ਕਿਸਾਨ ਜਥੇਬੰਦੀਆਂ ਵਲੋਂ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਦਾ ਵਿਰੋਧ ਕਰਨ ਦਾ ਫੈਸਲਾ

ਕਿਸਾਨ ਜਥੇਬੰਦੀਆਂ ਵਲੋਂ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਦਾ ਵਿਰੋਧ ਕਰਨ ਦਾ ਫੈਸਲਾ

*ਰੁਲਦੂ ਸਿੰਘ ਦੀ ਜਥੇਬੰਦੀ ਨੇ ਬਣਾਈ ਚੋਣਾਂ ਤੋਂ ਦੂਰੀ     

ਅੰਮ੍ਰਿਤਸਰ ਟਾਈਮਜ਼

ਚੰਡੀਗੜ-ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਪੰਜਾਬ ਦੀਆਂ ਜਥੇਬੰਦੀਆਂ ਦੇ ਆਨਲਾਈਨ ਮੀਟਿੰਗ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਈ | ਜਿਸ ਵਿਚ ਪ੍ਰਧਾਨ ਮੰਤਰੀ ਤੇ ਕੇਂਦਰ ਸਰਕਾਰ ਵਲੋਂ ਵਾਅਦਾ ਖ਼ਿਲਾਫੀ ਕਰਨ ਦੇ ਨਾਲ-ਨਾਲ ਲਖੀਮਪੁਰ ਖੀਰੀ ਦੇ ਕਿਸਾਨਾਂ ਦੇ ਕਾਤਲ ਅਸ਼ੀਸ਼ ਮਿਸ਼ਰਾ ਨੂੰ ਸੰਗੀਨ ਦੋਸ਼ੀ ਹੋਣ ਦੇ ਬਾਵਜੂਦ ਦਿੱਤੀ ਗਈ ਜ਼ਮਾਨਤ ਦੀ ਯੂ.ਪੀ. ਸਰਕਾਰ ਅਤੇ ਪ੍ਰਸ਼ਾਸਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ।ਸੰਯੁਕਤ ਕਿਸਾਨ ਮੋਰਚਾ ਦੇ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਪੰਜਾਬ ਆਉਣ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀਆਂ ਦਾ ਵਿਰੋਧ ਕੀਤਾ ਜਾਵੇਗਾ ।  ਉਨ੍ਹਾਂ ਕਿਹਾ ਕਿ ਕਿਸਾਨ ਦੋਖੀ ਭਾਜਪਾ ਤੇ ਉਸ ਦੀਆਂ ਸਹਿਯੋਗੀ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ  ਅਕਾਲੀ ਦਲ (ਸੰਯੁਕਤ) ਨੂੰ ਵੀ ਭਾਜਪਾ ਦੇ ਨਾਲ-ਨਾਲ ਸਬਕ ਸਿਖਾਇਆ ਜਾਵੇ ਤੇ ਪੰਜਾਬ ਦੇ ਲੋਕਾਂ ਵਲੋਂ ਇਨ੍ਹਾਂ ਦਾ ਪੂਰਨ ਬਾਈਕਾਟ ਕੀਤਾ ਜਾਵੇ ।

 

ਦੂਜੇ ਪਾਸੇ ਪੰਜਾਬ ਕਿਸਾਨ ਯੂਨੀਅਨ ਨੇ ਵਿਧਾਨ ਸਭਾ ਚੋਣਾਂ ਦੌਰਾਨ ਮਾਲਵਾ ਖੇਤਰ ਦੇ ਚਾਰ ਜ਼ਿਲ੍ਹਿਆਂ ਮਾਨਸਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਬਰਨਾਲਾ ਵਿਚ ਸੰਯੁਕਤ ਸਮਾਜ ਮੋਰਚੇ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ ਹੈ। ਇਹ ਫੈਸਲਾ  ਮਾਨਸਾ ਨੇੜਲੇ ਪਿੰਡ ਕੋਟਲੱਲੂ ਵਿਚ ਹੋਈ ਕਿਸਾਨਾਂ ਆਗੂਆਂ ਦੀ ਮੀਟਿੰਗ ਦੌਰਾਨ ਲਿਆ ਗਿਆ। ਦੂਜੇ ਪਾਸੇ ਇਸ ਜਥੇਬੰਦੀ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਫ਼ਿਲਹਾਲ ਇਸ ਫ਼ੈਸਲੇ ਤੇ ਚੁੱਪ ਵੱਟੀ ਹੋਈ ਹੈ।

 

ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ, ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਜੱਗਾ ਸਿੰਘ , ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਗੁਲਾਬ ਸਿੰਘ , ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਜਰਨੈਲ ਸਿੰਘ  ਤੇ ਹੋਰ ਆਗੂਆਂ ਨੇ ਦੱਸਿਆ ਕਿ  ਜਥੇਬੰਦੀ ਦੇ ਆਗੂ ਜਾਂ ਵਰਕਰ ਕਿਸੇ ਵੀ ਪਾਰਟੀ ਨੂੰ ਵੋਟ ਦੇ ਸਕਦੇ ਹਨ ਪਰ ਉਹ ਨਾ ਤਾਂ ਕਿਸੇ ਸਿਆਸੀ ਪਾਰਟੀ ਦਾ ਹਿੱਸਾ ਬਣਨਗੇ ਤੇ ਨਾ ਹੀ ਬਾਈਕਾਟ ਕਰਨਗੇ। ਆਗੂਆਂ ਨੇ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਦੇ ਮਸਲੇ ਸੰਘਰਸ਼ਾਂ ਨਾਲ ਹੀ ਹੱਲ ਕੀਤੇ ਜਾ ਸਕਦੇ ਹਨ।