ਸਰਹਾਲੀ ਥਾਣੇ 'ਤੇ ਰਾਕੇਟ ਹਮਲੇ ਕਾਰਣ 4 ਦੇ ਕਰੀਬ ਸ਼ੱਕੀ ਵਿਅਕਤੀ  ਹਿਰਾਸਤ ਵਿਚ

ਸਰਹਾਲੀ ਥਾਣੇ 'ਤੇ ਰਾਕੇਟ ਹਮਲੇ ਕਾਰਣ 4 ਦੇ ਕਰੀਬ ਸ਼ੱਕੀ ਵਿਅਕਤੀ  ਹਿਰਾਸਤ ਵਿਚ

*ਘਟਨਾ ਸਮੇਂ ਐੱਸ.ਐੱਚ.ਓ. ਸਮੇਤ 13 ਪੁਲਿਸ ਮੁਲਾਜ਼ਮ ਸਨ ਹਾਜ਼ਰ

*ਆਈਜੀ ਪੰਜਾਬ ਸੁਖਚੈਨ ਸਿੰਘ ਗਿੱਲ ਵਲੋਂ ਮਾਮਲਾ ਸੁਲਝਾਉਣ ਦਾ  ਦਾਅਵਾ

*ਹਮਲੇ 'ਵਿਚ ਰੂਸ ਦਾ ਬਣਿਆ ਆਰ.ਪੀ.ਜੀ. ਵਰਤਿਆ ਗਿਆ ,ਜੋ ਮਿਲਟਰੀ ਆਪ੍ਰੇਸ਼ਨ ਵਿਚ ਵਰਤਿਆ ਜਾਂਦਾ ਏ -ਡੀਜੀਪੀ

*ਮੁੱਖ ਮੰਤਰੀ ਅਮਨ ਕਾਨੂੰਨ ਵਿਵਸਥਾ ਕਾਇਮ ਰੱਖਣ 'ਵਿਚ ਫੇਲ੍ਹ ਹੋਣ 'ਤੇ ਅਸਤੀਫ਼ਾ ਦੇਣ-ਵਿਰੋਧੀ ਧਿਰਾਂ ਵਲੋਂ ਦੋਸ਼   

