ਜਦੋਂ ਹੰਕਾਰੀ ਤਾਨਾਸ਼ਾਹ ਜਵਾਬ ਦੇਣ ਤੋਂ ਅਸਮਰੱਥ ਹੁੰਦੇ ਹਨ ਤਾਂ ਉਹ ਪੂਰੀ ਤਾਕਤ ਲੈ ਕੇ ਜਨਤਾ ਨੂੰ ਦਬਾਉਣ ਦੀ ਕਰਦੇ ਹਨ ਕੋਸ਼ਿਸ਼ : ਪ੍ਰਿਅੰਕਾ

ਜਦੋਂ ਹੰਕਾਰੀ ਤਾਨਾਸ਼ਾਹ ਜਵਾਬ ਦੇਣ ਤੋਂ ਅਸਮਰੱਥ ਹੁੰਦੇ ਹਨ ਤਾਂ ਉਹ ਪੂਰੀ ਤਾਕਤ ਲੈ ਕੇ ਜਨਤਾ ਨੂੰ ਦਬਾਉਣ ਦੀ ਕਰਦੇ ਹਨ ਕੋਸ਼ਿਸ਼ : ਪ੍ਰਿਅੰਕਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 26 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਕਾਂਗਰਸ ਆਗੂ ਰਾਹੁਲ ਗਾਂਧੀ ਦੀ ਸੰਸਦ ਦੀ ਮੈਂਬਰਸ਼ਿਪ ਰੱਦ ਕਰਨ ਅਤੇ ਸੂਰਤ ਦੀ ਅਦਾਲਤ ਵੱਲੋਂ ਸੁਣਾਈ ਗਈ ਦੋ ਸਾਲ ਦੀ ਸਜ਼ਾ ਨੂੰ ਲੈ ਕੇ ਕਾਂਗਰਸ ਸਰਕਾਰ ਅਤੇ ਭਾਜਪਾ 'ਤੇ ਹਮਲੇ ਕਰ ਰਹੀ ਹੈ । ਦੇਸ਼ ਭਰ ਤੋਂ ਰਾਹੁਲ ਗਾਂਧੀ ਦਾ ਸਮਰਥਨ ਹਾਸਲ ਕਰਨ ਲਈ ਕਾਂਗਰਸ ਅੱਜ ਦੇਸ਼ ਵਿਆਪੀ ਸੱਤਿਆਗ੍ਰਹਿ ਕਰ ਰਹੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦਿੱਲੀ ਦੇ ਰਾਜਘਾਟ 'ਤੇ ਸੱਤਿਆਗ੍ਰਹਿ ਕਰ ਰਹੇ ਹਨ। ਇਸ ਦੌਰਾਨ ਪ੍ਰਿਅੰਕਾ ਗਾਂਧੀ ਨੇ ਸੱਤਾਧਾਰੀ ਭਾਜਪਾ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜਦੋਂ ਹੰਕਾਰੀ ਤਾਨਾਸ਼ਾਹ ਜਵਾਬ ਦੇਣ ਤੋਂ ਅਸਮਰੱਥ ਹੁੰਦੇ ਹਨ ਤਾਂ ਉਹ ਪੂਰੀ ਤਾਕਤ ਲੈ ਕੇ ਜਨਤਾ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਸਾਨੂੰ ਡਰਾ-ਧਮਕਾ ਕੇ ਅਤੇ ਜ਼ਲੀਲ ਕਰਕੇ ਚੁੱਪ ਕਰਵਾ ਸਕਦੇ ਹਨ? ਓਹ ਧਿਆਨ ਕਰ ਲੈਣ, ਅਸੀਂ ਨਹੀਂ ਰੁਕਾਂਗੇ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੀ ਮਿਹਨਤ ਦੀ ਕਮਾਈ ਲੁੱਟ ਕੇ ਕੁਝ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਸਾਰੀ ਸਰਕਾਰ ਇੱਕ ਆਦਮੀ ਨੂੰ ਬਚਾਉਣ ਲਈ ਇੰਨੀ ਕੋਸ਼ਿਸ਼ ਕਿਉਂ ਕਰ ਰਹੀ ਹੈ? 

ਪ੍ਰਿਅੰਕਾ ਨੇ ਪਰਿਵਾਰਵਾਦ ਦੇ ਮੁੱਦੇ 'ਤੇ ਭਾਜਪਾ ਨੂੰ ਘੇਰਦਿਆਂ ਕਿਹਾ ਕਿ ਜੇਕਰ ਤੁਸੀਂ ਸਾਨੂੰ ਪਰਿਵਾਰਵਾਦੀ ਕਹਿੰਦੇ ਹੋ ਤਾਂ ਭਗਵਾਨ ਰਾਮ ਕੌਣ ਸੀ? ਕੀ ਉਹ ਪਰਿਵਾਰਵਾਦੀ ਸੀ? ਕੀ ਪਾਂਡਵ ਪਰਿਵਾਰਵਾਦੀ ਸਨ? ਅਤੇ ਕੀ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਸਾਡੇ ਪਰਿਵਾਰ ਦੇ ਮੈਂਬਰ ਇਸ ਦੇਸ਼ ਲਈ ਸ਼ਹੀਦ ਹੋਏ?' ਉਨ੍ਹਾਂ ਅੱਗੇ ਕਿਹਾ, ਇਹ ਮੇਰਾ ਪਰਿਵਾਰ ਨਹਿਰੂ-ਗਾਂਧੀ ਸੀ ਜਿਸ ਨੇ ਆਪਣੇ ਖੂਨ ਨਾਲ ਇਸ ਦੇਸ਼ ਦੇ ਲੋਕਤੰਤਰ ਨੂੰ ਪਾਲਿਆ ਸੀ। ਭਾਜਪਾ 'ਤੇ ਦੋਸ਼ ਲਗਾਉਂਦੇ ਹੋਏ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਮੇਰੇ ਪਰਿਵਾਰ ਦਾ ਕਈ ਵਾਰ ਅਪਮਾਨ ਕੀਤਾ, ਪਰ ਅਸੀਂ ਚੁੱਪ ਰਹੇ। ਇਸ ਲਈ ਉਨ੍ਹਾਂ ਨੂੰ ਜੇਲ੍ਹ ਨਹੀਂ ਭੇਜਿਆ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਸਾਲਾਂ ਤੱਕ ਚੋਣ ਲੜਨ ਤੋਂ ਰੋਕਿਆ ਗਿਆ।