ਭਗਵੰਤ ਮਾਨ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਪੈ ਸਕਦਾ ਏ ਮਹਿੰਗਾ
ਭਗਵੰਤ ਮਾਨ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਪੈ ਸਕਦਾ ਏ ਮਹਿੰਗਾ
ਮੁਹਾਲੀ-ਚੰਡੀਗੜ੍ਹ ,ਹਰਿਆਣਾ ਬਾਰਡਰ ਕੀਤੇ ਸੀਲ , ਪੁਲਿਸ ਤੇ ਕਿਸਾਨਾਂ ਦਾ ਪਿਆ ਪੇਚਾ
*ਲੌਂਗੋਵਾਲ ਵਿਚ ਪੁਲਿਸ ਨਾਲ ਝੜਪ ਵਿਚ ਇਕ ਕਿਸਾਨ ਦੀ ਮੌਤ
* ਪੁਲਿਸ ਇੰਸਪੈਕਟਰ ਸਮੇਤ ਦਰਜਨਾਂ ਹੋਰ ਜ਼ਖ਼ਮੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਜਲੰਧਰ-ਪੰਜਾਬ ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੀਆਂ 16 ਕਿਸਾਨ ਜਥੇਬੰਦੀਆਂ ਦੇ ਕਿਸਾਨ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਚੰਡੀਗੜ੍ਹ ਦੇ ਸੈਕਟਰ 17 ਸਥਿਤ ਪਰੇਡ ਗਰਾਊਂਡ ਵਿਖੇ ਪੱਕਾ ਮੋਰਚਾ ਲਾਉਣ ਲਈ ਸਰਗਰਮ ਸਨ ਪਰ ਪੰਜਾਬ ਸਰਕਾਰ ਲਾਠੀਚਾਰਜ ਕਰਕੇ ,ਗਿ੍ਫਤਾਰੀਆਂ ਕਰਕੇ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਗਵੰਤ ਮਾਨ ਦੀ ਸਰਕਾਰ ਨੂੰ ਕਿਸਾਨ ਅੰਦੋਲਨ ਨੂੰ ਸਟੇਟ ਦੇ ਡੰਡੇ ਨਾਲ ਕੁਚਲਣਾ ਮਹਿੰਗਾ ਪੈ ਸਕਦਾ ਹੈ।ਪੰਜਾਬ ਸਰਕਾਰ ਦੀ ਸਖਤੀ ਨੇ ਕਿਸਾਨਾਂ ਦਾ ਰੋਹ ਹੋਰ ਵਧਾ ਦਿੱਤਾ ਹੈ। ਅੰਦੋਲਨ ਨੂੰ ਕੁਚਲਣ ਲਈ ਪੰਜਾਬ ਪੁਲਿਸ ਨੇ ਵੱਡੀ ਗਿਣਤੀ ਕਿਸਾਨ ਲੀਡਰ ਗ੍ਰਿਫਤਾਰ ਕਰ ਲਏ ਹਨ। ਹੁਣ ਤੱਕ 115 ਦੇ ਕਰੀਬ ਕਿਸਾਨ ਲੀਡਰਾਂ ਨੂੰ ਪੁਲਿਸ ਹਿਰਾਸਤ ਵਿੱਚ ਲੈਣ ਦੀ ਸੂਚਨਾ ਮਿਲੀ ਹੈ। ਕਈ ਕਿਸਾਨ ਆਗੂਆਂ ਨੂੰ ਘਰਾਂ ਵਿਚ ਹੀ ਨਜ਼ਰਬੰਦ ਕੀਤੇ ਜਾਣ ਦੀਆਂ ਵੀ ਖ਼ਬਰਾਂ ਹਨ। ਹਾਸਲ ਜਾਣਕਾਰੀ ਅਨੁਸਾਰ ਅੰਦੋਲਨ ਨੂੰ ਦਬਾਉਣ ਲਈ ਭਗਵੰਤ ਮਾਨ ਸਰਕਾਰ ਵੀ ਮੋਦੀ ਸਰਕਾਰ ਦੇ ਰਾਹ ਪੈ ਗਈ ਹੈ। ਕਿਸਾਨਾਂ ਦੇ ਸੁਨੇਹੇ ਫੈਲਣ ਤੋਂ ਰੋਕਣ ਲਈ ਕਿਸਾਨ ਆਗੂਆਂ ਦੇ ਸੋਸ਼ਲ ਮੀਡੀਆ ਅਕਾਊਂਟ ਆਰਜ਼ੀ ਤੌਰ 'ਤੇ ਬਲੌਕ ਕਰ ਦਿੱਤੇ ਗਏ ਹਨ। ਹੁਣ ਤੱਕ ਕਿਸਾਨ ਆਗੂ ਰਮਨਦੀਪ ਸਿੰਘ ਮਾਨ ਤੇ ਗਾਉਂ ਸੇਵੇਰਾ ਆਦਿ ਦੇ ਖਾਤੇ ਬੰਦ ਕਰ ਦਿੱਤੇ ਗਏ ਹਨ।ਹੁਣ ਕਿਸਾਨਾਂ ਦੀ ਮਨਸ਼ਾ ਸਰਕਾਰ ਨੂੰ ਆਰਥਿਕ ਠੇਸ ਪਹੁੰਚਾਉਣ ਦੀ ਹੈ। ਇਸ ਲਈ ਕਿਸਾਨਾਂ ਨੇ ਟੋਲ ਪਲਾਜ਼ਿਆਂ ਦੇ ਗੇਟ ਖੋਲ੍ਹ ਦਿੱਤੇ ਹਨ ਤੇ ਫਾਸਟੈਗ ਸਕੈਨਰ ਬੰਦ ਕਰ ਦਿੱਤੇ ਹਨ।
