ਅਮਰੀਕੀ ਸਿੱਖ ਥਮਿੰਦਰ ਸਿੰਘ ਨੂੰ ਪਾਵਨ ਗੁਰਬਾਣੀ ਦੀਆਂ ਲਗਾਂ-ਮਾਤਰਾਂ ਨਾਲ ਛੇੜਛਾੜ ਕਰਨ ਦੇ ਦੋਸ਼ ਤਹਿਤ  ਪੰਥ ਵਿਚੋਂ ਖ਼ਾਰਜ   

ਅਮਰੀਕੀ ਸਿੱਖ ਥਮਿੰਦਰ ਸਿੰਘ ਨੂੰ ਪਾਵਨ ਗੁਰਬਾਣੀ ਦੀਆਂ ਲਗਾਂ-ਮਾਤਰਾਂ ਨਾਲ ਛੇੜਛਾੜ ਕਰਨ ਦੇ ਦੋਸ਼ ਤਹਿਤ  ਪੰਥ ਵਿਚੋਂ ਖ਼ਾਰਜ   

ਲੰਗਾਹ ਪੰਥ ਵਿਚ ਮੁੜ ਸ਼ਾਮਲ ,ਜਥੇਦਾਰਾਂ ਨੇ ਲਗਾਈ 21 ਦਿਨਾਂ ਲਈ ਧਾਰਮਿਕ ਤਨਖ਼ਾਹ

ਹਰਿਆਣਾ ਕਮੇਟੀ ਨੂੰ ਮਾਨਤਾ, ਸ਼ੋ੍ਮਣੀ ਕਮੇਟੀ 'ਤੇ ਕੇਂਦਰ ਸਰਕਾਰ ਵਲੋਂ ਹਮਲਾ ਕਰਾਰ

ਵਲਟੋਹਾ ਵਲੋਂ ਵਿਰੋਧ ,ਕਿਹਾ ਕਿ ਮੁਆਫ਼ੀ ਦੇਣਾ ਜਥੇਦਾਰ ਦਾ ਅਧਿਕਾਰ ਪਰ ਹੋਰ ਛੋਟਾਂ ਦੇਣਾ

ਸਵਾਲ ਖੜ੍ਹੇ ਕਰਦਾਅਕਾਲੀ ਦਲ ਨਾਲ ਇਸ ਦਾ ਕੋਈ ਸੰਬੰਧ ਨਹੀਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੰਮਿ੍ਤਸਰ-ਪੰਜ ਸਿੰਘ ਸਾਹਿਬਾਨ ਦੀ  ਹੋਈ ਇਕੱਤਰਤਾ ਦੌਰਾਨ ਜਾਰੀ ਕੀਤੇ ਹੁਕਮਨਾਮਿਆਂ ਵਿਚ ਸਾਬਕਾ ਸ਼ੋ੍ਮਣੀ ਕਮੇਟੀ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਇਕ ਬੱਜਰ ਗੁਨਾਹ ਕਰਨ ਲਈ 21 ਦਿਨਾਂ ਲਈ ਧਾਰਮਿਕ ਤਨਖ਼ਾਹ ਲਗਾਈ ਗਈ ਅਤੇ ਅਮਰੀਕੀ ਸਿੱਖ ਥਮਿੰਦਰ ਸਿੰਘ ਅਨੰਦ ਨੂੰ ਪਾਵਨ ਗੁਰਬਾਣੀ ਦੀਆਂ ਲਗਾਂ-ਮਾਤਰਾਂ ਨਾਲ ਛੇੜਛਾੜ ਕਰਨ ਦੇ ਦੋਸ਼ ਤਹਿਤ ਸਿੱਖ ਪੰਥ 'ਚੋਂ ਖ਼ਾਰਜ ਕਰ ਦਿੱਤਾ ਗਿਆ ।ਇਸ ਤੋਂ ਇਲਾਵਾ ਤਿੰਨ ਹੋਰ ਵਿਅਕਤੀਆਂ ਨੂੰ ਵੀ ਵੱਖ-ਵੱਖ ਮਾਮਲਿਆਂ ਵਿਚ ਧਾਰਿਮਕ ਤਨਖ਼ਾਹ ਲਗਾਈ ਗਈ । ਇਕੱਤਰਤਾ 'ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਤੇ ਪੰਜ ਪਿਆਰੇ ਭਾਈ ਸੁਖਦੇਵ ਸਿੰਘ ਸ਼ਾਮਿਲ ਹੋਏ।