ਸ਼੍ਰੋਮਣੀ ਕਮੇਟੀ ਹੋ ਰਹੇ ਧਰਮ ਤਬਦੀਲੀ ਨਾਲ ਨਜਿੱਠੇਗੀ  

ਸ਼੍ਰੋਮਣੀ ਕਮੇਟੀ ਹੋ ਰਹੇ ਧਰਮ ਤਬਦੀਲੀ ਨਾਲ ਨਜਿੱਠੇਗੀ  

ਕਾਹਲਵਾਂ ਬੋਲੇ- ਧਰਮ ਪਰਿਵਰਤਨ ਕਰਨ ਵਾਲੇ ਸਿੱਖਾਂ ਨੂੰ ਲਿਆਵਾਂਗੇ ਵਾਪਸ, ਹੋਵੇਗਾ ਅੰਮ੍ਰਿਤ ਸੰਚਾਰ

 

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਵੱਲੋਂ ਧਰਮ ਪ੍ਰਚਾਰ ਕਮੇਟੀ ਰਾਹੀਂ ਧਰਮ ਤਬਦੀਲੀ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਨਜਿੱਠਣ ਦੀ ਤਿਆਰੀ ਕੀਤੀ ਜਾ ਰਹੀ ਹੈ। ਧਰਮ ਪ੍ਰਚਾਰ ਕਮੇਟੀ ਵੱਲੋਂ ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਤੇ ਕਸਬਿਆਂ ’ਵਿਚ ਪ੍ਰਚਾਰਕਾਂ ਵੱਲੋਂ ਨਿਸ਼ਾਨਦੇਹੀ ਕੀਤੀ ਜਾਵੇਗੀ ਕਿ ਕੌਣ ਧਰਮ ਤਬਦੀਲੀ ਕਰ ਰਿਹਾ ਹੈ ਜਾਂ ਕਿਸ ਨੇ ਕਰ ਲਿਆ ਹੈ। ਇਸ ਦੇ ਨਾਲ ਕੌਣ ਧਰਮ ਬਦਲੀ ਕਰਵਾ ਰਿਹਾ ਹੈ। ਇਸ ਸਭ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ। ਜਿਹਡ਼ੇ ਵਿਅਕਤੀ ਧਰਮ ਬਦਲ ਚੁੱਕੇ ਹਨ, ਉਨ੍ਹਾਂ ਨੂੰ ਵੀ ਮੁਡ਼ ਸਿੱਖੀ ’ਵਿਚ ਵਾਪਸ ਲਿਆਂਦਾ ਜਾਵੇਗਾ। ਉਪਰੋਕਤ ਵਿਚਾਰ ਪਰਗਟ ਕਰਦਿਆਂ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਕਿਹਾ ਕਿ ਸਿੱਖੀ ਦੇ ਫਲਸਫੇ ਨੂੰ ਜਿਹਡ਼ਾ ਸਿੱਖ ਅਪਣਾਏਗਾ, ਉਸ ਨੂੰ ਕਿਸੇ ਕਿਸਮ ਦੀ ਤੋਟ ਨਹੀਂ ਆਏਗੀ। ਲਾਲਚ ਦੇ ਕੇ ਧਰਮ ਬਦਲੀ ਕਰਵਾਉਣ ਦਾ ਵਿਸ਼ਾ ਚਿੰਤਾਜਨਕ ਹੈ, ਜਿਸ ਨੂੰ ਸ਼੍ਰੋਮਣੀ ਕਮੇਟੀ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਧਰਮ ਤਬਦੀਲੀ ਦੇ ਮਾਮਲਿਆਂ ਨਾਲ ਨਜਿੱਠਣ ਲਈ ਸ਼੍ਰੋਮਣੀ ਕਮੇਟੀ ਗੰਭੀਰਤਾ ਨਾਲ ਤਿਆਰੀ ਕਰ ਰਹੀ ਹੈ। ਧਰਮ ਪ੍ਰਚਾਰ ਕਮੇਟੀ ਵੱਲੋਂ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਪ੍ਰਚੰਡ ਕੀਤਾ ਜਾਵੇਗਾ। ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਹਲਕਿਆਂ ’ਚ ਧਾਰਮਿਕ ਸਮਾਗਮ ਕਰਵਾਏ ਜਾਣਗੇ, ਬੱਚਿਆਂ ਨੂੰ ਗੁਰਮਤਿ ਗਿਆਨ ਦੇਣ ਲਈ ਪ੍ਰਚਾਰਕਾਂ ਵੱਲੋਂ ਵਿਸ਼ੇਸ਼ ਕੈਂਪ ਇਲਾਕੇ ਦੇ ਮੁਹਤਬਰਾਂ ਨਾਲ ਮਿਲ ਕੇ ਲਾਏ ਜਾਣਗੇ। ਤਿਆਰ ਕੀਤੇ ਵਿਅਕਤੀਆਂ ਤੇ ਬੱਚਿਆਂ ਨੂੰ ਅੰਮ੍ਰਿਤਪਾਨ ਕਰਵਾਇਆ ਜਾਵੇਗਾ।

