ਪ੍ਰਧਾਨ ਮੰਤਰੀ ਦਫਤਰ ਦੇ ਲੋਕ ਸ਼ਿਕਾਇਤ ਪੋਰਟਲ 'ਤੇ ਸਿੱਖਾਂ ਨੂੰ "ਉਗਰਵਾਦੀ"ਦੱਸ ਕੀਤਾ ਜਾ ਰਿਹਾ ਬਦਨਾਮ 

ਪ੍ਰਧਾਨ ਮੰਤਰੀ ਦਫਤਰ ਦੇ ਲੋਕ ਸ਼ਿਕਾਇਤ ਪੋਰਟਲ 'ਤੇ ਸਿੱਖਾਂ ਨੂੰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 27 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਪ੍ਰਧਾਨ ਮੰਤਰੀ ਦਫ਼ਤਰ ਦੇ ਅਧੀਨ ਚੱਲ ਰਹੇ ਲੋਕ ਸ਼ਿਕਾਇਤ ਪੋਰਟਲ 'ਤੇ ਉਪ-ਸਿਰਲੇਖ "ਸਿੱਖ ਉਗਰਵਾਦੀ ਗਤੀਵਿਧੀਆਂ ਭਾਰਤ/ਵਿਦੇਸ਼" ਨੂੰ ਤੁਰੰਤ ਹਟਾਉਣ ਦੀ ਜਾਗੋ ਪਾਰਟੀ ਨੇ ਮੰਗ ਕੀਤੀ ਹੈ। ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਸਬੰਧੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਆਪਣੇ ਪੱਤਰ ਵਿੱਚ ਜੀਕੇ ਨੇ ਕਿਹਾ ਹੈ ਕਿ ਕੋਵਿਡ ਮਹਾਂਮਾਰੀ ਦੌਰਾਨ ਸਿੱਖਾਂ ਦੀਆਂ ਬੇਮਿਸਾਲ ਸੇਵਾਵਾਂ ਅਤੇ ਪਾਕਿਸਤਾਨ ਤੇ ਚੀਨ ਦੀਆਂ ਸਰਹੱਦਾਂ ਸਣੇ ਗਲਵਾਨ ਘਾਟੀ ਵਿਖੇ ਸਿੱਖ ਫੌਜੀਆਂ ਦੀਆਂ ਬੇਮਿਸਾਲ ਬਹਾਦਰੀ ਦੀਆਂ ਕਹਾਣੀਆਂ ਦੇ ਵਿਚਾਲੇ ਸਿੱਖਾਂ ਨੂੰ ਉਗਰਵਾਦੀ ਕਰਾਰ ਦੇਣ ਦੀ ਸਰਕਾਰ ਦੀ ਇਹ ਮੁਹਿੰਮ ਬੇਲੋੜੀ ਅਤੇ ਸਿੱਖਾਂ ਨੂੰ ਦੇਸ਼ ਵਿਰੋਧੀ ਸਮਝਣ ਵਰਗੀ ਹੈ। ਇਸ ਲਈ ਤੁਰੰਤ ਇਸ ਵਿਵਾਦਿਤ ਉਪ-ਸਿਰਲੇਖ ਨੂੰ ਪੋਰਟਲ ਤੋਂ ਹਟਾ ਦੇਣਾ ਚਾਹੀਦਾ ਹੈ। ਸਿੱਖ ਕੌਮ ਪ੍ਰਤੀ ਤੁਹਾਡੇ ਅਥਾਹ ਪਿਆਰ ਅਤੇ ਤੁਹਾਡੇ ਬਿਆਨ "ਸਬਕਾ ਸਾਥ-ਸਬਕਾ ਵਿਕਾਸ" ਵਿੱਚ ਵਿਸ਼ਵਾਸ ਰੱਖਦੇ ਹੋਏ, ਮੈਂ ਤੁਹਾਡਾ ਧਿਆਨ ਪ੍ਰਧਾਨ ਮੰਤਰੀ ਦਫ਼ਤਰ ਦੇ ਲੋਕ ਸ਼ਿਕਾਇਤ ਪੋਰਟਲ ਉਤੇ ਕੇਂਦਰੀ ਗ੍ਰਹਿ ਮੰਤਰਾਲੇ ਦੀ "ਅੰਦਰੂਨੀ ਸੁਰੱਖਿਆ" ਸਿਰਲੇਖ ਤਹਿਤ ਦਿੱਤੇ ਗਏ ਇਤਰਾਜ਼ਯੋਗ ਉਪ-ਸਿਰਲੇਖ ਵੱਲ ਦਿਵਾਉਣਾ ਚਾਹੁੰਦਾ ਹਾਂ। ਇਸ ਉਪ-ਸਿਰਲੇਖ ਹੇਠ ਦਿੱਤੇ ਗਏ ਵਿਕਲਪ "ਸਿੱਖ ਉਗਰਵਾਦੀ ਗਤੀਵਿਧੀਆਂ ਭਾਰਤ/ਵਿਦੇਸ਼" ਅਤੇ "ਅਲੀਗੜ੍ਹ ਯੂਨੀਵਰਸਿਟੀ/ਦਆਰਉਲ, ਦੇਵਬੰਦ ਨਾਲ ਸਬੰਧਤ ਮਾਮਲੇ" ਨੂੰ ਦਰਸਾਉਂਦੇ ਹਨ। ਇਸ ਉਪ-ਸਿਰਲੇਖ ਤਹਿਤ ਕੋਈ ਵੀ ਨਾਗਰਿਕ ਕਿਸੇ ਵੀ ਸਿੱਖ ਜਾਂ ਮੁਸਲਮਾਨ ਵਿਰੁੱਧ ਮਨਮਾਨੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਅਤੇ ਉਸ ਨੂੰ ਸੁਰੱਖਿਆ ਏਜੰਸੀਆਂ ਦਾ ਸ਼ਿਕਾਰ ਬਣਾਉਣ ਦੀ ਹਿੰਮਤ ਕਰ ਸਕਦਾ ਹੈ। ਅਜੋਕੇ ਸਮੇਂ ਵਿੱਚ ਜਦੋਂ ਦੇਸ਼ ਵਿੱਚ ਕਈ ਸਾਲਾਂ ਤੋਂ ‘ਸਿੱਖ ਉਗਰਵਾਦ’ ਦੀ ਕੋਈ ਘਟਨਾ ਨਹੀਂ ਵਾਪਰੀ, ਅਜਿਹੇ ਸਮੇਂ ਵਿੱਚ ਨਾਗਰਿਕਾਂ ਨੂੰ ਸਿੱਖਾਂ ਨੂੰ ਅੱਤਵਾਦੀ ਐਲਾਨਣ ਦਾ ਮੌਕਾ ਦੇਣਾ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਬਰਾਬਰ ਹੈ।

ਉਨ੍ਹਾਂ ਲਿਖਿਆ ਕਿ ਪ੍ਰਧਾਨ ਮੰਤਰੀ ਜੀ, ਮੇਰਾ ਮੰਨਣਾ ਹੈ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ। ਕੋਈ ਵੀ ਵਿਅਕਤੀ ਆਪਣੀ ਮਾਨਸਿਕ ਬਿਮਾਰੀ ਕਾਰਨ ਹਥਿਆਰ ਚੁੱਕ ਕੇ ਅਪਰਾਧ ਕਰ ਸਕਦਾ ਹੈ ਅਤੇ ਸਮਾਜ ਜਾਂ ਦੇਸ਼ ਵਿਰੁੱਧ ਕੋਈ ਵੀ ਗੈਰ-ਕਾਨੂੰਨੀ ਕੰਮ ਕਰ ਸਕਦਾ ਹੈ। ਉਸਦੇ ਗੁਨਾਹ ਲਈ ਉਸਦੇ ਧਰਮ ਨੂੰ ਜ਼ਿੰਮੇਵਾਰ ਮੰਨਦਿਆਂ ਉਸਦੀ ਸਮੁੱਚੀ ਕੌਮ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ ਠੀਕ ਨਹੀਂ ਹੈ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਯੂ.ਪੀ.ਏ. ਦੀ ਸਰਕਾਰ ਸੀ ਤਾਂ ਉਸ ਸਮੇਂ ਦੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਪੀ. ਚਿਦੰਬਰਮ ਨੇ "ਹਿੰਦੂ ਅੱਤਵਾਦ" ਸ਼ਬਦ ਘੜਿਆ ਸੀ। ਉਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਸਮੇਤ ਸਾਰੇ ਇਨਸਾਫ਼ ਪਸੰਦ ਲੋਕਾਂ ਨੇ ਇਸ ਬਾਰੇ ਨਾਰਾਜ਼ਗੀ ਪ੍ਰਗਟਾਈ ਸੀ। ਸਿੱਖ ਕੌਮ ਨੇ ਹਮੇਸ਼ਾ ਇਸ ਦੇਸ਼ ਦੀ ਰਾਖੀ ਲਈ ਅਣਗਿਣਤ ਸ਼ਹਾਦਤਾਂ ਦਿੱਤੀਆਂ ਹਨ। ਦੇਸ਼ ਵਾਸੀਆਂ ਦਾ ਢਿੱਡ ਭਰਨ ਲਈ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ "ਹਰੀ ਕ੍ਰਾਂਤੀ" ਰਾਹੀਂ ਆਪਣੀ ਮਿਹਨਤ ਨਾਲ ਬੇਮਿਸਾਲ ਅਨਾਜ ਭੰਡਾਰ ਪੈਦਾ ਕੀਤਾ ਹੈਂ। ਇਸ ਲਈ ਤੁਹਾਡੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਕਿਸੇ ਕਾਰਨ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਇਸ ਕੋਸ਼ਿਸ਼ ਨੂੰ ਤਿਆਗ ਕੇ ਸਿੱਖ ਕੌਮ ਦੇ ਮਾਣ-ਸਨਮਾਨ ਨੂੰ ਬਹਾਲ ਕਰਨ ਦਾ ਯਤਨ ਕਰੇ।