ਲੰਗਾਹ ਸਮੇਤ ਹੋਰਨਾਂ ਧਾਰਮਿਕ ਤੇ ਪੰਥਕ ਮਾਮਲਿਆਂ ਦੀ ਸੁਣਵਾਈ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸਿੰਘ ਸਾਹਿਬਾਨ ਨੇ ਕੀਤੀ ।ਲੰਗਾਹ ਦੇ ਮਾਮਲੇ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਉਸ ਨੂੰ ਪਰ ਇਸਤਰੀ ਗਾਮੀ ਹੋਣ ਦੀ ਬੱਜਰ ਕੁਰਹਿਤ ਦੇ ਕੀਤੇ ਜੁਰਮ ਦਾ ਇਕਬਾਲ ਕਰਨ 'ਤੇ ਇਸ ਲਈ ਸੰਗਤਾਂ ਤੋਂ ਪੰਜ ਵਾਰ ਮੁਆਫ਼ੀ ਮੰਗਣ ਲਈ ਆਦੇਸ਼ ਕੀਤਾ ਗਿਆ ।ਉਸ ਵਲੋਂ ਅਜਿਹਾ ਕਰਨ ਤੋਂ ਬਾਅਦ ਸਿੰਘ ਸਾਹਿਬ ਵਲੋਂ ਉਸ ਨੂੰ 21 ਦਿਨ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਪੁਜੀ ਸਾਹਿਬ ਦਾ ਪਾਠ ਕਰਨ, ਇਕ ਘੰਟਾ ਬਰਤਨ ਸਾਫ਼ ਕਰਨ, ਇਕ ਘੰਟਾ ਪਰਿਕਰਮਾ ਵਿਚ ਬੈਠ ਕੇ ਕੀਰਤਨ ਸਰਵਣ ਕਰਨ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਜਦੇ ਢਾਡੀ ਦਰਬਾਰ ਦੌਰਾਨ ਇਕ ਦਿਨ ਦੇ ਦੀਵਾਨ ਵਾਲੇ ਸਾਰੇ ਢਾਡੀ ਜਥਿਆਂ ਨੂੰ 5100-5100 ਰੁਪਏ ਦੀ ਭੇਟਾ ਦੇਣ, ਉਨ੍ਹਾਂ ਲਈ ਘਰੋਂ ਪ੍ਰਸ਼ਾਦਾ ਤਿਆਰ ਕਰਵਾ ਕੇ ਲਿਆ ਕੇ ਛਕਾਉਣ ਅਤੇ ਉਨ੍ਹਾਂ ਦੇ ਜੂਠੇ ਬਰਤਨ ਸਾਫ਼ ਕਰਨ ਦੀ ਧਾਰਮਿਕ ਤਨਖ਼ਾਹ ਲਗਾਈ ਗਈ ।21 ਦਿਨ ਦੀ ਸੇਵਾ ਮੁਕੰਮਲ ਹੋਣ ਬਾਅਦ 5100 ਰੁਪਏ ਦੀ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾ ਕੇ ਅਰਦਾਸ ਕਰਾਉਣ ਦਾ ਵੀ ਆਦੇਸ਼ ਦੇਣ ਦੇ ਨਾਲ ਨਾਲ ਲੰਗਾਹ ਨੂੰ 5 ਸਾਲ ਤੱਕ ਸ਼ੋ੍ਮਣੀ ਕਮੇਟੀ ਸਮੇਤ ਕਿਸੇ ਵੀ ਹੋਰ ਗੁਰਦੁਆਰਾ ਕਮੇਟੀ ਦਾ ਮੈਂਬਰ ਨਾ ਬਣਨ ਦਾ ਵੀ ਆਦੇਸ਼ ਜਾਰੀ ਕੀਤਾ, ਜਿਸ ਨੂੰ ਲੰਗਾਹ ਵਲੋਂ ਕਬੂਲਿਆ ਗਿਆ।