ਅੰਮ੍ਰਿਤਸਰ ਟਾਈਮਜ਼ ਬਿਊਰੋ  

ਤਰਨ ਤਾਰਨ-ਥਾਣਾ ਸਰਹਾਲੀ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਆਰ.ਪੀ.ਜੀ. ਨਾਲ ਕੀਤੇ ਗਏ ਹਮਲੇ ਦੇ ਸੰਬੰਧ 'ਵਿਚ ਪੁਲਿਸ ਨੇ 4 ਦੇ ਕਰੀਬ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਥਾਣਾ ਸਰਹਾਲੀ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਆਰ.ਪੀ.ਜੀ. ਨਾਲ ਕੀਤੇ ਗਏ ਹਮਲੇ ਦੇ ਸੰਬੰਧ 'ਵਿਚ ਕੇਂਦਰੀ ਜਾਂਚ ਏਜੰਸੀਆਂ ਐੱਨ.ਆਈ.ਏ. ਤੇ ਸੀਐੱਸਐੱਫ਼ਐੱਲ. ਦੀਆਂ ਟੀਮਾਂ  ਦੇ ਮੈਂਬਰਾਂ ਨੇ ਉਸ ਜਗ੍ਹਾ ਦਾ ਦੌਰਾ ਕੀਤਾ, ਜਿੱਥੇ ਅਣਪਛਾਤੇ ਵਿਅਕਤੀਆਂ ਵਲੋਂ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਸੀ।ਇਹ ਮਾਮਲਾ ਹਾਈਪ੍ਰੋਫਾਈਲ ਹੋਣ ਕਾਰਨ ਐੱਨ.ਆਈ.ਏ. ਏਜੰਸੀ ਇਸ ਮਾਮਲੇ ਨੂੰ ਆਪਣੇ ਹੱਥ 'ਵਿਚ ਲੈ ਸਕਦੀ ਹੈ।ਯਾਦ ਰਹੇ ਕਿ ਕੇਂਦਰੀ ਖ਼ੁਫ਼ੀਆ ਏਜੰਸੀਆਂ ਨੇ ਪੰਜਾਬ ਵਿਚ ਥਾਣਿਆਂ ਅਤੇ ਸਰਕਾਰੀ ਇਮਾਰਤਾਂ 'ਤੇ ਹਮਲੇ ਦਾ ਅਲਰਟ ਪਹਿਲਾਂ ਹੀ ਜਾਰੀ ਕੀਤਾ ਹੋਇਆ ਸੀ ਪਰ ਉਸ ਦੇ ਬਾਵਜੂਦ ਤਰਨਤਾਰਨ ਦੇ ਸਰਹਾਲੀ ਥਾਣੇ 'ਤੇ ਰਾਕੇਟ ਹਮਲੇ ਨੂੰ ਅੰਜਾਮ ਦੇ ਦਿੱਤਾ ਗਿਆ। ਦੂਸਰੀ ਤਰਫ਼ ਐੱਸ. ਐੱਸ. ਪੀ. ਗੁਰਮੀਤ ਸਿੰਘ ਚੌਹਾਨ ਨੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਸਰਹਾਲੀ ਦੇ ਮੁਖੀ ਐੱਸ.ਐੱਚ.ਓ. ਪ੍ਰਕਾਸ਼ ਸਿੰਘ ਨੂੰ ਤਬਦੀਲ ਕਰ ਕੇ ਸੀ.ਆਈ.ਏ.ਸਟਾਫ਼ ਪੱਟੀ ਦਾ ਇੰਚਾਰਜ ਲਗਾ ਦਿੱਤਾ ਹੈ, ਜਦਕਿ ਸੀ.ਆਈ.ਏ.ਸਟਾਫ਼ ਪੱਟੀ ਦੇ ਇੰਚਾਰਜ ਇੰਸਪੈਕਟਰ ਸੁਖਬੀਰ ਸਿੰਘ ਨੂੰ ਥਾਣਾ ਸਰਹਾਲੀ ਦਾ ਨਵਾਂ ਐੱਸ.ਐੱਚ.ਓ. ਨਿਯੁਕਤ ਕਰ ਦਿੱਤਾ ਹੈ।ਆਈਜੀ ਪੰਜਾਬ ਪੁਲਿਸ ਸੁਖਚੈਨ ਸਿੰਘ ਗਿੱਲ  ਨੇ ਦਾਅਵਾ ਕੀਤਾ ਹੈ ਕਿ ਇਹ ਮਾਮਲਾ ਸੁਲਝਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚਾਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਜਿਨ੍ਹਾਂ ਵਿਚੋਂ ਦੋ ਨੇ ਹਮਲਾਵਰਾਂ ਨੂੰ ਕਾਰ ਮੁਹੱਈਆ ਕਰਵਾਈ ਸੀ। ਇਥੇ ਜਿਕਰਯੋਗ ਹੈ ਕਿ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਉਪਰ ਪੈਂਦੇ ਤਰਨ ਤਾਰਨ ਦੇ ਥਾਣਾ ਸਰਹਾਲੀ 'ਤੇ ਬੀਤੇ ਹਫਤੇ  ਰਾਤ ਦੌਰਾਨ ਅਣਪਛਾਤੇ ਵਿਅਕਤੀਆਂ ਵਲੋਂ ਪੁਲਿਸ ਥਾਣੇ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਉਪਰ ਆਰ.