ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ 

ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ 

*ਸੰਗਤ ਦੇ ਠਾਠਾਂ ਮਾਰਦੇ ਇਕੱਠ ’ਵਿਚ ਪਹੁੰਚੇ ਅੰਮ੍ਰਿਤਪਾਲ ਸਿੰਘ  ਨੇ ਕੀਤੀ ਖ਼ਾਲਿਸਤਾਨ ਦੀ ਹਮਾਇਤ 

 *ਭਾਈ ਅੰਮ੍ਰਿਤਪਾਲ ਸਿੰਘ ਦੇ ਸੱਦੇ ’ਤੇ 800 ਦੇ ਕਰੀਬ ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ 

ਅੰਮ੍ਰਿਤਸਰ ਟਾਈਮਜ਼

 ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਰ ਐਤਵਾਰ ਹੋਣ ਵਾਲੇ ਅੰਮ੍ਰਿਤ ਸੰਚਾਰ ਵਿਚ ‘ਵਾਰਿਸ ਪੰਜਾਬ ਦੇ’ ਸੰਸਥਾ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਸੱਦੇ ’ਤੇ 800 ਦੇ ਕਰੀਬ ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਅੰਮ੍ਰਿਤ ਸੰਚਾਰ ਵਿਚ 1026 ਅੰਮ੍ਰਿਤ ਅਭਿਲਾਖੀਆ ਨੇ ਅੰਮ੍ਰਿਤਪਾਨ ਕੀਤਾ, ਜਿਨ੍ਹਾਂ ਵਿਚ 800 ਦੇ ਕਰੀਬ ‘ਵਾਰਿਸ ਪੰਜਾਬ ਦੇ’ ਸੰਸਥਾ ਦੇ ਸੱਦੇ ’ਤੇ ਪਹੁੰਚੇ ਸਨ। ਅੰਮ੍ਰਿਤਪਾਨ ਕਰਨ ਤੋਂ ਬਾਅਦ ਸੰਸਥਾ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਅੰਮ੍ਰਿਤ ਛਕ ਕੇ ਆਈਆਂ ਸੰਗਤਾਂ ਨੂੰ ਕਿਹਾ ਕਿ ਪੰਜਾਂ ਪਿਆਰਿਆਂ ਵੱਲੋਂ ਦੱਸੀ ਰਹਿਤ ਮਰਿਆਦਾ ’ਤੇ ਪਹਿਰਾ ਦੇਣਾ ਹੈ ਤੇ ਗੁਰੂ ਸਾਹਿਬ ਦੇ ਦੱਸੇ ਮਾਰਗ ’ਤੇ ਚੱਲਣਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਦਾ ਸਫਰ 21 ਦਿਨਾਂ ਵਿਚ ਤੈਅ ਕੀਤਾ ਜਾਵੇਗਾ ਅਤੇ ਰਸਤੇ ਵਿਚ ਆਉਣ ਵਾਲੇ ਪਿੰਡਾਂ ਸ਼ਹਿਰਾਂ ਵਿਚ ਸਮਾਗਮ ਕੀਤੇ ਜਾਣਗੇ ਅਤੇ ਅੰਮ੍ਰਿਤ ਸੰਚਾਰ ਵੀ ਹੋਣਗੇ।    ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ  ਕਿ ਉਹ ਧਰਨੇ ਜਾਂ ਮੋਰਚਿਆਂ ਵਿਚ ਬਹੁਤਾ ਯਕੀਨ ਨਹੀਂ ਰੱਖਦੇ ਹਨ ਪਰ ਜੇਕਰ ਧਰਨਿਆਂ ਮੋਰਚਿਆਂ ਨਾਲ ਇਨਸਾਫ ਮਿਲਦਾ ਹੈ ਤਾਂ ਉਹ ਉਸ ਤੋਂ ਗੁਰੇਜ਼ ਨਹੀਂ ਕਰਨਗੇ ਪਰ ਇਨਸਾਫ਼ ਉਦੋਂ ਤੱਕ ਨਹੀਂ ਹੋਵੇਗਾ ਜਦੋਂ ਤੱਕ ਸਿੱਖ ਇਕੱਠੇ ਹੋ ਕੇ ਲਾਮਬੰਦ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਜੇਕਰ ਬੇਅਦਬੀ ਦਾ ਇਨਸਾਫ਼ ਚਾਹੀਦਾ ਹੈ ਤਾਂ ਸਿੱਖਾਂ ਨੂੰ ਇਕੱਠਿਆਂ ਹੋਣਾ ਪਵੇਗਾ। ਸਿੱਖਾਂ ਦੀ ਏਕਤਾ ਨਾਲ ਹੀ ਸਰਕਾਰਾਂ ਨੂੰ ਝੁਕਾਇਆ ਜਾ ਸਕਦਾ ਹੈ। 

ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਅੱਗੇ ਗੁਲਾਮੀ ਸਭ ਤੋਂ ਵੱਡਾ ਚੈਲੰਜ ਹੈ। ਇਸ ਗੁਲਾਮੀ ਨੂੰ ਸਿੱਖਾਂ-ਨੌਜਵਾਨਾਂ ਨੂੰ ਇਕੱਠਿਆਂ ਕਰਕੇ ਹੀ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲ-ਦਲ ਵਿਚ ਫਸੇ ਹੋਏ ਹਨ, ਇਸ ਗੁਲਾਮੀ ਨੂੰ ਉਦੋਂ ਤੱਕ ਨਹੀਂ ਦੂਰ ਕੀਤਾ ਜਾ ਸਕਦਾ ਜਦੋਂ ਤੱਕ ਨੌਜਵਾਨ ਸਿੱਖੀ ਨਾਲ ਨਹੀਂ ਜੁੜਦੇ ਹਨ। 

ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵੀ ਕਮੀਆਂ ਹਨ, ਜਿਸ ਨੂੰ ਦੂਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਰ ਸੰਸਥਾ ਵਿਚ ਕਮੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨਾ ਚਾਹੀਦਾ ਹੈ। ਜੇਕਰ ਇਹੋ ਬਹਾਨਾ ਬਣਾਉਂਦੇ ਰਹੇ ਕਿ ਸਾਡੇ ਵਿਚ ਕੋਈ ਕਮੀ ਨਹੀਂ ਹੈ, ਤਾਂ ਉਨ੍ਹਾਂ ਨੂੰ ਦੂਰ ਨਹੀਂ ਕੀਤਾ ਜਾ ਸਕਦਾ। ਸਾਰੇ ਭੁੱਲਣਹਾਰ ਹਨ, ਜੇਕਰ ਕਿਸੇ ਕੋਲੋਂ ਕੋਈ ਗ਼ਲਤੀ ਹੋਈ ਹੈ ਤਾਂ ਉਸ ਨੂੰ ਮੰਨ ਲੈਣਾ ਚਾਹੀਦਾ ਹੈ। ਅੰਮ੍ਰਿਤਪਾਲ ਸਿੰਘ ਨੇ  ਕਿਹਾ ਕਿ ਉਹ ਹਰ ਉਸ ਵਿਅਕਤੀ ਦੇ ਨਾਲ ਹਨ, ਜੋ ਕਿ ਖ਼ਾਲਿਸਤਾਨ ਦੀ ਗੱਲ ਕਰਦਾ ਹੈ। ਉਨ੍ਹਾਂ ਨੇ ਕਿਸਾਨ ਆਗੂ ਰਾਕੇਸ਼ ਟਿਕੈਟ ਨੂੰ ਚਿਤਾਵਨੀ ਦਿੱਤੀ ਕਿ ਉਹ ਪੰਜਾਬੀ ਨਹੀਂ ਹਨ ਤੇ ਪੰਜਾਬੀਆਂ ਦੇ ਮਾਮਲਿਆਂ ਵਿਚ ਦਖ਼ਲ ਨਾ ਦੇਣ। ਕਿਸੇ ਵੀ ਗ਼ੈਰ ਸਿੱਖ ਨੂੰ ਸਿੱਖਾਂ ਦੇ ਮਾਮਲੇ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ।

 ਮਾਹੌਲ ਨੂੰ ਦੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੁਲਿਸ ਪ੍ਰਸ਼ਾਸਨ ਨੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨਾ ਵਾਪਰੇ।