਸ ਵਿਚ ਪਹਿਲੀ ਵਾਰ ਹੋਇਆ ਹੈ।  ਇਸ ਘਟਨਾਕ੍ਰਮ ਨੇ ਮੁੱਖ ਮੰਤਰੀ ਤੇ ਸਚਿਨ ਪਾਇਲਟ ਦਰਮਿਆਨ ਵਿਗੜਦੇ ਸੱਤਾ ਸੰਘਰਸ਼ ਦਾ ਸੰਕੇਤ ਦਿੱਤਾ ਹੈ ।200 ਮੈਂਬਰਾਂ ਵਾਲੀ ਵਿਧਾਨ ਸਭਾ 'ਵਿਚ ਕਾਂਗਰਸ ਦੇ 108 ਮੈਂਬਰ ਹਨ । ਪਾਰਟੀ ਕੋਲ 13 ਸੁਤੰਤਰ ਵਿਧਾਇਕਾਂ ਦਾ ਸਮਰਥਨ ਵੀ ਹੈ ।                                               ਅੰਦਰੂਨੀ ਖਾਨਾਜੰਗੀ ਜਨਤਕ ਹੋਣ 'ਤੇ ਪਾਰਟੀ ਹਾਈਕਮਾਨ ਕਾਫ਼ੀ ਖ਼ਫ਼ਾ ਹੈ ਅਤੇ ਹਾਈਕਮਾਨ ਨੇ ਨਿਯੁਕਤ ਕੀਤੇ ਦੋਵਾਂ ਕੇਂਦਰੀ ਨਿਗਰਾਨ ਮਲਿਕਾਰਜੁਨ ਖੜਗੇ ਅਤੇ ਅਜੈ ਮਾਕਨ ਤੋਂ ਇਸ ਸੰਬੰਧ 'ਵਿਚ ਤਫ਼ਸੀਲੀ ਲਿਖਤੀ ਰਿਪੋਰਟ ਮੰਗੀ ਹੈ। ਹਲਕਿਆਂ ਮੁਤਾਬਿਕ ਬੀਤੇ ਐਤਵਾਰ ਰਾਤ ਨੂੰ ਤਕਰੀਬਨ 90 ਵਿਧਾਇਕਾਂ ਵਲੋਂ ਕੀਤੀ ਬਗ਼ਾਵਤ ਤਹਿਤ ਪਾਰਟੀ ਵਲੋਂ ਸੱਦੀ ਵਿਧਾਇਕ ਦਲ ਦੀ ਮੀਟਿੰਗ ਦਾ ਬਾਈਕਾਟ ਕਰਨ ਅਤੇ ਉਸੇ ਵੇਲੇ ਹੀ ਦੂਜੀ ਬੈਠਕ ਕਰ ਕੇ, ਅਸਿੱਧੇ ਢੰਗ ਨਾਲ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਲੋਂ ਕੀਤੇ ਸ਼ਕਤੀ ਪ੍ਰਦਰਸ਼ਨ ਦਾ ਹਾਈਕਮਾਨ ਵਲੋਂ ਸਖ਼ਤ ਨੋਟਿਸ ਵੀ ਲਿਆ ਗਿਆ। ਹਾਲਾਂਕਿ ਗਹਿਲੋਤ ਸਮਰਥਕਾਂ ਨੇ ਸੋਮਵਾਰ ਦਿਨ ਭਰ ਨਾ ਸਿਰਫ਼ ਉਨ੍ਹਾਂ (ਗਹਿਲੋਤ) ਦੇ ਹੱਕ 'ਵਿਚ ਬਿਆਨਬਾਜ਼ੀ ਕੀਤੀ, ਸਗੋਂ ਕਾਂਗਰਸ ਦੇ ਸੂਬਾ ਇੰਚਾਰਜ ਅਜੈ ਮਾਕਨ 'ਤੇ ਵੀ ਤਿੱਖੇ ਹਮਲੇ ਕੀਤੇ ਸਨ। ਦੂਜੇ ਪਾਸੇ ਅਸ਼ੋਕ ਗਹਿਲੋਤ ਨੇ ਕੇਂਦਰੀ ਨਿਗਰਾਨ ਮਲਿਕਾਰਜੁਨ ਖੜਗੇ ਤੋਂ ਬਣ ਆਏ ਹਾਲਾਤਾਂ 'ਤੇ ਮੁਆਫ਼ੀ ਵੀ ਮੰਗੀ। ਹਲਕਿਆਂ ਮੁਤਾਬਿਕ ਗਹਿਲੋਤ ਨੇ ਵਿਧਾਇਕ ਦਲ ਦੀ ਮੀਟਿੰਗ ਦੇ ਬਰਾਬਰ ਵਿਧਾਇਕਾਂ ਵਲੋਂ ਇਕ ਹੋਰ ਮੀਟਿੰਗ ਸੱਦਣਾ ਅਤੇ ਅਸਤੀਫ਼ੇ ਦੇਣ ਵਜੋਂ ਕੀਤੀ ਬਗ਼ਾਵਤ ਨੂੰ ਵੀ ਗਲਤੀ ਦੱਸਦਿਆਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਗਹਿਲੋਤ ਨੇ ਆਪਣੇ ਤੌਰ 'ਤੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਇਸ ਸਾਰੀ ਬਗ਼ਾਵਤ 'ਵਿਚ ਕੋਈ ਹੱਥ ਨਹੀਂ ਹੈ। ਕਾਂਗਰਸ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਰਾਜਸਥਾਨ ਦਾ ਮੁੱਖ ਮੰਤਰੀ 'ਕੌਣ' ਦੇ ਖੜ੍ਹੇ ਹੋਏ ਸੰਕਟ 'ਤੇ ਕਾਂਗਰਸੀ ਆਗੂ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇੜਿਉਂ ਨਜ਼ਰ ਰੱਖ ਰਹੇ ਹਨ। ਹਲਕਿਆਂ ਮੁਤਾਬਿਕ ਰਾਹੁਲ ਗਾਂਧੀ  ਨੇ ਹੀ ਕੇ. ਸੀ. ਵੇਣੂਗੋਪਾਲ ਨੂੰ ਦਿੱਲੀ ਜਾ ਕੇ ਹਾਲਾਤ ਨੂੰ ਕਾਬੂ ਕਰਨ ਦੇ ਨਿਰਦੇਸ਼ ਦਿੱਤੇ ਹਨ।