ਪੀ.ਜੀ. ਨਾਲ ਗ੍ਰਨੇਡ ਹਮਲਾ ਕੀਤਾ ਗਿਆ ਸੀ। ਹਮਲਾਵਰਾਂ ਵਲੋਂ ਸੁੱਟਿਆ ਗਿਆ ਗ੍ਰਨੇਡ ਥਾਣੇ ਦੇ ਮੁੱਖ ਦਰਵਾਜ਼ੇ ਨੂੰ ਤੋੜ ਕੇ ਅੰਦਰ ਬਣੇ ਸਾਂਝ ਕੇਂਦਰ ਦੀ ਇਮਾਰਤ 'ਵਿਚ ਜਾ ਕੇ ਟਕਰਾਇਆ। ਇਸ ਧਮਾਕੇ ਵਿਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਕਿਉਂਕਿ ਸਾਂਝ ਕੇਂਦਰ ਦੀ ਇਮਾਰਤ ਵਿਚ ਕੋਈ ਵੀ ਮੁਲਾਜ਼ਮ ਮੌਜੂਦ ਨਹੀਂ ਸੀ, ਜਦਕਿ ਥਾਣੇ ਅੰਦਰ ਐੱਸ.ਐੱਚ.ਓ. ਸਮੇਤ ਕੁੱਲ 13 ਪੁਲਿਸ ਮੁਲਾਜ਼ਮ ਮੌਜੂਦ ਸਨ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਥਾਣੇ ਦੀ ਕੁਝ ਦੂਰੀ 'ਤੇ ਹੀ ਗ੍ਰਨੇਡ ਨੂੰ ਸੁੱਟਣ ਵਾਲਾ ਰਾਕੇਟ ਲਾਂਚਰ ਬਰਾਮਦ ਕਰ ਲਿਆ।  ਡੀ.ਜੀ.ਪੀ. ਗੌਰਵ ਯਾਦਵ ਦਾ ਕਹਿਣਾ ਹੈ ਕਿ ਅਣਪਛਾਤੇ ਵਿਅਕਤੀਆਂ ਨੇ ਥਾਣੇ ਨੂੰ ਨਿਸ਼ਾਨ ਬਣਾਉਂਦੇ ਹੋਏ ਆਰ.ਪੀ.ਜੀ. ਨਾਲ ਹਮਲਾ ਕੀਤਾ, ਜੋ ਕਿ ਪਹਿਲਾਂ 9 ਮਈ 2021 ਨੂੰ ਪੁਲਿਸ ਦੇ ਖੁਫ਼ੀਆ ਵਿਭਾਗ ਮੁਹਾਲੀ ਦੇ ਹੈੱਡ ਕੁਆਟਰ ਵਿਖੇ ਕੀਤੇ ਗਏ ਆਰ.ਪੀ.ਜੀ. ਦੇ ਹਮਲੇ ਨਾਲ ਮੇਲ ਖਾਂਦਾ ਹੈ। ਇਸ ਸੰਬੰਧ ਵਿਚ ਉਨ੍ਹਾਂ ਦੱਸਿਆ ਕਿ ਹਮਲੇ 'ਵਿਚ ਜੋ ਆਰ.ਪੀ.ਜੀ. ਵਰਤਿਆ ਗਿਆ ਹੈ, ਉਹ ਮਿਲਟਰੀ ਆਪ੍ਰੇਸ਼ਨ ਵਿਚ ਵਰਤਿਆ ਜਾਂਦਾ ਹੈ ਅਤੇ ਇਹ ਰੂਸ ਦਾ ਬਣਿਆ ਹੋਇਆ ਹੈ। ਡੀ.ਜੀ.ਪੀ. ਯਾਦਵ ਨੇ ਕਿਹਾ ਕਿ ਪਿਛਲੇ ਇਕ ਮਹੀਨੇ ਦੌਰਾਨ ਪੰਜਾਬ ਪੁਲਿਸ ਵਲੋਂ ਸਰਹੱਦੀ ਜ਼ਿਲ੍ਹਾ ਤਰਨਤਾਰਨ, ਅੰਮ੍ਰਿਤਸਰ ਵਿਚ ਬੀ.ਐੱਸ.ਐੱਫ਼. ਨਾਲ ਤਾਲਮੇਲ ਕਰਕੇ 200 ਤੋਂ ਵੱਧ ਡਰੋਨ ਫ਼ੜੇ ਗਏ ਹਨ ਜੋ ਕਿ ਪਾਕਿਸਤਾਨੀ ਤਰਫ਼ੋਂ ਹਥਿਆਰ ਅਤੇ ਹੈਰੋਇਨ ਆਦਿ ਨਸ਼ੇ ਦੀ ਸਪਲਾਈ ਕਰਨ ਲਈ ਭੇਜੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਤੋਂ ਪਾਕਿਸਤਾਨ ਵਲੋਂ ਬੁਖਲਾਹਟ ਵਿਚ ਆ ਕੇ ਇਹ ਹਮਲਾ ਕਰਵਾਇਆ ਗਿਆ ਹੈ ਤਾਂ ਜੋ ਪੰਜਾਬ ਪੁਲਿਸ ਦਾ ਮਨੋਬਲ ਤੋੜਿਆ ਜਾਵੇ  ਪਰ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਇਸ ਤਰ੍ਹਾਂ ਦੀਆਂ ਕਾਰਵਾਈ ਕਰਨ ਵਾਲਿਆਂ ਦਾ ਕਿਸੇ ਵੀ ਤਰ੍ਹਾਂ ਲਿਹਾਜ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਹਮਲੇ ਵਿਚ ਲੋੜੀਂਦੇ ਵਿਅਕਤੀ ਜਲਦ ਗ੍ਰਿਫ਼ਤਾਰ ਕਰ ਲਏ ਜਾਣਗੇ ।  

 ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਡ਼੍ਹੀ ਨੇ ਵੱਖ ਵੱਖ  ਬਿਆਨਾਂ ਵਿਚ ਮੁੱਖ ਮੰਤਰੀ ਤੋਂ ਅਸਤੀਫਾ ਮੰਗਿਆ, ਕਿਉਂਕਿ ਉਨ੍ਹਾਂ ਦੀ ਅਗਵਾਈ ਵਾਲੀ 'ਆਪ' ਸਰਕਾਰ ਸੂਬੇ 'ਵਿਚ ਅਮਨ ਕਾਨੂੰਨ ਵਿਵਸਥਾ ਕਾਇਮ ਰੱਖਣ 'ਵਿਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ।ਇਨ੍ਹਾਂ ਘਟਨਾਵਾਂ ਦਾ ਮੁੜ ਵਾਪਰਨਾ ਖ਼ਤਰੇ ਦੀ ਨਿਸ਼ਾਨੀ ਹੈ, ਜਿਸ ਦਾ ਕਾਰਨ ਇਹ ਹੈ ਕਿ 'ਆਪ' ਸਰਕਾਰ ਸਥਿਤੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ।

ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਇਹ ਹਮਲਾ ਗੈਂਗਸਟਰਾਂ ਦੀ ਬੁਖਲਾਹਟ ਦਾ ਨਤੀਜਾ ਹੈ। ਉਧਰ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਤਰਨਤਾਰਨ ਤੋਂ ਬਾਅਦ ਲੁਧਿਆਣਾ ’ਚ ਅੱਤਵਾਦੀ ਹਮਲੇ ਦਾ ਖ਼ਤਰਾ, ਹਾਈ ਅਲਰਟ ’ਤੇ ਪੰਜਾਬ ਪੁਲਿਸ

ਪੰਜਾਬ ’ਵਿਚ ਹਾਈ ਅਲਰਟ ਚੱਲ ਰਿਹਾ ਹੈ। ਤਰਨਤਾਰਨ ਦੇ ਥਾਣੇ ’ਵਿਚ ਹਮਲੇ ਤੋਂ ਬਾਅਦ ਉਂਝ ਵੀ ਪੰਜਾਬ ਪੁਲਿਸ ਸਰਗਰਮ ਹੈ ਪਰ ਮਹਾਨਗਰ ਦੇ ਇਕ ਅਪਾਰਟਮੈਂਟ ’ਵਿਚ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਲੁਧਿਆਣਾ ਪੁਲਸ ਵੀ ਚੌਕਸ ਹੋ ਗਈ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਮਹਾਨਗਰ ’ਵਿਚ  ਹਮਲਾ ਹੋਣ ਦੀ ਸੰਭਾਵਨਾ ਹੈ। ਇਸ ਲਈ  ਪੁਲਸ ਸਾਵਧਾਨ ਹੋ ਗਈ ਹੈ। ‘

ਆਰਪੀਜੀ ਹੁੰਦਾ ਕੀ ਹੈ?

