ਆਪ’ ਵਿਧਾਇਕ ਗੱਜਣਮਾਜਰਾ ਦੇ ਟਿਕਾਣਿਆਂ ’ਤੇ ਸੀਬੀਆਈ ਦਾ ਛਾਪਾ

ਆਪ’ ਵਿਧਾਇਕ ਗੱਜਣਮਾਜਰਾ ਦੇ ਟਿਕਾਣਿਆਂ ’ਤੇ ਸੀਬੀਆਈ ਦਾ ਛਾਪਾ

ਮਾਮਲਾ 40 ਕਰੋੜ ਰੁਪਏ ਤੋਂ ਵੱਧ ਦੇ ਕਥਿਤ ਬੈਂਕ ਧੋਖਾਧੜੀ ਦਾ

 ਅੰਮ੍ਰਿਤਸਰ ਟਾਈਮਜ਼

ਦਿੱਲੀ:ਸੀਬੀਆਈ ਨੇ ਬੀਤੇ ਦਿਨੀਂ 40 ਕਰੋੜ ਰੁਪਏ ਤੋਂ ਵੱਧ ਦੇ ਕਥਿਤ ਬੈਂਕ ਧੋਖਾਧੜੀ ਦੇ ਮਾਮਲੇ ਨਾਲ ਸਬੰਧਤ ਕੇਸ ਵਿੱਚ ਹਲਕਾ ਅਮਰਗੜ੍ਹ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੇ ਸੰਗਰੂਰ ਵਿਚਲੇ ਤਿੰਨ ਟਿਕਾਣਿਆਂ ਤੇ ਛਾਪੇ ਮਾਰੇ ਹਨ।ਸੂਤਰਾਂ ਨੇ ਦਾਅਵਾ ਕੀਤਾ ਕਿ ਬੈਂਕ ਆਫ ਇੰਡੀਆ ਨਾਲ 40.92 ਕਰੋੜ ਰੁਪਏ ਦੇ ਕਥਿਤ ਕਰਜ਼ੇ ਨਾਲ ਸਬੰਧਤ ਧੋਖਾਧੜੀ ਦੇ ਮਾਮਲੇ ਚ ਐੱਫਆਈਆਰ ਦਰਜ ਹੋਣ ਮਗਰੋਂ ਸੀਬੀਆਈ ਨੇ ਇਹ ਕਾਰਵਾਈ ਕੀਤੀ ਹੈ। ਇਸ ਕਾਰਵਾਈ ਦੌਰਾਨ ਏਜੰਸੀ ਨੂੰ ਵੱਖ ਵੱਖ ਵਿਅਕਤੀਆਂ ਦੇ ਦਸਤਖ਼ਤਾਂ ਵਾਲੇ 94 ਖਾਲੀ ਚੈੱਕ ਚੈੱਕ ਅਤੇ ਆਧਾਰ ਕਾਰਡ ਪ੍ਰਾਪਤ ਹੋਏ ਦੱਸੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸੀਬੀਆਈ ਨੇ ਤਾਰਾ ਗਰੁੱਪ ਆਫ਼ ਕੰਪਨੀਜ਼ ਦੇ ਬੈਂਕ ਆਫ ਇੰਡੀਆ ਨਾਲ ਕਰੋੜਾਂ ਰੁਪਏ ਦੀ ਦੇਣਦਾਰੀ ਦੇ ਵਨਟਾਈਮ ਸੈਟਲਮੈਂਟ ਕੇਸ ਨਾਲ ਸਬੰਧਤ ਮਾਮਲੇ ਵਿਚ ਗੱਜਣਮਾਜਰਾ ਪਰਿਵਾਰ ਦੀ ਅਜੀਤਵਾਲ ਸਥਿਤ ਫੀਡ ਫੈਕਟਰੀ ਅਤੇ ਤਾਰਾ ਰੀਅਲ ਅਸਟੇਟ ਗੌਂਸਪੁਰ ਦੁੱਲਮਾ ਵਿਚ ਜਾਂਚ ਪੜਤਾਲ ਕੀਤੀ। ਜਾਂਚ ਟੀਮ ਨੇ ਇਸ ਸਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਟੀਮ ਵੱਲੋਂ ਲੰਬਾ ਸਮਾਂ ਅਜੀਤਵਾਲ ਫੈਕਟਰੀ, ਘਰ ਅਤੇ ਤਾਰਾ ਅਸਟੇਟ ਕਲੋਨੀ ਚ ਰਿਕਾਰਡ ਦੀ ਜਾਂਚ ਕੀਤੀ ਗਈ। ਸੀਬੀਆਈ ਦੇ ਬੁਲਾਰੇ ਆਰਸੀ ਜੋਸ਼ੀ ਨੇ ਦੱਸਿਆ, ‘ਛਾਪਿਆਂ ਦੀ ਕਾਰਵਾਈ ਦੌਰਾਨ 16.57 ਲੱਖ ਰੁਪਏ ਦੇ ਕਰੀਬ ਨਕਦੀ, 88 ਵਿਦੇਸ਼ੀ ਨੋਟ, ਜਾਇਦਾਦ ਦੇ ਕੁਝ ਦਸਤਾਵੇਜ਼, ਕਈ ਬੈਂਕ ਖਾਤੇ ਤੇ ਹੋਰ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਹੋਏ।ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਲੁਧਿਆਣਾ ਸਥਿਤ ਬੈਂਕ ਆਫ ਇੰਡੀਆ ਦੀ ਸ਼ਿਕਾਇਤ ਤੇ ਤਾਰਾ ਕਾਰਪੋਰੇਸ਼ਨ ਲਿਮਟਿਡ (ਜਿਸ ਦਾ ਨਾਂ ਬਦਲ ਕੇ ਮਲੌਦ ਐਗਰੋ ਲਿਮਟਡ ਰੱਖਿਆ ਗਿਆ), ਗੌਂਸਪੁਰਾ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਇਸ ਕੰਪਨੀ ਦੇ ਡਾਇਰੈਕਟਰ ਦੇ ਗਾਰੰਟਰ ਸਨ। ਉਨ੍ਹਾਂ ਕਿਹਾ ਕਿ ਵਿਧਾਇਕ ਦੇ ਭਰਾਵਾਂ ਬਲਵੰਤ ਸਿੰਘ ਤੇ ਕੁਲਵੰਤ ਸਿੰਘ ਅਤੇ ਉਨ੍ਹਾਂ ਦੇ ਭਜੀਤੇ ਤੇਜਿੰਦਰ ਸਿੰਘ (ਸਾਰੇ ਡਾਇਰੈਕਟਰ ਤੇ ਗਾਰੰਟਰ) ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕੇਸ ਚ ਇੱਕ ਹੋਰ ਕੰਪਨੀ ਤਾਰਾ ਹੈਲਥ ਫੂਡਜ਼ ਲਿਮਟਡ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਕੇਸ ਨਾਲ ਕੋਈ ਸਬੰਧ ਨਹੀਂ: ਗੱਜਣਮਾਜਰਾ

ਆਪਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਆਖਿਆ ਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਤਾਰਾ ਗਰੁੱਪ ਆਫ਼ ਕੰਪਨੀਜ਼ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ। ਉਨ੍ਹਾਂ ਸਿਰਫ ਇੰਨਾ ਹੀ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਸਿਆਸੀ ਰੰਜਿਸ਼ ਤਹਿਤ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਫਸਾਇਆ ਜਾ ਰਿਹਾ ਹੈ