ਗੰਭੀਰ ਹਲਾਤਾਂ ਚ ਪੰਜਾਬ ਦੇ ਪਾਣੀਆਂ ਦੀ ਮੌਜੂਦਾ ਸਥਿਤੀ

ਗੰਭੀਰ ਹਲਾਤਾਂ ਚ ਪੰਜਾਬ ਦੇ ਪਾਣੀਆਂ ਦੀ ਮੌਜੂਦਾ ਸਥਿਤੀ

ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਵਿਧਾਨਿਕ, ਪ੍ਰਸ਼ਾਸ਼ਕੀ ਅਤੇ ਸਮਾਜਿਕ ਪੱਧਰ ਤੇ ਯਤਨਾਂ ਦੀ ਤੁਰੰਤ ਲੋੜ  

ਅੰਮ੍ਰਿਤਸਰ ਟਾਈਮਜ਼  

10 ਅਗਸਤ, ਪਟਿਆਲਾ: ਪੰਜਾਬ ਦਾ ਜਲ ਸੰਕਟ ਬਹੁ-ਭਾਂਤੀ ਹੈ। ਜਿੱਥੇ  ਪੰਜਾਬ ਪਾਣੀਆਂ ਦੀ ਕਾਣੀ ਵੰਡ ਦੀ ਮਾਰ ਝੱਲ ਰਿਹਾ ਹੈ, ਉੱਥੇ ਹੀ ਪਾਣੀਆਂ ਦੇ ਗੰਧਲੇਪਣ ਅਤੇ ਧਰਤੀ ਹੇਠਲੇ ਪਾਣੀਆਂ ਦਾ ਚਿੰਤਾਜਨਕ ਪੱਧਰ ਤੱਕ ਡਿੱਗਣਾ ਵੀ ਵੱਡੀਆਂ ਸਮੱਸਿਆਵਾਂ ਹਨ।  ਜ਼ਮੀਨੀ ਪਾਣੀ ਦੇ ਮਸਲੇ ਚ ਪੰਜਾਬ ਦੇ 150 ਬਲਾਕਾਂ ਚੋਂ 117 ਬਲਾਕ ਅਤਿ ਸ਼ੋਸ਼ਿਤ ਬਲਾਕ ਹਨ। ਭਾਵ ਕਿ ਇਹਨਾਂ 117 ਬਲਾਕਾਂ ਚ ਧਰਤੀ ਹੇਠਾਂ ਜਾ ਰਹੇ ਪਾਣੀ ਤੋਂ ਵੱਧ ਪਾਣੀ ਕੱਢਿਆ ਜਾ ਰਿਹਾ ਹੈ। ਵੱਕਾਰੀ ਸੰਸਥਾਵਾਂ ਦੀਆਂ ਰਿਪੋਰਟਾਂ ਮੁਤਾਬਿਕ ਆਉਣ ਵਾਲੇ 17 ਸਾਲ ਤੱਕ ਪੰਜਾਬ ਦੇ ਬਹੁਤੇ ਹਿੱਸਿਆਂ ਚੋਂ ਧਰਤੀ ਹੇਠਲਾ ਪਾਣੀ ਮੁੱਕਣ ਦੇ ਖਦਸ਼ੇ ਹਨ।

ਇਸੇ ਤਰ੍ਹਾਂ ਪਾਣੀਆਂ ਦੇ ਪਲੀਤ ਹੋਣ ਦੀ ਸਮੱਸਿਆ ਵੀ ਵੱਡੀ ਸਮੱਸਿਆ ਹੈ। ਬੁੱਢਾ ਦਰਿਆ, ਲਸਾੜਾ ਡਰੇਂਨ, ਕਾਲਾ ਸੰਘਿਆਂ ਡਰੇਂਨ ਅਤੇ ਭੱਟੀਆਂ ਡਰੇਂਨ ਦੁਆਰਾ ਸਥਾਨਕ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੀਆਂ ਖ਼ਬਰਾਂ ਪਹਿਲਾਂ ਵੀ ਅਕਸਰ ਆਉਂਦੀਆਂ ਰਹੀਆਂ ਹਨ। ਪਿੱਛੇ ਜਹੇ ਮੱਤੇਵਾੜਾ ਕਾਰਖਾਨਾ ਪਾਰਕ ਅਤੇ ਹੁਣ ਜ਼ੀਰੇ ਨੇੜੇ ਨਿੱਜੀ ਸ਼ਰਾਬ ਕਾਰਖਾਨੇ ਦਾ ਵਿਰੋਧ ਕਾਰਖਾਨਿਆਂ ਵੱਲੋਂ ਪੀਣਯੋਗ ਪਾਣੀ ਨੂੰ ਗੰਧਲਾ ਕਰਨ ਕਰਕੇ ਹੀ ਹੈ।

