ਫਿਰਕੂ ਜ਼ਹਿਰ ਵੰਡਣ ਵਾਲੀ ਨੂਪੁਰ ਸ਼ਰਮਾ ਨੂੰ ਸੁਪਰੀਮ ਕੋਰਟ ਤੋਂ ਰਾਹਤ; ਗ੍ਰਿਫ਼ਤਾਰੀ ’ਤੇ ਲਗੀ ਰੋਕ

ਫਿਰਕੂ ਜ਼ਹਿਰ ਵੰਡਣ ਵਾਲੀ ਨੂਪੁਰ ਸ਼ਰਮਾ ਨੂੰ ਸੁਪਰੀਮ ਕੋਰਟ ਤੋਂ ਰਾਹਤ; ਗ੍ਰਿਫ਼ਤਾਰੀ ’ਤੇ ਲਗੀ ਰੋਕ

*ਨੂਪੁਰ ਨੂੰ ਮਾਰਨ ਦੇ ਇਰਾਦੇ ਨਾਲ ਸਰਹੱਦ ਪਾਰ ਕਰਨ ਵਾਲਾ ਪਾਕਿਸਤਾਨੀ ਗ੍ਰਿਫ਼ਤਾਰ

*ਮੁਲਕ ਜਾਂ ਧਰਮ ਖ਼ਿਲਾਫ਼ ਬੋਲਣ ਵਾਲਿਆਂ ਨੂੰ ਸੁਰੱਖਿਆ ਨਹੀਂ ਮਿਲਣੀ ਚਾਹੀਦੀ: ਭਾਜਪਾ ਸੰਸਦ ਮੈਂਬਰ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ: ਸੁਪਰੀਮ ਕੋਰਟ ਨੇ  ਭਾਜਪਾ ਵਿਚੋਂ ਮੁਅੱਤਲ ਪਾਰਟੀ ਤਰਜਮਾਨ ਨੂਪੁਰ ਸ਼ਰਮਾ ਨੂੰ ਪੈਗ਼ੰਬਰ ਮੁਹੰਮਦ ਉਤੇ ਕੀਤੀ ਗਈ ਟਿੱਪਣੀ ਦੇ ਮਾਮਲੇ ਵਿਚ ਅੰਤਰਿਮ ਰਾਹਤ ਦੇ ਦਿੱਤੀ ਹੈ। ਸਿਖ਼ਰਲੀ ਅਦਾਲਤ ਨੇ ਕਈ ਰਾਜਾਂ ਵਿਚ ਨੂਪੁਰ ਖ਼ਿਲਾਫ਼ ਦਰਜ ਐਫਆਈਆਰ/ਸ਼ਿਕਾਇਤਾਂ ਦੇ ਮਾਮਲਿਆਂ ਵਿਚ ਸਥਾਨਕ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ (ਗ੍ਰਿਫ਼ਤਾਰੀ) ਕਰਨ ਤੋਂ ਰੋਕ ਦਿੱਤਾ ਹੈ। ਇਸ ਤਰ੍ਹਾਂ ਨੂਪੁਰ ਦਾ ਫ਼ਿਲਹਾਲ ਗ੍ਰਿਫ਼ਤਾਰੀ ਤੋਂ ਬਚਾਅ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਉਸ ਨੇ ਹਜਰਤ ਮੁਹੰਮਦ ਵਿਰੁਧ ਟਿੱਪਣੀਆਂ ਇਕ ਟੀਵੀ ਪ੍ਰਸਾਰਨ ਦੌਰਾਨ 26 ਮਈ ਨੂੰ ਕੀਤੀਆਂ ਸਨ।  ਜਸਟਿਸ ਸੂਰਿਆਕਾਂਤ ਤੇ ਜਸਟਿਸ ਜੇਬੀ ਪਾਰਦੀਵਾਲਾ ਦੇ ਬੈਂਚ ਨੇ ਆਪਣੇ ਪਹਿਲੀ ਜੁਲਾਈ ਦੇ ਹੁਕਮ ਤੋਂ ਬਾਅਦ ਸ਼ਰਮਾ ਨੂੰ ਕਥਿਤ ਰੂਪ ’ਵਿਚ ਜਾਨ ਤੋਂ ਮਾਰਨ ਦੀ ਮਿਲੀ ਧਮਕੀ ਦਾ ਨੋਟਿਸ ਲੈਂਦਿਆਂ ਉਸ ਨੂੰ ਭਵਿੱਖੀ ਸ਼ਿਕਾਇਤਾਂ ਸਬੰਧੀ ਰਾਹਤ ਦਿੱਤੀ ਹੈ। ਇਹ ਜ਼ਿਕਰ ਕਰਦਿਆਂ ਕਿ ਸਿਖ਼ਰਲੀ ਅਦਾਲਤ ਇਹ ਕਦੇ ਨਹੀਂ ਚਾਹੁੰਦੀ ਸੀ ਕਿ ਸ਼ਰਮਾ ਨੂੰ ਰਾਹਤ ਲਈ ਹਰ ਅਦਾਲਤ ਦਾ ਰੁਖ਼ ਕਰਨਾ ਪਏ, ਬੈਂਚ ਨੇ ਉਸ ਦੀ ਗ੍ਰਿਫ਼ਤਾਰੀ ਤੋਂ ਰਾਹਤ ਬਾਰੇ ਦਾਇਰ ਪਟੀਸ਼ਨ ਉਤੇ ਕੇਂਦਰ ਤੇ ਦਿੱਲੀ ਸਰਕਾਰ, ਪੱਛਮੀ ਬੰਗਾਲ ਤੇ ਮਹਾਰਾਸ਼ਟਰ ਸਣੇ ਕਈ ਰਾਜਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਤੋਂ 10 ਅਗਸਤ ਤੱਕ ਜਵਾਬ ਮੰਗਿਆ ਹੈ। ਨੂਪੁਰ ਨੇ ਐਫਆਈਆਰਜ਼ ਨੂੰ ਇਕ ਥਾਂ ਜੋੜਨ ਬਾਰੇ ਵਾਪਸ ਲਈ ਪਟੀਸ਼ਨ ਨੂੰ ਵੀ ਬਹਾਲ ਕਰਨ ਦੀ ਮੰਗ ਕੀਤੀ ਹੈ। ਬੈਂਚ ਮਾਮਲੇ ਵਿਚ ਅਗਲੀ ਸੁਣਵਾਈ ਹੁਣ 10 ਅਗਸਤ ਨੂੰ ਕਰੇਗਾ। ਸਿਖ਼ਰਲੀ ਅਦਾਲਤ ਦੇ ਇਸੇ ਬੈਂਚ ਨੇ ਪੈਗੰਬਰ ਉਤੇ ਟਿੱਪਣੀ ਲਈ ਪਹਿਲੀ ਜੁਲਾਈ ਨੂੰ ਸ਼ਰਮਾ ਦੀ ਕਰੜੀ ਆਲਚੋਨਾ ਕਰਦਿਆਂ ਕਿਹਾ ਸੀ ਕਿ ਨੂਪੁਰ ਨੇ ਆਪਣੀ ਜ਼ੁਬਾਨ ਨਾਲ ‘ਪੂਰੇ ਦੇਸ਼ ਵਿਚ ਅੱਗ ਲਾ ਦਿੱਤੀ ਹੈ ਤੇ ਦੇਸ਼ ਵਿਚ ਜੋ ਵੀ ਹੋ ਰਿਹਾ ਹੈ, ਉਹ ਉਸ ਲਈ ਇਕੱਲੀ ਜ਼ਿੰਮੇਵਾਰ ਹੈ।’ -

