ਸੰਗਰੂਰ ਜ਼ਿਮਨੀ ਚੋਣ ਵਿੱਚ ਸ੍ਰ. ਸਿਮਰਨਜੀਤ ਸਿੰਘ ਮਾਨ ਨੂੰ ਇਤਿਹਾਸਿਕ ਜਿੱਤ ਲਈ ਹਾਰਦਿਕ ਵਧਾਈ: ਅਰਵਿੰਦਰ ਸਿੰਘ ਰਾਜਾ
ਰੋਸ਼ਨੀ ਦੀ ਕਿਰਨ ਨਵੀਂ ਸਵੇਰ ਲੈ ਕੇ ਆਈ ਹੈ ਇਸਦਾ ਸੁਆਗਤ ਕੀਤਾ ਜਾਏ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ 27 ਜੂਨ (ਮਨਪ੍ਰੀਤ ਸਿੰਘ ਖਾਲਸਾ):- ਸੰਗਰੂਰ ਜ਼ਿਮਨੀ ਚੋਣ ਵਿੱਚ ਵੱਡੇ ਫੇਰਬਦਲ ਤੋ ਬਾਅਦ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਇਤਿਹਾਸਿਕ ਜਿੱਤ ਲਈ ਹਾਰਦਿਕ ਵਧਾਈ ਦੇੰਦੇ ਹਾ, ਅਖੰਡ ਕੀਰਤਨੀ ਜੱਥੇ ਦੇ ਸਾਬਕਾ ਆਗੂ ਭਾਈ ਅਰਵਿੰਦਰ ਸਿੰਘ ਰਾਜਾ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿਖ ਪੰਥ ਆਪਣੇ ਇਤਿਹਾਸ ਵਲ ਮੁੜ ਰਿਹਾ ਹੈ। ਪੰਜਾਬ ਬੇਚੈਨ ਹੈ। ਬੇਚੈਨੀ ਦਾ ਕਾਰਣ ਪੰਜਾਬ ਨਾਲ ਅਨਿਆਂ, ਬੇਰੁਜਗਾਰੀ, ਗੁਰੂ ਗਰੰਥ ਸਾਹਿਬ ਦੀ ਬੇਅਦਬੀ ਇਨਸਾਫ ਨਾ ਮਿਲਣਾ, ਕਿਸਾਨੀ ਦਾ ਉਜਾੜਾ, ਪਾਣੀਆਂ ਦਾ ਮਸਲਾ, ਨਸ਼ਿਆਂ ਦਾ ਫੈਲਾਅ ਆਦਿ। ਸਿਮਰਨਜੀਤ ਸਿੰਘ ਮਾਨ ਦੀ ਜਿੱਤ ਇਸ ਸਥਿਤੀ ਕਾਰਣ ਹੋਈ ਹੈ। ਪੰਜਾਬ ਬਸਤੀਵਾਦੀ ਸੋਚ ਨਕਾਰ ਰਿਹਾ, ਹੁਣ ਓਹ ਮੁੜ ਰਾਜਾਂ ਦੀ ਖੁਦਮੁਖਤਿਆਰੀ ਚਾਹੁੰਦਾ ਹੈ।
ਉਨ੍ਹਾਂ ਕਿਹਾ ਕਿ ਕਰੀਬ 100 ਦਿਨ ਪਹਿਲਾਂ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕਰਕੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰ ਬਣਾਈ ਸੀ। 'ਆਪ' ਨੇ ਬਦਲਾਅ ਦੇ ਨਾਅਰੇ ਨਾਲ ਪੰਜਾਬ ਦੀ ਸੱਤਾ 'ਤੇ ਕਾਬਜ਼ ਤਾਂ ਕੀਤਾ ਪਰ ਸੰਗਰੂਰ ਉਪ ਚੋਣ ਦੇ ਰੂਪ 'ਚ ਪਹਿਲੀ ਸਿਆਸੀ ਚੁਣੌਤੀ 'ਚ ਹਾਰ ਗਈ। ਇਸ ਦਾ ਕਿਸੇ ਨੇ ਅੰਦਾਜਾ ਨਹੀ ਲਾਇਆ ਹੋਣਾ, ਵੱਡੀਆਂ ਵੱਡੀਆਂ ਗੱਲਾ ਕਰਨ ਵਾਲੇ, ਤਿੰਨ ਮਹੀਨੇ ਪਹਿਲਾ 92 ਵਿਧਾਨ ਸਭਾ ਸੀਟਾਂ ਨਾਲ ਸਰਕਾਰ ਬਣਾਉਣ ਵਾਲੇ ਆਪਣੇ ਪਿੰਡ ਸਤੌਜ ਤੋ ਹੀ ਹਾਰ ਜਾਣਗੇ ਇਸ ਤੋ ਵੱਧ ਨਮੋਸ਼ੀਜਨਕ ਘਟਨਾ ਉਨ੍ਹਾਂ ਲਈ ਹੋਰ ਕੀ ਹੋ ਸਕਦੀ ਹੈ, ਸਰਕਾਰ ਬਣਾਉਣ ਤੋ ਬਾਅਦ ਆਪਣੀ ਲੋਕ ਸਭਾ ਸੀਟ ਵੀ ਨਾ ਬਚਾ ਸਕਣਾ ਬਹੁਤ ਵੱਡਾ ਸੁਨੇਹਾ ਦੇ ਰਿਹਾ ਹੈ । ਉਨ੍ਹਾਂ ਕਿਹਾ ਪੰਜਾਬ ਦੀ ਅਣਖ਼ ਨੇ ਸਾਬਿਤ ਕਰ ਦਿੱਤਾ ਕਿ ਓਹ ਕਿਸੇ ਦਿੱਲੀ ਦੇ ਥੱਲੇ ਲਗਣ ਵਾਲੇ ਨੂੰ ਆਪਣੇ ਖਿੱਤੇ ਵਿਚ ਮੰਜੂਰ ਨਹੀਂ ਕਰਣਗੇ ਕਿਉਂਕਿ ਖਾਲਸਾ ਹੋਵੇ ਖੁਦ ਖੁਦਾ, ਜਿਮ ਖੂਬੀ ਖੂਬ ਖੁਦਾਇ।
ਉਨ੍ਹਾਂ ਕਿਹਾ ਕਿ ਪੰਜਾਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਦਿੱਲੀ ਕਿਥੇ ਇਹ ਸਮਝ ਬੈਠੀ ਸੀ ਅਸੀਂ ਇਨ੍ਹਾਂ ਨੂੰ ਦਬਾ ਲਵਾਂਗੇ ਪਰ ਓਹ ਭੁੱਲ ਗਏ ਕਿ "ਖ਼ਾਲਸਾ ਅਕਾਲੀ ਹੈ, ਕਾਲ ਤੋਂ ਮੁਕਤ ਹੈ। ਉਸਨੇ ਆਪਣੇ ਸਰੀਰ ਦਾ ਮੋਹ ਤਿਆਗ ਦਿੱਤਾ ਹੈ, ਉਸਦੀ ਚੇਤਨਾ ਵਿੱਚੋਂ ਮੌਤ, ਪਾਪ ਅਤੇ ਮੈਂ ਗਾਇਬ ਹੋ ਚੁੱਕੇ ਹਨ।"
ਅੰਤ ਵਿਚ ਉਨ੍ਹਾਂ ਸਰਦਾਰ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਤੂਹਾਡੇ ਕੋਲ ਸਮੇਂ ਦੀ ਬਹੁਤ ਘਾਟ ਹੈ ਇਸ ਲਈ ਇਸ ਥੋਡੇ ਸਮੇਂ ਅੰਦਰ ਹੀ ਕੌਮ ਦੇ ਪੰਥਕ ਮੁੱਦੇ, ਬੰਦੀ ਸਿੰਘਾਂ ਦੀ ਰਿਹਾਈ, ਗੁਰੂ ਸਾਹਿਬ ਦੀ ਬੇਅਦਬੀਆਂ ਦੇ ਦੋਸ਼ੀ, ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਸਵਰੂਪ ਅਤੇ ਹੋਰ ਬਹੁਤ ਸਾਰਿਆਂ ਮੁੱਦੇਆਂ ਦੇ ਨਾਲ ਸਭ ਤੋਂ ਅਹਿਮ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਇਨ੍ਹਾਂ ਬਾਰੇ ਆਪਣੀ ਅਵਾਜ਼ ਚੁੱਕ ਕੇ ਕੌਮ ਵਲੋਂ ਮਿਲੀ ਹਮਾਇਤ ਨੂੰ ਤਨਦੇਹੀ ਨਾਲ ਪੂਰੀ ਕਰੋਗੇ ਤੇ ਨਾਲ ਹੀ ਕੌਮ ਨੂੰ ਸੁਨੇਹਾ ਦੇਂਦੇ ਹਾਂ ਕਿ ਹੁਣ ਮੁੜ ਰੋਸ਼ਨੀ ਦੀ ਕਿਰਨ ਨਵੀਂ ਸਵੇਰ ਲੈ ਕੇ ਆਈ ਹੈ ਇਸਦਾ ਸੁਆਗਤ ਕੀਤਾ ਜਾਏ ।
Comments (0)