ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ,ਹਜ਼ਾਰਾਂ ਦੀ ਗਿਣਤੀ ਵਿਚ ਪ੍ਰਸੰਸਕਾਂ ਵਲੋਂ  ਅੰਤਿਮ ਵਿਦਾਇਗੀ

ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ,ਹਜ਼ਾਰਾਂ ਦੀ ਗਿਣਤੀ ਵਿਚ ਪ੍ਰਸੰਸਕਾਂ ਵਲੋਂ  ਅੰਤਿਮ ਵਿਦਾਇਗੀ

*ਮਾਂ ਨੇ ਜੂੜਾ ਕੀਤਾ, ਪਿਤਾ ਨੇ ਪੱਗ ਬੰਨੀ ਤੇ ਚਚੇਰੀ ਭੈਣ ਨੇ ਸਜਾਇਆ ਸਿਹਰਾ

ਅੰਮ੍ਰਿਤਸਰ ਟਾਈਮਜ਼

ਮਾਨਸਾ- ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਨੂੰ ਹਜ਼ਾਰਾਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ।ਇਸ ਦੌਰਾਨ ਜਿਉਂ ਹੀ ਮੂਸੇਵਾਲਾ ਦੀ ਮਿ੍ਤਕ ਦੇਹ ਨੂੰ ਪਿੰਡ ਮੂਸਾ ਵਿਖੇ ਲਿਆਂਦਾ ਗਿਆ ਤਾਂ ਪਹਿਲਾਂ ਹੀ ਗ਼ਮ ਵਿਚ ਡੁੱਬੇ ਪਿੰਡ ਦਾ ਬੱਚਾ-ਬੱਚਾ ਉਨ੍ਹਾਂ ਦੇ ਘਰ ਪਹੁੰਚ ਗਿਆ ।ਅੰਤਿਮ ਸਸਕਾਰ ਤੋਂ ਪਹਿਲਾਂ ਅਤੇ ਅਗਨੀ ਵਿਖਾਉਣ ਸਮੇਂ ਮਾਹੌਲ ਕਈ ਵਾਰੀ ਬਹੁਤ ਹੀ ਭਾਵੁਕ ਤੇ ਗ਼ਮਗੀਨ ਹੋ ਗਿਆ । ਮਿ੍ਤਕ ਦੇਹ ਕੋਲ ਮਾਤਾ-ਪਿਤਾ ਦਾ ਵੈਰਾਗ ਝੱਲਿਆ ਨਹੀਂ ਸੀ ਜਾ ਰਿਹਾ ।  ਮਾਹੌਲ ਉਸ ਵੇਲੇ ਹੋਰ ਵੀ ਭਾਵੁਕਤਾ ਦੇ ਵਹਿਣ 'ਵਿਚ ਵਹਿ ਗਿਆ ਜਦੋਂ ਗਾਇਕ ਦੀ ਮਾਤਾ ਨੇ ਉਸ ਦਾ ਜੂੜਾ ਕਰਨ ਮੌਕੇ ਕੁਝ ਗੱਲਾਂ ਕਹੀਆਂ । ਪਿਤਾ ਨੇ ਲਾਲ ਰੰਗ ਦੀ ਦਸਤਾਰ ਸਜਾ ਕੇ ਪੁੱਤਰ ਦੀ ਮਿ੍ਤਕ ਦੇਹ ਨੂੰ ਐਨਾ ਦੁਲਾਰਿਆ ਕਿ ਸਭ ਵੇਖਣ ਵਾਲਿਆਂ ਦੀਆਂ ਅੱਖਾਂ ਭਿੱਜੀਆਂ ਹੋਈਆਂ ਸਨ ।ਉਸ ਦੀ ਚਚੇਰੀ ਭੈਣ ਨੇ ਸਿਹਰਾ ਸਜਾਇਆ ਅਤੇ ਗਾਇਕ ਦੀ ਮੰਗੇਤਰ ਲੜਕੀ ਮਿ੍ਤਕ ਦੇਹ ਨੂੰ ਚੁੰਮਣ ਮੌਕੇ ਬਹੁਤ ਹੀ ਗ਼ਮਗੀਨ ਹੋ ਗਈ ।

