ਪੰਜਾਬ ਮੁੱਖ ਮੰਤਰੀ ਨੂੰ ਇਹ ਵੀਂ ਨਹੀਂ ਪਤਾ ਕਿ ਅਫਗਾਨੀਸਤਾਨ ਨੂੰ ਸਿਰਫ ਲਾਹੌਰ ਖ਼ਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ ਹੀ ਫ਼ਤਹਿ ਕੀਤਾ ਸੀ, ਹੋਰ ਕੋਈ ਨਹੀ ਸੀ ਕਰ ਸਕਿਆ : ਮਾਨ

ਪੰਜਾਬ ਮੁੱਖ ਮੰਤਰੀ ਨੂੰ ਇਹ ਵੀਂ ਨਹੀਂ ਪਤਾ ਕਿ ਅਫਗਾਨੀਸਤਾਨ ਨੂੰ ਸਿਰਫ ਲਾਹੌਰ ਖ਼ਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ ਹੀ ਫ਼ਤਹਿ ਕੀਤਾ ਸੀ, ਹੋਰ ਕੋਈ ਨਹੀ ਸੀ ਕਰ ਸਕਿਆ : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 26 ਮਾਰਚ (ਮਨਪ੍ਰੀਤ ਸਿੰਘ ਖਾਲਸਾ):- “ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਅਫ਼ਗਾਨੀਸਤਾਨ ਸੰਬੰਧੀ ਦਿੱਤੀ ਬਿਆਨਬਾਜੀ ਦਾ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਸ. ਭਗਵੰਤ ਮਾਨ ਨੂੰ ਇਹ ਨਹੀ ਪਤਾ ਕਿ ਅਫਗਾਨੀਸਤਾਨ ਦੇ ਕਸ਼ਮੀਰ ਸੂਬੇ ਨੂੰ 1819 ਵਿਚ ਮਹਾਰਾਜਾ ਰਣਜੀਤ ਸਿੰਘ ਦੀਆਂ ਖ਼ਾਲਸਾ ਫ਼ੌਜਾਂ ਨੇ ਫ਼ਤਹਿ ਕਰਕੇ ਆਪਣੇ ਰਾਜ ਭਾਗ ਵਿਚ ਸ਼ਾਮਿਲ ਕੀਤਾ ਸੀ । ਇਸੇ ਤਰ੍ਹਾਂ ਲਦਾਖ ਨੂੰ 1834 ਵਿਚ ਲਾਹੌਰ ਖ਼ਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ ਫ਼ਤਹਿ ਕੀਤਾ ਸੀ । ਇਸ ਤੋਂ ਇਲਾਵਾ ਨਾ ਬਰਤਾਨੀਆ, ਨਾ ਰੂਸ, ਨਾ ਅਮਰੀਕਾ, ਅਤੇ ਨਾ ਹੀ ਕੋਈ ਹੋਰ ਮੁਲਕ ਦੀ ਫ਼ੌਜੀ ਤਾਕਤ ਅੱਜ ਤੱਕ ਅਫਗਾਨੀਸਤਾਨ ਉਤੇ ਫਤਹਿ ਨਹੀ ਪ੍ਰਾਪਤ ਕਰ ਸਕੀ । ਜਿਸ ਕਸ਼ਮੀਰ ਅਤੇ ਲਦਾਖ ਨੂੰ ਅਸੀ ਆਪਣੇ ਰਾਜ ਭਾਗ ਦਾ ਹਿੱਸਾ ਬਣਾਇਆ ਸੀ, ਉਹ ਅੱਧਾ ਕਸ਼ਮੀਰ ਅੱਜ ਪਾਕਿਸਤਾਨ ਦੇ ਕਬਜੇ ਵਿਚ ਹੈ । ਸਾਡੇ ਲਦਾਖ ਜਿੱਤੇ ਇਲਾਕੇ ਦਾ 39000 ਸਕੇਅਰ ਵਰਗ ਕਿਲੋਮੀਟਰ 1962 ਵਿਚ ਚੀਨ ਨੇ ਇਨ੍ਹਾਂ ਤੋ ਖੋਹ ਲਿਆ । 2020 ਅਤੇ 2022 ਵਿਚ 2000 ਸਕੇਅਰ ਵਰਗ ਕਿਲੋਮੀਟਰ ਇਲਾਕਾ ਚੀਨ ਵੱਲੋਂ ਕਬਜਾ ਕਰ ਲਿਆ ਗਿਆ । ਇਹ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਅਫਗਾਨੀਸਤਾਨ ਦੇ ਬਾਦਸ਼ਾਹ ਸ਼ਾਹ ਸੂਜਾ ਦੁਰਾਨੀ ਤੋਂ ਕੋਹੇਨੂਰ ਹੀਰਾ ਪ੍ਰਾਪਤ ਕੀਤਾ ਸੀ ਜਿਸਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਲਾਹੌਰ ਖ਼ਾਲਸਾ ਰਾਜ ਦਰਬਾਰ ਦੇ ਸਮੇ ਪਨਾਹ ਵੀ ਦਿੱਤੀ ਸੀ । ਇਹ ਮੋਦੀ-ਸ਼ਾਹ ਅਤੇ ਭਗਵੰਤ ਮਾਨ ਫੋਕੇ ਦਗਮਜੇ ਮਾਰਨ ਵਾਲੇ ਅਜੇ ਤੱਕ ਸਾਡੇ ਖ਼ਾਲਸਾ ਰਾਜ ਦੇ ਇਹ ਇਲਾਕੇ ਵਾਪਸ ਨਹੀ ਲੈ ਸਕੇ । ਸਾਨੂੰ ਉਪਰੋਕਤ ਜੰਗਜੂ ਇਲਾਕੇ ਫਤਹਿ ਕਰਨ ਵਾਲਿਆ ਨੂੰ ਇਹ ਅੱਜ ਗਿੱਦੜ ਭਬਕੀਆ ਰਾਹੀ ਡਰਾਵੇ ਦੇ ਰਹੇ ਹਨ । ਜਦੋਕਿ ਇਨ੍ਹਾਂ ਨੇ ਸਾਡੇ ਇਤਿਹਾਸ ਦਾ ਵੱਡਾ ਹਿੱਸਾ ਅਜੇ ਤੱਕ ਪੜ੍ਹਿਆ ਹੀ ਨਹੀ । ਇਹ ਮੁਕਾਰਤਾ ਨਾਲ ਭਰੇ ਹੁਕਮਰਾਨ ਅਤੇ ਉਨ੍ਹਾਂ ਦੇ ਗੁਲਾਮ ਬਣੇ ਭਗਵੰਤ ਸਿੰਘ ਮਾਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅਫਗਾਨੀਸਤਾਨ ਨਾਲ ਕਿਵੇ ਸਿੰਝਣਾ ਹੈ, ਮੁਕਾਰਤਾ ਨਾਲ ਭਰੇ ਹੁਕਮਰਾਨਾਂ ਨਾਲ ਕਿਵੇ ਅਤੇ ਉਨ੍ਹਾਂ ਦੇ ਗੁਲਾਮ ਬਣੇ ਸ੍ਰੀ ਕੇਜਰੀਵਾਲ ਅਤੇ ਭਗਵੰਤ ਮਾਨ ਨਾਲ ਕਿਵੇ । ਇਹ ਸਾਨੂੰ ਆਪਣੀਆ ਫ਼ੌਜਾਂ ਤੇ ਹੋਰ ਤਾਕਤ ਦੇ ਡਰਾਵੇ ਨਾ ਦੇਣ ਆਪਣੇ ਅੰਦਰ ਅਤੇ ਸਾਡੇ ਸਿੱਖ ਇਤਿਹਾਸ ਤੇ ਝਾਂਤੀ ਮਾਰ ਲੈਣ ਕਿ ਸੰਗਰੂਰ ਦਾ ਉਹ ਇਲਾਕਾ ਤੇ ਸੰਗਰੂਰ ਦੇ ਨਿਵਾਸੀ ਤੇ ਅਕਾਲੀ ਫੂਲਾ ਸਿੰਘ ਵਰਗੇ ਐਨੇ ਬਹਾਦਰ ਹਨ ਜਿਨ੍ਹਾਂ ਨੇ ਅਹਿਮਦਸ਼ਾਹ ਅਬਦਾਲੀ ਵਰਗੇ ਜਾਲਮ ਨੂੰ ਕੁੱਪ, ਕੁਤਬ ਅਤੇ ਗਹਿਲਾ ਦੀ ਵੱਡੇ ਘੱਲੂਘਾਰਿਆ ਵਿਚ ਮੂੰਹ ਤੋੜ ਜੁਆਬ ਦੇ ਕੇ ਐਸਾ ਭਜਾਇਆ ਕਿ ਮੁੜ ਕੋਈ ਵੀ ਹਮਲਾਵਰ ਅਫਗਾਨੀਸਤਾਨ ਵਾਲੇ ਪਾਸਿਓ ਅਤੇ ਖੈਬਰ ਦਰੇ ਵਿਚੋ ਪੰਜਾਬ ਵੱਲ ਦਾਖਲ ਹੋਣ ਦੀ ਜੁਰਅਤ ਨਾ ਕਰ ਸਕਿਆ ।”

ਉਨ੍ਹਾਂ ਕਿਹਾ ਕਿ ਜਦੋਂ ਚੀਨ ਨੇ ਸੀਆ ਅਤੇ ਸੁੰਨੀ ਮੁਸਲਮਾਨਾਂ ਨੂੰ ਸੰਸਾਰ ਪੱਧਰ ਤੇ ਇਕੱਤਰ ਕਰ ਦਿੱਤਾ ਹੈ ਤਾਂ ਹੁਣ ਸੰਸਾਰ ਦੀ ਭੂਗੋਲਿਕ ਸਥਿਤੀ ਬਦਲ ਚੁੱਕੀ ਹੈ । ਅਮਰੀਕਾ, ਆਸਟ੍ਰੇਲੀਆ, ਬਰਤਾਨੀਆ, ਕੈਨੇਡਾ ਵਰਗੇ ਵੱਡੇ ਮੁਲਕਾਂ ਵਿਚ ਉਥੋ ਦੇ ਸਿੱਖ ਵੱਡੇ ਪੱਧਰ ਤੇ ਰੋਸ਼ ਵਿਖਾਵੇ ਕਰਕੇ ਇਨ੍ਹਾਂ ਮੁਤੱਸਵੀ ਹੁਕਮਰਾਨਾਂ ਦੇ ਰਾਜ ਪ੍ਰਬੰਧ ਦਾ ਜਨਾਜ਼ਾਂ ਕੱਢ ਰਹੇ ਹਨ । ਹੁਣ ਸਿੱਖ ਸੁੱਤੇ ਨਹੀ ਪਏ ਬਲਕਿ ਉਹ ਮੁਤੱਸਵੀ ਹੁਕਮਰਾਨਾਂ ਅਤੇ ਉਨ੍ਹਾਂ ਦੇ ਗੁਲਾਮ ਬਣੇ ਕੇਜਰੀਵਾਲ ਅਤੇ ਭਗਵੰਤ ਮਾਨ ਵਰਗਿਆ ਦੀ ਹਰ ਕਾਰਵਾਈ ਉਤੇ ਬਾਜ਼ ਨਜ਼ਰ ਰੱਖ ਰਹੇ ਹਨ । ਬਾਜ ਨੇ ਕਦੋ ਆਪਣੇ ਸਿ਼ਕਾਰ ਉਤੇ ਝੱਪਟਣਾ ਹੈ, ਇਹ ਬਾਜ਼ ਨੂੰ ਪਤਾ ਹੈ ਸਿ਼ਕਾਰ ਹੋਣ ਵਾਲੇ ਨੂੰ ਨਹੀਂ ।