ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਿੰਟਿੰਗ ਬੀੜ ਦੀ ਛਪਾਈ ਦਾ ਮਸਲਾ
*ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਬੁੱਕ ਕਲੱਬ*
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਵਿੱਚ ਨਵੇਂ ਵਾਧੇ ਕਰਕੇ ਲਗਾ ਮਾਤਰਾ ਲਗਾ ਕੇ ਛਪਾਈ ਦਾ ਜੋ ਮਾਮਲਾ ਸਾਹਮਣੇ ਆਇਆ ਹੈ ਉਹ ਅੱਤ ਹੀ ਨਿੰਦਣਯੋਗ ਅਤੇ ਸਿੱਖ ਪੰਥ ਦੇ ਭਵਿੱਖ ਲਈ ਚਿੰਤਾਜਨਕ ਵਿਸ਼ਾ ਹੈ । ਚਿੰਤਾਜਨਕ ਇਸ ਲਈ ਹੈ ਕਿਉਂਕਿ ਜਿਸ ਸ਼ਬਦ ਗੁਰੂ ਤੋਂ ਸਮੁੱਚਾ ਜਗਤ ਜੀਵਨ-ਸੇਧ ਲੈਂਦਾ ਹੈ ਉਸ ਦੀ ਛਪਾਈ ਵਿੱਚ ਅਜਿਹੀਆਂ ਤਰੁੱਟੀਆਂ ਪੈਦਾ ਕਰ ਦੇਣੀਆਂ ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਸੱਚ ਝੂਠ ਦੀ ਪਰਖ ਕਰਨੀ ਔਖੀ ਹੋ ਜਾਵੇ।
ਅਜਿਹਾ ਵਿਵਾਦਿਤ ਕੰਮ ਸਿੱਖ ਬੁੱਕ ਕਲੱਬ ਦੇ ਥਮਿੰਦਰ ਸਿੰਘ ਆਨੰਦ ਵੱਲੋਂ ਕੀਤਾ ਗਿਆ ਹੈ । ਜਿਸ ਵਿਚ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾ ਰਹੇ ਪ੍ਰਿੰਟਿੰਗ ਬੀੜਾਂ ਤੋਂ ਅਲੱਗ ਬਿੰਦੀਆਂ ਤੇ ਨਵੀਂਆਂ ਲਗਾ ਮਾਤਰਾ ਲਾ ਕੇ ਇਕ ਸੋਧੇ ਹੋਏ ਸਰੂਪ ਦਾ ਨਾਮ ਦੇ ਕੇ ਆਨਲਾਈਨ ਅਤੇ ਛਪਾਕੇ ਅਮਰੀਕਾ ਵਿਚ ਵੰਡਿਆ ਜਾ ਰਿਹਾ ਹੈ ।ਇਸ ਤੋਂ ਇਲਾਵਾ ਦੁਨੀਆਂ ਭਰ ਤੋਂ ਸਿੱਖ ਬੁੱਕ ਕਲੱਬ ਨਾਲ ਜੁੜੇ ਹੋਏ ਲੱਖਾਂ ਲੋਕਾਂ ਨਾਲ ਇਕ spam ਈ-ਮੇਲ ਰਾਹੀਂ ਵੀ ਇਸਨੂੰ ਸਾਂਝਾ ਕੀਤਾ ਜਾ ਰਿਹਾ ਹੈ ਤੇ ਉਸ ਈ -ਮੇਲ ਵਿਚ ਉਨ੍ਹਾਂ ਨੇ ਸਾਫ ਸ਼ਬਦਾਂ ਵਿੱਚ ਲਿਖਿਆ ਹੋਇਆ ਹੈ :ਕਿ
"ਅਸੀਂ 20 ਸਾਲ ਤੋਂ ਵੱਧ ਸਮੇਂ ਤੋਂ ਅਕਾਲ ਤਖ਼ਤ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਅਤੇ ਜੋਗਿੰਦਰ ਸਿੰਘ ਤਲਵਾੜਾ ਜੀ ਦੀ ਅਗਵਾਈ ਹੇਠ ਚੱਲ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਸਕਰਨ ਜਾਰੀ ਕਰ ਰਹੇ ਹਾਂ। ਇਹ ਸਰੂਪ Sikhbookclub.com ਵਿੱਚ ਡਿਜੀਟਲ ਫਾਰਮੈਟ ਵਿੱਚ ਉਪਲਬਧ ਹੈ। ਪ੍ਰਿੰਟ ਕੀਤਾ ਸੰਸਕਰਣ ਅਮਰੀਕਾ ਵਿੱਚ ਇਸ ਸਮੇਂ ਲਾਸ ਏਂਜਲਸ ਵਿੱਚ ਅਤੇ ਸਾਲ ਦੇ ਅੰਤ ਤੱਕ ਲੰਡਨ, ਟੋਰਾਂਟੋ, ਨਿਊਯਾਰਕ ਅਤੇ ਮਿਆਮੀ ਵਿੱਚ ਮੁਫਤ ਉਪਲਬਧ ਹੈ।ਅਸੀਂ ਮਰਹੂਮ ਜੋਗਿੰਦਰ ਸਿੰਘ ਵੇਦਾਂਤੀ ਦੇ 20 ਸਾਲਾਂ ਤੋਂ ਵੱਧ ਦੇ ਅਣਥੱਕ ਕੰਮ ਅਤੇ ਕਈ ਹੋਰ ਵਲੰਟੀਅਰਾਂ ਦੇ ਯੋਗਦਾਨ ਲਈ ਧੰਨਵਾਦ ਕਰਦੇ ਹਾਂ ਅਤੇ ਯਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਸੁਧਾਰ ਦੇ ਕੰਮ ਵਿੱਚ ਏਨੇ ਸਾਲ ਸਮਰਪਿਤ ਕੀਤੇ।*"
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਹਰੂਮ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ(ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ), ਡਾ. ਵਿਕਰਮ ਸਿੰਘ, ਗਿਆਨੀ ਅਵਤਾਰ ਸਿੰਘ ਬੱਧਨੀ ਕਲਾਂ, ਪ੍ਰੋ. ਪ੍ਰਕਾਸ਼ ਸਿੰਘ ਆਦਿ ਨੂੰ ਮੈਂਬਰ ਨਿਯੁਕਤ ਕਰ ਕੇ ਕਾਰਜ ਸੌਂਪਿਆ ਗਿਆ ਤੇ ਗਠਿਤ ਕਮੇਟੀ ਨੇ ਜਦੋਂ ਅੰਤਰਿਮ ਰਿਪੋਰਟ ਪੇਸ਼ ਕੀਤੀ ਸੀ ਉਸ ਵਿਚ ਸਾਫ਼ ਲਿਖਿਆ ਸੀ ਕਿ ਇਸ ਕਮੇਟੀ ਨੇ 1106 ਅੰਗ ਤਕ ਕੰਮ ਕੀਤਾ ਤੇ ਸ਼੍ਰੋਮਣੀ ਕਮੇਟੀ ਨੂੰ ਵਿਚਾਰ ਕਰਨ ਲਈ ਰਿਪੋਰਟ ਭੇਜੀ ਸੀ, ਪਰ ਸ਼੍ਰੋਮਣੀ ਕਮੇਟੀ ਵਲੋਂ ਇਸ ਰਿਪੋਰਟ ਤੇ ਕੀ ਕਾਰਵਾਈ ਕੀਤੀ ਗਈ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਦੂਜੀ ਗੱਲ ਇਸ ਰਿਪੋਰਟ ਕਮੇਟੀ ਵਿਚ ਸ਼ਾਮਲ ਸਾਰੇ ਮੈਂਬਰਾਂ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਇਕ ਸਾਜ਼ਿਸ਼ ਤਹਿਤ ਕੰਮ ਕੀਤਾ ਗਿਆ ਹੈ ਜੇਕਰ ਇਹ ਕਾਰਜ ਸਹੀ ਹੁੰਦਾ ਤਾਂ ਉਨ੍ਹਾਂ ਦੇ ਜਿਊਂਦੇ-ਜੀਅ ਇਸ ਕਾਰਜ ਦੀ ਜਾਣਕਾਰੀ ਪੰਥ ਨਾਲ ਸਾਂਝੀ ਕਿਉਂ ਨਹੀਂ ਕੀਤੀ ਗਈ?
