ਸਿੱਖ ਕੌਮ ਦੇ ਇਤਿਹਾਸ ਵਿਚ ਕਿਸੇ ਵੀ ਸਿੱਖ ਨਾਇਕ, ਜਰਨੈਲ ਜਾਂ ਸਿੱਖ ਨੇ ਕਦੀ ਵੀ ਜ਼ਬਰ ਜਾਂ ਜਾਬਰ ਹੁਕਮਰਾਨਾਂ ਅੱਗੇ ‘ਆਤਮ-ਸਮਰਪਣ’ ਨਹੀ ਕੀਤਾ : ਮਾਨ

ਸਿੱਖ ਕੌਮ ਦੇ ਇਤਿਹਾਸ ਵਿਚ ਕਿਸੇ ਵੀ ਸਿੱਖ ਨਾਇਕ, ਜਰਨੈਲ ਜਾਂ ਸਿੱਖ ਨੇ ਕਦੀ ਵੀ ਜ਼ਬਰ ਜਾਂ ਜਾਬਰ ਹੁਕਮਰਾਨਾਂ ਅੱਗੇ ‘ਆਤਮ-ਸਮਰਪਣ’ ਨਹੀ ਕੀਤਾ : ਮਾਨ

 ਮਾਮਲਾ ਅੰਮ੍ਰਿਤਪਾਲ ਸਿੰਘ ਵੱਲੋ ਕੌਮੀ ਲੀਹਾਂ ਉਤੇ ਪਹਿਰਾ ਦੇਣ ਉਪਰੰਤ ਹਕੂਮਤ ਵਲੋਂ ਸਿੱਖਾਂ ਉੱਤੇ ਜ਼ੁਲਮ ਕਰਣ ਦਾ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 01 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- “ਸਿੱਖ ਕੌਮ ਦਾ ਇਤਿਹਾਸ ਜਿਥੇ ਮਨੁੱਖਤਾ ਤੇ ਇਨਸਾਨੀਅਤ ਪੱਖੀ ਉਦਮਾਂ ਲਈ ਕੁਰਬਾਨੀਆਂ ਅਤੇ ਸ਼ਹਾਦਤਾਂ ਨਾਲ ਭਰਪੂਰ ਹੈ, ਉਥੇ ਹਰ ਦੀਨ ਦੁੱਖੀ, ਲੌੜਵੰਦ, ਯਤੀਮਾਂ, ਵਿਧਵਾਵਾਂ, ਬੇਸਹਾਰਿਆ ਅਤੇ ਮਜਲੂਮਾਂ ਦੀ ਬਿਨ੍ਹਾਂ ਕਿਸੇ ਤਰ੍ਹਾਂ ਦੇ ਭੇਦਭਾਵ ਤੋ ਨਿਰਸਵਾਰਥ ਸੋਚ ਅਧੀਨ ਮਦਦ ਕਰਨ ਨਾਲ ਵੀ ਭਰਿਆ ਹੋਇਆ ਹੈ । ਜਦੋ ਮੈਦਾਨ-ਏ-ਜੰਗ ਵਿਚ ਸਿੱਖ ਲੜਦਾ ਹੈ, ਤਾਂ ਕਦੀ ਵੀ ਕਿਸੇ ਵੀ ਸਿੱਖ ਨੇ ਦੁਸਮਣ ਤੇ ਜਾਬਰ ਤਾਕਤਾਂ ਅੱਗੇ ਨਾ ਤਾਂ ਈਨ ਮੰਨੀ ਹੈ ਅਤੇ ਨਾ ਹੀ ਕਦੀ ਕਾਇਰਤਾ ਅਤੇ ਗੋਡੇ ਟੇਕਣ ਦੇ ਪ੍ਰਤੀਕ ਵਾਲਾ ‘ਆਤਮ ਸਮਰਪਣ’ ਦੀ ਕਾਰਵਾਈ ਕੀਤੀ ਹੈ, ਬਲਕਿ ਜਾਂ ਤਾਂ ਦੁਸ਼ਮਣ ਦੇ ਦ੍ਰਿੜਤਾ ਤੇ ਨਿਡਰਤਾ ਨਾਲ ਆਹੂ ਲਾਹੁੰਦੇ ਹੋਏ ਫਤਹਿ ਪ੍ਰਾਪਤ ਕੀਤੀ ਹੈ ਜਾਂ ਫਿਰ ਲੜਦੇ ਹੋਏ ਮਰਦਾਂ ਦੀ ਤਰ੍ਹਾਂ ਸ਼ਹਾਦਤਾਂ ਦਿੱਤੀਆ ਹਨ । ਇਸ ਲਈ ਮੌਜੂਦਾ ਸ਼ਾਜਸੀ ਢੰਗ ਨਾਲ ਸੈਟਰ ਅਤੇ ਪੰਜਾਬ ਦੀਆਂ ਦੋਵੇ ਸਰਕਾਰਾਂ ਅਤੇ ਮੁਤੱਸਵੀ ਹਿੰਦੂਤਵ ਹੁਕਮਰਾਨਾਂ ਨੇ ਪੰਜਾਬ ਦੇ ਅਮਨਮਈ ਮਾਹੌਲ ਨੂੰ ਜਾਣਬੁੱਝ ਕੇ ਹਊਏ ਦੀ ਤਰ੍ਹਾਂ ਪੇਸ਼ ਕਰਕੇ, ਸਿੱਖ ਕੌਮ ਉਤੇ ਜ਼ਬਰ ਜੁਲਮ ਢਾਹੁਣ ਅਤੇ ਉਨ੍ਹਾਂ ਉਤੇ ਐਨ.ਐਸ.ਏ, ਟਾਡਾ ਵਰਗੇ ਕਾਲੇ ਕਾਨੂੰਨ ਲਾਗੂ ਕਰਕੇ, ਸੂਬੇ ਦੀਆਂ ਬਾਹਰਲੀਆਂ ਜੇਲ੍ਹਾਂ ਤੇ ਤਸੱਦਦ ਕੇਦਰਾਂ ਵਿਚ ਭੇਜਣ ਦੇ ਅਣਮਨੁੱਖੀ ਅਮਲ ਕੀਤੇ ਹਨ ਅਤੇ ਸਿੱਖ ਕੌਮ ਤੇ ਪੰਜਾਬੀਆਂ ਵਿਚ ਦਹਿਸਤ ਪਾਉਣ ਦੇ ਮਨਸੂਬੇ ਘੜਦੇ ਹੋਏ ਸਮੁੱਚੇ ਇੰਡੀਆ ਤੇ ਬਾਹਰਲੇ ਮੁਲਕਾਂ ਵਿਚ ਸਿੱਖ ਕੌਮ ਦੇ ਅਤਿ ਸਤਿਕਾਰਿਤ ਸਰਬੱਤ ਦੇ ਭਲੇ ਵਾਲੇ ਅਕਸ ਨੂੰ ਦਾਗੀ ਕਰਨ ਦੀ ਅਸਫਲ ਕੋਸਿ਼ਸ਼ ਕੀਤੀ ਜਾ ਰਹੀ ਹੈ ਤਾਂ ਸਿੱਖ ਕੌਮ ਦੀ ਸਮੁੱਚੀ ਲੀਡਰਸਿ਼ਪ ਅਤੇ ਸਮੁੱਚੀ ਸਿੱਖ ਕੌਮ ਨੂੰ ਆਪਣੇ ਇਤਿਹਾਸਿਕ ਵਿਰਸੇ-ਵਿਰਾਸਤ ਉਤੇ ਪਹਿਰਾ ਦਿੰਦੇ ਹੋਏ ਦੁਸ਼ਮਣ ਤਾਕਤਾਂ ਦੇ ਮਨਸੂਬਿਆ ਨੂੰ ਅਸਫਲ ਬਣਾਉਣ ਲਈ ਇਕਤਾਕਤ ਹੋ ਕੇ ਕੰਧ ਬਣਕੇ ਜਿਥੇ ਖੜ ਜਾਣਾ ਚਾਹੀਦਾ ਹੈ, ਉਥੇ ਕਦੀ ਵੀ ਸਿੱਖ ਕੌਮ ਵਿਚੋਂ ਕਿਸੇ ਤਰ੍ਹਾਂ ਦੀ ਵੀ ‘ਆਤਮ ਸਮਰਪਣ’ ਕਰਨ ਦੀ ਆਵਾਜ ਉਠਾਕੇ ਆਪਣੇ ਮਹਾਨ ਫਖ਼ਰ ਵਾਲੇ ਇਤਿਹਾਸ ਤੋਂ ਮੂੰਹ ਨਹੀ ਮੋੜਨਾ ਚਾਹੀਦਾ ਅਤੇ ਨਾ ਹੀ ਸਿੱਖ ਨੌਜਵਾਨ ਆਗੂ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਤਮ ਸਮਰਪਣ ਕਰਨ ਦੀ ਖਾਲਸਾ ਪੰਥ ਵਿਰੋਧੀ ਸਲਾਹ ਜਾਂ ਮਸਵਰਾਂ ਦੇਣਾ ਚਾਹੀਦਾ ਹੈ । ਕਿਉਂਕਿ ਸਿੱਖ ਇਤਿਹਾਸ ਅਤੇ ਸਿੱਖ ਮਹਾਨ ਰਵਾਇਤਾ ਸਾਨੂੰ ਅਜਿਹੇ ਅਮਲ ਕਰਨ ਦੀ ਇਜਾਜਤ ਨਹੀ ਦਿੰਦੀਆ ਜੋ ਭਾਈ ਅੰਮ੍ਰਿਤਪਾਲ ਸਿੰਘ ਨੇ ਵੀਡੀਓ ਰਾਹੀ ਜਨਤਕ ਤੌਰ ਤੇ ਕਿਸੇ ਤਰ੍ਹਾਂ ਦਾ ਸਮਰਪਣ ਕਰਨ ਤੋ ਪੂਰਨ ਰੂਪ ਵਿਚ ਨਾਂਹ ਕਰਦੇ ਹੋਏ, ਹਕੂਮਤੀ ਸਾਜਿਸਾਂ ਅਤੇ ਪ੍ਰਚਾਰ ਸੰਬੰਧੀ ਕਹਿੰਦੇ ਹੋਏ ਸਿੱਖ ਕੌਮ ਨੂੰ ਸੁਚੇਤ ਕੀਤਾ ਹੈ, ਉਹ ਕੌਮੀ ਲੀਹਾਂ ਉਤੇ ਸਲਾਘਾਯੋਗ ਉਦਮ ਹੈ ਕਿ ਅਸੀ ਕਦੀ ਵੀ ਸਿੱਖ ਕੌਮ ਤੇ ਪੰਜਾਬੀਆਂ ਦੇ ਕਾਤਲਾਂ ਅਤੇ ਪੰਜਾਬ ਸੂਬੇ ਤੇ ਸਿੱਖਾਂ ਵਿਰੁੱਧ ਸਾਜਿਸਾਂ ਰਚਣ ਵਾਲਿਆਂ ਨੂੰ ਆਤਮ ਸਮਰਪਣ ਨਾ ਕੀਤਾ ਹੈ ਨਾ ਹੀ ਕਰਾਂਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੌਮੀ ਇਤਿਹਾਸ ਦੇ ਫਖ਼ਰ ਵਾਲੇ ਪੰਨਿਆ ਅਤੇ ਉੱਦਮਾਂ ਦੀ ਗੱਲ ਕਰਦੇ ਹੋਏ ਅਤੇ ਇਤਿਹਾਸ ਦੇ ਕਿਸੇ ਵੀ ਪੰਨੇ ਵਿਚ ਕਿਸੇ ਸਿੱਖ ਵੱਲੋ ਅੱਜ ਤੱਕ ਆਤਮ ਸਮਰਪਣ ਨਾ ਹੋਣ ਦੀ ਗੱਲ ਨੂੰ ਉਜਾਗਰ ਕਰਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਵੱਲੋ ਕੌਮੀ ਲੀਹਾਂ ਉਤੇ ਪਹਿਰਾ ਦੇਣ ਤੇ ਸਮੁੱਚੀ ਸਿੱਖ ਕੌਮ ਨੂੰ ਆਪਣੀ ਮੰਜਿਲ ਉਤੇ ਕੇਦਰਿਤ ਰਹਿਣ ਅਤੇ ਅਗਲੀ ਰਣਨੀਤੀ ਘੜਨ ਸੰਬੰਧੀ ਦਿੱਤੀਆ ਵਿਚਾਰਾਂ ਨੂੰ ਸਹੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਹੁਕਮਰਾਨ ਮੁਕਾਰਤਾ ਭਰੀ ਸੋਚ ਨਾਲ ਪੰਜਾਬੀਆਂ ਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਦੇ ਹੋਏ ਜ਼ਬਰ ਜੁਲਮ ਢਾਹੁਣ ਦੇ ਮਨਸੂਬਿਆ ਉਤੇ ਅਮਲ ਕਰਦਾ ਨਜਰ ਆ ਰਿਹਾ ਹੈ, ਭਾਈ ਅੰਮ੍ਰਿਤਪਾਲ ਸਿੰਘ ਨੂੰ ਸਹੀ ਢੰਗ ਜਾਂ ਸੋਚ ਨਾਲ ਗ੍ਰਿਫਤਾਰ ਕਰਨ ਦੀ ਬਜਾਇ ਜਾਣਬੁੱਝ ਕੇ ਹਿੰਦੂ ਬਹੁਗਿਣਤੀ ਵਿਚ, ਅਜਨਾਲਾ ਦੀ 107/51 ਦੇ ਛੋਟੇ ਜਿਹੇ ਮਾਮੂਲੀ ਕਾਰਵਾਈ ਨੂੰ ਦੇਸ਼ਧ੍ਰੋਹੀ, ਬ਼ਗਾਵਤ ਗਰਦਾਨਕੇ, ਐਨ.ਐਸ.ਏ ਵਰਗੇ ਜਾਲਮ ਕਾਨੂੰਨਾਂ ਅਧੀਨ ਬਦਨਾਮ ਕਰਨ ਅਤੇ ਜ਼ਬਰ ਢਾਹੁਣ ਦਹਿਸਤ ਪਾਉਣ ਦੀ ਗੱਲ ਕਰ ਰਿਹਾ ਹੈ ਤਾਂ ਪੰਜਾਬੀਆਂ ਤੇ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਉਹ ਇਸ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਹਕੂਮਤੀ ਅਮਲ ਦਾ ਹਰ ਪੱਧਰ ਤੇ ਦ੍ਰਿੜਤਾ ਤੇ ਸਮੂਹਿਕ ਰੂਪ ਵਿਚ ਵਿਰੋਧ ਕਰਨ ਅਤੇ ਨਿਖੇਧੀ ਵੀ ਕਰਨ ਤਾਂ ਕਿ ਹਿੰਦੂਤਵ ਸੋਚ ਅਧੀਨ ਦੁਸ਼ਮਣ ਤਾਕਤ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਾ ਹੋ ਸਕੇ ਅਤੇ ਸਿੱਖ ਕੌਮ ਦੇ ਮਹਾਨ ਇਤਿਹਾਸ, ਰਵਾਇਤਾਂ, ਨਿਯਮਾਂ, ਅਸੂਲਾਂ ਅਤੇ ਵੱਡਮੁੱਲੀ ਸੋਚ ਨੂੰ ਕਿਸੇ ਤਰ੍ਹਾਂ ਵੀ ਢਾਹ ਨਾ ਲਗਾ ਸਕੇ । ਪੰਜਾਬੀ ਤੇ ਸਿੱਖ ਕੌਮ ਹਿੰਦੂਤਵ ਤਾਕਤਾਂ ਦੇ ਮਨਸੂਬਿਆ ਨੂੰ, ਹੋਸ ਅਤੇ ਜੋਸ ਨੂੰ ਕਾਇਮ ਰੱਖਦੇ ਹੋਏ, ਡਿਪਲੋਮੈਟਿਕ ਢੰਗਾਂ ਦੀ ਖੂਬ ਵਰਤੋ ਕਰਦੇ ਹੋਏ ਸਮੁੱਚੇ ਸੰਸਾਰ ਵਿਚ ਆਪਣੀ ਮਨੁੱਖਤਾ ਪੱਖੀ ਅਤੇ ਆਪਣੇ ਉਤੇ ਹੁਕਮਰਾਨਾਂ ਵੱਲੋ ਕੀਤੇ ਜਾ ਰਹੇ ਅਣਮਨੁੱਖੀ ਜਬਰ ਦੀ ਆਵਾਜ ਨੂੰ ਬੁਲੰਦ ਕਰਨ ਲਈ ਹਰ ਸਿੱਖ, ਹਰ ਗਲੀ, ਕੋਨੇ, ਮੁਹੱਲੇ ਵਿਚ ਆਪਣੀ ਕੌਮੀ ਤੇ ਇਨਸਾਨੀਅਤ ਪੱਖੀ ਜਿੰਮੇਵਾਰੀ ਨਿਭਾਏ ਅਤੇ ਆਉਣ ਵਾਲੇ ਸਮੇ ਦੇ ਬਣਾਏ ਜਾ ਰਹੇ ਵਿਸਫੋਟਕ ਹਾਲਾਤਾਂ ਤੋ ਪੰਜਾਬ ਸੂਬੇ ਤੇ ਸਿੱਖ ਕੌਮ ਨੂੰ ਦੂਰ ਰੱਖਦੇ ਹੋਏ ਹੁਕਮਰਾਨਾਂ ਨੂੰ ਇਥੇ ਸਾਜਸੀ ਢੰਗਾਂ ਰਾਹੀ ਗੰਦੀ ਖੇਡ ਖੇਡਣ ਦੀ ਬਿਲਕੁਲ ਇਜਾਜਤ ਨਾ ਦਿੱਤੀ ਜਾਵੇ । ਸ. ਮਾਨ ਨੇ ਸਮੁੱਚੇ ਪੰਜਾਬੀਆਂ, ਸਿੱਖ ਕੌਮ, ਮੁਸਲਿਮ, ਇਸਾਈ, ਰੰਘਰੇਟਿਆ ਇਥੋ ਤੱਕ ਕਿ ਚੰਗੀ ਸੋਚ ਰੱਖਣ ਵਾਲੇ ਹਿੰਦੂ ਵੀਰਾਂ ਅਤੇ ਬਜੁਰਗਾਂ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਹੁਕਮਰਾਨਾਂ ਦੀਆਂ ਸਾਜਿਸਾਂ ਦਾ ਕੌਮਾਂਤਰੀ ਚੌਰਾਹੇ ਵਿਚ ਭਾਂਡਾ ਭੰਨਦੇ ਹੋਏ ਉਨ੍ਹਾਂ ਵਿਰੁੱਧ ਇਕਜੁੱਟ ਹੋ ਕੇ ਸੰਘਰਸ਼ ਕਰਨ ਅਤੇ ਇਹ ਸਾਬਤ ਕਰ ਦੇਣ ਕਿ ਪੰਜਾਬ ਵਿਚ ਕਿਸੇ ਤਰ੍ਹਾਂ ਦੀ ਵੀ ਫਿਰਕੂ ਜਾਂ ਸਾਜਸੀ ਹਵਾ ਨੂੰ ਪੰਜਾਬੀ ਤੇ ਸਿੱਖ ਕੌਮ ਬਿਲਕੁਲ ਪਣਪਨ ਨਹੀ ਦੇਣਗੇ ਅਤੇ ਨਾ ਹੀ ਇਥੇ ਕਿਸੇ ਤਰ੍ਹਾਂ ਦੀ ਸਿੱਖ ਨੌਜਵਾਨੀ ਨਾਲ ਜ਼ਬਰ ਜੁਲਮ ਤੇ ਖੂਨ ਦੀ ਹੋਲੀ ਖੇਡਣ ਦੇਣਗੇ ।