ਪੰਜਾਬ ਪੁਲਿਸ ਖ਼ਿਲਾਫ਼ ਹੁਣ ਰਾਜਸਥਾਨ ’ਚ ਅਗਵਾ ਦਾ ਕੇਸ

 ਪੰਜਾਬ ਪੁਲਿਸ ਖ਼ਿਲਾਫ਼ ਹੁਣ ਰਾਜਸਥਾਨ ’ਚ ਅਗਵਾ ਦਾ ਕੇਸ

 ਡੀਐੱਸਪੀ ਤੇ ਇੰਸਪੈਕਟਰ ਸਮੇਤ 15 ਮੁਲਾਜ਼ਮ ਨਾਮਜ਼ਦ

ਅੰਮ੍ਰਿਤਸਰ ਟਾਈਮਜ਼

ਹੁਸ਼ਿਆਰਪੁਰ : ਦਿੱਲੀ ਤੋਂ ਬਾਅਦ ਪੰਜਾਬ ਪੁਲਿਸ ਖ਼ਿਲਾਫ਼ ਹੁਣ ਰਾਜਸਥਾਨ ਵਿਚ ਵੀ ਅਗਵਾ ਦਾ ਕੇਸ ਦਰਜ ਹੋਇਆ ਹੈ। ਰਾਜਸਥਾਨ ਪੁਲਿਸ ਨੇ ਪੰਜਾਬ ਪੁਲਿਸ ਦੇ ਇਕ ਡੀਐੱਸਪੀ ਤੇ ਇੰਸਪੈਕਟਰ ਸਮੇਤ 15 ਮੁਲਾਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਹ ਕੇਸ ਰਾਜਸਥਾਨ ਹਾਈ ਕੋਰਟ ਦੇ ਆਦੇਸ਼ ਤੇ ਦਰਜ ਕੀਤਾ ਗਿਆ ਹੈ।ਅਸਲ ਵਿਚ, ਪੰਜਾਬ ਪੁਲਿਸ ਨੇ ਮਾਰਚ, 2022 ’ਚ ਰਾਜਸਥਾਨ ਦੇ ਥਾਣਾ ਟੇਰਾ ਦੇ ਪਿੰਡ ਸਲਾਵਰਪੁਰ ਦੇ ਰਹਿਣ ਵਾਲੇ ਹਰਨੂਰ ਸਿੰਘ ਨੂੰ 10 ਕਿੱਲੋ ਅਫੀਮ ਨਾਲ ਗਿ੍ਰਫ਼ਤਾਰ ਕਰਨ ਦਾ ਦਾਅਵਾ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉਸ ਦੇ ਪਰਿਵਾਰ ਨੇ ਹਾਈ ਕੋਰਟ ਚ ਪਟੀਸ਼ਨ ਦਾਇਰ ਕਰ ਕੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਹਰਨੂਰ ਨੂੰ ਘਰੋਂ ਚੁੱਕ ਕੇ ਲੈ ਗਈ ਹੈ ਤੇ ਪੰਜਾਬ ਚ ਇਕ ਨਾਕੇ ਤੋਂ ਉਨ੍ਹਾਂ ਦੀ ਗਿ੍ਰਫ਼ਤਾਰੀ ਦਿਖਾ ਕੇ ਅਫੀਮ ਤਸਕਰੀ ਦੇ ਦੋਸ਼ ਚ ਨਾਮਜ਼ਦ ਕਰ ਦਿੱਤਾ ਹੈ। ਹਰਨੂਰ ਦੇ ਪਰਿਵਾਰ ਨੇ ਹਾਈ ਕੋਰਟ ਚ ਉਸ ਨੂੰ ਘਰੋਂ ਲਿਜਾਂਦੇ ਸਮੇਂ ਦੇ ਸੀਸੀਟੀਵੀ ਫੁਟੇਜ ਵੀ ਦਿਖਾਏ। ਕੋਰਟ ਨੇ ਇਸ ਮਾਮਲੇ ਦਾ ਨੋਟਿਸ ਲੈਂਦੇ ਹੋਏ ਰਾਜਸਥਾਨ ਪੁਲਿਸ ਨੂੰ 15 ਪੁਲਿਸ ਮੁਲਾਜ਼ਮਾਂ ਤੇ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਸਨ।

