ਪੰਜਾਬ ਸਰਕਾਰ ਅੰਮ੍ਰਿਤਪਾਲ ਬਾਰੇ ਹੋਈ ਸਖ਼ਤ

ਪੰਜਾਬ ਸਰਕਾਰ ਅੰਮ੍ਰਿਤਪਾਲ  ਬਾਰੇ ਹੋਈ ਸਖ਼ਤ

*ਪ੍ਰਧਾਨ ਮੰਤਰੀ ਬਾਜੇਕੇ' ਖ਼ਿਲਾਫ਼ ਮਾਮਲਾ ਦਰਜ, ਸ਼ੋਸ਼ਲ ਮੀਡੀਆ 'ਤੇ ਬੰਦੂਕ ਫੜਕੇ ਖਿਚਾਈ ਸੀ ਫੋਟੋ

*ਪੰਜਾਬ ਦੇ ਪੇਂਡੂ ਹਲਕਿਆਂ ਵਿਚ ਗੰਨ ਕਲਚਰ 'ਤੇ ਸਖ਼ਤੀ, ਪੁਲਿਸ ਨੇ ਸ਼ੁਰੂ ਕੀਤੀ 90 ਦਿਨਾਂ ਮੁਹਿੰਮ, 897 ਲਾਇਸੈਂਸ ਰੱਦ, 324 ਸਸਪੈਂਡ   

ਅੰਮ੍ਰਿਤਸਰ ਟਾਈਮਜ਼ ਬਿਊਰੋ

ਮੋਗਾ : ਪੰਜਾਬ ਪੁਲਿਸ ਸ਼ਿਵ ਸੈਨਾ ਦੀਆਂ ਸਿਖ ਵਿਰੋਧੀ ਹਰਕਤਾਂ ਬਾਰੇ ਚੁਪ ਧਰਨ ਕਰੀ ਬੈਠੀ ਹੈ ਤੇ ਵੀਆਈਪੀ ਸੁਰਖਿਆ ਦੇ ਰਹੀ ਹੈ। ਇਸ ਕਰਕੇ ਪੰਜਾਬ ਵਿਚ ਫਿਰਕੂ ਮਾਹੌਲ ਬਣ ਰਿਹਾ ਹੈ।ਪੁਲੀਸ ਨੇ ਪੇਂਡੂ ਇਲਾਕਿਆਂ ਵਿਚ ਰਵਾਇਤੀ ਸ਼ਸ਼ਤਰ ਬਰਾਮਦ ਕਰਨ ਦੀ ਗੈਰ ਕਨੂੰਨੀ ਕਾਰਵਾਈ ਕੀਤੀ ਹੈ।ਹੁਣ ਲਾਇਸੰਸ ਕੈਂਸਲ ਕਰਨ ਦਾ ਕਾਰਜ ਪੇਂਡੂ ਇਲਾਕਿਆਂ ਤੋਂ ਸ਼ੁਰੂ ਕੀਤਾ ਹੈ ,ਜਿਥੇ ਕਿ ਸਿਖ ਬਹੁਗਿਣਤੀ ਵਿਚ ਵਸਦੇ ਹਨ।ਇਸ ਦਾ ਸਿਖਾਂ ਵਲੋਂ ਸ਼ੋਸ਼ਲ ਮੀਡੀਆ ਉਪਰ ਆਪ ਸਰਕਾਰ ਦਾ ਕਰੜਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਮੇਂ ਪੰਥਕ ਨੇਤਾ ਅੰਮ੍ਰਿਤ ਪਾਲ ਸਿੰਘ ਪੰਜਾਬ ਸਰਕਾਰ ਦੇ ਨਿਸ਼ਾਨੇ ਉਪਰ ਹੈ। ਫੇਸਬੁੱਕ 'ਤੇ ਹਥਿਆਰਾਂ ਦੀ ਨੁਮਾਇਸ਼ ਦਾ ਬਹਾਨਾ ਬਣਾਕੇ ਅੰਮ੍ਰਿਤ ਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ ਉਰਫ 'ਪ੍ਰਧਾਨ ਮੰਤਰੀ ਬਾਜੇਕੇ' ਖ਼ਿਲਾਫ਼ ਥਾਣਾ ਧਰਮਕੋਟ ਵਿਖੇ ਧਾਰਾ 144 ਦੀ ਉਲੰਘਣਾ ਕਰਨ ਦੇ ਨਾਲ-ਨਾਲ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ । ਥਾਣਾ ਧਰਮਕੋਟ ਦੀ ਪੁਲਿਸ ਨੇ ਇਸ ਮਾਮਲੇ 'ਚ ਮਾਮਲਾ ਦਰਜ ਕਰ ਲਿਆ ਸੀ।ਉਧਰ, ਥਾਣਾ ਧਰਮਕੋਟ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਮਾਮਲਾ ਦਰਜ ਹੋਣ ਤੋਂ ਬਾਅਦ ਮੀਡੀਆ ਤੋਂ ਦੂਰੀ ਬਣਾ ਲਈ ਹੈ। ਉਹ ਫੋਨ ਵੀ ਨਹੀਂ ਚੁੱਕ ਰਹੇ। ਦਰਜ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਇੱਕ ਮੁਖ਼ਬਰ ਤੋਂ ਸੂਚਨਾ ਮਿਲੀ ਸੀ ਕਿ ਬਾਜੇਕੇ ਕੋਲ ਗ਼ੈਰ-ਕਾਨੂੰਨੀ ਹਥਿਆਰ ਹਨ, ਜੋ ਕਿ ਉਹ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੀ ਖੁੱਲ੍ਹੇਆਮ ਉਲੰਘਣਾ ਕਰਦੇ ਹੋਏ ਇੰਟਰਨੈੱਟ ਮੀਡੀਆ 'ਤੇ ਵੀ ਖੁੱਲ੍ਹੇਆਮ ਦਿਖਾ ਰਿਹਾ ਹੈ।ਐਫਆਈਆਰ ਤੋਂ ਸਪਸ਼ਟ ਹੈ ਕਿ ਇਹ ਝੂਠਾ ਪਰਚਾ ਹੈ।ਪ੍ਰਧਾਨ ਮੰਤਰੀ ਬਾਜੇਕੇ ਇਸ ਸਮੇਂ ਸੁਰਖੀਆਂ ਵਿੱਚ ਆਏ ਸਿੱਖ ਆਗੂ ਅੰਮ੍ਰਿਤਪਾਲ ਸਿੰਘ ਨਾਲ ਕੰਮ ਕਰ ਰਹੇ ਹਨ। ਅੰਮ੍ਰਿਤਪਾਲ  ਸਿੰਘ  ਪਿਛਲੇ ਕੁਝ ਦਿਨਾਂ ਤੋਂ ‘ਵਾਰਿਸ ਪੰਜਾਬ ਦੀ’ ਸੰਸਥਾ ਰਾਹੀਂ ਪੰਜਾਬ ਵਿੱਚ ਸਰਗਰਮ ਹੈ ਤੇ ਸ਼ਿਵ ਸੈਨਾ ਦਾ ਨਿਸ਼ਾਨਾ ਬਣਿਆ ਹੋਇਆ ਹੈ।