ਅੰਤਰਿਮ ਰਿਪੋਰਟ
ਸ਼੍ਰੋਮਣੀ ਕਮੇਟੀ ਨੇ ਕਦੇ ਵੀ ਇਸ 26 ਮਾਰਚ 1996 ਵਾਲੀ ਕਮੇਟੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1106 ਅੰਗ ਤੱਕ ਵਾਲੀ ਇਹ ਰਿਪੋਰਟ ਪ੍ਰਵਾਨ ਨਹੀਂ ਕੀਤੀ ਹੈ। ਇਸ ਤੋਂ ਅੱਗੇ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗਠਿਤ ਕਮੇਟੀ ਦੀ ਅੰਤ੍ਰਿਮ ਰਿਪੋਰਟ ਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਪ੍ਰਤੀਕਰਮ ਰਹੇਗਾ ਉਸ ਤੋਂ ਬਾਅਦ ਹੀ ਅੱਗੇ ਦਾ ਕਾਰਜ ਕੀਤਾ ਜਾਵੇਗਾ । ਅਸੀਂ ਸਭ ਜਾਣਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦਾ ਕਾਰਜ ਅਕਾਲ ਤਖ਼ਤ ਸਾਹਿਬ ਵੱਲੋਂ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਕਿਸੇ ਨੂੰ ਇਹ ਹੱਕ ਨਹੀਂ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਛਪਾਈ ਕਰੇ ।
ਸਿੱਖ ਬੁੱਕ ਕਲੱਬ ਦੇ ਥਮਿੰਦਰ ਸਿੰਘ ਆਨੰਦ ਨੇ ਨਾ ਸਿਰਫ ਗੁਰਬਾਣੀ ਦੇ ਪਾਠ ਵਿੱਚ ਫਰਕ ਪਾਏ ਹਨ ਬਲਕਿ ਉਸਨੇ ਮੁੰਦਾਵਣੀ ਤੋਂ ਬਾਅਦ ਇਕ ਖਾਲੀ ਅੰਗ ਰੱਖਕੇ ਅਗਲੇ ਅੰਗ ਤੇ ਰਾਗਮਾਲਾ ਛਾਪੀ ਹੈ।ਅਸੀਂ ਇਹ ਗੱਲ ਸਭ ਜਾਣਦੇ ਹਾਂ ਕਿ ਜਦੋਂ ਗੁਰੂ ਸਾਹਿਬਾਨਾਂ ਦੁਆਰਾ ਇਲਾਹੀ ਬਾਣੀ ਲਿਖੀ ਜਾਂਦੀ ਸੀ ਤਾਂ ਉਸ ਸਮੇਂ ਕੁਝ ਅੰਗ ਖਾਲੀ ਰੱਖੇ ਜਾਂਦੇ ਸਨ ਉਨ੍ਹਾਂ ਦਾ ਕੋਈ ਕਾਰਨ ਹੁੰਦਾ ਸੀ ਜਿਸ ਵਿੱਚ ਸਭ ਤੋਂ ਪਹਿਲਾਂ ਤਾਂ ਜੋ ਅਕਾਲ ਦੇ ਹੁਕਮ ਅਨੁਸਾਰ ਜਿਸ ਨੂੰ ਇਲਾਹੀ ਬਾਣੀ ਦਾ ਇਲਮ ਹੋਵੇ ਤਾਂ ਉਨ੍ਹਾਂ ਖਾਲੀ ਅੰਗਾਂ ਉੱਤੇ ਗੁਰਬਾਣੀ ਲਿਖੀ ਜਾਵੇ। ਅਜੋਕੇ ਸਮੇਂ ਕੋਈ ਵੀ ਐਸੀ ਗਿਆਨ ਵਾਨ ਰੂਹ ਨਹੀਂ ਹੈ ਜੋ ਗੁਰੂ ਸਹਿਬਾਨਾਂ ਦੀ ਤਰ੍ਹਾਂ ਗੁਰਬਾਣੀ ਦਾ ਉਚਾਰਣ ਕਰ ਸਕੇ । ਗੁਰਬਾਣੀ ਵਿੱਚ ਅਜਿਹੇ ਰਲਗਡ ਕਾਰਨਾਮੇ ਕਰ ਕੇ ਅਸੀਂ ਖ਼ੁਦ ਸਿੱਖ ਪੰਥ ਨੂੰ ਢਾਹ ਲਾ ਰਹੇ ਹਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਨੂੰ ਵਪਾਰਿਕ ਜ਼ਰੀਆ ਬਣਾ ਰਹੇ ਹਾਂ । ਮੋਹ ਮਾਇਆ ਵਿੱਚ ਡੁੱਬੀ ਇਸ ਕੁੱਲ ਕਾਇਨਾਤ ਨੇ ਬਾਣੀ ਨੂੰ ਵੀ ਪੈਸਾ ਕਮਾਉਣ ਦਾ ਜ਼ਰੀਆ ਬਣਾ ਲਿਆ ਹੈ ।
ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਨੂੰ ਕੁਝ ਸਵਾਲ
ਸਿੱਖ ਬੁਕ ਕਲੱਬ ਵਲੋਂ ਜੋ ਈਮੇਲ ਆਈ ਸੀ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਾਰੇ ਜ਼ਿਕਰ ਕੀਤਾ ਗਿਆ ਉਸ ਵਿਚ ਕਿਹਾ ਗਿਆ ਕੀ ਇਸ ਸਰੂਪ ਦੀ ਤਿਆਰੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਸਰਪ੍ਰਸਤੀ ਵਿਚ ਕੀਤੀ ਗਈ ਹੈ ਜਿਸ ਦੇ ਲਈ ਸਿੱਖ ਬੁਕ ਕਲੱਬ ਨੂੰ 20 ਸਾਲ ਲੱਗ ਗਏ ਪਰ ਉਹਨਾਂ ਨੇ ਕਿਸੇ ਇਕ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਸਰੂਪ ਦਾ ਜ਼ਿਕਰ ਨਹੀਂ ਕੀਤਾ ਜਿਸ ਨੂੰ ਆਧਾਰ ਬਣਾ ਕੇ ਉਨ੍ਹਾਂ ਨੇ ਇਹ ਸਰੂਪ ਤਿਆਰ ਕੀਤਾ ਹੈ?
*ਸਿੱਖ ਬੁਕ ਕਲੱਬ ਨੇ ਜਿਸ ਰਿਪੋਰਟ ਨੂੰ ਆਧਾਰ ਬਣਾ ਕੇ ਈਮੇਲ ਵਿਚ ਜ਼ਿਕਰ ਕੀਤਾ ਹੈ ਉਹ ਰਿਪੋਰਟ 26 ਮਾਰਚ 1996 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਲੜੀਵਾਰ ਸਰੂਪ ਸਾਲ 1991 ਤੇ ਇਕ ਪਦ ਛੇਦ ਸਰੂਪ ਸਾਲ 1994 ਦੀ ਪੜਤਾਲ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸਰਪ੍ਰਸਤੀ ਹੇਠ ਇਕ 6 ਮੈਂਬਰੀ ਕਮੇਟੀ ਜਿਸ ਵਿਚ ਸੰਤ ਬਾਬਾ ਅਵਤਾਰ ਸਿੰਘ ਜੀ ਬੰਧਨੀ ਕਲਾ ਅਜਿਹੇ ਮਹਾਨ ਟਕਸਾਲੀ ਵਿਦਵਾਨਾਂ ਦੀ ਮੌਜੂਦਗੀ ਵਿਚ ਬਣਾਈ ਸੀ । ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ 12 ਪੰਨਿਆਂ ਦੀ ਸਾਰੀ ਰਿਪੋਰਟ ਵਿਚ ਕਿਤੇ ਵੀ ਸਿੱਖ ਬੁਕ ਕਲੱਬ ਦਾ ਜ਼ਿਕਰ ਨਹੀਂ ਹੈ। ਇਸ ਰਿਪੋਰਟ ਵਿਚ ਇਹ ਵੀ ਦਰਜ ਹੈ ਕਿ ਬਹੁਤ ਸਾਰੇ ਪੁਰਾਤਨ ਸਰੂਪਾਂ ਨੂੰ ਆਧਾਰ ਬਣਾ ਕੇ ਤੇ ਉਹਨਾਂ ਦੀ ਪੜਤਾਲ ਕਰ ਕੇ ਛਪਾਏ ਗਏ ਸਰੂਪਾ ਦੀ 1106 ਅੰਗਾਂ ਦੀ ਸੁਧਾਈ ਮਈ 1996 ਤੱਕ ਹੋ ਚੁਕੀ ਸੀ । ਤੇ ਸਿੱਖ ਬੁਕ ਕਲੱਬ ਨੂੰ ਇਹ ਸਵਾਲ ਕੀਤਾ ਜਾਂਦਾ ਹੈ ਕਿ ਪੰਥਕ ਰਵਾਇਤਾਂ ਅਨੁਸਾਰ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਅੰਗ 1430 ਹੈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਿਪੋਰਟ ਅਨੁਸਾਰ ਮਈ 1996 ਤੱਕ 1106 ਅੰਗਾਂ ਦੀ ਸੁਧਾਈ ਹੋ ਚੁਕੀ ਸੀ ਫੇਰ ਕੀ 324 ਅੰਗਾਂ ਦੀ ਸੁਧਾਈ ਲਈ 20 ਸਾਲ ਲੱਗ ਗਏ? ਇਹ ਸਵਾਲ ਇਨ੍ਹਾਂ ਦੁਆਰਾ ਭੇਜੀ ਮੇਲ ਕਰਵਾ ਰਹੀ ਹੈ।
