ਕਰਤਾਰਪੁਰ ਲਾਂਘਾ ਖੁੱਲ੍ਹਣ ਦੇ 237 ਦਿਨਾਂ ਵਿਚ 85,856 ਸੰਗਤਾਂ ਨੇ ਕੀਤੇ ਦਰਸ਼ਨ

ਕਰਤਾਰਪੁਰ ਲਾਂਘਾ ਖੁੱਲ੍ਹਣ ਦੇ 237 ਦਿਨਾਂ ਵਿਚ 85,856 ਸੰਗਤਾਂ ਨੇ ਕੀਤੇ ਦਰਸ਼ਨ

*20 ਡਾਲਰ ਦੀ ਫੀਸ ਅਤੇ ਪਾਸਪੋਰਟ ਦੀ ਸ਼ਰਤ ਸ਼ਰਧਾਲੂਆਂ ਦੀ ਸ਼ਰਧਾ ਤੇ ਪੈ ਰਹੀ ਏ ਭਾਰੂ

ਅੰਮ੍ਰਿਤਸਰ ਟਾਈਮਜ਼

ਡੇਰਾ ਬਾਬਾ ਨਾਨਕ : ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ 9 ਨਵੰਬਰ 2019 ਨੂੰ ਭਾਰਤ ਸਰਕਾਰ ਵੱਲੋਂ ਕੌਮਾਂਤਰੀ ਸਰਹੱਦ ਤੇ ਖੋਲ੍ਹੇ ਗਏ ਲਾਂਘੇ ਰਾਹੀਂ ਕੋਰੋਨਾ ਮਹਾਮਾਰੀ ਤੋਂ ਪਹਿਲਾਂ 127 ਦਿਨਾਂ ਵਿਚ 62,204 ਸ਼ਰਧਾਲੂਆਂ ਅਤੇ ਮਹਾਮਾਰੀ ਤੋਂ ਬਾਅਦ 17 ਨਵੰਬਰ 2021 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਕੌਮਾਂਤਰੀ ਸਰਹੱਦ ਤੇ ਖੁੱਲ੍ਹੇ ਲਾਂਘੇ ਦੇ ਬੀਤੇ ਸੋਮਵਾਰ ਨੂੰ 111ਵੇਂ ਦਿਨ 314 ਸ਼ਰਧਾਲੂਆਂ ਸਮੇਤ 23,651 ਸ਼ਰਧਾਲੂਆਂ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਹਨ। ਹੁਣ ਤਕ ਕਰਤਾਰਪੁਰ ਲਾਂਘੇ ਰਾਹੀਂ 237 ਦਿਨਾਂ ਵਿਚ 85,856 ਸ਼ਰਧਾਲੂਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਗਏ ਹਨ। ਕਈ ਸ਼ਰਧਾਲੂਆਂ ਵੱਲੋਂ ਦੋ ਵਾਰ ਵੀ ਦਰਸ਼ਨ ਕੀਤੇ ਹਨ।

ਜਾਣਕਾਰੀ ਅਨੁਸਾਰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਭਾਰਤ ਸਰਕਾਰ ਵੱਲੋਂ ਅਰਬਾਂ ਰੁਪਏ ਖਰਚ ਕਰ ਕੇ ਤਿਆਰ ਕਰਵਾਏ ਪੈਸੰਜਰ ਟਰਮੀਨਲ ਤੇ ਕਰਤਾਰਪੁਰ ਕੋਰੀਡੋਰ ਰਾਹੀਂ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਤੇ ਬਾਅਦ ਭਾਰਤ ਸਰਕਾਰ ਵੱਲੋਂ ਖੋਲ੍ਹੇ ਗਏ ਕਰਤਾਰਪੁਰ ਲਾਂਘੇ ਦੇ 237 ਦਿਨਾਂ ਵਿਚ 86,000 ਦੇ ਕਰੀਬ ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਨਹੀਂ ਕਰ ਸਕੇ ਜਦਕਿ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਕਰੋੜਾਂ ਲੋਕਾਂ ਵੱਲੋਂ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਬਣੇ ਦਰਸ਼ਨ ਸਥਲ ਤੇ ਅਰਦਾਸਾਂ ਕੀਤੀਆਂ ਗਈਆਂ ਸਨ। ਇਸ ਸਬੰਧੀ ਸੁਖਮਨੀ ਸੇਵਾ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸ਼ਾਹਪੁਰ, ਭਾਈ ਬਲਵੰਤ ਸਿੰਘ, ਐਡਵੋਕੇਟ ਪਰਮੀਤ ਸਿੰਘ ਬੇਦੀ, ਨਿਰਮਲ ਸਿੰਘ ਭੰਗੂ, ਸ੍ਰੀ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਆਦਿ ਧਾਰਮਕ ਆਗੂਆਂ ਤੋਂ ਇਲਾਵਾ ਸੰਗਤਾਂ ਨੇ ਦੱਸਿਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਾਰਨ ਤੋਂ ਲੱਖਾਂ ਸੰਗਤਾਂ ਵਾਂਝੀਆਂ ਹਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 20 ਡਾਲਰ ਦੀ ਫੀਸ ਅਤੇ ਪਾਸਪੋਰਟ ਦੀ ਸ਼ਰਤ ਸ਼ਰਧਾਲੂਆਂ ਦੀ ਸ਼ਰਧਾ ਤੇ ਭਾਰੂ ਪੈ ਰਹੀ ਹੈ।