ਉਪਰੋਕਤ ਤਿੰਨਾਂ ਪੱਖਾਂ ਤੋਂ ਸਮੱਸਿਆ ਨੂੰ ਵਿਚਾਰਨ ਲਈ ਰਿਸਰਚ ਸਕਾਲਰ ਐਸੋਸੀਏਸ਼ਨ ਅਤੇ ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਇਕ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਵਿਚਾਰ ਗੋਸ਼ਟੀ ਦੀ ਵਿਸ਼ੇਸ਼ਤਾ ਇਹ ਰਹੀ ਕਿ ਗੋਸ਼ਟੀ ਚ ਹਿੱਸਾ ਲੈਣ ਵਾਲੇ ਸ੍ਰੋਤਿਆਂ ਚ ਬਹੁਗਿਣਤੀ ਯੂਨੀਵਰਸਿਟੀ ਦੇ ਪੀ. ਐਚ. ਡੀ. ਖੋਜਾਰਥੀ ਸਨ। ਗੱਲਬਾਤ ਦੌਰਾਨ ਬੋਲਦਿਆਂ ਪ੍ਰੋ ਹਰਬੀਰ  ਕੌਰ ਨੇ ਮੌਜੂਦਾ ਸਥਿਤੀ ਦੀ ਗੰਭੀਰਤਾ ਨੂੰ ਦਰਸਾਉਂਦਿਆਂ ਮੌਜੂਦਾ ਹਾਲਾਤਾਂ ਦੇ ਮੁੱਖ ਕਾਰਨਾਂ ਤੇ ਵੀ ਵਿਸਥਾਰ ਚ ਗੱਲ ਰੱਖੀ ।  ਓਹਨਾਂ ਧਰਤੀ ਹੇਠਲੇ ਪਾਣੀ ਬਾਰੇ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਦੇ ਕਈ ਜਿਲ੍ਹਿਆਂ ਚ ਪਾਣੀ ਕੇਵਲ ਪਹਿਲੇ ਪੱਤਣ ਚ ਹੀ ਹੈ। ਪ੍ਰੋ ਸੁਖਜੀਤ ਸਿੰਘ ਨੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਬਾਬਤ "ਬਰਸਾਤੀ ਪਾਣੀ ਸੰਭਾਲ ਪ੍ਰਣਾਲੀ", ਝਿੜੀਆਂ ਦੀ ਮਹੱਤਤਾ ਅਤੇ ਝੋਨੇ ਹੇਠ ਰਕਬੇ ਘਟਾਉਣ ਤੇ ਜ਼ੋਰ ਦਿੱਤਾ।

ਪਲੀਤ ਹੋ ਰਹੇ ਜ਼ਮੀਨੀ ਅਤੇ ਦਰਿਆਈ ਪਾਣੀਆਂ ਬਾਬਤ ਸਮਾਜਿਕ ਅਤੇ ਰਾਜਨੀਤਿਕ ਯਤਨਾਂ ਬਾਰੇ ਵੀ ਗੱਲਬਾਤ ਕੀਤੀ ਗਈ। ਦਰਿਆਈ ਪਾਣੀਆਂ ਬਾਰੇ ਰਾਇਪੇਰੀਅਨ ਸਿਧਾਤਾਂ ਦੇ ਅਧਾਰ ਤੇ ਗੱਲਬਾਤ ਅਤੇ ਹੁਣ ਤੱਕ ਹੋਈਆਂ ਕੋਸ਼ਿਸ਼ਾਂ  ਬਾਰੇ ਤੱਥ ਸਹਿਤ ਗੱਲਬਾਤ ਹੋਈ। ਸ. ਪਰਮਜੀਤ ਸਿੰਘ ਗਾਜ਼ੀ ਵੱਲੋਂ ਉਕਤ ਮਸਲਿਆਂ ਦੀ ਗੰਭੀਰਤਾ ਬਾਰੇ ਗੱਲ ਕਰਦਿਆਂ ਸਮੱਸਿਆ ਦੇ ਵਿਧਾਨਿਕ, ਪ੍ਰਸ਼ਾਸਨਿਕ, ਕਨੂੰਨੀ ਅਤੇ ਸਮਾਜਿਕ ਤਰੀਕਾਕਾਰ ਸਾਂਝੇ ਕੀਤੇ ਗਏ। ਪ੍ਰੋ. ਸਤਨਾਮ ਸਿੰਘ ਸੰਧੂ ਵੱਲੋਂ ਮੌਜ਼ੂਦਾ ਵਿਕਾਸ ਮਾਡਲ ਨਾਲ ਜੁੜੇ ਅਹਿਮ ਪਹਿਲੂਆਂ ਅਤੇ ਪ੍ਰੋ. ਮੇਹਰ ਸਿੰਘ ਗਿੱਲ ਵੱਲੋਂ ਵਿਸ਼ੇ ਨਾਲ ਜੁੜੇ ਪਹਿਲੂ "ਖੇਤੀ ਆਰਥਿਕਤਾ" ਬਾਰੇ ਕੁਝ ਸੁਆਲ ਖੋਜਾਰਥੀਆਂ ਲਈ ਛੱਡੇ ਗਏ। ਗੋਸ਼ਟੀ ਦੀ ਸਮਾਪਤੀ ਸਮੱਸਿਆ ਬਾਰੇ ਜਾਗਰੂਕ ਅਤੇ ਜਥੇਬੰਦ ਹੋਣ ਦੇ ਨਿਸ਼ਚੇ ਨਾਲ ਹੋਈ।