ਰਾਜਸਥਾਨ ਪੁਲਿਸ ਨੇ ਛੇ ਮਈ ਨੂੰ ਪੰਜਾਬ ਪੁਲਿਸ ਦੇ ਡੀਐੱਸਪੀ ਪ੍ਰੇਮ ਸਿੰਘ, ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਲਖਬੀਰ ਸਿੰਘ ਦੇ ਇਲਾਵਾ ਲਾਲ ਸਿੰਘ, ਗੁਰਨਾਮ ਸਿੰਘ, ਮਹੇਸ਼ ਸ਼ੰਕਰ, ਆਰਤੀ, ਬੂਟਾ ਸਿੰਘ, ਸੁਖਦੇਵ ਸਿੰਘ, ਸੁਮਿਤ ਕੁਮਾਰ, ਗੁਰਪ੍ਰੀਤ, ਤ੍ਰਿਲੋਕ ਸਿੰਘ, ਰਮਨ ਕੁਮਾਰ, ਜਸਪ੍ਰੀਤ ਸਿੰਘ ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਅਗਵਾ ਸਮੇਤ ਕਈ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਇਹ ਹੈ ਮਾਮਲਾ

ਪੰਜਾਬ ਪੁਲਿਸ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਪਿੰਡ ਚੱਕ ਸਾਧੂ ਵਿਚ ਲਾਏ ਗਏ ਨਾਕੇ ਦੌਰਾਨ ਰਾਜਸਥਾਨ ਦੇ ਥਾਣਾ ਟੇਰਾ ਦੇ ਪਿੰਡ ਸਲਾਵਪੁਰ ਦੇ ਹਰਨੂਰ ਸਿੰਘ ਨੂੰ 10 ਕਿੱਲੋ ਅਫੀਮ ਨਾਲ ਗਿ੍ਰਫ਼ਤਾਰ ਕੀਤਾ ਹੈ। ਉਸ ਖ਼ਿਲਾਫ਼ ਨੌ ਮਾਰਚ, 2022 ਨੂੰ ਹੁਸ਼ਿਆਰਪੁਰ ਸਦਰ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਸੀ ਕਿ ਉਹ ਪੰਜਾਬ ਤੇ ਹਿਮਾਚਲ ਪ੍ਰਦੇਸ਼ ਚ ਅਫੀਮ ਸਪਲਾਈ ਕਰਦਾ ਹੈ। ਉਧਰ ਇਸ ਦੇ ਉਲਟ ਹਰਨੂਰ ਦੇ ਪਰਿਵਾਰ ਨੇ ਰਾਜਸਥਾਨ ਹਾਈ ਕੋਰਟ ਚ ਪਟੀਸ਼ਨ ਦਾਇਰ ਕਰ ਕੇ ਪੰਜਾਬ ਪੁਲਿਸ ਦੇ ਦਾਅਵੇ ਨੂੰ ਝੂਠਾ ਦੱਸਿਆ ਸੀ। ਪਰਿਵਾਰ ਦਾ ਕਹਿਣਾ ਸੀ ਕਿ ਹਰਨੂਰ ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ, ਉਸ ਨੂੰ ਕਿਸੇ ਨਾਕੇ ਤੋਂ ਨਹੀਂ ਫੜਿਆ ਗਿਆ ਬਲਕਿ ਪੁਲਿਸ ਉਸ ਨੂੰ ਘਰੋਂ ਚੁੱਕ ਕੇ ਲੈ ਗਈ ਸੀ। ਕੋਰਟ ਨੇ ਸੁਣਵਾਈ ਪਿੱਛੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਖਿਲਾਫ਼ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਸਨ।