ਜੈਪੁਰ ਵਿਚ ਮੁਕਾਬਲੇ ਤੋਂ ਬਾਅਦ 6ਵਾਂ ਸ਼ੂਟਰ 2 ਸਾਥੀਆਂ ਸਮੇਤ ਹਥਿਆਰਾਂ ਨਾਲ ਗਿ੍ਫ਼ਤਾਰ

ਜੈਪੁਰ ਵਿਚ ਮੁਕਾਬਲੇ ਤੋਂ ਬਾਅਦ 6ਵਾਂ ਸ਼ੂਟਰ 2 ਸਾਥੀਆਂ ਸਮੇਤ ਹਥਿਆਰਾਂ ਨਾਲ ਗਿ੍ਫ਼ਤਾਰ

*ਮਾਮਲਾ ਡੇਰਾ ਪ੍ਰੇਮੀ ਹੱਤਿਆ ਕਾਂਡ ਦਾ     

*ਕੇਂਦਰੀ ਏਜੰਸੀਆਂ ਤੇ ਰਾਜਸਥਾਨ ਪੁਲਿਸ ਨੇ ਕੀਤੀ ਸਾਂਝੀ ਕਾਰਵਾਈ-ਗੌਰਵ ਯਾਦਵ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ-ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਹੱਤਿਆ ਕਰਨ ਵਾਲੇ ਮੁੱਖ ਸ਼ੂਟਰ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਰਾਜਸਥਾਨ ਦੇ ਜੈਪੁਰ ਵਿਖੇ ਸੰਖੇਪ ਮੁਕਾਬਲੇ ਤੋਂ ਬਾਅਦ ਗਿ੍ਫ਼ਤਾਰ ਕੀਤਾ ਹੈ । ਕੈਨੇਡਾ ਸਥਿਤ ਗੈਂਗਸਟਰ  ਗੋਲਡੀ ਬਰਾੜ ਵਲੋਂ ਰਚੀ ਸਾਜ਼ਿਸ਼ ਤਹਿਤ ਡੇਰਾ ਪ੍ਰੇਮੀ ਨੂੰ ਇਸ ਮਹੀਨੇ 10 ਨਵੰਬਰ ਨੂੰ ਕੋਟਕਪੂਰਾ 'ਵਿਚ ਉਸ ਦੀ ਦੁਕਾਨ ਦੇ ਬਾਹਰ 6 ਸ਼ੂਟਰਾਂ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ | ਇਸ ਸਬੰਧੀ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਰਮਜਾਨ ਖ਼ਾਨ ਉਰਫ਼ ਰਾਜ ਹੁੱਡਾ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਉਸ ਦੇ 2 ਸਾਥੀਆਂ ਹੈਪੀ ਮੇਹਲਾ (19) ਤੇ ਸਾਹਿਲ ਮੇਹਲਾ (18) ਦੋਵੇਂ ਵਾਸੀ ਹਨੂਮਾਨਗੜ੍ਹ (ਰਾਜਸਥਾਨ) ਨੂੰ ਵੀ ਗਿ੍ਫ਼ਤਾਰ ਕਰ ਲਿਆ ਹੈ ।ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਕੋਲੋਂ ਚੀਨ ਦੇ ਬਣੇ ਸਟਾਰ .30 ਕੈਲੀਬਰ ਤੇ .32 ਕੈਲੀਬਰ ਸਮੇਤ 2 ਪਿਸਤੌਲ ਵੀ ਬਰਾਮਦ ਕੀਤੇ ਹਨ ।ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਏ.ਡੀ.ਜੀ.ਪੀ. ਪ੍ਰਮੋਦ ਬਾਨ ਦੀ ਅਗਵਾਈ ਵਾਲੀ ਏ.ਜੀ.ਟੀ.ਐਫ. ਨੇ ਏ.ਆਈ.ਜੀ. ਸੰਦੀਪ ਗੋਇਲ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਵਲੋਂ ਮੁਲਜ਼ਮ ਰਮਜਾਨ ਖ਼ਾਨ ਦੀ ਪੈੜ ਪਛਾਨਣ ਤੇ ਅਹਿਮ ਸੁਰਾਗ ਜੁਟਾਉਣ ਤੋਂ ਬਾਅਦ ਡੀ.ਐਸ.ਪੀ. ਬਿਕਰਮ ਬਰਾੜ ਤੇ ਡੀ.ਐਸ.ਪੀ. ਰਾਜਨ ਪਰਮਿੰਦਰ ਦੀ ਅਗਵਾਈ 'ਵਿਚ ਏ.ਜੀ.ਟੀ.ਐਫ. ਦੀਆਂ ਪੁਲਿਸ ਟੀਮਾਂ ਨੇ ਜੈਪੁਰ ਵਿਖੇ ਵਿਨਾਇਕ ਇਨਕਲੇਵ ਕਾਲੋਨੀ ਦੀ ਇਕ ਇਮਾਰਤ 'ਚ ਉਸ ਦੀ ਲੋਕੇਸ਼ਨ ਦਾ ਪਤਾ ਲਗਾਉਣ 'ਵਿਚ ਸਫਲਤਾ ਹਾਸਲ ਕੀਤੀ, ਜਿੱਥੇ ਉਹ ਕਿਰਾਏ ਦੇ ਮਕਾਨ 'ਚ ਆਪਣੇ ਦੋ ਸਾਥੀਆਂ ਨਾਲ ਛੁਪਿਆ ਹੋਇਆ ਸੀ ।

ਡੀ.ਜੀ.ਪੀ. ਨੇ ਦੱਸਿਆ ਕਿ ਕੇਂਦਰੀ ਏਜੰਸੀਆਂ ਤੇ ਰਾਜਸਥਾਨ ਪੁਲਿਸ ਦੇ ਤਾਲਮੇਲ ਨਾਲ ਏ.ਜੀ.ਟੀ.ਐਫ. ਨੇ ਰਮਜਾਨ ਖ਼ਾਨ ਨੂੰ ਗਿ੍ਫਤਾਰ ਕੀਤਾ ਹੈ ।ਡੀ.ਜੀ.ਪੀ. ਨੇ ਕਿਹਾ ਕਿ ਜਦੋਂ ਪੁਲਿਸ ਟੀਮਾਂ ਨੇ ਰਮਜਾਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਪਾਰਟੀ 'ਤੇ ਗੋਲੀ ਚਲਾ ਦਿੱਤੀ ਤੇ ਜਵਾਬੀ ਗੋਲੀਬਾਰੀ 'ਵਿਚ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਜੈਪੁਰ ਦੇ ਹਸਪਤਾਲ 'ਵਿਚ ਦਾਖਲ ਕਰਵਾਇਆ ਗਿਆ ਹੈ ।