ਇਸੇ ਤਰ੍ਹਾਂ ਹਰਿਆਣਾ ਪੁਲਿਸ ਵਲੋਂ ਵੀ ਹਰਿਆਣੇ ਦੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਸਰਕਾਰ ਦੀ ਇਸ ਕਾਰਵਾਈ ਦਾ ਕਈ ਕਿਸਾਨ ਜਥੇਬੰਦੀਆਂ ਨੇ ਜ਼ੋਰਦਾਰ ਵਿਰੋਧ ਕਰਦਿਆਂ ਵੱਖ-ਵੱਖ ਥਾਵਾਂ 'ਤੇ ਪੰਜਾਬ ਸਰਕਾਰ ਖ਼ਿਲਾਫ਼ ਅਣਮਿੱਥੇ ਸਮੇਂ ਲਈ ਧਰਨੇ ਸ਼ੁਰੂ ਕਰ ਦਿੱਤੇ ਹਨ। ਸੰਯੁਕਤ ਕਿਸਾਨ ਮੋਰਚੇ ਨੇ 2 ਸਤੰਬਰ ਨੂੰ ਚੰਡੀਗੜ੍ਹ ਵਿੱਚ ਬੈਠਕ ਕਰਕੇ ਕਿਸਾਨ ਸੰਘਰਸ਼ ਦੀ ਅਗਲੀ ਰਣਨੀਤੀ ਦਾ ਐਲਾਨਣ ਦਾ ਫੈਸਲਾ ਲਿਆ ਹੈ ।ਹਾਲ ਦੀ ਘੜੀ ਕਿਸਾਨ ਲੀਡਰਾਂ ਨੇ ਚੰਡੀਗੜ੍ਹ ਵੱਲ ਜਾਣ ਦਾ ਫੈਸਲਾ ਟਾਲ ਦਿੱਤਾ ਹੈ। ਇਸ ਬਾਰੇ ਕਿਸਾਨ ਆਉਣ ਵਾਲੇ ਦਿਨਾਂ ਵਿੱਚ ਕੋਈ ਫੈਸਲਾ ਲੈ ਸਕਦੇ ਹਨ। ਦੂਜੇ ਪਾਸੇ ਕਿਸਾਨਾਂ ਨੇ ਹੁਣ ਮੋਗਾ, ਸੰਗਰੂਰ ਤੇ ਕੁਝ ਹੋਰ ਜ਼ਿਲ੍ਹਿਆਂ ਦੇ ਟੋਲ ਪਲਾਜ਼ਿਆਂ ਤੇ ਕਿ੍ਸਾਨ ਪ੍ਰੀਤਮ ਸਿੰਘ ਦੀ ਮੌਤ ਬਾਅਦ ਥਾਣੇ ਦੇ ਬਾਹਰ ਪੱਕਾ ਮੋਰਚਾ ਲਾ ਦਿੱਤਾ ਹੈ।
ਪੰਜਾਬ ਦੇ ਮੋਹਾਲੀ ਨਾਲ ਲੱਗਦੀ ਚੰਡੀਗੜ੍ਹ ਬਾਰਡਰ ਤੇ ਹਰਿਆਣਾ ਬਾਰਡਰ ਨੂੰ ਸੀਲ ਕਰ ਦਿੱਤਾ ਗਿਆ ਹੈ। ਪੰਚਕੂਲਾ ਤੋਂ ਚੰਡੀਗੜ੍ਹ ਜਾਣ ਵਾਲੇ ਰਸਤਿਆਂ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਰਿਜ਼ਰਵ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।
ਸੰਗਰੂਰ ਜ਼ਿਲ੍ਹੇ ਦੇ ਲੌਂਗੋਵਾਲ ਕਸਬੇ ਵਿੱਚ ਬੀਤੇ ਸੋਮਵਾਰ ਨੂੰ ਧਰਨੇ ਦੌਰਾਨ ਪੁਲਿਸ ਲਾਠੀਚਾਰਜ ਕਾਰਣ ਇੱਕ ਕਿਸਾਨ ਪ੍ਰੀਤਮ ਸਿੰਘ ਦੀ ਟਰਾਲੀ ਥਲੇ ਆਉਣ ਕਾਰਣ ਮੌਤ ਹੋ ਗਈ ਸੀ ਅਤੇ ਪੁਲਿਸ ਇੰਸਪੈਕਟਰ ਸਮੇਤ ਦਰਜਨਾਂ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚ ਕਈ ਕਿਸਾਨ ਬੀਬੀਆਂ ਵੀ ਸ਼ਾਮਿਲ ਹਨ। ਇਸ ਕਾਰਣ ਕਿਸਾਨਾਂ ਵਲੋਂ ਸੁਨਾਮ-ਬਰਨਾਲਾ ਰੋਡ 'ਤੇ ਪੱਕਾ ਮੋਰਚਾ ਆਰੰਭ ਕਰ ਦਿੱਤਾ ਗਿਆ।