ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮ ਖੁੱਲ੍ਹੀ ਚਿੱਠੀ

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮ ਖੁੱਲ੍ਹੀ ਚਿੱਠੀ

ਸਿੱਖ ਜੱਥਾ ਮਾਲਵਾ

ਗੁਰੂ ਪਿਆਰੇ ਖਾਲਸਾ ਜੀਉ, 
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। 

ਜਿਸ ਤਰ੍ਹਾਂ ਆਪ ਜੀ ਜਾਣੂ ਹੋਵੋਗੇ ਕਿ ਗੁਰਮਤਿ ਰਵਾਇਤ ਅਨੁਸਾਰ ਗੁਰੂ ਸਾਹਿਬਾਨ, ਗੁਰੂ ਸਾਹਿਬਾਨ ਦੇ ਮਾਤਾ-ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦੇ, ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੀਆਂ ਮੂਰਤਾਂ ਬਣਾਉਣੀਆਂ ਜਾਂ ਉਨ੍ਹਾਂ ਦੀਆਂ ਨਕਲਾਂ ਲਾਹੁਣ, ਸਵਾਂਗ ਰਚਣ ਅਤੇ ਗੁਰੂ ਬਿੰਬ ਦੀ ਪੇਸ਼ਕਾਰੀ/ਪਰਦੇਕਾਰੀ ਦੀ ਸਖਤ ਮਨਾਹੀ ਹੈ। ਇਸ ਦੇ ਬਾਵਜੂਦ ਲਗਾਤਾਰ ਅਜਿਹੀਆਂ ਗੈਰ ਸਿਧਾਂਤਕ ਫ਼ਿਲਮਾਂ ਬਣ ਰਹੀਆਂ ਹਨ। 

ਜਦੋਂ ਸਾਲ 2005 ਵਿਚ ਕਾਰਟੂਨ ਫਿਲਮ 'ਸਾਹਿਬਜ਼ਾਦੇ' ਆਈ ਸੀ ਉਦੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ 'ਚ ਇਹ ਗੱਲ ਲਿਆਂਦੀ ਗਈ ਸੀ ਕਿ ਇਸ ਸਿਧਾਂਤਕ ਕੁਰਾਹੇ ਨੂੰ ਰੋਕਿਆ ਜਾਵੇ। ਉਦੋਂ ਇਹ ਕਹਿ ਦਿੱਤਾ ਗਿਆ ਕਿ ਇਸ ਵਿਚ ਗੁਰੂ ਸਾਹਿਬ ਦਾ ਸਵਾਂਗ ਨਹੀਂ ਰਚਿਆ ਗਿਆ ਹਾਲਾਂਕਿ ਸਾਹਿਬਜ਼ਾਦਿਆਂ ਦਾ ਸਵਾਂਗ ਰਚਣਾ ਵੀ ਸਾਡੀ ਪਰੰਪਰਾ ਦੀ ਘੋਰ ਉਲੰਘਣਾ ਹੀ ਹੈ। ਫਿਰ ਮੂਲਾ ਖੱਤਰੀ ਨਾਮੀ ਕਾਰਟੂਨ ਫਿਲਮ ਆਈ ਤਾਂ ਉਸ ਵਿੱਚ ਗੁਰੂ ਨਾਨਕ ਸਾਹਿਬ ਦੀ (ਮਨਘੜਤ) ਤਸਵੀਰ ਬਣਾ ਕੇ ਉਸ ਪਿੱਛੇ ਘੁੰਮਦਾ ਹੋਇਆ ਦਿਵ-ਚੱਕਰ ਲਗਾਇਆ ਗਿਆ ਸੀ। ਉਦੋਂ ਇਹ ਕਹਿ ਦਿੱਤਾ ਗਿਆ ਕਿ ਇਸ ਫਿਲਮ ਵਿੱਚ ਗੁਰੂ ਸਾਹਿਬ ਦੀ ਤਸਵੀਰ ਕੋਈ ਹਿੱਲ-ਜੁੱਲ ਨਹੀਂ ਕਰ ਰਹੀ। ਜਦੋਂ ਚਾਰ ਸਾਹਿਬਜ਼ਾਦੇ ਫਿਲਮ ਬਣੀ ਜਿਸ ਵਿੱਚ ਪ੍ਰਤੱਖ ਰੂਪ ਵਿੱਚ ਗੁਰੂ ਸਾਹਿਬ ਦਾ ਵੀ ਸਵਾਂਗ ਕਾਰਟੂਨ-ਐਨੀਮੇਸ਼ਨ ਵਿਚ ਰਚਿਆ ਗਿਆ ਸੀ, ਉਸ ਦੇ ਬਾਰੇ ਇਹ ਕਹਿ ਕਿ ਸਿੱਖਾਂ ਨੂੰ ਭਰਮਾ ਲਿਆ ਗਿਆ ਕਿ ਜਿਹਨਾਂ ਕਲਾਕਾਰਾਂ ਨੇ ਸਾਹਿਬਜ਼ਾਦਿਆਂ ਦੇ ਕਾਰਟੂਨ ਕਿਰਦਾਰਾਂ ਨੂੰ ਆਵਾਜ਼ ਦਿੱਤੀ ਹੈ ਉਹਨਾਂ ਦੇ ਨਾਮ ਸਦਾ ਲਈ ਗੁਪਤ ਰੱਖੇ ਜਾਣਗੇ। ਫਿਰ ਨਾਨਕ ਸ਼ਾਹ ਫਕੀਰ ਫਿਲਮ ਆਈ, ਉਸ ਫਿਲਮ ਵਿਚ ਇਕ ਵਿਅਕਤੀ/ਐਕਟਰ ਵੱਲੋਂ ਗੁਰੂ ਨਾਨਕ ਸਾਹਿਬ ਦਾ ਸਵਾਂਗ ਰਚਿਆ ਗਿਆ। ਜਦੋਂ ਸਿੱਖਾਂ ਨੇ ਵਿਰੋਧ ਕਰਕੇ ਫਿਲਮ ਨਾ ਚੱਲਣ ਦਿੱਤੀ ਤਾਂ ਬਾਅਦ ਵਿੱਚ ਉਸ ਕਰੈਕਟਰ ਨੂੰ ‘ਬਰਨ ਆਊਟ’ ਕਰਕੇ ਉਸ ਦੀ ਥਾਂ ਰੋਸ਼ਨੀ ਵਿਖਾ ਦਿੱਤੀ ਤੇ ਇੰਝ ਸਿੱਖਾਂ ਨੂੰ ਫਿਰ ਭਰਨਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਫਿਲਮ ਵਿੱਚ ਬੇਬੇ ਨਾਨਕੀ ਜੀ ਅਤੇ ਭਾਈ ਮਰਦਾਨਾ ਜੀ ਸਮੇਤ ਗੁਰੂ ਸਾਹਿਬ ਦੇ ਨਿਕਟਵਰਤੀ ਗੁਰਸਿੱਖਾਂ ਦੇ ਸਵਾਂਗ ਮਨੁੱਖਾਂ ਵੱਲੋਂ ਹੀ ਰਚੇ ਗਏ ਸਨ। ਉਸ ਤੋਂ ਬਾਅਦ ਕਈ ਫ਼ਿਲਮਾਂ ਆਈਆਂ ਜਿਹਨਾਂ ਨੂੰ ਸਿੱਖਾਂ ਨੇ ਵਿਰੋਧ ਕਰਕੇ ਰੋਕ ਲਿਆ, ਜਿਹਨਾਂ ਵਿਚ ਭਾਈ ਤਾਰੂ ਸਿੰਘ, ਦਾਸਤਾਨ-ਏ-ਮੀਰੀ ਪੀਰੀ, ਮਦਰਹੁੱਡ ਵਰਗੀਆਂ ਫਿਲਮਾਂ ਸ਼ਾਮਲ ਸਨ। 

