ਕਾਂਗਰਸ ਦੇ ਕਮਲਜੀਤ ਬਰਾੜ ਨੂੰ ਅੰਮ੍ਰਿਤਪਾਲ ਸਿੰਘ ਦੇ ਹੱਕ ਬਿਆਨਬਾਜੀ ਕਾਰਣ ਕਾਂਗਰਸ ਤੋਂ ਕੱਢਿਆ

ਕਾਂਗਰਸ ਦੇ ਕਮਲਜੀਤ ਬਰਾੜ ਨੂੰ ਅੰਮ੍ਰਿਤਪਾਲ ਸਿੰਘ ਦੇ ਹੱਕ ਬਿਆਨਬਾਜੀ ਕਾਰਣ ਕਾਂਗਰਸ ਤੋਂ ਕੱਢਿਆ

ਪਾਰਟੀ 'ਵਿਚੋਂ ਕੱਢੇ ਜਾਣ ਮਗਰੋਂ ਰਾਜਾ ਵੜਿੰਗ 'ਤੇ ਵਰ੍ਹੇ ਕਮਲਜੀਤ ਬਰਾੜ, ‘ਆਪ’ ਜਾਂ ਭਾਜਪਾ 'ਚ ਜਾਣ ਤੋਂ ਇਨਕਾਰ     

ਅੰਮ੍ਰਿਤਸਰ ਟਾਈਮਜ਼ ਬਿਊਰੋ                          

ਮੋਗਾ : ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਜ਼ਿਲ੍ਹਾ ਇੰਚਾਰਜ ਬਣਾਏ ਗਏ ਕਮਲਜੀਤ ਸਿੰਘ ਬਰਾੜ ਨੂੰ ਸਿੱਖ ਆਗੂ ਅੰਮ੍ਰਿਤਪਾਲ ਸਿੰਘ ਦਾ ਸਮਰਥਨ ਕਰਨਾ ਤੇ ਰਾਜਾ ਵੜਿੰਗ ਖਿਲਾਫ਼ ਬਿਆਨ ਦੇਣਾ ਮਹਿੰਗਾ ਪਿਆ। ਪਾਰਟੀ ਇੰਚਾਰਜ ਹਰੀਸ਼ ਚੌਧਰੀ ਦੇ ਦਸਤਖ਼ਤਾਂ ਹੇਠ ਪੱਤਰ ਜਾਰੀ ਹੋਣ ਤੋਂ ਬਾਅਦ ਬਰਾੜ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੀ ਪ੍ਰੈਸ ਕਾਨਫਰੰਸ ਰਾਹੀਂ ਕਮਲਜੀਤ ਸਿੰਘ ਬਰਾੜ ਨੂੰ ਅੰਮ੍ਰਿਤਪਾਲ ਸਿੰਘ ਦਾ ਸਮਰਥਨ ਕਰਨ ਲਈ ਚਿਤਾਵਨੀ ਵੀ ਦਿੱਤੀ ਸੀ ਪਰ ਉਦੋਂ ਕਮਲਜੀਤ ਸਿੰਘ ਬਰਾੜ ਨੇ ਕਿਹਾ ਸੀ ਕਿ ਪਾਰਟੀ ਵੱਖਰੀ ਹੈ, ਪੰਥ ਵੱਖਰਾ। ਪਾਰਟੀ ਵੱਲੋਂ ਵਾਰ-ਵਾਰ ਚਿਤਾਵਨੀਆਂ ਦੇਣ ਦੇ ਬਾਵਜੂਦ ਕਮਲਜੀਤ ਸਿੰਘ ਬਰਾੜ ਨੇ ਸਿੱਖ ਆਗੂ ਅੰਮ੍ਰਿਤਪਾਲ ਸਿੰਘ ਦਾ ਸਮਰਥਨ ਕਰਨਾ ਬੰਦ ਨਹੀਂ ਕੀਤਾ ਤਾਂ ਉਨ੍ਹਾਂ ਨੂੰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦੋਸ਼ੀ ਠਹਿਰਾਉਂਦੇ ਹੋਏ ਤੁਰੰਤ ਪ੍ਰਭਾਵ ਨਾਲ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ।

