ਪੰਜਾਬ ਦੇ ਹਾਲਾਤ ਬਾਰੇ ਜਥੇਦਾਰ ਅਕਾਲ ਤਖਤ ਸਾਹਿਬ ਵਲੋਂ ਸੱਦੀ ਗਈ ਮੀਟਿੰਗ 'ਚ ਡਾ:ਸੁਖਪ੍ਰੀਤ ਸਿੰਘ ਉਦੋਕੇ ਵਲੋਂ ਦਿੱਤੇ ਗਏ ਵਿਸ਼ੇਸ਼ ਸੁਝਾਅ

ਪੰਜਾਬ ਦੇ ਹਾਲਾਤ ਬਾਰੇ ਜਥੇਦਾਰ ਅਕਾਲ ਤਖਤ ਸਾਹਿਬ ਵਲੋਂ ਸੱਦੀ ਗਈ ਮੀਟਿੰਗ 'ਚ  ਡਾ:ਸੁਖਪ੍ਰੀਤ ਸਿੰਘ ਉਦੋਕੇ ਵਲੋਂ  ਦਿੱਤੇ ਗਏ ਵਿਸ਼ੇਸ਼  ਸੁਝਾਅ

NSA ਵਰਗੀਆਂ ਧਾਰਾਂਵਾਂ ਖਤਮ ਕਰਾਉਣ ਦੀ ਚਾਰਾਜੋਈ ਕੀਤੀ ਜਾਵੇ: ਡਾ:ਸੁਖਪ੍ਰੀਤ ਸਿੰਘ ਉਦੋਕੇ

 

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ : ਮਿਤੀ 27 /03/23ਨੂੰ ਅਕਾਲ ਤਖਤ ਸਾਹਿਬ ਵਿਖੇ ਪੰਜਾਬ ਦੇ ਹਾਲਾਤ ਬਾਰੇ ਜਥੇਦਾਰ ਅਕਾਲ ਤਖਤ ਸਾਹਿਬ ਵਲੋਂ ਮੀਟਿੰਗ ਸੱਦੀ ਗਈ । ਇਸ ਮੀਟਿੰਗ ਵਿੱਚ ਉਘੇ ਸਿੱਖ ਇਤਿਹਾਸਕਾਰ ਡਾ:ਸੁਖਪ੍ਰੀਤ ਸਿੰਘ ਉਦੋਕੇ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਨੂੰ ਬਣਾਈ ਰੱਖਣ ਤੇ ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਨਿਮਰਤਾ ਸਾਹਿਤ ਆਪਣੇ ਸੁਝਾਅ ਦਿੱਤੇ ਜਿਸ ਵਿਚ ਉਨਹਾਂ ਨੇ ਕਿਹਾ:
1:-ਕੁੱਝ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਫ਼ੋਨਾਂ ਵਿੱਚੋਂ ਸਰਕਾਰ-ਏ-ਖ਼ਾਲਸਾ ਅਤੇ ਸਿੱਖ ਰਿਆਸਤਾਂ ਦੇ ਵੱਖ ਵੱਖ ਝੰਡੇ ਬਰਾਮਦ ਹੋਏ ਹਨ ਅਤੇ ਪੁਲਿਸ ਅਧਿਕਾਰੀਆਂ ਵਲੋਂ ਇਸ ਬਾਰੇ ਮੀਡੀਏ ਵਿੱਚ ਇਸ ਤਰ੍ਹਾਂ ਪੇਸ਼ ਕੀਤਾ ਕਿ ਸਿੱਖ ਨੌਜਵਾਨਾਂ ਕੋਲ਼ੋਂ ਖਾਲਿਸਤਾਨ ਦੇ ਝੰਡੇ ਅਤੇ ਸਾਹਿਤ ਬਰਾਮਦ ਹੋਇਆ ਹੈ। ਇਥੋ ਤੱਕ ਕਿ ਜੋ ਕੁੱਝ ਉਨ੍ਹਾਂ ਕੋਲੋਂ ਬਰਾਮਦ ਕੀਤਾ ਗਿਆ ਅਤੇ ਜਿਸ ਬਾਰੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਉਹ ਸਭ ਕੁੱਝ ਤਾਂ ਬਹੁਤ ਸਾਰੀਆਂ ਵੈਬ ਸਾਈਟਾਂ ਉਪਰ ਉਪਲਬਧ ਹੈ ਅਤੇ ਕਿਸੇ ਰੂਪ ਵਿੱਚ ਗ਼ੈਰਕਨੂੰਨੀ ਨਹੀਂ ਹੈ।ਇਸ ਬਾਰੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਮਾਣੇ ਗਏ ਸਿੱਖ ਰਾਜ ਦੇ ਚਿੰਨ੍ਹਾਂ ਅਤੇ ਨਿਸ਼ਾਨਾ ਨੂੰ ਆਧਾਰ ਬਣਾ ਕੇ ਸਿੱਖ ਨੌਜਵਾਨਾਂ ਨੂੰ ਹਿਰਾਸਤ ਵਿੱਚ ਨਹੀਂ ਲਿਆ ਜਾ ਸਕਦਾ ਅਤੇ ਇਸ ਸਿੱਖ ਤਵਾਰੀਖ ਦੇ ਤੱਥ ਸਾਂਝੇ ਕਰਨ ਤੋਂ ਕਿਸੇ ਨੂੰ ਨਹੀਂ ਰੋਕਿਆ ਜਾ ਸਕਦਾ। ਜਥੇਦਾਰ ਅਕਾਲ ਤਖਤ ਨੂੰ ਮੀਡੀਏ ਦੀ ਹਾਜ਼ਰੀ ਵਿੱਚ ਇਹ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ।
 2:-ਇਸ ਸਾਰੇ ਵਰਤਾਰੇ ਅਤੇ ਸਿੱਖ ਨੌਜਵਾਨਾਂ ਦੀਆਂ ਗੈਰ ਕਨੂੰਨੀ ਹਿਰਾਸਤਾਂ ਦੇ ਖਿਲਾਫ ਬਾਬਾ ਸ਼ਿੰਦਰ ਸਿੰਘ ਜੀ ਵਲੋਂ ਹਰੀਕੇ ਹੈੱਡ ਉੱਪਰ ਸ਼ਾਤਮਈ ਧਰਨਾ ਲਗਾਇਆ ਗਿਆ ਸੀ ਕਿਸ ਨੂੰ ਬਹੁਤ ਹੀ ਤਸ਼ੱਦਦ ਅਤੇ ਹਿੰਸਕ ਰੂਪ ਵਿੱਚ ਪੁਲਿਸ ਵਲੋਂ ਖਿੰਡਾਇਆ ਗਿਆ। 66 ਦੇ ਕਰੀਬ FIR ਦਰਜ ਕੀਤੀਆਂ ਗਈਆਂ ਅਤੇ ਗੱਡੀਆਂ ਤੱਕ ਦੀ ਭੰਨ-ਤੋੜ ਕਰਦਿਆਂ ਸੰਗਤ ਉੱਪਰ ਭਾਰੀ ਤਸ਼ੱਦਦ ਕੀਤਾ ਗਿਆ। ਸ਼ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਦਾ ਫ਼ਰਜ ਬਣਦਾ ਹੈ ਕਿ ਉਹ ਇਸ ਸਾਰੇ ਘਟਨਾਕ੍ਰਮ ਦੀ ਜਾਂਚ ਕਰਵਾਈ ਜਾਵੇ ਅਤੇ ਕਨੂੰਨੀ ਮਦਦ ਕੀਤੀ ਜਾਵੇ।