 ਨੂਪੁਰ ਸ਼ਰਮਾ ਨੂੰ ਮਾਰਨ ਦੇ ਇਰਾਦੇ ਨਾਲ ਸਰਹੱਦ ਪਾਰ ਕਰਨ ਵਾਲਾ ਪਾਕਿਸਤਾਨੀ ਨਾਗਰਿਕ ਬੀਐੱਸਐਫ ਨੇ ਪਿਛਲੇ ਹਫ਼ਤੇ ਰਾਜਸਥਾਨ ਵਿਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਰਿਜ਼ਵਾਨ ਅਸ਼ਰਫ਼ (22) ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੰਡੀ ਬਹਾਊਦੀਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਨੂੰ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਸ੍ਰੀਗੰਗਾਨਗਰ ਸੈਕਟਰ ਵਿਚ ਕਾਬੂ ਕੀਤਾ ਗਿਆ ਹੈ। ਉਸ ਕੋਲੋਂ ਦੋ ਚਾਕੂ, ਨਕਸ਼ਾ, ਪਾਕਿਸਤਾਨ ਦਾ ਸ਼ਨਾਖ਼ਤੀ ਕਾਰਡ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। 

 ਭਾਜਪਾ ਦੇ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਕੁਝ ਲੋਕ ਦੇਸ਼ ਜਾਂ ਕਿਸੇ ਧਰਮ ਖ਼ਿਲਾਫ਼ ਗਲਤ ਬਿਆਨ ਦੇ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਸੁਰੱਖਿਆ ਮਿਲ ਸਕੇ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਨੂੰ ਕਿਸੇ ਵੀ ਸੂਬਾ ਸਰਕਾਰ ਜਾਂ ਕੇਂਦਰ ਵੱਲੋਂ ਸੁਰੱਖਿਆ ਨਹੀਂ ਮਿਲਣੀ ਚਾਹੀਦੀ। ਸ਼ਰਨ ਸਿੰਘ ਯੂਪੀ ਤੋਂ ਪੰਜ ਵਾਰ ਸੰਸਦ ਮੈਂਬਰ ਬਣ ਚੁੱਕੇ ਹਨ। ਵਰਤਮਾਨ ਵਿਚ ਉਹ ਕੈਸਰਗੰਜ ਤੋਂ ਮੈਂਬਰ ਹਨ। ਉਨ੍ਹਾਂ ਦਾ ਇਹ ਬਿਆਨ ਨੂਪੁਰ ਸ਼ਰਮਾ ਵੱਲੋਂ ਕੀਤੀ ਵਿਵਾਦਤ ਟਿੱਪਣੀ ਦੇ ਸੰਦਰਭ ਵਿਚ ਆਇਆ ਹੈ।