ਸਿੰਘ ਸਾਹਿਬਾਨ ਵਲੋਂ ਇਕ ਹੋਰ ਹੁਕਮਨਾਮਾ ਜਾਰੀ ਕਰਦਿਆਂ ਅਮਰੀਕਾ ਨਿਵਾਸੀ ਥਮਿੰਦਰ ਸਿੰਘ ਅਨੰਦ ਨੂੰ ਪਾਵਨ ਗੁਰਬਾਣੀ ਦੀਆਂ ਲਗਾਂ ਮਾਤਰਾਂ 'ਵਿਚ ਤਬਦੀਲੀ ਕਰਨ ਅਤੇ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਨਾ ਹੋਣ ਦੇ ਦੋਸ਼ ਤਹਿਤ ਸਿੱਖ ਪੰਥ 'ਵਿਚੋਂ ਖ਼ਾਰਜ ਕਰ ਦਿੱਤਾ ਗਿਆ ਤੇ ਸਿੱਖ ਸੰਗਤਾਂ ਨੂੰ ਉਸ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਦੀ ਤਾਕੀਦ ਕੀਤੀ ਗਈ | ਪ੍ਰਵਾਸੀ ਸਿੱਖਾਂ ਰਾਜਵੰਤ ਸਿੰੰਘ, ਭਜਨੀਕ ਸਿੰਘ ਤੇ ਗੁਰਦਰਸ਼ਨ ਸਿੰਘ ਨੂੰ ਵੀ ਪਾਵਨ ਸਰੂਪਾਂ ਨੂੰ ਡੱਬਿਆਂ 'ਵਿਚ ਬੰਦ ਕਰਕੇ ਗੁਰਦੁਆਰਾ ਸਾਹਿਬਾਨ ਅਤੇ ਸੰਗਤਾਂ ਤੱਕ ਭੇਜ ਕੇ ਅਦਬ ਸਤਿਕਾਰ ਕਾਇਮ ਨਾ ਰੱਖਣ, ਪਾਵਨ ਸਰੂਪ ਦੇ ਅੰਗ ਨੰਬਰ ਗੁਰਮੁਖੀ ਦੀ ਥਾਂ ਰੋਮਨ ਵਿਚ ਲਿਖਣ ਤੇ ਤਖ਼ਤ ਸਾਹਿਬ ਵਲੋਂ ਬਣਾਈ ਪੜਤਾਲੀਆ ਕਮੇਟੀ ਨਾਲ ਮਾੜਾ ਵਿਹਾਰ ਕਰਨ ਦੇ ਦੋਸ਼ਾਂ ਤਹਿਤ ਕ੍ਰਮਵਾਰ 11 ਦਿਨ ਅਤੇ 7 ਦਿਨ ਅਮਰੀਕਾ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਇਕ ਘੰਟਾ ਕੀਰਤਨ ਸਰਵਣ ਕਰਨ, ਬਰਤਨ ਸਾਫ਼ ਕਰਨ ਤੇ ਇਕ ਸਹਿਜ ਪਾਠ ਖੁਦ ਕਰਨ ਤੋਂ ਇਲਾਵਾ 125 ਡਾਲਰ ਗੁਰੂ ਦੀ ਗੋਲਕ 'ਵਿਚ ਪਾ ਕੇ ਗ੍ਰੰਥੀ ਸਿੰਘ ਤੋਂ ਅਰਦਾਸ ਕਰਵਾ ਕੇ ਲਿਖਤੀ ਤੌਰ 'ਤੇ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ਦਾ ਆਦੇਸ਼ ਦਿੱਤਾ ਗਿਆ ।

ਇਕੱਤਰਤਾ ਤੋਂ ਬਾਅਦ ਕਿਹਾ ਗਿਆ ਕਿ ਕੇਂਦਰ ਸਰਕਾਰ ਵਲੋਂ ਕੁਝ ਕੁ ਸਿੱਖ ਚਿਹਰਿਆਂ ਨੂੰ ਵਰਤ ਕੇ, ਕਾਨੂੰਨ ਦੀ ਆੜ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦਾ ਯਤਨ ਕੀਤਾ ਗਿਆ ਹੈ, ਇਹ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ 'ਤੇ ਕੇਂਦਰ ਸਰਕਾਰ ਵਲੋਂ ਹਮਲਾ ਕਰਾਰ ਦਿੱਤਾ ਜਾਂਦਾ ਹੈ | ਸਿੱਖ ਆਗੁੂਆਂ ਨੂੰ ਕਿਹਾ ਗਿਆ ਕਿ ਉਹ ਸ਼੍ਰੋਮਣੀ ਕਮੇਟੀ ਦੀ ਮਜ਼ਬੂਤੀ ਲਈ ਇਸ ਸੰਸਥਾ ਨੂੰ ਵਿਸ਼ਵ ਵਿਆਪੀ ਬਣਾਉਣ ਦੇ ਯਤਨ ਆਰੰਭ ਕਰਨ ।