ਧਰਮ ਤਬਦੀਲੀ ਚਿੰਤਾ ਦਾ ਵਿਸ਼ਾ

ਬਲਵਿੰਦਰ ਸਿੰਘ ਕਾਹਲਵਾਂ ਨੇ ਕਿਹਾ ਕਿ ਈਸਾਈ ਭਾਈਚਾਰੇ ਵੱਲੋਂ ਅੰਮ੍ਰਿਤਸਰ ਦੀ ਧਰਤੀ ਦੀ ਚੋਣ ਕਰਕੇ ਵੱਡਾ ਮੇਲਾ ਲਾਉਣਾ ਅਤੇ ਇਕੱਠ ਕਰਨਾ ਸੋਚਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਇਹ ਚਿੰਤਾ ਦਾ ਵਿਸ਼ਾ ਹੈ ਕਿ ਧਰਮ ਤਬਦੀਲੀ ਦਾ ਸੁਨੇਹਾ ਦੇਣ ਲਈ ਅੰਮ੍ਰਿਤਸਰ ਦੀ ਹੀ ਚੋਣ ਕਿਉਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ 1904 ਵਿਚ ਜਦੋਂ 4 ਸਿੱਖ ਬੱਚਿਆਂ ਦਾ ਧਰਮ ਤਬਦੀਲ ਕਰਵਾਇਆ ਗਿਆ ਸੀ, ਉਸ ਸਮੇਂ ਵੀ ਅੰਮ੍ਰਿਤਸਰ ਦੀ ਹੀ ਚੋਣ ਹੋਈ ਸੀ।

ਕੌਮੀ ਘੱਟ ਗਿਣਤੀ ਕਮਿਸ਼ਨ ਤਕ ਪਹੁੰਚਾਇਆ ਹੈ ਮਾਮਲਾ

ਬਲਵਿੰਦਰ ਸਿੰਘ ਕਾਹਲਵਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਇਕ ਉੱਚ ਪੱਧਰੀ ਵਫ਼ਦ ਨੇ 16 ਜੂਨ 2022 ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਕਰਕੇ ਇਹ ਮਾਮਲਾ ਉਠਾਇਆ ਸੀ। ਵਫ਼ਦ ਵਿਚ ਉਨ੍ਹਾਂ ਤੋਂ ਇਲਾਵਾ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਅੰਤ੍ਰਿੰਗ ਕਮੇਟੀ ਮੈਂਬਰ ਸਰਵਣ ਸਿੰਘ ਕੁਲਾਰ, ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਸਤਵਿੰਦਰ ਸਿੰਘ ਟੌਹਡ਼ਾ ਆਦਿ ਸ਼ਾਮਲ ਸਨ। ਵਫ਼ਦ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਭੇਜਿਆ ਸਿੱਖ ਮਸਲਿਆਂ ਬਾਰੇ ਪੱਤਰ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਸੌਂਪ ਕੇ ਇਸ ਲਈ ਮੰਗ ਕੀਤੀ ਸੀ।

ਕੌਮੀ ਘੱਟ ਗਿਣਤੀ ਕਮਿਸ਼ਨ ਇਕਬਾਲ ਸਿੰਘ ਲਾਲਪੁਰ ਦੇ ਦਫ਼ਤਰ ਪੁੱਜੇ ਸ਼੍ਰੋਮਣੀ ਕਮੇਟੀ ਵਫ਼ਦ ਨੇ ਉਚੇਚੇ ਤੌਰ ’ਤੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਸਿੱਖਾਂ ਨੂੰ ਈਸਾਈ ਮਿਸ਼ਨਰੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲਾਲਚ ਅਤੇ ਧੋਖੇ ਨਾਲ ਈਸਾਈ ਬਣਾਉਣ ਦਾ ਮਾਮਲਾ ਵੀ ਉਠਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਕੋਲ ਇਹ ਮਾਮਲਾ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਵੱਲੋਂ ਉਠਾਇਆ ਗਿਆ ਸੀ, ਜਿਸ ਦੇ ਮੱਦੇਨਜ਼ਰ ਲਾਲਪੁਰਾ ਵੱਲੋਂ ਈਸਾਈ ਭਾਈਚਾਰੇ ਦੇ ਨੁਮਾਇੰਦੇ ਵੀ ਬੁਲਾਏ ਗਏ ਸਨ। ਉਸ ਮੀਟਿੰਗ ਈਸਾਈ ਆਗੂਆਂ ਨੇ ਕਿਹਾ ਸੀ ਕਿ ਜਬਰੀ, ਵਹਿਮ-ਭਰਮ ਤੇ ਧੋਖੇ ਨਾਲ ਕੀਤੀ ਜਾ ਰਹੀ ਧਰਮ ਤਬਦੀਲੀ ਨੂੰ ਉਹ ਕਿਸੇ ਵੀ ਤਰ੍ਹਾਂ ਮਾਨਤਾ ਨਹੀਂ ਦਿੰਦੇ ਅਤੇ ਉਹ ਅਜਿਹੇ ਵਰਤਾਰੇ ਦੇ ਖ਼ਿਲਾਫ਼ ਹਨ। ਇਸ ਮੌਕੇ ਸਿੱਖ ਆਗੂਆਂ ਨੇ ਕਿਹਾ ਸੀ ਕਿ ਸਿੱਖ ਅਤੇ ਈਸਾਈ ਭਾਈਚਾਰਾ ਦੋਵੇਂ ਹੀ ਘੱਟ ਗਿਣਤੀਆਂ ਵਿਚ ਹਨ ਅਤੇ ਇਨ੍ਹਾਂ ਵਿਚ ਟਕਰਾਅ ਠੀਕ ਨਹੀਂ ਹੈ। ਇਸ ਲਈ ਇਸ ਮਸਲੇ ਦਾ ਮਿਲ ਬੈਠ ਕੇ ਹੱਲ ਕੱਢਿਆ ਜਾਵੇ।