ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ 'ਤੇ ਦਿੱਲੀ ਕਮੇਟੀ ਕਰ ਰਹੀ ਹੈ ਰਾਜਨੀਤੀ, ਸਿਰਸਾ ਅਤੇ ਕਾਲਕਾ ਭਾਈਚਾਰਿਆ ਵਿਚ ਕਰਦੇ ਹਨ ਤਣਾਅ ਪੈਦਾ : ਸਰਨਾ
ਗੁਰਦੁਆਰਾ ਪ੍ਰਸ਼ਾਸਨ ਨੇ ਗੁਰਦੁਆਰਾ ਸਾਹਿਬ ਦੀ ਵਿਵਾਦਿਤ ਜਗ੍ਹਾ ਨੂੰ ਲਗਾਇਆ ਹੈ ਤਾਲਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 14 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਪਾਕਿਸਤਾਨ ਦੇ ਨੌਲੱਖਾ ਸਥਿਤ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਦੇ ਮਾਮਲੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹ ਤੱਥਾਂ ਤੋਂ ਕੋਹਾਂ ਦੂਰ ਹੈ। ਦਰਅਸਲ ਇਹ ਝਗੜਾ ਸਾਲਾਂ ਪੁਰਾਣਾ ਹੈ ਅਤੇ ਇਸ ਵਿਵਾਦ ਦੇ ਹੱਲ ਲਈ ਉਥੇ ਸਥਿਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਜਾਰੀ ਕੀਤੇ ਇਕ ਬਿਆਨ ਰਾਹੀਂ ਕਹੀ ਹੈ । ਉਨ੍ਹਾਂ ਦੱਸਿਆ ਕਿ ਅਸਲ ਵਿੱਚ ਜੋ ਲੋਕ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਚਰਚਾ ਕਰ ਰਹੇ ਹਨ, ਉਨ੍ਹਾਂ ਨੇ ਕਦੇ ਵੀ ਪਾਕਿਸਤਾਨ ਸਥਿਤ ਸ਼ਹੀਦ ਭਾਈ ਤਾਰੂ ਸਿੰਘ ਦੇ ਸ਼ਹੀਦੀ ਸਥਾਨ ਦਾ ਦੌਰਾ ਨਹੀਂ ਕੀਤਾ। ਉਥੇ ਜੋ ਤਾਲਾ ਲਗਾਇਆ ਗਿਆ ਹੈ, ਉਹ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਲਗਾਇਆ ਗਿਆ ਹੈ, ਜਿਸ ਦੀ ਚਾਬੀ ਵੀ ਉਨ੍ਹਾਂ ਕੋਲ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ਼ਹੀਦ ਤਾਰੂ ਸਿੰਘ ਦੀ ਜਗ੍ਹਾ ਨੂੰ ਲੈ ਕੇ 1945 ਤੋਂ ਕੁਝ ਵਿਵਾਦ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਕਾਨੂੰਨੀ ਅਤੇ ਪ੍ਰਸ਼ਾਸਨਿਕ ਲੜਾਈ ਚੱਲ ਰਹੀ ਹੈ।
ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਸ਼ਹੀਦ ਤਾਰੂ ਸਿੰਘ ਦੇ ਸਥਾਨ ਦੀ ਤੁਲਨਾ ਬਾਬਰੀ ਮਸਜਿਦ ਨਾਲ ਕੀਤੀ ਜਾ ਰਹੀ ਹੈ, ਜੋ ਕਿ ਮੰਦਭਾਗਾ ਹੈ। ਉਸਨੇ ਦੱਸਿਆ ਕਿ ਬਾਬਰ ਇੱਕ ਹਮਲਾਵਰ ਦੇ ਰੂਪ ਵਿੱਚ ਇੱਥੇ ਆਇਆ ਸੀ ਅਤੇ ਮਸਜਿਦ ਬਣਵਾਈ ਸੀ। ਜਦੋਂ ਕਿ ਤਾਰੂ ਸਿੰਘ ਨੇ ਗੁਰੂ ਦੇ ਕੇਸ ਬਚਾਉਣ ਲਈ ਆਪਣੀ ਸ਼ਹਾਦਤ ਦਿੱਤੀ ਪਰ ਇਸ ਦਾ ਬਾਬਰੀ ਮਸਜਿਦ ਨਾਲ ਕੋਈ ਮੇਲ ਨਹੀਂ ਹੈ। ਸਰਨਾ ਨੇ ਦੋਸ਼ ਲਾਇਆ ਹੈ ਕਿ ਅਸਲ ਵਿਚ ਹਰਮੀਤ ਸਿੰਘ ਕਾਲਕਾ ਅਤੇ ਸਿਰਸਾ ਹਰ ਉਸ ਮੁੱਦੇ ਨੂੰ ਉਠਾਉਣ ਵਿਚ ਵਿਸ਼ਵਾਸ ਰੱਖਦੇ ਹਨ ਜੋ ਦੋਵਾਂ ਭਾਈਚਾਰਿਆਂ ਵਿਚ ਤਣਾਅ ਪੈਦਾ ਕਰਦਾ ਹੈ।
ਦੱਸ ਦਈਏ ਕਿ ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਨੌਲੱਖਾ ਸਥਿਤ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਨੂੰ ਕਥਿਤ ਤੌਰ 'ਤੇ ਮੁਸਲਿਮ ਕੱਟੜਪੰਥੀਆਂ ਵੱਲੋਂ ਤਾਲੇ ਲਾਉਣ ਦੇ ਮਾਮਲੇ ਨੇ ਦਿੱਲੀ ਦੀ ਸਿੱਖ ਸਿਆਸਤ ਨੂੰ ਇਕ ਵਾਰ ਫਿਰ ਗਰਮਾ ਕੇ ਰੱਖ ਦਿੱਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸੋਮਵਾਰ ਨੂੰ ਆਪਣਾ ਤਿੱਖਾ ਪ੍ਰਤੀਕਰਮ ਦਿੰਦਿਆਂ ਪਾਕਿ ਸਰਕਾਰ ਨੂੰ ਕੋਸਿਆ ਹੈ। ਇਸ ਦੇ ਨਾਲ ਹੀ ਸਿਰਸਾ ਨੇ ਇਸ ਪੂਰੇ ਮਾਮਲੇ ਵਿੱਚ ਐਸ ਜੈਸ਼ੰਕਰ ਦੇ ਦਖਲ ਦੀ ਵੀ ਮੰਗ ਕੀਤੀ ਹੈ।
Comments (0)