3:-ਜਿਹੜੇ ਸਿੱਖ ਨੌਜਵਾਨਾਂ ਉੱਪਰ NSA ਲੱਗਾ ਕੇ ਉਨ੍ਹਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਤੋਂ ਬਾਹਰ ਭੇਜਿਆ ਗਿਆ ਹੈ ਉਨ੍ਹਾਂ ਨੂੰ ਪੰਜਾਬ ਲਿਆਉਣ ਦੇ ਕਨੂੰਨੀ ਯਤਨ ਕੀਤੇ ਜਾਣ ਅਤੇ ਇਹ NSA ਵਰਗੀਆਂ ਧਾਰਾਂਵਾਂ ਖਤਮ ਕਰਾਉਣ ਦੀ ਚਾਰਾਜੋਈ ਕੀਤੀ ਜਾਵੇ।
4:-ਜਿਹੜੇ ਨੌਜਵਾਨਾਂ ਉੱਪਰ NSA ਲਗਾਈ ਗਈ ਉਨ੍ਹਾਂ ਦਾ ਕੋਈ ਐਸਾ ਸੰਗੀਨ ਜ਼ੁਰਮ ਨਹੀਂ ਹੈ ਅਤੇ ਨਾਂ ਹੀ ਕੋਈ ਐਸੀ ਬਰਾਮਦਗੀ ਹੋਈ ਹੈ। ਉਨ੍ਹਾਂ ਦੀ ਇਸ ਧਾਰਾ ਨੂੰ ਖਤਮ ਕਰਵਾਕੇ ਉਹਨਾਂ ਦੀ ਕਾਨੂੰਨੀ ਸਹਾਇਤਾ ਲਈ ਇਕ ਕਮੇਟੀ ਦਾ ਗਠਨ ਕੀਤਾ ਜਾਵੇ ਜਿਸ ਵਿੱਚ ਮਾਹਿਰ ਵਕੀਲਾਂ ਅਤੇ ਕਨੂੰਨੀ ਮਾਹਿਰਾਂ ਦੀ ਸ਼ਮੂਲੀਅਤ ਕਰਵਾਈ ਜਾ ਸਕਦੀ ਹੈ। ਅਜੇ ਤਾਂ ਪੰਜਾਬ ਤੋਂ ਬਾਹਰ ਦੀਆਂ ਜੇਲ੍ਹਾਂ ਵਿੱਚ ਬੰਦ ਪਹਿਲੇ ਕੈਦੀ ਪੰਜਾਬ ਨਹੀਂ ਲਿਆਂਦੇ ਗਏ ਪਰ ਹੁਣ ਇਸ ਵਰਤਾਰੇ ਦਾ ਅਗਲਾ ਰੂਪ ਸਾਹਮਣੇ ਆ ਗਿਆ ਹੈ ਜਿਸ ਦੇ ਬਾਰੇ ਸਾਰਥਿਕ ਕਦਮ ਚੁੱਕਣ ਦੀ ਜਰੂਰਤ ਹੈ।
4:-ਜਿਹੜੇ ਨੌਜਵਾਨ ਪੁਲਿਸ ਹਿਰਾਸਤ ਵਿੱਚ ਲਏ ਗਏ ਹਨ ਜਾਂ ਜੇਲ੍ਹਾਂ ਵਿੱਚ ਭੇਜ ਦਿੱਤੇ ਗਏ ਹਨ ਅਤੇ ਉਹ ਆਰਥਿਕ ਤੌਰ ਤੇ ਕਮਜ਼ੋਰ ਹਨ ਉਨ੍ਹਾਂ ਦੀ ਆਰਥਿਕ ਮਦਦ ਸ਼ਰੋਮਣੀ ਕਮੇਟੀ ਵਲੋਂ ਕੀਤੀ ਜਾਵੇ ਅਤੇ ਕਨੂੰਨੀ ਸਹਾਇਤਾ ਵੀ ਕੀਤੀ ਜਾਵੇ।
5:-ਜਥੇਦਾਰ ਅਕਾਲ ਤਖਤ ਸਾਹਿਬ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ ਕਿ ਉਹ ਸਪੱਸ਼ਟ ਕਰਨ ਕਿ ਕੀ ਅੰਮ੍ਰਿਤਪਾਲ ਸਿੰਘ ਖਾਲਸਾ ਉਨ੍ਹਾਂ ਦੀ ਹਿਰਾਸਤ ਵਿੱਚ ਤਾਂ ਨਹੀਂ ਜਾਂ ਫਿਰ ਉਸ ਉੱਪਰ ਕੋਈ ਐਸਾ ਤਸ਼ੱਦਦ ਤਾਂ ਨਹੀਂ ਕੀਤਾ ਜਾ ਰਿਹਾ ਕਿ ਉਸ ਦੀ ਜਾਨ ਨੂੰ ਕੋਈ ਖਤਰਾ ਹੋਵੇ। ਉਸ ਦੀ ਹਿਰਾਸਤ ਵਿੱਚ ਹੋਣ ਜਾਂ ਫ਼ਰਾਰ ਹੋ ਜਾਣ ਦੀਆਂ ਖਬਰਾਂ ਬਾਰੇ ਪੁਲਿਸ ਅਧਿਕਾਰੀਆਂ ਨੂੰ ਸਪੱਸ਼ਟ ਦਿਸ਼ਾ ਨਿਰਦੇਸ਼ ਦਿੱਤੇ ਜਾਣ ਕਿ ਜੇਕਰ ਕਿਸੇ ਨੌਜਵਾਨ ਦਾ ਜਾਨੀ ਨੁਕਸਾਨ ਹੋਇਆ ਤਾਂ ਸਰਕਾਰ ਅਤੇ ਪ੍ਰਸਾਸ਼ਨ ਉਸ ਦਾ ਜ਼ਿੰਮੇਵਾਰ ਹੋਵੇਗਾ।
7:-ਜੇਕਰ ਭਾਈ ਅੰਮ੍ਰਿਤਪਾਲ ਸਿੰਘ ਪੁਲਿਸ ਹਿਰਾਸਤ ਵਿੱਚ ਨਹੀਂ ਹਨ ਤਾਂ ਉਨ੍ਹਾਂ ਦੀ ਸੁਰੱਖਿਅਤ ਅਤੇ ਬਾਇੱਜਤ ਪੰਥ ਅਤੇ ਪਰਿਵਾਰ ਵਿੱਚ ਵਾਪਸੀ ਬਾਰੇ ਕਾਨੂੰਨੀ ਅਤੇ ਪੰਥਕ ਉਪਰਾਲੇ ਕੀਤੇ ਜਾਣ ਅਤੇ ਇਸ ਬਾਰੇ ਕੋਈ ਵੱਡਾ ਪੰਥਕ ਪ੍ਰੋਗ੍ਰਾਮ ਅਕਾਲ ਤਖਤ ਸਾਹਿਬ ਵਲੋਂ ਦਿੱਤਾ ਜਾਵੇ।
8:-ਸੋਸ਼ਲ ਮੀਡੀਏ ਉੱਪਰ ਇਕ ਵਿਅੰਗ ਕਰਤਾ ਜਿਸ ਨੂੰ ਪ੍ਰਧਾਨ ਮੰਤਰੀ ਬਾਜੇ ਕੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਸ ਉੱਪਰ ਇਕ ਪਾਸੇ ਤਾਂ ਲੱਗਾ ਕੇ ਅਸਾਮ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਹੈ ਅਤੇ ਦੂਸਰਾ ਉਸ ਬਾਰੇ ਗੋਦੀ ਮੀਡੀਆ ਪ੍ਰਚਾਰ ਕਰ ਰਿਹਾ ਹੈ ਕਿ ਖਾਲਿਸਤਾਨ ਦਾ ਆਪੇ ਬਣਿਆ ਪ੍ਰਧਾਨ ਮੰਤਰੀ ਗ੍ਰਿਫ਼ਤਾਰ ਕੀਤਾ ਗਿਆ। ਇਸ ਬਾਰੇ  ਜਿਥੇ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਆਰਥਿਕ ਅਤੇ ਕਨੂੰਨੀ ਮਦਦ ਦੀ ਲੋੜ ਹੈ ਉੱਥੇ ਗੋਦੀ ਮੀਡੀਏ ਨੂੰ ਵੀ ਅਜਿਹੀਆਂ ਖਬਰਾਂ ਨੂੰ ਪ੍ਰਕਾਸ਼ਿਤ ਕਰਨ ਬਾਰੇ ਸਖ਼ਤ ਚੇਤਾਵਨੀ ਦਿੱਤੀ ਜਾਵੇ।
