ਪੱਛਮੀ ਦੇਸ਼ਾਂ ਨੂੰ ਪੁਤਿਨ ਨੇ ਧਮਕਾਇਆ ਕਿ ਮਾਸਕੋ ਇਨ੍ਹਾਂ ਦੇ ਟਿਕਾਣਿਆਂ 'ਤੇ ਕਰ ਸਕਦਾ ਹੈ ਪਰਮਾਣੂ ਹਮਲਾ

ਪੱਛਮੀ ਦੇਸ਼ਾਂ ਨੂੰ ਪੁਤਿਨ ਨੇ ਧਮਕਾਇਆ ਕਿ ਮਾਸਕੋ ਇਨ੍ਹਾਂ ਦੇ ਟਿਕਾਣਿਆਂ 'ਤੇ ਕਰ ਸਕਦਾ ਹੈ ਪਰਮਾਣੂ ਹਮਲਾ

*ਕਿਹਾ ਕਿ ਯੂਕਰੇਨ ਵਿਚ ਆਪਣੀਆਂ ਫੌਜਾਂ ਭੇਜਣ ਦੀ ਗਲਤੀ ਨਾ ਕਰੋ

*ਰੂਸ ਕੋਲ ਪੱਛਮੀ ਦੇਸ਼ਾਂ ਦੇ ਠਿਕਾਣਿਆਂ ਨੂੰ ਤਬਾਹ ਕਰਨ ਲਈ ਕਾਫ਼ੀ ਹਥਿਆਰ ਨੇ

ਯੂਕਰੇਨ ਨਾਲ ਚੱਲ ਰਹੀ ਜੰਗ ਦਰਮਿਆਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ  ਪੱਛਮੀ ਦੇਸ਼ਾਂ ਨੂੰ  ਚੇਤਾਵਨੀ ਦਿੱਤੀ ਹੈ। ਇਸ ਨਾਲ ਯੂਰਪ ਤੋਂ ਲੈ ਕੇ ਅਮਰੀਕਾ ਤੱਕ ਦਹਿਸ਼ਤ ਦਾ ਮਾਹੌਲ ਹੈ। ਪੁਤਿਨ ਨੇ ਪੱਛਮੀ ਦੇਸ਼ਾਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਹ (ਯੂਰਪ ਜਾਂ ਪੱਛਮੀ ਦੇਸ਼) ਯੂਕਰੇਨ ਵਿਚ ਲੜਨ ਲਈ ਆਪਣੀ ਫੌਜ ਭੇਜਦੇ ਹਨ ਤਾਂ ਰੂਸ ਪ੍ਰਮਾਣੂ ਹਮਲਾ ਕਰ ਸਕਦਾ ਹੈ। ਪੁਤਿਨ ਨੇ ਕਿਹਾ ਹੈ ਕਿ ਜੇਕਰ ਯੂਰਪ ਅਤੇ ਪੱਛਮੀ ਦੇਸ਼ਾਂ ਨੇ ਯੂਕਰੇਨ ਵਿਚ ਰੂਸ ਦੇ ਖਿਲਾਫ ਫੌਜ ਭੇਜਣ ਦਾ ਕਦਮ ਚੁੱਕਿਆ ਤਾਂ ਪ੍ਰਮਾਣੂ ਯੁੱਧ ਦਾ ਅਸਲ ਖ਼ਤਰਾ ਹੈ। ਉਸਨੇ ਕਿਹਾ ਕਿ ਮਾਸਕੋ ਕੋਲ ਪੱਛਮ ਦੇ ਟੀਚਿਆਂ 'ਤੇ ਹਮਲਾ ਕਰਨ ਲਈ ਹਥਿਆਰ ਹਨ।ਰਾਸ਼ਟਰਪਤੀ ਪੁਤਿਨ ਯੂਕਰੇਨ ਨਾਲ ਦੋ ਸਾਲ ਦੀ ਲੜਾਈ ਤੋਂ ਬਾਅਦ ਸੰਸਦ ਅਤੇ ਦੇਸ਼ ਦੇ ਕੁਲੀਨ ਵਰਗ ਦੇ ਹੋਰ ਮੈਂਬਰਾਂ ਨੂੰ ਸੰਬੋਧਨ ਕਰ ਰਹੇ ਸਨ। ਪੁਤਿਨ, 71, ਨੇ ਦੋਸ਼ ਲਗਾਇਆ  ਕਿ ਪੱਛਮ ਰੂਸ ਨੂੰ ਕਮਜ਼ੋਰ ਕਰਨ 'ਤੇ ਤੁਲਿਆ ਹੋਇਆ ਹੈ ਅਤੇ ਸੁਝਾਅ ਦਿੱਤਾ ਕਿ ਪੱਛਮੀ ਨੇਤਾ ਇਹ ਨਹੀਂ ਸਮਝਦੇ ਕਿ ਰੂਸ ਦੇ ਆਪਣੇ ਅੰਦਰੂਨੀ ਮਾਮਲਿਆਂ ਵਿੱਚ ਉਨ੍ਹਾਂ ਦੀ ਦਖਲਅੰਦਾਜ਼ੀ ਕਿੰਨੀ ਖਤਰਨਾਕ ਹੋ ਸਕਦੀ ਹੈ। ਉਸਨੇ ਆਪਣੀ ਚੇਤਾਵਨੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਯੂਰਪੀਅਨ ਨਾਟੋ ਮੈਂਬਰਾਂ ਦੁਆਰਾ ਯੂਕਰੇਨ ਵਿੱਚ ਜ਼ਮੀਨੀ ਫੌਜ ਭੇਜਣ ਦੇ ਵਿਚਾਰ ਦੇ ਪ੍ਰਤੀਕਰਮ ਵਜੋਂ ਦਿਤੀ।  ਹਾਲਾਂਕਿ ਇਸ ਸੁਝਾਅ ਨੂੰ ਅਮਰੀਕਾ, ਜਰਮਨੀ, ਬ੍ਰਿਟੇਨ ਅਤੇ ਹੋਰਾਂ ਨੇ ਤੁਰੰਤ ਰੱਦ ਕਰ ਦਿੱਤਾ ਸੀ।