ਪੰਜਾਬ ਪੁਲਿਸ ਨੇ ਪੰਜਾਬ ਵਿੱਚ ਫਰਜ਼ੀ ਪਤਿਆਂ 'ਤੇ ਜਾਰੀ ਕੀਤੇ ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ਦੀ ਮੁਹਿੰਮ ਪੇਂਡੂ ਹਲਕਿਆਂ ਤੋਂ ਸ਼ੁਰੂ ਕਰ ਦਿੱਤੀ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਈ ਜ਼ਿਲ੍ਹਿਆਂ ਵਿੱਚ ਫ਼ਰਜ਼ੀ ਪਤਿਆਂ ’ਤੇ ਅਸਲਾ ਲਾਇਸੈਂਸ ਬਣਦੇ ਹਨ। ਲਾਇਸੈਂਸ ਜਾਰੀ ਕਰਨ ਸਮੇਂ ਪਤਿਆਂ ਦੀ ਪੜਤਾਲ ਵੀ ਸਹੀ ਢੰਗ ਨਾਲ ਨਹੀਂ ਕੀਤੀ ਗਈ। ਪੁਲਿਸ 90 ਦਿਨਾਂ ਤੱਕ ਮੁਹਿੰਮ ਚਲਾ ਕੇ ਲਾਇਸੈਂਸ ਰੱਦ ਅਤੇ ਮੁਅੱਤਲ ਕਰੇਗੀ। ਮੁਹਿੰਮ ਤੋਂ ਪਹਿਲਾਂ 897 ਲਾਇਸੈਂਸ ਰੱਦ ਕੀਤੇ ਗਏ ਸਨ। ਅਤੇ 324 ਲਾਇਸੈਂਸ ਮੁਅੱਤਲ ਕੀਤੇ ਗਏ ਹਨ।

ਡੀਜੀਪੀ ਨੇ ਕਿਹਾ ਕਿ ਨਫ਼ਰਤ ਭਰੇ ਭਾਸ਼ਣ ਦੇਣ ਵਾਲਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜ਼ਿਲ੍ਹਿਆਂ ਵਿੱਚ ਵੱਖ-ਵੱਖ ਪੁਲੀਸ ਟੀਮਾਂ ਵੱਲੋਂ ਕੰਮ ਕੀਤਾ ਜਾਵੇਗਾ। ਜਿਨ੍ਹਾਂ ਆਗੂਆਂ ਅਤੇ ਲੋਕਾਂ ਵੱਲੋਂ ਕਿਸੇ ਵੀ ਭਾਈਚਾਰੇ ਬਾਰੇ ਅਸ਼ਲੀਲ ਭਾਸ਼ਾ ਅਤੇ ਟਿੱਪਣੀਆਂ ਦੀਆਂ ਵੀਡੀਓ ਇੰਟਰਨੈੱਟ ਮੀਡੀਆ 'ਤੇ ਪਾਈਆਂ ਜਾਣਗੀਆਂ ਉਨ੍ਹਾਂ 'ਤੇ ਤੁਰੰਤ ਕੇਸ ਦਰਜ ਕੀਤਾ ਜਾਵੇਗਾ।

ਗੌਰਵ ਯਾਦਵ ਨੇ ਕਿਹਾ ਕਿ ਇੰਟਰਨੈੱਟ ਮੀਡੀਆ 'ਤੇ ਹਥਿਆਰਾਂ ਦਾ ਪ੍ਰਚਾਰ ਕਰਨ ਵਾਲਿਆਂ ਖਿਲਾਫ ਵੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ, ਜੋ ਵੀ ਨਿਯਮਾਂ ਦੀ ਉਲੰਘਣਾ ਕਰੇਗਾ, ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।