ਇਕ ਨਿਮਾਣੇ ਸਿੱਖ ਵਜੋਂ ਮੇਰੇ ਏਨੇ ਕੁ ਸੁਝਾਅ ਹਨ ਜੇਕਰ ਠੀਕ ਲੱਗਣ ਤਾਂ ਪ੍ਰਵਾਨ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ।

 

 ਡਾ:ਸੁਖਪ੍ਰੀਤ ਸਿੰਘ ਉਦੋਕੇ ਵੱਲੋਂ ਦਿੱਤੇ ਸੁਝਾਅ ਨੂੰ ਤਕਰੀਬਨ ਜਥੇਦਾਰ ਅਕਾਲ ਤਖਤ ਸਾਹਿਬ ਨੇ ਪ੍ਰਵਾਨ ਕਰ ਲਿਆ । ਜਿਸ ਦੇ ਚਲਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਬੇਕਸੂਰ ਨੌਜਵਾਨਾਂ ਦੀ ਰਿਹਾਈ ਲਈ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਗਿਆ, ਨਸ਼ਿਆਂ ਤੇ ਪਤਿਤਪੁਣੇ ਖਿਲਾਫ ਤੇ ਨੌਜਵਾਨਾਂ 'ਚ ਅੰਮ੍ਰਿਤ ਸੰਚਾਰ ਦੀ ਲਹਿਰ ਪ੍ਰਚੰਡ ਕਰਨ ਲਈ ਅਕਾਲ ਤਖ਼ਤ ਦੀ ਅਗਵਾਈ 'ਚ  ਖ਼ਾਲਸਾ ਵਹੀਰ ਨੂੰ ਚਲਾਉਣ ਲਈ ਕਿਹਾ ਤੇ ਸਰਕਾਰ ਨੂੰ ਨੌਜਵਾਨਾਂ 'ਤੇ ਲਾਏ ਕੌਮੀ ਸੁਰੱਖਿਆ ਐਕਟ ਨੂੰ ਰੱਦ ਕਰਨ ਲਈ ਕਿਹਾ। ਦੂਜੇ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰ ਦੇ ਜਬਰ ਦਾ ਸ਼ਿਕਾਰ ਹੋਏ ਸਿੱਖ ਨੌਜਵਾਨਾਂ 'ਤੇ ਲੱਗੇ ਕੌਮੀ ਸੁਰੱਖਿਆ ਐਕਟ ਤੁੜਵਾਉਣ ਲਈ ਕਾਨੂੰਨੀ ਸਹਾਇਤਾ ਦਿੱਤੀ ਜਾਵੇਗੀ। ਗ੍ਰਿਫਤਾਰ ਸਿੱਖ ਨੌਜਵਾਨਾਂ ਦੇ ਪਰਿਵਾਰ ਸ਼੍ਰੋਮਣੀ ਕਮੇਟੀ ਨਾਲ ਤੁਰੰਤ ਰਾਬਤਾ ਕਰਨ ਤਾਂ ਜੋ ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।