ਮਜੀਠੀਆ ਨੇ ਅੰਮ੍ਰਿਤ ਪਾਲ ਸਿੰਘ ਵਿਰੁੱਧ ਬਿਆਨ ਦੇਕੇ ਬਾਦਲ ਦਲ ਲਈ ਸੰਕਟ ਖੜਾ ਕੀਤਾ

ਮਜੀਠੀਆ ਨੇ ਅੰਮ੍ਰਿਤ ਪਾਲ ਸਿੰਘ ਵਿਰੁੱਧ ਬਿਆਨ ਦੇਕੇ ਬਾਦਲ ਦਲ ਲਈ ਸੰਕਟ ਖੜਾ ਕੀਤਾ

*ਪ੍ਰੋਫੈਸਰ ਚੰਦੂਮਾਜਰਾ ਨੂੰ ਅਕਾਲੀ ਦਲ ਦਾ ਅਕਸ ਸੁਧਾਰਨ ਲਈ ਮੈਦਾਨ ਵਿਚ ਆਉਣਾ ਪਿਆ

*ਅੰਮ੍ਰਿਤਪਾਲ ਨੇ ਮਜੀਠੀਆ 'ਤੇ ਪਲਟਵਾਰ ਕੀਤਾ ਕਿ ਖਾਲਸਾ ਲਹਿਰ ਨੇ ਉਸਦਾ ਕਾਰੋਬਾਰ ਬੰਦ ਕਰਾਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਜਲੰਧਰ-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਿਖ ਪੰਥ ਦੇ ਨਵੇਂ ਉਭਰੇ ਨੇਤਾ ਅੰਮ੍ਰਿਤ ਪਾਲ ਸਿੰਘ ਦਾ ਵਿਰੋਧ ਕਰਕੇ   ਸਿਖ ਪੰਥ ਦੀ ਬੇਅਦਬੀ ਮੁਦੇ ਤੇ ਬਹਿਬਲ ਗੋਲੀ ਕਾਂਡ ਕਾਰਣ ਨਰਾਜ਼ਗੀ ਸਹੇੜ ਰਹੇ ਬਾਦਲ ਦਲ ਲਈ ਧਰਮ ਸੰਕਟ ਖੜਾ ਕਰ ਦਿਤਾ ਹੈ।ਪਿਛਲੇ ਦਿਨੀਂ ਅੰਮ੍ਰਿਤਪਾਲ ਸਿੰਘ ਵੱਲੋਂ ਕੀਤੀ ਜਾ ਰਹੇ ਪ੍ਰਚਾਰ ਵਿਰੁੱਧ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਸੀ ਕਿ ਉਹ ਕਿਸੇ ਵੀ ਕੀਮਤ 'ਤੇ ਪੰਜਾਬ ਦਾ ਮਾਹੌਲ ਖ਼ਰਾਬ ਨਹੀਂ ਹੋਣ ਦੇਣਗੇ, ਭਾਵੇਂ ਇਸ ਲਈ ਉਨ੍ਹਾਂ ਨੂੰ ਆਪਣੀ ਜਾਨ ਵੀ ਕਿਉਂ ਨਾ ਗਵਾਉਣੀ ਪਵੇ। ਮਜੀਠੀਆ ਨੇ  ਕਿਹਾ ਸੀ ਕਿ ਅੰਮ੍ਰਿਤਪਾਲ ਕਦੀ ਕਿਸੇ ਨੂੰ ਮਾੜਾ ਕਹਿ ਰਿਹਾ ਹੈ ਤੇ ਕਦੀ ਕਿਸੇ ਨੂੰ, ਇਸ ਨੂੰ ਏਜੰਸੀਆਂ ਵੀ ਨਹੀਂ ਰੋਕ ਰਹੀਆਂ ਤੇ ਸਰਕਾਰ ਵੀ ਇਸ ਮਾਮਲੇ 'ਤੇ ਮੌਨ ਧਾਰੀ ਬੈਠੀ ਹੈ। ਇਹ ਲੋਕ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।   ਦੂਸਰੇ ਪਾਸੇ ਅਕਾਲੀ ਦਲ ਦਾ ਸਿਆਸੀ ਨੁਕਸਾਨ ਹੁੰਦਿਆਂ ਦੇਖਕੇ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਅੰਮ੍ਰਿਤਪਾਲ ਸਿੰਘ ਦੀ ਚਲਾਈ ਖਾਲਸਾ ਲਹਿਰ ਦਾ ਸਮਰਥਨ ਕਰਦਾ ਹੈ।ਮਜੀਠੀਆ ਦਾ ਅੰਮ੍ਰਿਤ ਪਾਲ ਬਾਰੇ ਨਿਜੀ ਬਿਆਨ ਹੈ।ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਸਹਿਯੋਗ ਦੇਵੇਗੀ। ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਨੇ  ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਉਨ੍ਹਾਂ 'ਤੇ ਕੀਤੇ ਹਮਲੇ ਦਾ ਜਵਾਬ ਦਿੰਦਿਆਂ ਕਿਹਾ ਕਿ ਕਈ ਲੋਕ ਜਿਸ ਨੂੰ ਮਾਝੇ ਦਾ ਜਰਨੈਲ ਐਲਾਨੀ ਫਿਰਦੇ ਹਨ, ਮੇਰੇ ਬਾਰੇ ਆਖੀ ਫਿਰਦਾ ਹੈ ਕਿ ਇਹ ਹਿੰਦੂ-ਸਿੱਖਾਂ ਦੀ ਸਾਂਝ ਨੂੰ ਤੋੜ ਰਿਹਾ ਹੈ। ਅੰਮ੍ਰਿਤਪਾਲ ਨੇ ਸਪੱਸ਼ਟ ਕਿਹਾ ਕਿ ਹਿੰਦੂ-ਸਿੱਖਾਂ ਦੀ ਸਾਂਝ ਕਦੇ ਨਹੀਂ ਟੁੱਟਣੀ।ਮਜੀਠੀਆ ਵਹਿਮ ਲਈ ਫਿਰਦਾ।ਸਾਡੇ ਵਲੋਂ ਚਲਾਈ ਨਸ਼ਿਆਂ ਵਿਰੁਧ ਲਹਿਰ ਕਾਰਣ ਉਸਦਾ ਕਾਰੋਬਾਰ ਬੰਦ ਹੋ ਗਿਆ ਹੈ।ਇਸ ਕਰਕੇ ਉਸ ਨੂੰ ਸਿਖੀ ਪ੍ਰਚਾਰ ਭਾਉਂਦਾ ਨਹੀਂ।