ਜਿਸ ਵਕਤ ਮੂਸੇਵਾਲਾ ਦੀ ਮਿ੍ਤਕ ਦੇਹ ਨੂੰ ਟਰੈਕਟਰ ਟਰਾਲੀ 'ਤੇ ਅੰਤਿਮ ਸਸਕਾਰ ਲਈ ਲਿਜਾਇਆ ਜਾ ਰਿਹਾ ਸੀ ਤਾਂ ਲੋਕਾਂ ਦੇ ਵੱਡੇ ਇਕੱਠ ਨੂੰ ਵੇਖ ਕੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਬੇਹੱਦ ਭਾਵੁਕ ਹੋ ਗਏ । ਉਨ੍ਹਾਂ ਆਪਣੇ ਸਿਰ ਉੱਤੋਂ ਪੱਗ ਉਤਾਰ ਕੇ ਲੋਕਾਂ ਵੱਲ ਝੁਕਾਉਂਦਿਆਂ ਕਿਹਾ ਕਿ ਉਹ ਉਨ੍ਹਾਂ ਵਲੋਂ ਦਿੱਤੇ ਹੌਸਲੇ ਲਈ ਦੇਣ ਨਹੀਂ ਦੇ ਸਕਦੇ । ਉਹ ਭਰੀਆਂ ਅੱਖਾਂ ਨਾਲ ਤੇ ਹੱਥ ਜੋੜ ਕੇ ਵਾਰ-ਵਾਰ ਲੋਕਾਂ ਦਾ ਸ਼ੁਕਰਾਨਾ ਕਰ ਰਹੇ ਸਨ । ਜ਼ਿਕਰਯੋਗ ਹੈ ਕਿ 29 ਮਈ ਨੂੰ ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ ਇਸ ਗਾਇਕ ਦੀ ਹੱਤਿਆ ਕਰ ਦਿੱਤੀ ਸੀ ।  ਹਜ਼ਾਰਾਂ ਲੋਕਾਂ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਿੱਧੂ ਨੇ ਛੋਟੀ ਉਮਰ 'ਚ ਵੱਡੀਆਂ ਮੱਲ੍ਹਾਂ ਮਾਰੀਆਂ ਸਨ । ਦੱਸਣਾ ਬਣਦਾ ਹੈ ਕਿ 28 ਵਰ੍ਹਿਆਂ ਦਾ ਇਹ ਨੌਜਵਾਨ ਜੋ ਆਪਣੀ ਨਿਵੇਕਲੀ ਰੈਪ ਗਾਇਕੀ ਨਾਲ ਨੌਜਵਾਨਾਂ ਦਾ ਚਹੇਤਾ ਗਾਇਕ ਬਣ ਗਿਆ ਸੀ, ਦੇ ਅੰਤਿਮ ਸਸਕਾਰ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ, ਮੱਧ ਪ੍ਰਦੇਸ਼, ਦਿੱਲੀ ਤੇ ਮੁੰਬਈ ਤੋਂ ਵੀ ਉਸ ਦੇ ਪ੍ਰਸੰਸਕ ਪਹੁੰਚੇ ਹੋਏ ਸਨ।ਮੂਸੇਵਾਲਾ ਦਾ ਸਸਕਾਰ ਉਨ੍ਹਾਂ ਦੇ ਘਰ ਦੇ ਨਜ਼ਦੀਕ ਖੇਤ ਵਿਚ ਕੀਤਾ ਗਿਆ । ਸਸਕਾਰ ਮੌਕੇ ਨੌਜਵਾਨ ਵਰਗ ਦਾ ਹੜ੍ਹ ਆਇਆ ਹੋਇਆ ਸੀ ਅਤੇ ਉਹ ਰੋਸ ਪ੍ਰਗਟਾ ਰਹੇ ਸਨ ਕਿ ਗਾਇਕ ਦੀ ਸੁਰੱਖਿਆ ਘਟਾਉਣ ਅਤੇ ਜਨਤਕ ਕਰਨ ਕਾਰਨ ਉਸ ਦਾ ਕਤਲ ਹੋਇਆ ਹੈ ।