ਪੁਤਿਨ ਨੇ ਕਿਹਾ ਕਿ ਪੱਛਮੀ ਦੇਸ਼ਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਾਡੇ ਕੋਲ ਵੀ ਅਜਿਹੇ ਹਥਿਆਰ ਹਨ ਜੋ ਉਨ੍ਹਾਂ ਦੇ ਖੇਤਰ ਵਿਚ ਹਮਲਾ ਕਰ ਸਕਦੇ ਹਨ। ਪੁਤਿਨ ਨੇ ਕਿਹਾ- ਕੀ ਉਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਇਹ ਛੇੜਾਖਾਨੀ ਮਹਿੰਗੀ ਪਵੇਗੀ?'' ਤੁਹਾਨੂੰ ਦੱਸ ਦੇਈਏ ਕਿ ਰੂਸ 'ਚ 15-17 ਮਾਰਚ ਨੂੰ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ।ਇਸ ਤੋਂ ਪਹਿਲਾਂ ਉਹ ਆਪਣੇ ਦੇਸ਼ ਨੂੰ ਸੰਬੋਧਨ ਕਰ ਰਹੇ ਸਨ।ਪੁਤਿਨ ਅਗਲੇ ਛੇ ਸਾਲਾਂ ਲਈ ਚੁਣੇ ਜਾਣਗੇ। ਉਸ ਦਾ ਦੁਬਾਰਾ ਚੁਣਿਆ ਜਾਣਾ ਨਿਸ਼ਚਿਤ ਹੈ।ਪੁਤਿਨ ਅਨੁਸਾਰ ਰੂਸ ਦੇ ਕੋਲ ਵਿਸ਼ਾਲ ਆਧੁਨਿਕ ਪ੍ਰਮਾਣੂ ਹਥਿਆਰਾਂ ਦਾ ਭੰਡਾਰ ਹੈ ।

ਪੁਤਿਨ ਨੇ ਪੱਛਮੀ ਸਿਆਸਤਦਾਨਾਂ ਨੂੰ ਸੁਝਾਅ ਦਿੱਤਾ ਕਿ ਉਹ ਨਾਜ਼ੀ ਜਰਮਨੀ ਦੇ ਅਡੌਲਫ ਹਿਟਲਰ ਅਤੇ ਫਰਾਂਸ ਦੇ ਨੈਪੋਲੀਅਨ ਬੋਨਾਪਾਰਟ ਵਰਗੇ ਲੋਕਾਂ ਦੇ ਹਸ਼ਰ ਨੂੰ ਯਾਦ ਰੱਖਣ, ਜਿਨ੍ਹਾਂ ਨੇ ਅਤੀਤ ਵਿੱਚ ਰੂਸ 'ਤੇ ਅਸਫਲ ਹਮਲਿਆਂ ਦੀ ਅਗਵਾਈ ਕੀਤੀ ਸੀ। ਪੁਤਿਨ ਨੇ ਕਿਹਾ, "ਉਹ ਸੋਚਦੇ ਹਨ ਕਿ ਇਹ (ਜੰਗ) ਇੱਕ ਕਾਰਟੂਨ ਹੈ, ਪਰ ਹੁਣ ਇਸ ਦੇ ਨਤੀਜੇ ਬਹੁਤ ਜ਼ਿਆਦਾ ਦੁਖਦਾਈ ਹੋਣਗੇ,"

ਵਿਸ਼ਵ ਪੱਧਰ ਦੇ ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਸ ਜੰਗ ਦਾ ਸਿੱਧਾ ਜਾਂ ਅਸਿੱਧਾ ਅਸਰ ਸਮੁੱਚੇ ਸੰਸਾਰ ਉਤੇ ਪੈ ਰਿਹਾ ਹੈ; ਖਾਸ ਕਰ ਕੇ ਕੁਝ ਮੁਲਕਾਂ ਦੇ ਅਰਥਚਾਰਿਆਂ ’ਤੇ ਇਸ ਦਾ ਡਾਢਾ ਅਸਰ ਪਿਆ ਹੈ; ਇਸ ਵਕਤ ਸੰਸਾਰ ਭਰ ਵਿਚ ਮਹਿੰਗਾਈ ਬਹੁਤ ਮੂੰਹਜ਼ੋਰ ਹੋ ਗਈ ਹੈ ਅਤੇ ਕਮਜ਼ੋਰ ਅਰਥਚਾਰੇ ਡਾਵਾਂਡੋਲ ਹੋ ਗਏ ਹਨ।