ਸਾਰੀਆਂ ਕਿਸਾਨ ਜਥੇਬੰਦੀਆਂ ਇਥੇ ਸਰਗਰਮ ਹੋ ਗਈਆਂ ਹਨ। ਕਿਸਾਨਾਂ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਵਲੋਂ ਸ਼ਰੇਆਮ ਬੱਸ ਦੇ ਸ਼ੀਸ਼ੇ ਭੰਨੇ ਗਏ ਅਤੇ ਭੱਜਦੌੜ ਵਿਚ ਕਿਸਾਨ ਦੀ ਮੌਤ ਲਈ ਪੁਲਿਸ ਹੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਕੁਝ ਔਰਤਾਂ ਅਤੇ ਨੌਜਵਾਨਾਂ ਨੂੰ ਧੱਕੇ ਨਾਲ ਥਾਣੇ ਅੰਦਰ ਬੰਦ ਕਰ ਦਿੱਤਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਨਾਸ਼ਾਹ ਹਿਟਲਰ ਕਰਾਰ ਦਿੰਦਿਆਂ ਕਿਹਾ ਕਿ ਇਸ ਸਰਕਾਰ ਦੇ ਰਾਜ ਵਿਚ ਆਮ ਲੋਕਾਂ 'ਤੇ ਜ਼ੁਲਮ ਦੀ ਹੱਦ ਟੱਪ ਚੁੱਕੀ ਹੈ। ਸੰਗਰੂਰ ਪੁਲਿਸ ਦੇ ਐਸ.ਪੀ. ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਰੋਹ ਵਿਚ ਆਏ ਕਿਸਾਨਾਂ ਕਾਰਨ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ ਸੀ। ਸੰਗਰੂਰ ਵਿੱਚ ਪੁਲਿਸ ਅਤੇ ਕਿਸਾਨਾਂ ਵਿੱਚ ਹੋਈ ਝੜਪ ਤੋਂ ਬਾਅਦ ਕਿਸਾਨਾਂ ਉਪਰ ਕੇਸ ਦਰਜ ਕਰਨ ਤੋਂ ਬਾਅਦ 32 ਕਿਸਾਨ ਜਥੇਬੰਦੀਆਂ ਨੇ ਮੀਟਿੰਗ ਵਿੱਚ ਤੈਅ ਕੀਤਾ ਗਿਆ ਹੈ ਕਿ ਉਹ ਲੋਂਗੋਵਾਲ ਵਿੱਚ ਪੱਕਾ ਧਰਨਾ ਲਾ ਲੈਣਗੇ । ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿਸਾਨ ਪ੍ਰੀਤਮ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਮਿਲੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ।
ਕਿਸਾਨਾਂ ਦੀ ਦੂਜੀ ਮੰਗ ਹੈ ਕਿ ਕਿਸਾਨਾਂ ਨਾਲ ਝੜਪ ਦੌਰਾਨ ਜਿੰਨਾਂ ਪੁਲਿਸ ਅਧਿਕਾਰੀਆਂ ਨੇ ਲਾਠੀ ਚਾਰਜ ਕੀਤਾ ਹੈ ਉਨ੍ਹਾਂ ਖਿਲਾਫ ਸਖਤ ਕਾਰਵਾਈ ਦੀ ਕੀਤੀ ਜਾਵੇ। ਇਸ ਤੋਂ ਇਲਾਵਾ ਸੰਗਰੂਰ ਪੁਲਿਸ ਵੱਲੋਂ ਜਿਹੜੇ 53 ਲੋਕ ਜਿੰਨਾਂ ਵਿੱਚ 18 ਕਿਸਾਨ ਅਤੇ 35 ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ਼ ਕੀਤਾ ਗਿਆ ਹੈ ਉਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਕਿਸਾਨਾਂ ਦੀ ਚੌਥੀ ਮੰਗ ਹੈ ਕਿ ਜਿਹੜੇ ਕਿਸਾਨਾਂ ਨੂੰ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਉਨ੍ਹਾਂ ਦੀ ਰਿਹਾਈ ਕੀਤੀ ਜਾਵੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਮੰਗ ਕੀਤੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ 'ਤੇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ।ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਵਿੱਚ ਹਿਟਲਰ ਦੀ ਆਤਮਾ ਦਾਖਲ ਹੋ ਚੁੱਕੀ ਹੈ । ਉਨ੍ਹਾਂ ਨੇ ਲੋਂਗੋਵਾਲ ਵਿੱਚ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਦਾ ਜ਼ਿੰਮੇਵਾਰ ਵੀ ਸੀਐੱਮ ਮਾਨ ਨੂੰ ਦੱਸਿਆ ਹੈ ।
ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਕਦਰ ਪਿਛਲੇ ਡੇਢ ਕੁ ਮਹੀਨੇ ਤੋਂ ਪੰਜਾਬ ਵਿਚ ਗੈਰ ਕੁਦਰਤੀ ਹੜ੍ਹਾਂ ਨੇ ਭਿਆਨਕ ਤਬਾਹੀ ਮਚਾਈ ਹੈ ਅਤੇ ਹਰ ਤਰ੍ਹਾਂ ਨਾਲ ਹਜ਼ਾਰਾਂ ਹੀ ਪਿੰਡਾਂ ਵਿਚ ਨੁਕਸਾਨ ਕੀਤਾ ਹੈ, ਉਸ ਲਈ ਪੰਜਾਬ ਤੇ ਕੇਂਦਰ ਸਰਕਾਰ ਜਿੰਮੇਵਾਰ ਹੈ। ਮੁੱਖ ਮੰਤਰੀ ਨੇ ਕਿਸਾਨਾਂ ਪ੍ਰਤੀ ਗੰਭੀਰਤਾ ਨਹੀਂ ਦਿਖਾਈ ਨਾ ਹੀ ਕੇਂਦਰ ਦਾ ਵਿਰੋਧ ਕੀਤਾ ਹੈ ਜਿਸਦੇ ਹੁਕਮ ਉਪਰ ਭਾਖੜਾ ਡੈਮ ਦਾ ਪਾਣੀ ਛਡਿਆ ਗਿਆ ਹੈ । ਕਿਸਾਨਾਂ ਦਾ ਮੰਨਣਾ ਹੈ ਕਿ ਇਕ ਪਾਸੇ ਹਜ਼ਾਰਾਂ ਪਿੰਡਾਂ ਦੇ ਪਾਣੀ ਵਿਚ ਡੁੱਬੇ ਹੋਣ ਦੀਆਂ ਖ਼ਬਰਾਂ ਤੇ ਤਸਵੀਰਾਂ ਆ ਰਹੀਆਂ ਹਨ, ਦੂਜੇ ਪਾਸੇ ਮੁੱਖ ਮੰਤਰੀ ਕਹਿ ਰਹੇ ਹਨ ਕਿ ਸੂਬੇ ਵਿਚ ਹੜ੍ਹਾਂ ਦੇ ਮੱਦੇਨਜ਼ਰ ਹਾਲਾਤ ਕਾਬੂ ਹੇਠ ਹਨ। ਇਥੋਂ ਤੱਕ ਝੂਠ ਬੋਲਿਆ ਜਾ ਰਿਹਾ ਹੈ ਕਿ ਪੌਂਗ ਡੈਮ ਤੇ ਰਣਜੀਤ ਸਾਗਰ ਡੈਮ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ । ਆਪ ਸਰਕਾਰ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਤੋਂ ਅਸਮਰਥ ਰਹੀ ਹੈ।
Comments (0)