*ਸਿੱਖ ਬੁੱਕ ਕਲੱਬ ਕੀ ਇਹ ਸਾਬਿਤ ਕਰਨਾ ਚਾਹੁੰਦੀ ਹੈ ਕਿ ਸਾਰੇ ਗੁਰੂ ਘਰਾਂ ਵਿਚ ਪ੍ਰਕਾਸ਼ਿਤ ਸਰੂਪ ਗ਼ਲਤ ਹਨ? ਤੇ ਇਨ੍ਹਾਂ ਦੁਆਰਾ ਤਿਆਰ ਕੀਤਾ ਸਰੂਪ ਹੀ ਇਕਲੌਤਾ ਸਹੀ ਹੈ।ਜੇਕਰ ਮਨ ਲਿਆ ਜਾਵੇ ਸਿੱਖ ਬੁੱਕ ਵਲੋਂ ਤਿਆਰ ਕੀਤਾ ਸਰੂਪ ਬਿਲਕੁਲ ਸਹੀ ਹੈ ਤਾ ਕਿ ਇਨ੍ਹਾਂ ਨੂੰ ਪੰਜ ਤਖ਼ਤ ਸਾਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲ ਜਾ ਕਿਸੇ ਵੀ ਪੰਥਕ ਸੰਪਰਦਾ ਦੀ ਪ੍ਰਵਾਨਗੀ ਮਿਲੀ ਹੈ?
*ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਛਪਾਈ ਕਰਨ ਦਾ ਅਹੁਦਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਹੈ। ਸਿੱਖ ਬੁੱਕ ਕਲੱਬ ਨੂੰ ਇਹ ਸਵਾਲ ਕੀਤਾ ਜਾਂਦਾ ਹੈ ਕਿ ਇਨ੍ਹਾਂ ਨੂੰ ਸਰੂਪ ਦੀ ਛਪਾਈ ਕਰ ਕੇ ਵੈਬਸਾਈਟ ਉੱਤੇ ਅਪਲੋਡ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ ਹੈ?
*ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਤੇ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਦਸਮ ਦਰਬਾਰੀ ਰਤਨ ਭਾਈ ਹਰੀ ਦਾਸ ਸਿੰਘ ਜੀ ਅਤੇ ਬਹੁਤ ਸਾਰੇ ਸੰਪੂਰਨ ਗੁਰਸਿੱਖਾਂ ਨੇ ਜੋ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਤਿਆਰ ਕੀਤੇ ਸਨ ਉਸ ਵਿਚ ਖੁਦ ਦਸਮ ਪਾਤਸ਼ਾਹ ਜੀ ਨੇ ਆਪਣੀ ਤੀਰ ਵਾਲੀ ਮੋਹਰ ਲਾਈ ਸੀ।
ਇਨ੍ਹਾਂ ਸਰੂਪਾਂ ਵਿਚ ਰਾਗ ਮਾਲਾ ਨੂੰ ਅਕਾਲ ਨਾਨਕ ਜੋਤ ਦੀ ਸ੍ਰੀ ਮੁੱਖ ਵਾਕ ਮੰਨਿਆ ਗਿਆ ਹੈ । ਸਿੱਖ ਬੁਕ ਕਲੱਬ ਦੁਆਰਾ ਇਸ ਪਵਿੱਤਰ ਬਾਣੀ ਤੋਂ ਪਹਿਲਾਂ ਇਕ ਖਾਲੀ ਅੰਗ ਪੇਸ਼ ਕਰਨਾ ਅਤੇ ਰਾਗ ਮਾਲਾ ਉਪਰ ਅੰਗਾਂ ਦੀ ਸੰਖਿਆ ਨੂੰ ਨਾ ਦੱਸਣਾ ਇਕ ਬਹੁਤ ਵੱਡੀ ਕੁਰਹਿਤ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੱਤਕਰੇ ਨਾਲ ਛੇੜਛਾੜ ਕਰਨ ਦੀ ਪ੍ਰਵਾਨਗੀ ਕਿਸ ਨੇ ਦਿੱਤੀ?