ਲੰਗਾਹ ਦੀ ਅਕਾਲੀ ਦਲ 'ਚ 'ਘਰ ਵਾਪਸੀ' ਲਈ ਹੁਣ ਰਾਹ ਪੱਧਰਾ

ਕਰੀਬ ਪੰਜ ਸਾਲ ਪਹਿਲਾਂ ਸਿੱਖ ਪੰਥ ਵਿਚੋਂ ਛੇਕੇ ਸਾਬਕਾ ਕੈਬਨਿਟ ਮੰਤਰੀ, ਸਾਬਕਾ ਸ਼ੋ੍ਮਣੀ ਕਮੇਟੀ ਮੈਂਬਰ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਨਾਮਵਰ ਅਕਾਲੀ ਆਗੂ ਜਥੇਦਾਰ ਸੁੱਚਾ ਸਿੰਘ ਲੰਗਾਹ ਦੀ ਹੁਣ ਅਕਾਲੀ ਦਲ 'ਵਿਚ ਘਰ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਹੈ । ਜ਼ਿਕਰ ਕਰ ਦਈਏ ਕਿ  ਸੁੱਚਾ ਲੰਗਾਹ ਦੀ ਇਕ ਇਤਰਾਜ਼ਯੋਗ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਇਕ ਔਰਤ ਨੇ ਲੰਗਾਹ ’ਤੇ ਜਬਰ-ਜ਼ਿਨਾਹ ਦਾ ਦੋਸ਼ ਲਗਾਇਆ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਹਾਲਾਂਕਿ ਇਸ ਦੌਰਾਨ ਅਦਾਲਤ ਨੇ ਸੁੱਚਾ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਸੀ, ਇਸ ਸਭ ਦੌਰਾਨ ਸੁੱਚਾ ਸਿੰਘ ਲੰਗਾਹ ਨੂੰ ਪੰਥ ਵਿੱਚ ਛੇਕ ਦਿੱਤਾ ਗਿਆ ਸੀ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਬਾਹਰ ਦਾ ਰਾਹ ਵਿਖਾ ਦਿੱਤਾ ਗਿਆ ਸੀ। ਵੀਡੀਓ ਵਾਇਰਲ ਮਾਮਲੇ 'ਵਿਚੋਂ ਕਾਨੂੰਨੀ ਤੌਰ 'ਤੇ ਜਥੇ: ਲੰਗਾਹ ਕਾਫੀ ਸਮੇਂ ਤੋਂ ਸੁਰਖਰੂ ਹੋ ਚੁੱਕੇ ਹਨ ਤੇ ਮੁੜ ਅੰਮਿ੍ਤਪਾਨ ਵੀ ਕਰ ਚੁੱਕੇ ਹਨ ਪਰ ਸਿੱਖ ਪੰਥ 'ਵਿਚ ਵਾਪਸੀ ਲਈ ਉਹ ਕਾਫੀ ਚਿਰ ਤੋਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਨਾਂਅ ਪੱਤਰ ਭੇਜ ਕੇ ਹੋਈ ਗਲਤੀ ਲਈ ਖਿਮਾ ਯਾਚਨਾ ਦਿੱਤੇ ਜਾਣ ਅਤੇ ਮੁੜ ਪੰਥ 'ਵਿਚ ਸ਼ਾਮਿਲ ਕਰਨ ਦੀਆਂ ਅਪੀਲਾਂ ਕਰ ਰਹੇ ਸਨ ।ਪਿਛਲੇ ਸਾਲ ਉਨ੍ਹਾਂ ਦੇ ਬਿਰਧ ਮਾਤਾ-ਪਿਤਾ ਨੇ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਆਪਣੇ ਪੁੱਤਰ ਦੀਆਂ ਭੁੱਲਾਂ ਗਲਤੀਆਂ ਨੂੰ ਮੁਆਫ਼ ਕਰਕੇ ਉਸ ਨੂੰ ਸਿੱਖ ਪੰਥ ਵਿਚ ਮੁੜ ਸ਼ਾਮਿਲ ਕਰਨ ਦੀ ਭਾਵੁਕ ਅਪੀਲ ਕਰਦਿਆਂ ਕਿਹਾ ਸੀ ਕਿ ਕਈ ਪੀੜੀਆਂ ਤੋਂ ਉਨ੍ਹਾਂ ਦਾ ਪਰਿਵਾਰ ਗੁਰੂ ਘਰ 'ਚ ਸ਼ਰਧਾ ਰੱਖਣ ਵਾਲਾ ਰਿਹਾ ਹੈ ਤੇ ਗੁਰੂ ਘਰ ਤੋਂ ਬੇਮੁੱਖ ਹੋਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਜ਼ਿੰਦਗੀ ਦੇ ਆਖ਼ਰੀ ਪੜਾਅ 'ਤੇ ਹਨ ਤੇ ਕੋਈ ਭਰੋਸਾ ਨਹੀਂ ਕਦੋਂ ਸਵਾਸਾਂ ਦੀ ਡੋਰ ਟੁੱਟ ਜਾਵੇ ।