ਸੇਵਾਮੁਕਤ ਲੈਫ਼ਟੀਨੇਟ ਜਨਰਲ ਪੀ ਆਰ ਸ਼ੰਕਰ ਮੁਤਾਬਕ ਆਰਪੀਜੀ ਕਈ ਤਰ੍ਹਾਂ ਦੇ ਹੁੰਦੇ ਹਨ, ਇਹ ਗ੍ਰੇਨੇਡ ਰਾਕੇਟ ਵਿੱਚ ਵੀ ਅਤੇ ਰਾਈਫ਼ਲ ਵਿੱਚ ਵੀ ਫਿੱਟ ਹੋ ਸਕਦੇ ਹਨ।ਉਨ੍ਹਾਂ ਦੱਸਿਆ, ''ਆਰਪੀਜੀ ਨੂੰ ਰਾਕੇਟ ਪ੍ਰੋਪੇਲਡ ਗ੍ਰੇਨੇਡ ਅਤੇ ਰਾਈਫ਼ਲ ਪ੍ਰੋਪੇਲਡ ਗ੍ਰੇਨੇਡ ਵੀ ਕਿਹਾ ਜਾਂਦਾ ਹੈ। ਇਸ ਵਿੱਚ ਮੋਟਰ ਹੁੰਦੀ ਹੈ ਅਤੇ ਗ੍ਰੇਨੇਡ ਨੂੰ ਟਿਊਬ ਵਿੱਚ ਲੋਡ ਕੀਤਾ ਜਾਂਦਾ ਹੈ ਅਤੇ ਫ਼ਿਰ ਦਾਗਿਆ ਜਾਂਦਾ ਹੈ।ਰਾਕੇਟ ਪ੍ਰੋਪੇਲਡ ਗ੍ਰੇਨੇਡ ਮੋਢੇ ਉੱਤੇ ਰੱਖ ਕੇ ਦਾਗਿਆ ਜਾਣ ਵਾਲਾ ਹਥਿਆਰ ਹੁੰਦਾ ਹੈ। ਇਸ ਦਾ ਭਾਰ ਲਗਭਗ ਸੱਤ ਤੋਂ 12 ਕਿੱਲੋ ਦੇ ਦਰਮਿਆਨ ਹੋ ਸਕਦਾ ਹੈ ਅਤੇ ਇਸ ਨੂੰ ਕਾਫ਼ੀ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਇਆ ਜਾ ਸਕਦਾ ਹੈ।

ਇਸ ਵਿੱਚ ਗ੍ਰੇਨੇਡ ਦੇ ਨਾਲ ਇੱਕ ਮੋਟਰ ਲੱਗੀ ਹੁੰਦੀ ਹੈ ਅਤੇ ਇਸ ਨਾਲ ਫਿਨਸ (ਪੰਖ) ਲੱਗੇ ਹੁੰਦੇ ਹਨ। ਇਹੀ ਪੰਖ ਗ੍ਰੇਨੇਡ ਨੂੰ ਹਵਾ ਵਿੱਚ ਸਥਿਰ ਰੱਖਦੇ ਹਨ ਅਤੇ ਆਰਪੀਜੀ ਆਮ ਤੌਰ 'ਤੇ ਬਖ਼ਤਰਬੰਦ ਗੱਡੀਆਂ ਜਾਂ ਟੈਂਕ ਉੱਤੇ ਹਮਲਾ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ।ਨਾਲ ਹੀ ਇਹ ਕਾਫ਼ੀ ਘੱਟ ਮਿਲਣ ਵਾਲੀਆਂ ਚੀਜ਼ਾਂ ਵਿੱਚੋਂ ਹੈ।'ਆਰਪੀਜੀ ਫ਼ੌਜ ਤੋਂ ਇਲਾਵਾ ਦੁਨੀਆਂ ਭਰ ਵਿੱਚ ਅੱਤਵਾਦੀ ਵੀ ਇਸੇਤਮਾਲ ਕਰਦੇ ਆਏ ਹਨ।