ਹੁਣ 'ਦਾਸਤਾਨ-ਏ-ਸਰਹਿੰਦ' ਨਾਮੀ ਫਿਲਮ ਇਸ ਸਿਧਾਂਤਕ ਕੁਰਾਹੇ ਦਾ ਅਗਲਾ ਪੜਾਅ ਲੈ ਕੇ ਆਈ ਹੈ ਜਿਸ ਵਿੱਚ ਇਹ ਗੱਲ ਵੀ ਸਾਹਮਣੇ ਆ ਗਈ ਹੈ ਕਿ ਫਿਲਮ ਵਿੱਚ ਮਾਸੂਮ ਬਾਲ ਅਦਾਕਾਰਾਂ ਕੋਲੋਂ ਸਾਹਿਬਜ਼ਾਦਿਆਂ ਦੀਆਂ ਨਕਲਾਂ ਲਾਹੁਣ ਦਾ ਬੱਜਰ ਗੁਨਾਹ ਕਰਵਾਇਆ ਗਿਆ ਹੈ। ਬਾਲ ਕਲਾਕਾਰ ਪਲਕਨੂਰ ਦਾ ਪਿਤਾ ਏ.ਕੇ. ਸਿੰਘ ਮਘਾਣੀਆਂ ਫੇਸਬੁੱਕ ਉੱਤੇ ਸ਼ਰੇਆਮ ਇਹ ਗੱਲ ਕਹਿ ਰਿਹਾ ਹੈ ਕਿ ਇਸ ਫਿਲਮ ਵਿਚ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਦੀ ਭੂਮਿਕਾ ਉਸ ਦੇ ਪੁੱਤਰ ਨੇ ਨਿਭਾਈ ਹੈ। 

ਤਸਵੀਰਾਂ ਤੋਂ ਸ਼ੁਰੂ ਹੋਇਆ ਇਹ ਸਫਰ ਵੇਲੇ ਸਿਰ ਨਾ ਰੋਕਣ ਕਰਕੇ ਅੱਜ ਇਥੇ ਤੱਕ ਅੱਪੜ ਗਿਆ ਹੈ ਅਤੇ ਅੱਗੇ ਕਿੱਥੇ ਤੱਕ ਜਾਵੇਗਾ, ਇਹ ਸੋਚ ਕੇ ਡਰ ਆਉਂਦਾ ਹੈ। 

ਗਿਆਨੀ ਹਰਪ੍ਰੀਤ ਸਿੰਘ ਜੀ, ਆਪ ਜੀ ਨੂੰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰਜਕਾਰੀ ਜਥੇਦਾਰ ਲਾਇਆ ਸੀ ਤਾਂ ਆਪ ਜੀ ਨੇ ਕਈ ਵਾਰ ਇਹ ਗੱਲ ਕਹੀ ਸੀ ਕਿ ਸੰਗਤ ਸਾਥ ਦੇਵੇ ਤਾਂ ਅਕਾਲ ਤਖਤ ਸਾਹਿਬ ਤੋਂ ਮੁੜ ਅਕਾਲੀ ਫੂਲਾ ਸਿੰਘ ਜਿਹੀ ਭੂਮਿਕਾ ਪਰਗਟ ਹੋ ਸਕਦੀ ਹੈ। ਦੇਸ-ਵਿਦੇਸ਼ ਤੋਂ ਸਿੱਖ ਬੀਤੇ ਕਈ ਦਿਨਾਂ ਤੋੰ ਆਪ ਜੀ ਨੂੰ ਨਿੱਜੀ ਅਤੇ ਜਨਤਕ ਤੌਰ ਉੱਤੇ ਦਸਮ ਪਾਤਿਸ਼ਾਹ ਜੀ ਦੇ ਸਾਹਿਬਜਾਦਿਆਂ ਅਤੇ ਮਾਤਾ ਜੀ ਦਾ ਸਵਾਂਗ ਰਚਦੀ ਫਿਲਮ 'ਦਾਸਤਾਨ-ਏ-ਸਰਹੰਦ' ਬੰਦ ਕਰਵਾਉਣ ਅਤੇ ਅਜਿਹੇ ਸਵਾਂਗਾਂ ਦੀ ਪੱਕੀ ਮਨਾਹੀ ਕਰਨ ਲਈ ਕਹਿ ਰਹੀ ਹੈ ਪਰ ਆਪ ਇਸ ਮਾਮਲੇ ਉੱਤੇ ਬਿਲਕੁਲ ਚੁੱਪ ਹੋ। 