ਇਸ ਲਈ ਉਨ੍ਹਾਂ ਦੀ ਇੱਛਾ ਹੈ ਕਿ ਜ਼ਿੰਦਗੀ ਦੇ ਆਖ਼ਰੀ ਪੜਾਅ ਤੋਂ ਅੱਗੇ ਕੂਚ ਕਰਦੇ ਵਕਤ ਉਨ੍ਹਾਂ ਦੇ ਦਿਲ ਵਿਚ ਹੀ ਇਹ ਇੱਛਾ ਨਾ ਰਹਿ ਜਾਵੇ ਕਿ ਸਾਡੇ ਘਰ ਦਾ ਕੋਈ ਵੀ ਮੈਂਬਰ ਗੁਰੂ ਘਰ ਤੋਂ ਬੇਮੁਖ ਜਾਂ ਪੰਥ ਤੋਂ ਟੁੱਟਾ ਰਹੇ । ਹੁਣ ਅਕਾਲ ਤਖ਼ਤ ਸਾਹਿਬ ਸਨਮੁੱਖ ਪੇਸ਼ ਹੋਣ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਪੰਜ ਸਿੰਘ ਸਾਹਿਬਾਨ ਵਲੋਂ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਨੂੰ 21 ਦਿਨਾਂ ਦੀ ਧਾਰਮਿਕ ਤਨਖਾਹ ਲਗਾਈ ਗਈ ਹੈ | ਇਸ ਤਰ੍ਹਾਂ 16 ਦਸੰਬਰ ਤੱਕ ਜਥੇ: ਲੰਗਾਹ ਆਪਣੀ ਧਾਰਮਿਕ ਤਨਖਾਹ ਪੂਰੀ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੁੜ ਪੇਸ਼ ਹੋਣ ਬਾਅਦ ਅਰਦਾਸ ਕਰਵਾ ਕੇ ਸਿੱਖ ਪੰਥ ਵਿਚ ਮੁੜ ਸ਼ਾਮਿਲ ਹੋ ਸਕਣਗੇ ।ਜਥੇ: ਲੰਗਾਹ 'ਤੇ ਭਾਵੇਂ ਸਿੰਘ ਸਾਹਿਬਾਨ ਵਲੋਂ ਅਗਲੇ ਪੰਜ ਵਰਿਆਂ ਤੱਕ ਸ਼ੋ੍ਮਣੀ ਕਮੇਟੀ ਸਮੇਤ ਕਿਸੇ ਵੀ ਗੁਰਦੁਆਰਾ ਕਮੇਟੀ ਦਾ ਮੈਂਬਰ ਬਨਣ 'ਤੇ ਰੋਕ ਲਗਾਈ ਗਈ ਹੈ ਪਰ ਇਸ ਦੌਰਾਨ ਉਨ੍ਹਾਂ ਨੂੰ ਸਿਆਸੀ ਸਰਗਰਮੀਆਂ ਜਾਰੀ ਰੱਖਣ ਦੀ ਪੂਰੀ ਤਰ੍ਹਾਂ ਖੁੱਲ੍ਹ ਹੋਵੇਗੀ । ਸਮਝਿਆ ਜਾਂਦਾ ਹੈ ਕਿ ਗੁਰਦਾਸਪੁਰ ਜ਼ਿਲੇ ਦੀ ਸਿਆਸਤ 'ਵਿਚ ਧੜੱਲੇਦਾਰ ਸਿਆਸੀ ਆਗੂ ਵਜੋਂ ਜਾਣੇ ਜਾਂਦੇ ਜਥੇਦਾਰ ਲੰਗਾਹ ਦੇ ਪੰਥ ਵਿਚ ਮੁੜ ਸ਼ਾਮਿਲ ਹੋਣ ਬਾਅਦ ਗੁਰਦਾਸਪੁਰ ਹਲਕੇ 'ਵਿਚ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ ਤੇ ਜਥੇਦਾਰ ਪਾਰਟੀ ਨੂੰ ਮੁੜ ਜਥੇਬੰਦ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ ।ਜਥੇ: ਲੰਗਾਹ ਦਾ ਪੰਥ ਵਾਪਸੀ ਦਾ ਸਫ਼ਰ ਸ਼ੁਰੂ ਹੋਣ ਨਾਲ ਅਕਾਲੀ ਖੇਮਿਆਂ 'ਵਿਚ ਖੁਸ਼ੀ ਪਾਈ ਜਾ ਰਹੀ ਹੈ ।