ਉਨ੍ਹਾਂ ਰੋਹ ਵਿਚ ਆ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ | ਜਿੱਥੇ ਪਰਿਵਾਰ ਤੇ ਰਿਸ਼ਤੇਦਾਰ ਭੁੱਬਾਂ ਮਾਰ ਕੇ ਰੋ ਰਹੇ ਸਨ ਉੱਥੇ ਉਸ ਦੇ ਪ੍ਰਸੰਸਕਾਂ ਦੀਆਂ ਅੱਖਾਂ 'ਚੋਂ ਵੀ ਹੰਝੂ ਵਹਿ ਰਹੇ ਸਨ ।ਇਸ ਦੌਰਾਨ ਇਕੱਠ ਐਨਾ ਜ਼ਿਆਦਾ ਹੋ ਗਿਆ ਕਿ ਮੂਸੇਵਾਲਾ ਦੇ ਅੰਤਿਮ ਦਰਸ਼ਨ ਕਰਨ ਲਈ ਵੱਡੀਆਂ ਕਤਾਰਾਂ ਲੱਗ ਗਈਆਂ, ਜਿਸ ਕਰ ਕੇ ਸਸਕਾਰ ਲਈ ਦਿੱਤੇ ਟਾਈਮ ਤੋਂ ਢਾਈ ਘੰਟੇ ਪਛੜ ਕੇ ਹੋਇਆ । ਜਿੱਥੇ ਪ੍ਰਸ਼ਾਸਨ ਵਲੋਂ ਸਿਵਲ ਤੇ ਉੱਚ ਪੁਲਿਸ ਅਧਿਕਾਰੀ ਹਾਜ਼ਰ ਸਨ ਉੱਥੇ 2000 ਤੋਂ ਵਧੇਰੇ ਪੁਲਿਸ ਕਰਮੀ ਤਾਇਨਾਤ ਕੀਤੇ ਹੋਏ ਸਨ, ਜੋ ਵਾਰ-ਵਾਰ ਲੋਕਾਂ ਨੂੰ ਸੰਜਮ ਤੇ ਸ਼ਾਂਤੀ ਰੱਖਣ ਲਈ ਅਪੀਲਾਂ ਕਰਦੇ ਰਹੇ ।ਜੁੜੇ ਹਜੂਮ ਵਿਚ ਨੌਜਵਾਨ ਵਰਗ ਦੀ ਬਹੁਤਾਤ ਸੀ, ਜੋ ਸਿੱਧੂ ਨਾਲ ਸਾਂਝ ਦਾ ਜ਼ਿਕਰ ਕਰਦੇ ਹੋਏ ਉਸ ਦੀ ਚਿਖਾ ਨੂੰ ਮੱਥਾ ਟੇਕ ਕੇ ਸਿਜਦਾ ਕਰਦੇ ਵੇਖੇ ਗਏ ।ਚਿਖਾ ਨੂੰ ਅਗਨੀ ਮਿ੍ਤਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਵਿਖਾਈ । ਇਸ ਮੌਕੇ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਭਾਰਤ ਭੂਸ਼ਣ ਆਸ਼ੂ ਤੇ ਬਲਵੀਰ ਸਿੰਘ ਸਿੱਧੂ, ਵਿਧਾਇਕ ਪ੍ਰਗਟ ਸਿੰਘ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ , ਅਕਾਲੀ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ,  ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ,  ਉੱਘੇ ਗਾਇਕ ਤੇ ਅਦਾਕਾਰ ਐਮੀ ਵਿਰਕ, ਗਿੱਪੀ ਗਰੇਵਾਲ, ਸੋਨੀਆ ਮਾਨ, ਅੰਮਿ੍ਤ ਮਾਨ, ਖ਼ੁਦਾ ਬਖ਼ਸ਼, ਬਲਕਾਰ ਅਣਖੀਲਾ, ਜਸਵਿੰਦਰ ਬਰਾੜ ਸਮੇਤ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਹਾਜ਼ਰ ਸਨ ।