 

 ਮਾਕਨ ਨੇ ਇਸ ਸਾਰੇ ਘਟਨਾਕ੍ਰਮ 'ਤੇ ਵਿਧਾਇਕਾਂ 'ਤੇ ਕਾਰਵਾਈ ਕਰਨ ਦੇ ਸੰਕੇਤ ਦਿੰਦਿਆਂ ਕਿਹਾ ਕਿ ਦੇਖਦੇ ਹਾਂ ਉਨ੍ਹਾਂ 'ਤੇ ਕੀ ਕਾਰਵਾਈ ਕੀਤੀ ਜਾਏਗੀ। ਖੜਗੇ ਨੇ ਕਿਹਾ ਕਿ ਐਤਵਾਰ ਨੂੰ ਜੋ ਵੀ ਕੁਝ ਹੋਇਆ, ਅਸੀਂ ਉਸ ਬਾਰੇ ਕਾਂਗਰਸ ਪ੍ਰਧਾਨ ਨੂੰ ਜਾਣੂ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਫ਼ੈਸਲਾ ਲਿਆ ਜਾਂਦਾ ਹੈ, ਉਸ ਦਾ ਸਭ ਨੂੰ ਪਾਲਣ ਕਰਨਾ ਹੋਏਗਾ। ਪਾਰਟੀ 'ਵਿਚ ਅਨੁਸ਼ਾਸਨ ਹੋਣਾ ਚਾਹੀਦਾ ਹੈ।

 ਰਾਜਸਥਾਨ 'ਵਿਚ ਹੋਏ ਸਿਆਸੀ ਡਰਾਮੇ ਤੋਂ ਬਾਅਦ ਰਾਜਸਥਾਨ ਦੇ ਕੇਂਦਰੀ ਨਿਗਰਾਨ ਮਲਿਕਾਰਜੁਨ ਖੜਗੇ ਅਤੇ ਸੂਬਾ ਇੰਚਾਰਜ ਅਜੈ ਮਾਕਨ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਰਾਜਸਥਾਨ ਸੰਕਟ ਨੂੰ ਹੱਲ ਕਰਨ ਲਈ ਸੋਨੀਆ ਗਾਂਧੀ ਨੇ ਖੜਗੇ ਅਤੇ ਮਾਕਨ ਤੋਂ ਇਲਾਵਾ ਪਾਰਟੀ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਅਤੇ ਪਾਰਟੀ ਦੇ ਸੀਨੀਅਰ ਆਗੂ ਕਮਲਨਾਥ ਨੂੰ ਵੀ ਦਿੱਲੀ ਤਲਬ ਕੀਤਾ। ਹਲਕਿਆਂ ਮੁਤਾਬਿਕ ਕਮਲਨਾਥ ਇਸ ਸਾਰੇ ਮਾਮਲੇ 'ਵਿਚ ਸਾਲਸੀ ਦੀ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਦੇ ਗਹਿਲੋਤ ਨਾਲ ਚੰਗੇ ਸਬੰਧ ਹਨ ਅਤੇ ਕਾਂਗਰਸ ਨੂੰ ਵਿਸ਼ਵਾਸ ਹੈ ਕਿ ਉਹ ਗਹਿਲੋਤ ਨਾਲ ਗੱਲਬਾਤ ਕਰਕੇ ਸੰਕਟ ਸੁਲਝਾ ਸਕਦੇ ਹਨ।  ਗਹਿਲੋਤ ਪੱਖੀ 92 ਵਿਧਾਇਕਾਂ ਨੇ ਪਾਰਟੀ ਨਿਗਰਾਨਾਂ ਮਲਿਕਾਰਜੁਨ ਖੜਗੇ ਅਤੇ ਅਜੈ ਮਾਕਨ ਅੱਗੇ ਤਿੰਨ ਸ਼ਰਤਾਂ ਰੱਖਦਿਆਂ ਕਿਹਾ ਕਿ ਅਗਲੇ ਮੁੱਖ ਮੰਤਰੀ ਬਾਰੇ ਕੋਈ ਫ਼ੈਸਲਾ ਪਾਰਟੀ ਪ੍ਰਧਾਨ ਦੀ 19 ਅਕਤੂਬਰ ਨੂੰ ਚੋਣ ਮਗਰੋਂ ਗਹਿਲੋਤ ਦੀ ਸਲਾਹ ਨਾਲ ਲਿਆ ਜਾਵੇ।ਸੰਕਟ ਸੁਲਝਾਉਣ ਲਈ ਰਾਜਸਥਾਨ ਗਏ ਖੜਗੇ ਅਤੇ ਮਾਕਨ  ਜੈਪੁਰ ਤੋਂ ਦਿੱਲੀ ਪਰਤ ਆਏ ਅਤੇ ਉਨ੍ਹਾਂ ਸੋਨੀਆ ਨਾਲ ਮੁਲਾਕਾਤ ਕੀਤੀ।