ਵਲਟੋਹਾ ਵਲੋਂ ਵਿਰੋਧ

ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁੱਚਾ ਸਿੰਘ ਲੰਗਾਹ ਨੂੰ ਮੁਆਫ਼ੀ ਦੇਣ ਪ੍ਰਤੀ ਟਿੱਪਣੀ ਕਰਦੇ ਹੋਏ ਕਿਹਾ ਕਿ ਫ਼ੈਸਲੇ ਪਿੱਛੇ ਉਹ ਤਾਕਤਾਂ ਜ਼ਰੂਰ ਹੋਣਗੀਆਂ ਜੋ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ । ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵਲੋਂ ਜਿਸ ਤਰ੍ਹਾਂ ਸੁੱਚਾ ਸਿੰਘ ਲੰਗਾਹ ਨੂੰ ਮੁਆਫ਼ੀ ਦੇ ਨਾਲ-ਨਾਲ ਰਾਜਨੀਤਿਕ ਅਤੇ ਧਾਰਮਿਕ ਖੇਤਰ ਵਿਚ ਦਿੱਤੀਆਂ ਛੋਟਾਂ ਦਾ ਐਲਾਨ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ ।ਉਨ੍ਹਾਂ ਕਿਹਾ ਕਿ ਲੰਗਾਹ ਬਾਰੇ ਫ਼ੈਸਲਾ ਲੈਣਾ ਜਥੇਦਾਰ ਦਾ ਅਧਿਕਾਰ ਖੇਤਰ ਹੈ । ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਦੇ ਇਸ ਆਦੇਸ਼ ਤੋਂ ਆਮ ਸੰਗਤ ਵਿਚ ਪਾਏ ਜਾ ਰਹੇ ਪ੍ਰਭਾਵ, ਮੀਡੀਆ ਤੇ ਸੋਸ਼ਲ ਮੀਡੀਆ ਵਿਚ ਇਹ ਗੱਲ ਉਭਾਰੀ ਜਾ ਰਹੀ ਹੈ ਕਿ ਮੁਆਫ਼ੀ ਪਿੱਛੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਹੱਥ ਹੈ ।ਉਨ੍ਹਾਂ ਸਪਸ਼ਟ ਕਰਦੇ ਕਿਹਾ ਕਿ ਇਸ ਫ਼ੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਸੰਬੰਧ ਨਹੀਂ ਹੈ ਅਤੇ ਨਾ ਹੀ ਪਿਛੋਕੜ ਵਿਚ ਕਿਸੇ ਫ਼ੈਸਲੇ ਨਾਲ ਸੰਬੰਧ ਰਿਹਾ ਹੈ ।ਵਲਟੋਹਾ ਨੇ ਕਿਹਾ ਕਿ ਜਥੇਦਾਰ ਦਾ ਇਹ ਆਦੇਸ਼ ਕਿ ਲੰਗਾਹ ਰਾਜਨੀਤਿਕ ਤੌਰ 'ਤੇ ਹੁਣ ਤੋਂ ਹੀ ਵਿਚਰ ਸਕਦਾ ਹੈ ਅਤੇ ਸ਼੍ਰੋਮਣੀ ਕਮੇਟੀ ਦੀ ਚੋਣ ਪੰਜ ਸਾਲ ਵਾਸਤੇ ਨਹੀਂ ਲੜ ਸਕਦਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ ।