ਟਿਫਨ ਬੰਬ ਦੇ ਦੋਸ਼ ਵਿਚ ਪੰਜ ਗ੍ਰਿਫ਼ਤਾਰ

ਟਿਫਨ ਬੰਬ ਦੇ ਦੋਸ਼ ਵਿਚ ਪੰਜ ਗ੍ਰਿਫ਼ਤਾਰ

ਅੰਮ੍ਰਿਤਸਰ ਟਾਈਮਜ਼

ਨਵਾਂਸ਼ਹਿਰ- ਜ਼ਿਲ੍ਹਾ ਪੁਲਿਸ ਨਵਾਂਸ਼ਹਿਰ ਨੇ ਨਵਾਂਸ਼ਹਿਰ ਸੀਆਈਏ. ਸਟਾਫ ਬੰਬ ਕਾਂਡ ਨਾਲ ਸੰਬੰਧਤ ਹੋਰ ਕਥਿਤ 5 ਦੋਸ਼ੀਆਂ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ । ਜ਼ਿਲ੍ਹਾ ਪੁਲਿਸ ਮੁਖੀ ਡਾ: ਸੰਦੀਪ ਸ਼ਰਮਾ ਨੇ  ਦੱਸਿਆ ਕਿ 7-8 ਨਵੰਬਰ, 2021 ਦੀ ਦਰਮਿਆਨੀ ਰਾਤ ਨੂੰ ਸੀਆਈਏ. ਸਟਾਫ ਨਵਾਂਸ਼ਹਿਰ ਦੀ ਇਮਾਰਤ ਵਿਚ ਬੰਬ ਧਮਾਕਾ ਕਰਨ ਦੇ ਦੋਸ਼ ਵਿਚ ਬੀਤੇ ਦਿਨੀਂ ਗਿ੍ਫ਼ਤਾਰ ਕੀਤੇ ਗਏ ਰਮਨਦੀਪ ਸਿੰਘ  ਜੱਖੂ, ਪ੍ਰਦੀਪ ਸਿੰਘ ਭੱਟੀ ਤੇ ਮਨੀਸ਼   ਬਾਬਾ ਕੋਲੋਂ ਪੁਲਿਸ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਦੇ ਆਧਾਰ 'ਤੇ ਇਨ੍ਹਾਂ ਵਲੋਂ ਦੱਸੇ ਗਏ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਇਸ ਮੁਕੱਦਮੇ ਵਿਚ ਲੋੜੀਂਦੇ ਕੁਲਦੀਪ   ਸੰਨੀ   ਖਰੜ ਨੂੰ ਮੁਕੱਦਮੇ ਵਿਚ ਨਾਮਜ਼ਦ ਕਰਕੇ ਕਾਬੂ ਕੀਤਾ ਗਿਆ, ਜੋ ਕਿ ਪਾਕਿਸਤਾਨ ਵਿਚ ਬੈਠੇ ਗੈਂਗਸਟਰ ਹਰਵਿੰਦਰ  ਰਿੰਦਾ ਦਾ ਨੇੜਲਾ ਸਾਥੀ ਹੈ, ਜਿਸ ਦੀ ਨਿਸ਼ਾਨਦੇਹੀ 'ਤੇ 1 ਵਿਦੇਸ਼ੀ ਪਿਸਤੌਲ 9 ਐਮ.ਐਮ. ਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ । ਇਸ ਤੋਂ ਪੁੱਛਗਿੱਛ ਦੌਰਾਨ ਇਹ ਖ਼ੁਲਾਸਾ ਹੋਇਆ ਕਿ ਕਥਿਤ ਦੋਸ਼ੀ ਕੁਲਦੀਪ ਸੰਨੀ ਨੇ ਰਿੰਦਾ ਦੇ ਕਹਿਣ 'ਤੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੁਲਿਸ ਚੌਕੀ ਕਲਵਾਂ ਮੋੜ ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੂਪਨਗਰ ਵਿਖੇ ਆਪਣੇ ਸਾਥੀਆਂ ਸ਼ੁਭਕਰਨ  ਸਾਜਨ ਨੰਗਲ , ਰੋਹਿਤ ਬੱਲੂ  ਊਨਾ ਤੇ ਇਨ੍ਹਾਂ ਦੇ ਦੋ ਹੋਰ ਸਾਥੀਆਂ ਰਾਹੀਂ ਬੰਬ ਧਮਾਕਾ ਕਰਵਾਇਆ ਸੀ ਅਤੇ ਹਰਵਿੰਦਰ ਸਿੰਘ ਰਿੰਦਾ ਵਲੋਂ ਪਾਕਿਸਤਾਨ ਤੋਂ ਭੇਜੀਆਂ ਹੋਈਆਂ ਵੱਖ-ਵੱਖ ਕਨਸਾਈਨਮੈਂਟਾਂ ਆਪਣੇ ਨੇੜਲੇ ਸਾਥੀ ਜਿਵਤੇਸ਼ ਸੇਠੀ ਨਵਾਂਸ਼ਹਿਰ ਰਾਹੀਂ ਚੁਕਵਾਈਆਂ ਗਈਆਂ ਸਨ । ਜ਼ਿਲ੍ਹਾ ਪੁਲਿਸ ਨੇ ਕਥਿਤ ਦੋਸ਼ੀ ਕੁਲਦੀਪ ਸੰਨੀ ਦੀ ਨਿਸ਼ਾਨਦੇਹੀ 'ਤੇ ਕਾਰਵਾਈ ਕਰਦਿਆਂ ਰੋਹਿਤ ਬੱਲੂ, ਸ਼ੁੱਭਕਰਨ ਸਾਜਨ ਤੇ ਜਿਵਤੇਸ਼ ਸੇਠੀ ਨੂੰ ਵੀ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ ।ਕੁਲਦੀਪ  ਸੰਨੀ ਨੇ ਮੰਨਿਆ ਕਿ ਉਸ ਨੇ ਇਕ ਟਿਫ਼ਨ ਬੰਬ ਅਮਨਦੀਪ   ਊਨਾ ਨੂੰ ਦਿੱਤਾ ਹੈ, ਜੋ ਹਰਵਿੰਦਰ ਸਿੰਘ  ਰਿੰਦਾ ਵਲੋਂ ਪਾਕਿਸਤਾਨ ਤੋਂ ਭੇਜਿਆ ਗਿਆ ਸੀ, ਉਸ ਨੂੰ ਗਿ੍ਫ਼ਤਾਰ ਕਰਕੇ ਇਕ ਬੇਆਬਾਦ ਖੂਹ ਵਿਚੋਂ ਉਪਰੋਕਤ ਟਿਫ਼ਨ ਬੰਬ, ਇਸ ਦੇ ਵੱਖ-ਵੱਖ ਪੁਰਜ਼ੇ, ਇਕ ਐਲ.ਈ.ਡੀ. ਅਤੇ ਇਕ ਪੈਨ ਡਰਾਈਵ ਵੀ ਬਰਾਮਦ ਕੀਤੇ ਹਨ । ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਗਿ੍ਫ਼ਤਾਰ ਦੋਸ਼ੀਆਂ ਤੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਪਰੋਕਤ ਕੰਮ ਦੇ ਬਦਲੇ ਕੁਲਦੀਪ  ਸੰਨੀ ਨੇ ਰਿੰਦਾ ਵਲੋਂ ਪਾਕਿਸਤਾਨ ਤੋਂ ਭੇਜੀ ਗਈ 3 ਲੱਖ ਦੀ ਨਕਦੀ ਵਿਚੋਂ 1 ਲੱਖ ਰੁਪਏ ਰੋਹਿਤ ਉਰਫ਼ ਬੱਲੂ ਨੂੰ ਅਤੇ 10 ਹਜ਼ਾਰ ਰੁਪਏ ਸ਼ੁਭਕਰਨ ਉਰਫ਼ ਸਾਜਨ ਨੂੰ ਦਿੱਤੇ ਸਨ ।ਜਵਤੇਸ਼ ਸੇਠੀ ਆਪਣੀ ਸਵਿਫ਼ਟ ਕਾਰ ਰਾਹੀਂ ਰਿੰਦਾ ਵਲੋਂ ਭੇਜੀਆਂ ਕਨਸਾਈਨਮੈਂਟਾਂ ਨੂੰ ਲੈ ਕੇ ਆਉਂਦਾ ਸੀ ਤੇ ਕੁਲਦੀਪ ਕੁਮਾਰ ਸੰਨੀ ਉਸ ਨੂੰ ਹਰ ਗੇੜੇ ਦੇ 15 ਹਜ਼ਾਰ ਰੁਪਏ ਦਿੰਦਾ ਸੀ ।ਇਸ ਮਾਮਲੇ ਵਿਚ ਜਵਤੇਸ਼ ਤੇ ਬੱਲੂ ਵਲੋਂ ਵਰਤੀਆਂ ਗਈਆਂ ਕਾਰਾਂ ਵੀ ਪੁਲਿਸ ਨੇ ਬਰਾਮਦ ਕਰਕੇ ਕਬਜ਼ੇ ਵਿਚ ਲੈ ਲਈਆਂ ਹਨ।