ਉਪਰੋਕਤ ਸਾਰੇ ਕ੍ਰਮਅੰਕ ਨੂੰ ਨਜ਼ਰ ਵਿਚ ਲੈਂਦੇ ਹੋਏ ਸਮੂਹ ਸਿੱਖ ਸੰਗਤਾਂ ਦੀ ਇਕ ਹੀ ਆਵਾਜ਼ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਗੁਰੂ ਪੀਰ ਤੇ ਰਹਿਬਰ ਹਨ। ਇਨ੍ਹਾਂ ਨਾਲ ਛੇੜਛਾੜ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਪੰਜ ਤਖ਼ਤ ਸਾਹਿਬਾਨ , ਦਮਦਮੀ ਟਕਸਾਲ, ਤੇ ਸਾਰੇ ਨਿਹੰਗ ਸੰਪ੍ਰਦਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਿੱਖ ਬੁਕ ਕਲੱਬ ਉਪਰ ਸਖ਼ਤ ਕਾਰਵਾਈ ਕਰਕੇ ਇਸ ਮਨਮੁਖੀ ਸਰੂਪ ਦਾ ਪ੍ਰਚਾਰ ਜਲਦ ਬੰਦ ਕੀਤਾ ਜਾਵੇ। ਤਾਂ ਜੋ ਆਉਣ ਵਾਲੇ ਸਮੇਂ ਵਿਚ ਵੀ ਅਜਿਹਾ ਕੁਝ ਨਾ ਹੋਵੇ ਜੋ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਕੰਮ ਕਰੇ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕੋ ਇੱਕ ਅਜਿਹੀ ਸਿਰਮੌਰ ਸੰਸਥਾ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਰੇਦਾਰੀ ਕਰ ਰਹੀ ਹੈ । ਕਿਸੇ ਵੀ ਵਿਦਵਾਨਾਂ ਜਾਂ ਸਿੱਖ ਚਿੰਤਕਾਂ ਨੂੰ ਇਹ ਅਥਾਰਟੀ ਨਹੀਂ ਦਿੱਤੀ ਗਈ ਹੈ ਕਿ ਉਹ ਗੁਰੂ ਸਾਹਿਬ ਜੀ ਦੇ ਸਰੂਪ ਦੀ ਛਪਾਈ ਕਰਵਾ ਸਕੇ ।
ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਜੇਕਰ ਕੋਈ ਸੰਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਕਰਵਾਉਂਦੀ ਹੈ ਤਾਂ ਇਕ ਗੱਲ ਸਪੱਸ਼ਟ ਹੈ ਕਿ ਉਹ ਵਿਚਾਰ ਦਾ ਵਪਾਰ ਕਰ ਰਹੀ ਹੈ ।ਇਕ ਗੱਲ ਅਸੀਂ ਸਭ ਜਾਣਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲੱਖਣ ਤਾਂ ਹੀ ਇਸ ਵਿਚ ਹੈ ਕਿ ਉਹ ਇੱਕੋ ਇੱਕ ਅਜਿਹਾ ਧਰਮ ਗ੍ਰੰਥ ਹੈ ਜਿਸ ਨੂੰ ਖ਼ੁਦ ਰਹਿਬਰਾ ਦੁਆਰਾ ਲਿਖਿਆ ਗਿਆ ਹੈ ਤੇ ਦੁਨੀਆਂ ਦੇ ਬਾਕੀ ਧਰਮ ਗ੍ਰੰਥ ਉਨ੍ਹਾਂ ਦੇ ਰਹਿਬਰਾਂ ਤੋਂ ਬਾਅਦ ਕਈ ਸਾਲਾਂ ਪਿੱਛੋਂ ਉਨ੍ਹਾਂ ਦੇ ਅਨੁਯਾਈਆਂ ਵੱਲੋਂ ਲਿਖੇ ਗਏ ਸਨ । ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦਾ ਕੰਮ ਕੇਵਲ ਇਕ ਸੰਸਥਾ ਕੋਲ ਰਹੇਗਾ ਤਾਂ ਇਸ ਵਿੱਚ ਸ਼ਬਦਾਂ ਦੀ ਰਲਗੱਡ ਨਹੀਂ ਕੀਤੀ ਜਾ ਸਕਦੀ ਤੇ ਨਾ ਹੀ ਨਵੇਂ ਸ਼ਬਦ ਪਾਏ ਜਾ ਸਕਣਗੇ ।
ਸਰਬਜੀਤ ਕੌਰ ਸਰਬ
Comments (0)