ਇਤਿਹਾਸਕ ਕਿਲ੍ਹਾ ਗੋਬਿੰਦਗੜ੍ਹ ਵਿਚ ਮਾਸ ਤੇ ਸ਼ਰਾਬ ਵਰਤਾਉਣ 'ਤੋਂ ਪੰਥਕ ਜਥੇਬੰਦੀਆਂ ਨੇ ਰੋਕਿਆ

ਇਤਿਹਾਸਕ ਕਿਲ੍ਹਾ ਗੋਬਿੰਦਗੜ੍ਹ ਵਿਚ ਮਾਸ ਤੇ ਸ਼ਰਾਬ ਵਰਤਾਉਣ 'ਤੋਂ ਪੰਥਕ ਜਥੇਬੰਦੀਆਂ ਨੇ ਰੋਕਿਆ

ਸਿੱਖ ਆਗੂਆਂ ਦੀ ਸਰਕਾਰ ਤੋਂ ਮੰਗ ਕਿ ਗੁਰੂ ਗੋਬਿੰਦ ਸਿੰਘ ਦੇ ਨਾਂਅ 'ਤੇ ਉਸਾਰੇ ਕਿਲ੍ਹੇ ਵਿਚ ਸ਼ਰਾਬ ਵਰਤਾਉਣ 'ਤੇ ਰੋਕ ਲਗੇ     

ਅੰਮ੍ਰਿਤਸਰ ਟਾਈਮਜ਼ ਬਿਊਰੋ          

ਅੰਮਿ੍ਤਸਰ- ਸਥਾਨਕ ਲੋਹਗੜ੍ਹ ਗੇਟ ਨਜ਼ਦੀਕ ਕਿਲ੍ਹਾ ਗੋਬਿੰਦਗੜ੍ਹ ਦੇ ਮੌਜੂਦਾ ਪ੍ਰਬੰਧਕਾਂ ਵਲੋਂ ਕਿਲ੍ਹੇ 'ਵਿਚ ਪਾਰਟੀਆਂ ਤੇ ਹੋਰ ਸਮਾਗਮਾਂ ਵਿਚ ਮਾਸ ਤੇ ਸ਼ਰਾਬ ਵਰਤਾਏ ਜਾਣ ਦੀ ਦਿੱਤੀ ਖੁੱਲ੍ਹ 'ਤੇ ਸਿੱਖ ਜਥੇਬੰਦੀਆਂ ਨੇ ਸਖ਼ਤ ਇਤਰਾਜ਼ ਜਤਾਇਆ ਹੈ ।ਦੱਸਿਆ ਜਾ ਰਿਹਾ ਹੈ ਕਿ ਉਕਤ ਕਿਲ੍ਹੇ ਵਿਚ ਪ੍ਰਬੰਧਕਾਂ ਵਲੋਂ ਨਿੱਜੀ ਪਾਰਟੀਆਂ ਲਈ ਦਿੱਤੀ ਮਨਜ਼ੂਰੀ ਦੇ ਚੱਲਦਿਆਂ  ਰਾਤ ਉੱਥੇ ਚੱਲ ਰਹੀ ਇਕ ਪਾਰਟੀ 'ਵਿਚ ਸ਼ਰ੍ਹੇਆਮ ਸ਼ਰਾਬ ਤੇ ਮਾਸ ਵਰਤਾਏ ਜਾਣ ਦੀ ਜਾਣਕਾਰੀ ਮਿਲਣ 'ਤੇ ਸਤਿਕਾਰ ਕਮੇਟੀ ਦੇ ਬਲਬੀਰ ਸਿੰਘ ਮੁੱਛਲ, ਹਵਾਰਾ ਕਮੇਟੀ ਦੇ ਪ੍ਰੋ. ਬਲਜਿੰਦਰ ਸਿੰਘ, ਭੁਪਿੰਦਰ ਸਿੰਘ , ਬੀਬੀ ਮਨਜਿੰਦਰ ਕੌਰ, ਗੁਰਸ਼ਰਨ ਸਿੰਘ, ਸੰਦੀਪ ਸਿੰਘ, ਕ੍ਰਾਂਤੀ ਸਿੰਘ, ਵੀਰ ਸਿੰਘ, ਮਨਜਿੰਦਰ ਸਿੰਘ, ਆਦਿ ਮੌਕੇ 'ਤੇ ਪਹੁੰਚ ਗਏ । ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਕਿਲ੍ਹੇ ਦੇ ਪ੍ਰਬੰਧਕਾਂ ਨੇ ਸਿੱਖ ਜਥੇਬੰਦੀਆਂ ਦੀ ਦਖ਼ਲਅੰਦਾਜ਼ੀ ਦੇ ਬਾਅਦ ਤੁਰੰਤ ਸ਼ਰਾਬ ਦੀਆਂ ਬੋਤਲਾਂ ਕਿਲ੍ਹੇ ਵਿਚੋਂ ਬਾਹਰ ਭੇਜ ਦਿੱਤੀਆਂ ਤੇ ਪਾਰਟੀ ਵਿਚ ਨਾਚ ਲਈ ਬੁਲਾਈਆ ਲੜਕੀਆਂ ਵੀ ਵਾਪਸ ਭੇਜ ਦਿੱਤੀਆਂ ।ਕਿਲ੍ਹੇ ਦੀ ਪ੍ਰਬੰਧਕੀ ਕਮੇਟੀ ਦੇ ਨਿਸ਼ਚੇ ਬਹਿਲ ਨੇ ਦੱਸਿਆ ਕਿ ਅਗਾਂਹ ਤੋਂ ਕਿਲ੍ਹੇ ਵਿਚ ਹੋਣ ਵਾਲੀ ਕਿਸੇ ਵੀ ਨਿੱਜੀ ਪਾਰਟੀ 'ਚ ਸ਼ਰਾਬ, ਮਾਸ ਜਾਂ ਲੜਕੀਆਂ ਦਾ ਨਿ੍ਤ ਕਰਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ । ਉਕਤ ਸਿੱਖ ਆਗੂਆਂ ਨੇ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਉਸਾਰੇ ਕਿਲ੍ਹੇ 'ਵਿਚ ਸ਼ਰਾਬ ਵਰਤਾਉਣ 'ਤੇ ਸਖ਼ਤੀ ਨਾਲ ਰੋਕ ਲਗਾਈ ਜਾਵੇ।