ਸੰਗਤ ਇਸ ਸਿਧਾਂਤਕ ਕੁਰਾਹੇ ਸਬੰਧੀ ਆਪਣਾ ਬਣਦਾ ਫਰਜ ਨਿਭਾਅ ਰਹੀ ਹੈ, ਪਿੰਡਾਂ ਵਿੱਚੋਂ ਮਤੇ ਪਾਏ ਜਾ ਰਹੇ ਹਨ, ਸੰਕੇਤਕ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਥਾਵਾਂ-ਥਾਵਾਂ ’ਤੇ ਸਿਨੇਮਾ ਘਰਾਂ ਵਾਲਿਆਂ ਨੂੰ ਫਿਲਮ ਨਾ ਚਲਾਉਣ ਲਈ ਕਿਹਾ ਜਾ ਰਿਹਾ ਹੈ। ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰਫ ਇੰਨਾਂ ਬਿਆਨ ਹੀ ਆਇਆ ਹੈ ਕਿ ਅਸੀਂ ਇਸ ਫਿਲਮ ਨੂੰ ਕੋਈ ਪ੍ਰਵਾਨਗੀ ਨਹੀਂ ਦਿੱਤੀ ਪਰ ਉਸ ਤੋਂ ਬਾਅਦ ਇਸ ਫਿਲਮ ਨੂੰ ਰੁਕਵਾਉਣ ਲਈ ਕੋਈ ਵੀ ਚਾਰਾਜੋਈ ਜਨਤਕ ਨਹੀਂ ਕੀਤੀ ਗਈ ਅਤੇ ਨਾ ਹੀ ਅਜੇ ਤੱਕ ਕੋਈ ਬਿਆਨ ਹੀ ਆਇਆ ਹੈ। 

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ, ਆਪ ਜੀ ਵੀ ਲੰਘੇ ਹਫਤੇ ਤੋਂ ਸੰਪਰਕ ਕਰ ਰਹੇ ਪੰਥ ਦਰਦੀਆਂ ਨੂੰ ਲਾਰਾ ਲਾ ਰਹੇ ਹੋ ਕਿ ਅਸੀਂ 'ਦੋ ਦਿਨਾਂ ਵਿਚ' ਧਰਮ ਪਰਚਾਰ ਕਮੇਟੀ ਦਾ ਮਤਾ ਜਾਰੀ ਕਰ ਰਹੇ ਹਾਂ ਜਿਸ ਰਾਹੀਂ ਇਸ ਫਿਲਮ ਅਤੇ ਅਜਿਹੇ ਸਵਾਂਗਾਂ ਦੀ ਪੂਰਨ ਮਨਾਹੀ ਕੀਤੀ ਜਾਵੇਗੀ। ਪਰ ਆਪ ਜੀ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ। ਹਰ ਵਾਰ ਠੋਸ ਫੈਸਲਾ ਨਾ ਲਏ ਜਾਣ ਕਰਕੇ ਇਸਦੀ ਗੰਭੀਰਤਾ ਵੱਧਦੀ ਜਾ ਰਹੀ ਹੈ।  
 
ਸੰਗਤ ਚਾਹੁੰਦੀ ਹੈ ਕਿ ਇਸ ਫਿਲਮ ’ਤੇ ਤੁਰੰਤ ਰੋਕ ਲਾਈ ਜਾਵੇ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਸਿਧਾਂਤਕ ਕੁਰਾਹੇ ਨੂੰ ਪੱਕੀ ਠੱਲ੍ਹ ਪਾਉਣ ਲਈ ਅਗਾਂਹ ਤੋਂ ਅਜਿਹੀਆਂ ਫਿਲਮਾਂ ਬਣਾਉਣ 'ਤੇ ਮੁਕੰਮਲ ਪਾਬੰਦੀ ਲਈ ਹੁਕਮਨਾਮਾ ਜਾਰੀ ਕੀਤਾ ਜਾਵੇ। 
ਅਹੁਦੇ ਉੱਤੇ ਕੋਈ ਸਦੀਵ ਨਹੀਂ ਰਹਿੰਦਾ ਪਰ ਅਹੁਦੇ ਉੱਤੇ ਬੈਠ ਕੇ ਕੀਤੇ ਅਤੇ ਨਾ-ਕੀਤੇ ਕੰਮ ਸਦਾ ਲਈ ਇਤਿਹਾਸ ਵਿਚ ਦਰਜ ਹੋ ਜਾਂਦੇ ਹਨ। ਆਪ ਜੀ ਆਪਣੀ ਜਿੰਮੇਵਾਰੀ ਨਿਭਾਉਣ ਤੋਂ ਟਾਲਾ ਵੱਟਦੇ ਨਜ਼ਰ ਆ ਰਹੇ ਹੋ ਪਰ ਸੰਗਤ ਇਸ ਮਾਮਲੇ ਵਿਚ ਦ੍ਰਿੜ ਹੈ ਕਿ ਇਹ ਵਿਵਾਦਤ ਫਿਲਮ ਹਰ ਹਾਲ ਰੋਕੀ ਜਾਵੇਗੀ। ਜੇਕਰ ਇਸ ਮਸਲੇ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਇਹ ਇਤਿਹਾਸ ਦਾ ਸਭ ਤੋਂ ਭਿਆਨਕ ਸਮਾਂ ਸਿੱਧ ਹੋਵੇਗਾ ਜਿਸ ਦੌਰਾਨ ਇਹਨਾਂ ਸੰਸਥਾਵਾਂ ਵੱਲੋਂ ਵੱਟੀ ਚੁੱਪ ਦੇ ਘਾਤਕ ਨਤੀਜੇ ਸਾਡੀਆਂ ਆਉਂਦੀਆਂ ਪੀੜੀਆਂ ਭੁਗਤਣਗੀਆਂ। ਤੁਹਾਡੀ ਚੁੱਪ ਅਤੇ ਤੁਹਾਡੇ ਬੋਲ ਦੋਵੇਂ ਇਤਿਹਾਸ ਵਿੱਚ ਦਰਜ ਹੋਣੇ ਹਨ, ਤੁਹਾਡੀ ਭੂਮਿਕਾ ਨੂੰ ਇਤਿਹਾਸ ਯਾਦ ਰੱਖੇਗਾ। ਆਸ ਹੈ ਕਿ ਆਪ ਜੀ ਸੰਗਤ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰਦੇ ਹੋਏ ਬਿਨਾਂ ਦੇਰੀ ਕੀਤੇ ਫੈਸਲਾ ਲਵੋਗੇ।  

