ਯੂਨੀਵਰਸਿਟੀ ਵਿਦਿਆਰਥੀਆਂ ਵੱਲੋਂ ਪੰਜਾਬ ਸਰਕਾਰ ਦੇ ਝੂਠੇ ਦਾਅਵਿਆਂ ਖ਼ਿਲਾਫ਼ ਕੱਢਿਆ ਗਿਆ ਰੋਸ ਮਾਰਚ

ਯੂਨੀਵਰਸਿਟੀ ਵਿਦਿਆਰਥੀਆਂ ਵੱਲੋਂ ਪੰਜਾਬ ਸਰਕਾਰ ਦੇ ਝੂਠੇ ਦਾਅਵਿਆਂ ਖ਼ਿਲਾਫ਼ ਕੱਢਿਆ ਗਿਆ ਰੋਸ ਮਾਰਚ

ਅੰਮ੍ਰਿਤਸਰ ਟਾਈਮਜ਼

ਪਟਿਆਲਾ: ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਬਜਟ ਪਾਸ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ, ਜੋ ਕਿ ਵਿਸ਼ਵ ਦੀ ਦੂਜੀ ਭਾਸ਼ਾ ਆਧਾਰਤ ਯੂਨੀਵਰਸਿਟੀ ਹੈ। ਪੰਜਾਬ ਸਰਕਾਰ ਵਲੋਂ ਬੀਤੇ ਕੱਲ ਪੇਸ਼ ਕੀਤੇ ਗਏ ਹਾਸੋ-ਹੀਣੇ ‘ਬਜਟ’ ਵਿਚ ਯੂਨੀਵਰਸਿਟੀ ਨਾਲ ਭੱਦਾ ਮਜ਼ਾਕ ਕੀਤਾ ਗਿਆ ਹੈ। ਇਸ ਦੇ ਵਿਰੋਧ ਵਿੱਚ ਵਿਦਿਆਰਥੀ ਜਥੇਬੰਦੀਆਂ ਵੱਲੋਂ ਸਮੂਹਿਕ ਰੂਪ ਵਿੱਚ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ ਸੰਕੇਤਕ ਅਤੇ ਸਿਧਾਂਤਿਕ ਰੋਸ ਮਾਰਚ ਕੱਢਿਆ ਗਿਆ। ਜਿਸ ਵਿੱਚ ਵਿਦਿਆਰਥੀ ਜਥੇਬੰਦੀਆਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਰੋਸ ਮਾਰਚ ਵਿੱਚ USSF, PUSU, SYFI, SOI, ABVP ਅਤੇ  NSUI ਆਦਿ ਜਥੇਬੰਦੀਆਂ ਆਗੂ ਅਤੇ ਹੋਰ ਵੀ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਚ ਆਪਣੇ ਵੱਲੋਂ ਕੀਤੇ ਗਏ ਵਾਅਦੇ ਤੋਂ ਮੁੱਕਰੀ ਹੈ। ਜ਼ਿਕਰਯੋਗ ਹੈ ਕਿ ਪਿਛਲੇ 29-03-2022 ਨੂੰ ਵਰਤਮਾਨ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰਨ ਦਾ ਵੱਡਾ ਵਾਅਦਾ ਕੀਤਾ ਸੀ, ਜਿਸ ਤੋਂ ਪੰਜਾਬ ਸਰਕਾਰ ਭਗੌੜੀ ਹੋ ਗਈ ਹੈ। ਘਪਲਿਆਂ ਸੰਬੰਧੀ ਗੱਲ-ਬਾਤ ਕਰਦਿਆਂ ਕਿਹਾ ਗਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਡੇ-ਵੱਡੇ ਘਪਲੇ ਕਰਨ ਵਾਲਿਆਂ ਨੂੰ ਬਚਾ ਰਿਹਾ ਹੈ, ਜਿਸ ਕਰਕੇ ਘਪਲਿਆਂ ਦਾ ਵਿੱਤੀ ਬੋਝ ਯੂਨੀਵਰਸਿਟੀ ਉਪਰ ਵੱਧਦਾ ਜਾ ਰਿਹਾ ਹੈ। ਵਰਤਮਾਨ ਪੰਜਾਬ ਸਰਕਾਰ ਸਿਹਤ, ਸਿੱਖਿਆ ਨੂੰ ਮਿਆਰੀ ਪੱਧਰ ਤੇ ਉੱਚਾ ਚੁੱਕਣ ਦਾ ਦਾਅਵਾ ਕਰਕੇ ਬਣੀ ਹੈ, ਪਰ ਸਰਕਾਰ ਦੀ ਹੋਂਦ ਬਣਦਿਆਂ ਹੀ ਇਹਨਾਂ ਅਸਲ ਦਾਅਵਿਆਂ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ। ਭ੍ਰਿਸ਼ਟਾਚਾਰ ਸੰਬੰਧੀ ਤਕਰੀਰ ਦਿੰਦਿਆਂ ਕਿਹਾ ਗਿਆ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਥਾਂ, ਸਗੋਂ ਇਸ ਨੂੰ ਵਧਾਵਾ ਦੇ ਰਹੀ ਹੈ ਅਤੇ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰੀ ਲੋਕਾਂ ਦਾ ਬਚਾ ਕਰ ਰਹੀ ਹੈ। ਸਮੂਹਿਕ ਰੂਪ ਵਿੱਚ ਸਭ ਆਗੂ ਅਤੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਯੂਨੀਵਰਸਿਟੀ ਨੂੰ ਬਣਦੀ ਗ੍ਰਾਂਟ ਜਾਰੀ ਕਰੇ ਅਤੇ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰਨ ਦਾ ਵਾਅਦਾ ਨਿਭਾਵੇ, ਘਪਲਾਕਾਰਾਂ ਅਤੇ ਭ੍ਰਿਸ਼ਟਾਚਾਰਾਂ ਉੱਪਰ ਕਨੂੰਨ ਕਾਰਵਾਈ ਕਰੇ। ਇਸ ਰੋਸ ਮਾਰਚ ਵਿੱਚ ਯੂਨੀਵਰਸਿਟੀ ਦਾ ਮੁੱਖ ਦਰਵਾਜ਼ਾ ਬੰਦ ਕੀਤਾ ਗਿਆ ਅਤੇ ਪੰਜਾਬ ਸਰਕਾਰ ਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ ਨਾਅਰੇਬਾਜੀ ਕੀਤੀ ਗਈ। ਅਖੀਰ ਵੱਖ-ਵੱਖ ਵਿਭਾਗਾਂ ਤੋਂ ਆਏ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।