ਹਾਲਾਂਕਿ ਪਾਰਟੀ ਇੰਚਾਰਜ ਹਰੀਸ਼ ਚੌਧਰੀ ਵੱਲੋਂ ਜਾਰੀ ਪੱਤਰ ਵਿੱਚ ਤਕਨੀਕੀ ਕਮੀਆਂ ਹਨ। ਕਮਲਜੀਤ ਸਿੰਘ ਨੂੰ ਪਾਰਟੀ ਦਾ ਸਾਬਕਾ ਜ਼ਿਲ੍ਹਾ ਪ੍ਰਧਾਨ ਦੱਸਿਆ ਗਿਆ ਹੈ, ਜਦਕਿ ਉਹ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਨਹੀਂ ਹਨ। ਵਿਧਾਨ ਸਭਾ ਚੋਣਾਂ ਦੌਰਾਨ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਪਾਰਟੀ ਦਾ ਕੋਈ ਜ਼ਿਲ੍ਹਾ ਪ੍ਰਧਾਨ ਨਹੀਂ ਸੀ, ਉਨ੍ਹਾਂ ਨੂੰ ਤਤਕਾਲੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਜ਼ਿਲ੍ਹਾ ਇੰਚਾਰਜ ਬਣਾਇਆ ਸੀ। ਕਮਲਜੀਤ ਸਿੰਘ ਬਰਾੜ ਨੂੰ ਜ਼ਿਲ੍ਹਾ ਇੰਚਾਰਜ ਵੀ ਨਿਯੁਕਤ ਕੀਤਾ ਗਿਆ ਸੀ।

ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਪੱਖ ਵਿੱਚ ਡਟਣ ਕਰਕੇ ਪਾਰਟੀ ਵਿੱਚੋਂ ਕੱਢਣ ਮਗਰੋਂ ਮੋਗਾ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੂੰ ਘੇਰਿਆ ਹੈ। ਕਮਲਜੀਤ ਬਰਾੜ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕਾਂਗਰਸ ਨੇ ਨਹੀਂ, ਸਗੋਂ ਰਾਜਾ ਵੜਿੰਗ ਨੇ ਪਾਰਟੀ ਵਿੱਚੋਂ ਕੱਢਿਆ ਹੈ।ਪਾਰਟੀ ਵਿੱਚੋਂ ਕੱਢੇ ਜਾਣ ਮਗਰੋਂ ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਹਲਕੇ ਵਿੱਚ ਕਾਂਗਰਸ ਜਿਊਂਦੀ ਰੱਖੀ ਤੇ ਕਾਨਫਰੰਸਾਂ ਵਿੱਚ ਸਭ ਤੋਂ ਵੱਧ ਇਕੱਠ ਜੁਟਾਇਆ। ਕਮਲਜੀਤ ਬਰਾੜ ਨੇ ਕਿਹਾ ਕਿ ਕਾਂਗਰਸ ਪਾਰਟੀ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਪਾਰਟੀ ਹੈ ਤੇ ਉਨ੍ਹਾਂ ਪਾਰਟੀ ਨੂੰ ਨਹੀਂ ਛੱਡਿਆ। ਉਨ੍ਹਾਂ ‘ਆਪ’ ਜਾਂ ਭਾਜਪਾ ਵਿੱਚ ਚਲੇ ਜਾਣ ਬਾਰੇ ਸੋਚਣ ਤੋਂ ਵੀ ਇਨਕਾਰ ਕਰ ਦਿੱਤਾ ਹੈ।

‘ਕਮਲਜੀਤ ਬਰਾੜ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਦਾ ਸਪੁੱਤਰ ਹੈ। ਉਸ ਨੇ ਦਲੀਲ ਦਿੱਤੀ ਸੀ ਕਿ ਜੇਕਰ ਕੋਈ ਨੌਜਵਾਨ ਪਾਰਟੀ ਵਿੱਚ ਰਹਿੰਦਾ ਹੋਇਆ ਸਿੱਖੀ ਦੀ ਗੱਲ ਕਰਦਾ ਜਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਚੰਗੇ ਵਿਚਾਰਾਂ ਨੂੰ ਪ੍ਰਚਾਰਦਾ ਹੈ ਤਾਂ ਇਸ ਵਿੱਚ ਗ਼ਲਤ ਕੀ ਹੈ।