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

ਸਿੱਖ ਜਥਾ ਮਾਲਵਾ
ਵਿਚਾਰ ਸਭਾ ਲੱਖੀ ਜੰਗਲ ਖਾਲਸਾ
ਗੋਸ਼ਟਿ ਸਭਾ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਪੰਥ ਸੇਵਕ ਜਥਾ ਮਾਝਾ
ਮਾਨਵਤਾ ਦੀ ਸੇਵਾ ਸੰਸਥਾ, ਢੰਡੋਲੀ ਖੁਰਦ (ਸੰਗਰੂਰ)
ਦਰਬਾਰ-ਏ-ਖਾਲਸਾ
ਪੰਥ ਸੇਵਕ ਜਥਾ ਦੋਆਬਾ
ਗੁਰਦੁਆਰਾ ਸਾਹਿਬ ਗੁਰਦਰਸ਼ਨ ਪ੍ਰਕਾਸ਼ (ਜਗਾ ਰਾਮ ਤੀਰਥ, ਤਲਵੰਡੀ ਸਾਬੋ, ਬਠਿੰਡਾ)
ਗੁਰਦੁਆਰਾ ਸਾਹਿਬ ਸ੍ਰੀ ਨਾਨਕਨਾਮ ਚੜ੍ਹਦੀ ਕਲਾ (ਬੇਨੜਾ, ਸੰਗਰੂਰ)
ਗੁਰਦੁਆਰਾ ਸਾਹਿਬ ਗੁਰੂ ਤੇਗ ਬਹਾਦਰ ਨਗਰ (ਧੂਰੀ, ਸੰਗਰੂਰ)
ਗੁਰਦੁਆਰਾ ਪ੍ਰਕਾਸ਼ ਸਾਹਿਬ (ਮਾਨਬੀਬੜੀਆਂ, ਮਾਨਸਾ)
ਗੁਰਦੁਆਰਾ ਸਾਹਿਬ ਪਿੰਡ ਭੰਮੇ ਕਲਾਂ (ਮਾਨਸਾ)
ਗੁਰਦੁਆਰਾ ਬਾੜੀ ਸਾਹਿਬ (ਕੋਟ ਧਰਮੂ, ਮਾਨਸਾ)
ਜੰਡਸਰ ਗੱਤਕਾ ਅਖਾੜਾ, ਖਡਿਆਲ (ਸੰਗਰੂਰ)
ਗੁਰਦੁਆਰਾ ਸਾਹਿਬ ਪਿੰਡ ਮਹਿਲਾਂ ਚੌਂਕ (ਸੰਗਰੂਰ)
ਗੁਰਦੁਆਰਾ ਸ੍ਰੀ ਲੰਗਰ ਸਾਹਿਬ, ਭੱਟੀਵਾਲ ਕਲਾਂ (ਸੰਗਰੂਰ)
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੰਗਰੂਰ
ਗੁਰਦੁਆਰਾ ਸਾਹਿਬ ਜੰਡਸਰ (ਸੰਗਰੂਰ)
ਗੁਰਦੁਆਰਾ ਸਾਹਿਬ ਪਿੰਡ ਸੂਲਰ (ਸੰਗਰੂਰ)
ਗੁਰਦੁਆਰਾ ਪ੍ਰਮੇਸਰ ਸਾਹਿਬ ਪਿੰਡ ਦੁੱਗਾਂ (ਸੰਗਰੂਰ)
ਗੁਰਦੁਆਰਾ ਸਾਹਿਬ ਪਿੰਡ ਬੀਰ ਕਲਾਂ (ਸੰਗਰੂਰ)
ਗੁਰਦੁਆਰਾ ਸਾਹਿਬ ਪਿੰਡ ਹੀਰੋੰ ਕਲਾਂ (ਮਾਨਸਾ)
ਗੁਰਦੁਆਰਾ ਗੁਰੂ ਨਾਨਕ ਦਰਬਾਰ ਮਟੀਲੀ (ਬਾਘਾਪੁਰਾਣਾ)
ਸਿੱਖ ਸਿਆਸਤ
ਮਿਸਲ ਸਤਲੁਜ
ਪਰਮਜੀਤ ਸਿੰਘ ਮੰਡ (ਦਲ ਖ਼ਾਲਸਾ)
ਗੁਰਨਾਮ ਸਿੰਘ ਮੂਨਕਾਂ (ਸਿੱਖ ਯੂਥ ਆਫ਼ ਪੰਜਾਬ)